Page 1410

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਲੋਕ ਵਾਰਾਂ ਤੇ ਵਧੀਕ ॥
ਵਾਰਾਂ ਤੋਂ ਵਾਧੂ ਦੇ ਸਲੋਕ।

ਮਹਲਾ ੧ ॥
ਪਹਿਲੀ ਪਾਤਿਸ਼ਾਹੀ।

ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥
ਨੀ ਉਚੀਆਂ ਛਾਤੀਆਂ ਵਾਲੀਏ ਦੁਲਹਨ! ਤੂੰ ਗਹਿਰੀ ਨਿੰਮਰਤਾ ਗ੍ਰਹਿਣ ਕਰ।

ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥
ਹੇ ਸੱਸੇ! ਮੈਂ ਨਮਸ਼ਕਾਰ ਕਿਸ ਤਰ੍ਹਾਂ ਕਰਾਂ? ਆਪਦੇ ਆਕੜੇ ਹੋਏ ਥਣਾ ਦੇ ਕਾਰਣ, ਮੈਂ ਨਿਊ ਨਹੀਂ ਸਕਦੀ।

ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥
ਹੇ ਸਹੀਏ! ਚੂਨੇ-ਗਚ ਕੀਤੇ ਹੋਏ ਪਹਾੜ ਜਿੱਡੇ ਉੱਚੇ ਮੰਦਰ,

ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥
ਉਹ ਭੀ ਮੈਂ ਡਿਗਦੇ ਵੇਖੇ ਹਨ। ਨੀ ਮੁਟਿਆਰੇ ਤੂੰ ਆਪਣੇ ਥਣਾ ਦਾ ਮਾਣ ਨਾਂ ਕਰ।

ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥
ਨੀ ਹਰਣਾ-ਵਰਗੀਆਂ ਅੱਖਾਂ ਵਾਲੀਏ ਪਤਨੀਏ! ਤੂੰ ਗਹਿਰੇ ਅਤੇ ਅਥਾਹ ਉਪਦੇਸ਼ ਨੂੰ ਸ੍ਰਵਣ ਕਰ।

ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥
ਪਹਿਲ ਪ੍ਰਿਥਮੇ ਮਾਲ ਦੀ ਪਛਾਣ ਕਰ, ਕੇਵਲ ਤਦ ਹੀ ਤੂੰ ਵਣਜ ਵਪਾਰ ਕਰ।

ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥
ਤੂੰ ਪੁਕਾਰ ਕੇ ਆਖ ਦੇ, ਕਿ ਤੂੰ ਮੰਦੇ ਪੁਰਸ਼ਾ ਦੀ ਸੰਗਤ ਨਹੀਂ ਕਰੇਗੀ ਅਤੇ ਚੰਗੇ ਦੋਸਤਾਂ ਨੂੰ ਜੀਉਆਇਆ ਆਖੇਗੀ।

ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ ॥
ਜਿਸ ਮੁਨਾਦੀ ਦੁਆਰਾ ਤੂੰ ਆਪਣੇ ਮਿੱਤਰ ਨੂੰ ਮਿਲ ਪਵੇ, ਨੀ ਪਤਨੀਏ! ਤੂੰ ਕੇਵਲ ਉਸ ਵਲ ਆਪਦਾ ਧਿਆਨ ਦੇ।

ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ ॥
ਤੂੰ ਆਪਣੀ ਦੇਹ ਅਤੇ ਜਿੰਦੜੀ ਆਪਣੇ ਮਿੱਤਰ, ਵਾਹਿਗੁਰੂ ਦੇ ਸਮਰਪਣ ਕਰ ਦੇ ਸ਼੍ਰੇਸ਼ਟ ਹੈ ਐਹੋ ਜੇਹੀ ਖੁਸ਼ੀ।

ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ ॥
ਤੂੰ ਉਸ ਨਾਲ ਪਿਆਰ ਨਾਂ ਪਾ, ਜੋ ਨਾਂ-ਪਾਇਦਾਰ ਦਿੱਸ ਆਉਂਦਾ ਹੈ।

ਨਾਨਕ ਜਿਨ੍ਹ੍ਹੀ ਇਵ ਕਰਿ ਬੁਝਿਆ ਤਿਨ੍ਹ੍ਹਾ ਵਿਟਹੁ ਕੁਰਬਾਣੁ ॥੨॥
ਨਾਨਕ, ਜੋ ਇਸ ਤਰ੍ਹਾਂ ਸਮਝਦੇ ਹਨ, ਉਨ੍ਹਾਂ ਉਤੇ ਮੈਂ ਬਲਿਹਾਰਨੇ ਵੰਞਦਾ ਹਾਂ।

ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ਹ੍ਹ ਕਲ ॥
ਜੇਕਰ ਤੂੰ ਪਾਣੀ ਤੋਂ ਤਰ ਕੇ ਪਾਰ ਹੋਣਾ ਚਾਹੁੰਦਾ ਹੈ, ਤਾਂ ਤੂੰ ਉਨ੍ਹਾਂ ਦੀ ਸਲਾਹ ਲੈ, ਜਿਨ੍ਹਾਂ ਨੂੰ ਤਰਣ ਦੀ ਅਟਕਲ ਆਉਂਦੀ ਹੈ।

ਤਾਹੂ ਖਰੇ ਸੁਜਾਣ ਵੰਞਾ ਏਨ੍ਹ੍ਹੀ ਕਪਰੀ ॥੩॥
ਕਿਉਂਕਿ! ਉਹ ਭੀ ਜੋ ਆਪਣੇ ਆਪ ਨੂੰ ਬੜੇ ਸਿਆਣੇ ਸਮਝਦੇ ਸਨ, ਇਨ੍ਹਾਂ ਘੁੰਮਣ-ਘੇਰੀਆਂ ਨੇ ਤਬਾਹ ਕਰ ਛੱਡੇ ਹਨ।

ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥
ਝੜੀਆਂ, ਅਨ੍ਹੇਰੀਆਂ ਹੜ੍ਹਾਂ ਅਤੇ ਲੱਖਾਂ ਹੀ ਛੱਲਾ ਦੇ ਉਠਣ ਵਿਚਕਾਰ,

ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ ॥੪॥
ਸਹਾਇਤਾ ਲਈ ਜੇਕਰ ਤੂੰ ਆਪਣੇ ਸੱਚੇ ਗੁਰਾਂ ਕੋਲ ਪੁਕਾਰ ਕਰੇ ਤਾਂ ਤੈਨੂੰ ਜਹਾਜ ਦੇ ਡੁਬ ਜਾਣ ਦਾ ਕੋਈ ਡਰ ਨਹੀਂ ਰਹੇਗਾ।

ਨਾਨਕ ਦੁਨੀਆ ਕੈਸੀ ਹੋਈ ॥
ਨਾਨਕ, ਸੰਸਾਰ ਨੂੰ ਕੀ ਹੋ ਗਿਆ ਹੈ?

ਸਾਲਕੁ ਮਿਤੁ ਨ ਰਹਿਓ ਕੋਈ ॥
ਕਿਥੇ ਕੋਈ ਸਜਣ ਜਾਂ ਰਹਿਬਰ ਨਹੀਂ ਰਿਹਾ।

ਭਾਈ ਬੰਧੀ ਹੇਤੁ ਚੁਕਾਇਆ ॥
ਭਰਾਵਾਂ ਅਤੇ ਸਨਬੰਧੀਆਂ ਵਿਚਕਾਰ ਵੀ ਪਿਆਰ ਨਹੀਂ ਰਿਹਾ।

ਦੁਨੀਆ ਕਾਰਣਿ ਦੀਨੁ ਗਵਾਇਆ ॥੫॥
ਕਿਤਨੇ ਦੁਰਭਾਗ ਦੀ ਗਲ ਹੈ ਕਿ ਇਹੋ ਜਹੇ ਸੰਸਾਰ ਦੀ ਖਾਤਰ ਵੀ ਪ੍ਰਾਣੀਆਂ ਨੇ ਆਪਣਾ ਈਮਾਨ ਵੰਞਾ ਲਿਆ ਹੈ।

ਹੈ ਹੈ ਕਰਿ ਕੈ ਓਹਿ ਕਰੇਨਿ ॥
ਉਹ "ਸ਼ੋਕ, ਸ਼ੋਕ" ਪੁਕਾਰਦੇ ਹਨ ਅਤੇ "ਹਈ, ਹਈ" ਆਖਦੇ ਹਨ ਮੌਤ ਦਾ ਸੋਗ ਮਨਾਉਣ ਲਈ।

ਗਲ੍ਹ੍ਹਾ ਪਿਟਨਿ ਸਿਰੁ ਖੋਹੇਨਿ ॥
ਉਹ ਆਪਣੇ ਰੁਖਸਾਰ ਨੂੰ ਕੁਟਦੇ ਹਨ ਅਤੇ ਆਪਣੇ ਮੂੰਡ ਦੇ ਵਾਲਾਂ ਨੂੰ ਪੁਟਦੇ ਹਨ।

ਨਾਉ ਲੈਨਿ ਅਰੁ ਕਰਨਿ ਸਮਾਇ ॥
ਪ੍ਰੰਤੂ ਜੇਕਰ ਉਹ ਸਾਈਂ ਦੇ ਨਾਮ ਦਾ ਉਚਾਰਨ ਕਰਨ ਅਤੇ ਉਸ ਅੰਦਰ ਲੀਨ ਹੋ ਜਾਣ,

ਨਾਨਕ ਤਿਨ ਬਲਿਹਾਰੈ ਜਾਇ ॥੬॥
ਤਾਂ ਉਨ੍ਹਾਂ ਉਤੋਂ ਨਾਨਕ ਕੁਰਬਾਨ ਥੀ ਵੰਞੇਗਾ।

ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ ॥
ਹੇ ਮੇਰੀ ਜਿੰਦੜੀਏ! ਤੂੰ ਡਿੰਗੇ ਰਾਹੇ ਟੱਕਰਾ ਨਾਂ ਮਾਰ ਅਤੇ ਸਿੱਧੇ ਸਡੋਲ ਰਸਤੇ ਟੁਰ।

ਪਾਛੈ ਬਾਘੁ ਡਰਾਵਣੋ ਆਗੈ ਅਗਨਿ ਤਲਾਉ ॥
ਤੇਰੇ ਪਿਛੇ ਭਿਆਨਕ ਸ਼ੇਰ ਹੈ ਅਤੇ ਮੂਹਰੇ ਅੱਗ ਦਾ ਤਾਲਾਬ।

ਸਹਸੈ ਜੀਅਰਾ ਪਰਿ ਰਹਿਓ ਮਾ ਕਉ ਅਵਰੁ ਨ ਢੰਗੁ ॥
ਮੇਰਾ ਮਨ ਸੰਦੇਹ ਵਿੱਚ ਪਿਆ ਹੋਇਆ ਹੈ ਅਤੇ ਮੈਨੂੰ ਹੋਰ ਕੋਈ ਰਾਹ ਬਚਾ ਦਾ ਨਹੀਂ ਦਿਸਦਾ।

ਨਾਨਕ ਗੁਰਮੁਖਿ ਛੁਟੀਐ ਹਰਿ ਪ੍ਰੀਤਮ ਸਿਉ ਸੰਗੁ ॥੭॥
ਨਾਨਕ, ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਪਿਆਰੇ ਨਾਲ ਵਸਣ ਰਾਹੀਂ ਪ੍ਰਾਣੀ ਮੁਕਤ ਹੋ ਜਾਂਦਾ ਹੈ।

ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ ॥
ਜੋ ਕੋਈ ਸੱਚੇ ਗੁਰਾਂ ਦੀ ਸਿੱਖਿਆ ਨੂੰ ਪਰਾਪਤ ਹੋ ਜਾਂਦਾ ਹੈ, ਉਹ ਮਨੂਏ ਨੂੰ ਮਾਰ ਲੈਂਦਾ ਹੈ ਅਤੇ ਇਸ ਪ੍ਰਕਾਰ ਸ਼ੇਰ ਭੀ ਮਰ ਜਾਂਦਾ ਹੈ।

ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ ॥
ਜਿਹੜਾ ਆਪਣੇ ਆਪ ਨੂੰ ਸਮਝ ਲੈਂਦਾ ਹੈ, ਉਹ ਆਪਣੇ ਵਾਹਿਗੁਰੂ ਨੂੰ ਮਿਲ ਪੈਦਾ ਹੈ ਤੇ ਤਦ ਉਹ ਮੁੜ ਕੇ ਮਰਦਾ ਨਹੀਂ।