Page 1426

ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥
ਜਿਸ ਕਿਸੇ ਨੂੰ ਪ੍ਰਭੂ ਤਾਰਨ ਲੋੜਦਾ ਹੈ, ਹੇ ਨਾਨਕ! ਉਹ ਆਪਣੇ ਸਿਰਜਣਹਾਰ-ਸੁਆਮੀ ਦਾ ਆਰਾਧਨ ਕਰਦਾ ਹੈ।

ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥
ਤੂੰ ਹੋਰਸ ਮੰਦੇ-ਮਾਰਗ ਨੂੰ ਛਡ ਦੇ ਅਤੇ ਆਪਣੇ ਮਨ ਨੂੰ ਇਕ ਪ੍ਰਭੂ ਨਾਲ ਜੋੜ।

ਦੂਜੈ ਭਾਵੀ ਨਾਨਕਾ ਵਹਣਿ ਲੁੜ੍ਹ੍ਹੰਦੜੀ ਜਾਇ ॥੧੬॥
ਹੋਰਸ ਦੀ ਪ੍ਰੀਤ ਦੇ ਰਾਹੀਂ, ਹੇ ਲਾਨਕ! ਲਾੜੀ ਨਦੀ ਵਿੱਚ ਰੁੜਦੀ ਜਾ ਰਹੀ ਹੈ।

ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ ॥
ਤੀਹਰਿਆਂ ਹੱਟਾਂ ਵਾਲੇ ਬਾਜਾਰ ਵਿੱਚ ਸੁਦਾਗਰ ਸੁਦਾਗਰੀ ਕਰਦੇ ਹਨ।

ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥੧੭॥
ਜੋ ਸਚੇ ਨਾਮ ਦੇ ਸਉਂਦੇ ਸੁਤ ਨੂੰ ਲਦਦੇ ਹਨ, ਕੇਵਲ ਉਹ ਹੀ ਸੱਚੇ ਪੰਸਾਰੀ ਹਨ।

ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥
ਮੂਰਖ ਪਤਨੀ ਜੋ ਪ੍ਰੀਤ ਦੇ ਮਾਰਗ ਨੂੰ ਨਹੀਂ ਜਾਣਦੀ, ਉਹ ਕੁਰਾਹੇ ਪੈ ਜਾਂਦੀ ਹੈ।

ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧ੍ਯ੍ਯਾਰ ॥੧੮॥
ਸੁਆਮੀ ਨੂੰ ਭੁਲ ਕੇ ਹੇ ਨਾਨਕ! ਪ੍ਰਾਣੀ ਅੰਨ੍ਹੇ ਦੋਜ਼ਕ ਅੰਦਰ ਪੈਦੇ ਹਨ।

ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ ॥
ਆਪਣੇ ਚਿੱਤ ਤੋਂ ਬੰਦਾ ਧਨ ਨੂੰ ਨਹੀਂ ਭੁਲਾਉਂਦਾ ਲਦੋਤ ਉਪਰ ਦੌਲਤ ਹੀ ਉਹ ਮੰਗਦਾ ਹੈ।

ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ ॥੧੯॥
ਉਹ ਪ੍ਰਭੂ ਉਸ ਦੇ ਮਨ ਅੰਦਰ ਨਹੀਂ ਆਉਂਦਾ ਹੇ ਨਾਨਕ! ਪ੍ਰਭੂ ਉਸ ਦੇ ਭਾਗਾਂ ਵਿੱਚ ਲਿਖਿਆ ਹੋਇਆ ਨਹੀਂ।

ਤਿਚਰੁ ਮੂਲਿ ਨ ਥੁੜੀਦੋ ਜਿਚਰੁ ਆਪਿ ਕ੍ਰਿਪਾਲੁ ॥
ਜਦ ਤਾਂਈ ਸੁਆਮੀ ਖੁਦ ਮਿਹਰਬਾਨ ਹੈ, ਉਦੋਂ ਤਾਂਈ, ਜੀਵ ਦਾ ਮੂਲ ਧਨ ਕਦੇ ਭੀ ਮੁਕਦਾ ਨਹੀਂ।

ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥
ਅਮੁਕ ਹੈ ਖਜਾਨਾ ਮਹਾਰਾਜ ਨਾਨਕ ਦੀ ਬਾਣੀ ਦਾ ਭਾਵੇਂ ਇਨਸਾਨ ੲਸ ਦੌਲਤ ਅਤੇ ਜਾਇਦਾਦਾ ਨੂੰ ਕਿਤਨਾ ਹੀ ਖਾਵੇ ਅਤੇ ਖਰਚ ਕਰੇ।

ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥
ਜੇਕਰ ਮੈਨੂੰ ਫੰਘ (ਪਰ) ਵਿਕਦੇ ਲੱਝ ਪੈਣ ਤਾਂ ਮੈਂ ਉਨ੍ਹਾਂ ਨੂੰ ਆਪਦੇ ਮਾਸ ਦੇ ਬਰਾਬਰ ਦੇ ਵਜਨ ਦੇ ਵਟਾਂਦਰੇ ਵਿੱਚ ਲੈ ਲਵਾਂਗੀ।

ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥
ਉਨ੍ਹਾਂ ਨੂੰ ਮੈਂ ਆਪਣੇ ਸਰੀਰ ਨਾਲ ਜੋੜ ਲਵਾਂਗੀ ਅਤੇ ਖੋਜ ਭਾਲ ਕੇ ਉਸ ਆਪਣੇ ਮਿਤ੍ਰ ਨੂੰ ਪਾ ਲਵਾਂਗੀ।

ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥
ਮੈਡਾ ਮਿੱਤਰ ਸੰਚਾ ਮਹਾਰਾਜਾ ਹੈ। ਉਹ ਰਾਜਿਆ ਦੇ ਸੀਸਾਂ ਉਤੇ ਰਾਜਾ ਹੈ।

ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥
ਜਿਸ ਦੇ ਕੋਲ ਬੈਠਾ ਹੋਇਆ ਜੀਵ ਸੁੰਦਰ ਦਿਸਦਾ ਹੈ ਅਤੇ ਜੋ ਸਾਰਿਆਂ ਦਾ ਆਸਰਾ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੇ।

ਸਲੋਕ ਮਹਲਾ ੯ ॥
ਸਲੋਕ ਨੌਵੀ ਪਾਤਿਸ਼ਾਹੀ।

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
ਜੇ ਤੂੰ ਸੰਸਾਰ ਦੇ ਸੁਆਮੀ ਦੀਆਂ ਸਿਫਤਾਂ ਗਾਇਨ ਨਹੀਂ ਕੀਤੀਆਂ ਤਾਂ ਤੂੰ ਆਪਣੇ ਜੀਵਨ ਨੂੰ ਨਿਸਫਲ ਗਵਾ ਦਿਤਾ ਹੈ।

ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥
ਗੁਰੂ ਜੀ ਆਖਦੇ ਹਨ, ਤੂੰ ਹੇ ਬੰਦੇ! ਇਸ ਤਰੀਮੇ ਨਾਲ ਵਾਹਿਗੁਰੂ ਦਾ ਸਿਮਰਨ ਕਰ, ਜਿਸ ਤਰ੍ਹਾਂ ਮਛੀ ਪਾਣੀ ਨੂੰ ਪਿਆਰਦੀ ਹੈ।

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥
ਤੂੰ ਪ੍ਰਾਣ-ਨਾਸ਼ਕ ਪਾਪਾਂ ਅੰਦਰ ਕਿਉਂ ਖਚਤ ਹੋਇਆ ਹੋਇਆ ਹੈ ਅਤੇ ਇਕ ਮੁਹਤ ਭਰ ਲਈ ਭੀ ਤੂੰ ਉਪਰਾਮ ਨਹੀਂ ਹੁੰਦਾ।

ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥
ਗੁਰੂ ਜੀ ਆਖਦੇ ਹਨ, ਤੂੰ ਆਪਣੇ ਹਰੀ ਦਾ ਭਜਨ ਕਰ, ਹੇ ਬੰਦੇ! ਤਾਂ ਜੋ ਮੌਤ ਦੀ ਫਾਹੀ ਤੈਨੂੰ ਨਾਂ ਪਵੇ।

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥
ਤੇਰੀ ਜੁਆਨੀ ਐਵੇ ਹੀ ਬੀਤ ਗਈ ਹੈ ਅਤੇ ਬੁਢੇਪੇ ਲੇ ਤੇਰੇ ਸਰੀਰ ਉਤੇ ਕਬਜਾ ਕਰ ਲਿਆ ਹੈ।

ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥
ਗੁਰੂ ਜੀ ਫੁਰਮਾਉਂਦੇ ਹਨ ਤੂੰ ਆਪਣੇ ਹਰੀ ਦਾ ਚਿੰਤਨ ਕਰ, ਹੇ ਬੰਦੇ! ਤੇਰੀ ਜਿੰਦਗੀ ਭੱਜੀ ਜਾ ਰਹੀ ਹੈ।

ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥
ਤੂੰ ਬੁੱਢਾ ਹੋ ਗਿਆ ਹੈ ਅਤੇ ਤੈਨੂੰ ਦਿਸਦਾ ਨਹੀਂ ਕਿ ਮੌਤ ਨੇ ਤੈਨੂੰ ਆ ਪਕੜਿਆ ਹੈ।

ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥
ਗੁਰੂ ਜੀ ਆਖਦੇ ਹਨ, ਹੇ ਝੱਲੇ ਬੰਦੇ! ਤੂੰ ਕਿਉਂ ਆਪਣੇ ਕੀਰਤੀਮਾਨ ਮਾਲਕ ਦਾ ਆਰਾਧਨ ਨਹੀਂ ਕਰਦਾ?

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥
ਦੌਲਤ, ਵਹੁਟੀ ਅਤੇ ਹੋਰ ਸਾਰੀ ਜਾਇਦਾਦ, ਜਿਸ ਨੂੰ ਤੂੰ ਆਪਣੀ ਨਿੱਜ ਦੀ ਜਾਣਦਾ ਹੈ।

ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥
ਇਨ੍ਹਾਂ ਵਿਚੋਂ ਕੋਈ ਭੀ ਤੇਰਾ ਸਾਥੀ ਨਹੀਂ ਹੋਣਾ। ਤੂੰ ਇਸ ਨੂੰ ਸਚ ਕਰਕੇਜਾਣ ਹੇ ਨਾਨਕ!

ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥
ਵਾਹਿਗੁਰੂ ਪਾਪੀਆਂ ਨੂੰ ਪਾਰ ਕਰਨ ਵਾਲਾ, ਡਰ ਨਾਸ ਕਰਨਹਾਰ ਅਤੇ ਨਿਖਸਮਿਆਂ ਦਾ ਖਸਮ ਹੈ।

ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥
ਗੁਰੂ ਜੀ ਆਖਦੇ ਹਨ, ਤੂੰ ਉਸ ਨੂੰ ਅਨੁਭਵ ਕਰ, ਜੋ ਸਦੀਵ ਹੀ ਤੇਰੇ ਨਾਲ ਵਸਦਾ ਹੈ।

ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥
ਤੂੰ ਉਸ ਨਾਲ ਪਿਆਰ ਨਹੀਂ ਪਾਉਂਦਾ, ਜਿਸ ਨੇ ਤੈਨੂੰ ਮਨੁਸ਼ੀ-ਦੇਹ ਅਤੇ ਦੌਲਤਾਂ ਬਖਸ਼ੀਆਂ ਹਨ।

ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥
ਗੁਰੂ ਜੀ ਆਖਦੇ ਹਨ, ਹੇ ਪਗਲੇ ਪ੍ਰਾਣੀ! ਤੂੰ ਹੁਣ ਕਿਉਂ ਇਕ ਨੀਚ ਪੁਰਸ਼ ਦੀ ਮਾਨੰਦ ਡਿਕਡੋਲੇ ਖਾਂਦਾ ਹੈ?

ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥
ਜਿਸ ਨੇ ਤੈਨੂੰ ਦੇਹ, ਦੌਲਤ, ਜਾਇਦਾਦ, ਖੁਸ਼ੀ ਅਤੇ ਸੁੰਦਰ ਮੰਦਰ ਬਖਸ਼ੇ ਹਨ।

ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥
ਗੁਰੂ ਜੀ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਮੇਰੀ ਜਿੰਦੇ! ਤੂੰ ਕਿਉਂ ਆਪਦੇ ਸੁਆਮੀ ਦਾ ਸਿਮਰਨ ਨਹੀਂ ਕਰਦੀ?

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥
ਸੁਆਮੀ ਸਾਰੇ ਆਰਾਮ ਦੇਣ ਵਾਲਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।

ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥
ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੜੀਏ! ਉਸ ਦਾ ਆਰਾਧਨ ਕਰਨ ਦੁਆਰਾ, ਮੁਕਤੀ ਪਰਾਪਤ ਹੋ ਜਾਂਦੀ ਹੈ।