Page 147
ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥
ਜੋ ਸੱਚੇ ਨਾਮ ਦੇ ਝੰਡੇ ਨਾਲ ਜਾਂਦਾ ਹੈ ਉਸ ਦੇ ਮਾਰਗ ਵਿੱਚ ਕੋਈ ਜਣਾ ਰੁਕਾਵਟ ਨਹੀਂ ਪਾਉਂਦਾ।

ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥
ਸੱਚੇ ਨਾਮ ਨੂੰ ਸਰਵਣ ਅਨੁਭਵ ਅਤੇ ਉਚਾਰਣ ਕਰਨ ਦੁਆਰਾ ਇਨਸਾਨ ਸਾਈਂ ਦੇਹ ਮੰਦਰ ਅੰਦਰ ਬੁਲਾ ਲਿਆ ਜਾਂਦਾ ਹੈ।

ਸਲੋਕੁ ਮਃ ੧ ॥
ਸਲੋਕ, ਪਹਿਲੀ ਪਾਤਸ਼ਾਹੀ।

ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥
ਜੇਕਰ ਮੈਂ ਅੱਗ ਦੀ ਪੁਸ਼ਾਕ ਪਾ ਲਵਾਂ, ਬਰਫ ਅੰਦਰ ਗ੍ਰਹਿ ਬੰਨ੍ਹ ਲਵਾਂ ਅਤੇ ਲੋਹੇ ਨੂੰ ਆਪਣਾ ਖਾਣਾ ਬਣਾ ਲਵਾਂ।

ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥
ਸਾਰੀਆਂ ਤਕਲੀਫਾਂ ਨੂੰ ਜੇਕਰ ਮੈਂ ਜਲ ਦੀ ਤਰ੍ਹਾਂ ਪੀ ਜਾਵਾਂ ਅਤੇ ਜਮੀਨ ਨੂੰ ਹਿੱਕ ਕੇ ਆਪਣੇ ਮੂਹਰੇ ਲਾ ਲਵਾਂ।

ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥
ਅਸਮਾਨ ਨੂੰ ਤੱਕੜੀ ਦੇ ਪੱਲੜੇ ਵਿੱਚ ਧਰ ਕੇ ਜੇਕਰ ਮੈਂ ਇਸ ਨੂੰ ਪਿਛਲੇ ਪੱਲੜੇ ਵਿੰਚ ਰੱਖੇ ਹੋਏ ਚਾਰ ਮਾਸੇ ਦੇ ਵੱਟੇ ਨਾਲ ਜੋਖ ਲਵਾਂ।

ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥
ਜੇਕਰ ਮੈਂ ਐਡਾ ਵੱਡਾ ਹੋ ਜਾਵਾਂ ਕਿ ਕਿਤੇ ਭੀ ਨਾਂ ਸਮਾਂ ਸਕਾਂ, ਤੇ ਜੇਕਰ ਮੈਂ ਸਾਰਿਆਂ ਨੂੰ ਨਕੇਲ ਪਾ ਨੱਕ ਤੋਂ ਫੜ ਕੇ ਟੋਰੀ ਫਿਰਾਂ।

ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥
ਜੇਕਰ ਮੇਰੇ ਚਿੱਤ ਅੰਦਰ ਐਨਾ ਬਲ ਹੋਵੇ ਕਿ ਇਹੋ ਜੇਹੀਆਂ ਗੱਲਾਂ ਮੈਂ ਕਰਾਂ ਅਤੇ ਆਪਣੇ ਕਹਿਣ ਦੁਆਰਾ ਹੋਰਨਾਂ ਤੋਂ ਭੀ ਕਰਾਵਾਂ, ਪਰ ਇਹ ਸਾਰਾ ਕੁਝ ਬੇਫਾਇਦਾ ਹੈ।

ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥
ਜਿੱਡਾ ਵੱਡਾ ਸੁਆਮੀ ਹੈ, ਓਡੀਆਂ ਵੱਡੀਆਂ ਹੀ ਹਨ ਉਸ ਦੀਆਂ ਬਖਸ਼ਸ਼ਾਂ। ਉਹ ਆਪਣੀ ਰਜਾ ਅਨੁਸਾਰ ਦਾਤਾਂ ਦਿੰਦਾ ਹੈ।

ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥
ਨਾਨਕ ਜਿਸ ਉਤੇ ਸਾਈਂ ਆਪਣੀ ਮਿਹਰ ਦੀ ਨਜਰ ਧਾਰਦਾ ਹੈ, ਉਸ ਨੂੰ ਸੱਚੇ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ।

ਮਃ ੨ ॥
ਦੂਜੀ ਪਾਤਸ਼ਾਹੀ।

ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥
ਮੂੰਹ ਬਚਨ ਬਿਲਾਸ ਕਰਦਾ ਨਹੀਂ ਧ੍ਰਾਪਦਾ ਅਤੇ ਕੰਨ ਸਰਵਨ ਕਰਨ ਨਾਲ ਨਹੀਂ ਰੱਜਦੇ।

ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥
ਨੇਤ੍ਰ ਵੇਖਣ ਨਾਲ ਤ੍ਰਿਪਤ ਨਹੀਂ ਹੁੰਦੇ। ਹਰ ਅੰਗ ਇੱਕ ਕਿਸਮ ਦੀ ਖੂਬੀ ਦਾ ਖ੍ਰੀਦਦਾਰ ਹੈ।

ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥
ਖੁਦਿਆਵੰਤਾਂ ਦੀ ਖੁਦਿਆ ਦੂਰ ਨਹੀਂ ਹੁੰਦੀ। ਮੂੰਹ-ਜਬਾਨੀ ਗੱਲਾਂ ਦੁਆਰਾ ਖੁਦਿਆ ਨਹੀਂ ਜਾਂਦੀ।

ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥
ਹੇ ਨਾਨਕ! ਕੇਵਲ ਤਦ ਹੀ ਭੁੱਖਾ ਆਦਮੀ ਰੱਜਦਾ ਹੈ ਜਦ ਉਸ ਦੀਆਂ ਸਿਫਤਾਂ ਨੂੰ ਆਖਣ ਦੁਆਰਾ ਉਹ ਸਿਫਤਾਂ ਵਾਲੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।

ਪਉੜੀ ॥
ਪਉੜੀ।

ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥
ਸਬੱਚੇ ਸਾਹਿਬ ਦੇ ਬਾਝੋਂ ਸਾਰੇ ਝੂਠੇ ਹਨ ਅਤੇ ਝੂਠ ਦੀ ਹੀ ਕਿਰਤ ਕਰਦੇ ਹਨ।

ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥
ਸਤਿਪੁਰਖ ਦੇ ਬਗੈਰ ਝੂਠੇ ਨਰੜ ਕੇ ਅੱਗੇ ਨੂੰ ਧਕੇ ਜਾਂਦੇ ਹਨ।

ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥
ਸੱਚੇ ਮਾਲਿਕ ਦੇ ਬਾਝੋਂ ਦੇਹਿ ਮਿੱਟੀ ਹੈ ਅਤੇ ਮਿੱਟੀ ਨਾਲ ਮਿਲ ਜਾਂਦੀ ਹੈ।

ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥
ਸੱਚੇ ਮਾਲਕ ਦੇ ਬਗੈਰ ਪੁਸ਼ਾਕ ਤੇ ਖੁਰਾਕ ਸਮੂਹ ਭੁੱਖ ਹੀ ਹੈ।

ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥
ਸੱਚੇ ਸੁਆਮੀ ਦੇ ਬਗੈਰ ਕੂੜਿਆਰ ਵਾਹਿਗੁਰੂ ਦੀ ਦਰਗਾਹ ਨੂੰ ਪ੍ਰਾਪਤ ਨਹੀਂ ਹੁੰਦੇ।

ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥
ਝੂਠੇ ਲੋਭ ਨਾਲ ਜੁੜ ਕੇ, ਇਨਸਾਨ ਮਾਲਕ ਦੇ ਮੰਦਰ ਨੂੰ ਗੁਆ ਲੈਂ ਦਾ ਹੈ।

ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥
ਸਾਰਾ ਸੰਸਾਰ ਛਲਣੀ ਮਾਇਆ ਨੇ ਛਲ ਲਿਆ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥
ਸਰੀਰ ਖਾਹਿਸ਼ ਦੀ ਅਗਨੀ ਹੈ। ਇਹ ਵਾਹਿਗੁਰੂ ਦੇ ਨਾਮ ਨਾਲ ਬੁਝਦੀ ਹੈ।

ਸਲੋਕ ਮਃ ੧ ॥
ਸਲੋਕ, ਪਹਿਲੀ ਪਾਤਸ਼ਾਹੀ।

ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥
ਨਾਨਕ, ਗੁਰੂ ਸੰਤੁਸ਼ਟਤਾ ਦਾ ਬਿਰਛ ਹੈ, ਜਿਸ ਦਾ ਪੁਸ਼ਪ ਈਮਾਨ ਹੈ, ਅਤੇ ਮੇਵਾ ਬ੍ਰਹਿਮ-ਗਿਆਨ।

ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥
ਪ੍ਰਭੂ ਦੀ ਪ੍ਰੀਤ ਨਾਲ ਸਿੰਚਰਿਆ ਹੋਇਆ, ਇਹ ਸਦੀਵ ਹੀ ਸਰ-ਸਬਜ ਰਹਿੰਦਾ ਹੈ ਅਤੇ ਨੇਕ ਅਮਲਾਂ ਤੇ ਸਿਮਰਨ ਦੁਆਰਾ ਪੱਕਦਾ ਹੈ।

ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥੧॥
ਜਿਸ ਦਾ ਸੁਆਦ ਭੁੰਚਣ ਦੁਆਰਾ ਇੱਜਤ ਆਬਰੂ ਮਿਲਦੀ ਹੈ। ਸਾਰੀਆਂ ਦਾਤਾਂ ਵਿੱਚੋਂ ਇਹ ਸ਼ਰੋਮਣੀ ਦਾਤ ਹੈ।

ਮਃ ੧ ॥
ਪਹਿਲੀ ਪਾਤਸ਼ਾਹੀ।

ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥
ਗੁਰੂ ਸੋਨੇ ਦਾ ਦਰੱਖਤ ਹੈ, ਇਸ ਦੇ ਪੱਤੇ ਮੂੰਗੇ ਹਨ ਅਤੇ ਇਸ ਦੇ ਪੁਸ਼ਪ ਜਵਾਹਿਰਾਤ ਤੇ ਮਾਣਕ।

ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥
ਉਸ ਪੌਦੇ ਨੂੰ ਗੁਰੂ ਦੇ ਮੁਖਾਰਬਿੰਦ ਦੇ ਕਥਨ ਦੀ ਮਣੀ ਦਾ ਮੇਵਾ ਲੱਗਾ ਹੋਇਆ ਹੈ, ਆਪਣੇ ਦਿਲ ਦੇ ਦਿਲਾਂ ਅੰਦਰ ਗੁਰੂ ਸੁਆਮੀ ਨੂੰ ਵੇਖਦਾ ਹੈ।

ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥
ਨਾਨਕ ਇਹ ਉਸ ਨੂੰ ਪਰਾਪਤ ਹੁੰਦਾ ਹੈ ਜਿਸ ਦੇ ਚਿਹਰੇ ਅਤੇ ਮੱਥੇ ਉਤੇ ਚੰਗੇ ਭਾਗਾਂ ਦੀ ਲਿਖਤਾਕਾਰ ਲਿਖੀ ਹੋਈ ਹੈ।

ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥
ਅਠਾਹਟ ਯਾਤਰਾ-ਅਸਥਾਨ ਪਰਮ ਸ੍ਰੇਸ਼ਟ ਗੁਰਾਂ ਦੇ ਪੈਰਾਂ ਦੀ ਪਨਾਹ ਲੋੜਦੇ ਹਨ, ਜਿਨ੍ਹਾਂ ਦੀ ਉਹ ਸਦੀਵ ਹੀ ਉਪਾਸ਼ਨਾ ਕਰਦੇ ਹਨ।

ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥
ਨਿਰਦਈਪੁਣਾ, ਸੰਸਾਰੀ ਮੋਹ, ਲਾਲਚ ਤੇ ਗੁੱਸਾ ਚਾਰੇ ਅਗਨੀ ਦੇ ਦਰਿਆ ਹਨ।

ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥੨॥
ਉਨੱਾਂ ਵਿੱਚ ਡਿੱਗ ਪੈਣ ਦੁਆਰਾ ਪ੍ਰਾਣੀ ਸੜ ਬਲ ਜਾਂਦਾ ਹੈ। ਹੇ ਨਾਨਕ! ਚੰਗੇ ਅਮਲਾਂ ਦੇ ਨਾਲ ਜੁੜਣ ਦੁਆਰਾ ਕਲਿਆਣ ਹੁੰਦੀ ਹੈ।

ਪਉੜੀ ॥
ਪਉੜੀ।

ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥
ਜੀਉਂਦੇ ਜੀ ਮੌਤ ਤੇ ਕਾਬੂ ਪਾ ਲੈ ਅਤੇ ਤੈਨੂੰ ਅਖੀਰ ਨੂੰ ਝੋਰਾ ਨਹੀਂ ਹੋਵੇਗਾ।

ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥
ਕੂੜੀ ਹੈ ਇਹ ਦੁਨੀਆਂ ਪ੍ਰੰਤੂ ਕਿਸੇ ਨੂੰ ਹੀ ਇਹ ਸਮਝ ਆਈ ਹੈ।

ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥
ਇਨਸਾਨ ਸੱਚ ਨਾਲ ਪ੍ਰੀਤ ਨਹੀਂ ਕਰਦਾ ਅਤੇ ਸੰਸਾਰੀ ਕਾਰ-ਵਿਹਾਰਾਂ ਮਗਰ ਨਸਿਆ ਫਿਰਦਾ ਹੈ।

ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥
ਸਤਿਆਨਾਸ ਕਰ ਦੇਣ ਵਾਲੀ ਮੌਤ ਦਾ ਚੰਦਰਾ ਸਮਾਂ ਸੰਸਾਰ ਦੇ ਮੂੰਡ ਉਤੇ ਖੜਾ ਹੈ।

ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥
ਸਾਹਿਬ ਦੇ ਫੁਰਮਾਨ ਤਾਬੇ, ਮੌਤ ਦਾ ਫਰਿਸ਼ਤਾ, ਦਾਅ ਲਾ ਕੇ ਇਨਸਾਨ ਦੇ ਮੂੰਡ ਉਤੇ ਡੰਡਾ ਮਾਰਦਾ ਹੈ।

ਆਪੇ ਦੇਇ ਪਿਆਰੁ ਮੰਨਿ ਵਸਾਈਐ ॥
ਸਾਹਿਬ ਖੁਦ ਹੀ ਆਪਣੀ ਪ੍ਰੀਤ ਬਖਸ਼ਦਾ ਹੈ ਅਤੇ ਇਸ ਨੂੰ ਪ੍ਰਾਣੀ ਦੇ ਚਿੱਤ ਅੰਦਰ ਟਿਕਾਉਂਦਾ ਹੈ।

ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥
ਜਦ ਜਿੰਦਗੀ ਦੀ ਪੜੋਪੀ ਲਬਾਲਬ ਹੋ ਜਾਂਦੀ ਹੈ, ਤਾਂ ਕੂਚ ਕਰਨ ਨੂੰ ਇੱਕ ਲਮ੍ਹੇ ਜਾਂ ਪਲ ਜਿੰਨੀ ਦੇਰ ਭੀ ਨਹੀਂ ਲੱਗਦੀ।

ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥੨੦॥
ਗੁਰਾਂ ਦੀ ਦਇਆ ਰਾਹੀਂ ਸੱਚੇ ਸਾਹਿਬ ਨੂੰ ਜਾਨਣ ਦੁਆਰਾ ਜੀਵ ਉਸ ਅੰਦਰ ਲੀਨ ਹੋ ਜਾਂਦਾ ਹੈ।

ਸਲੋਕੁ ਮਃ ੧ ॥
ਸਲੋਕ, ਪਹਿਲੀ ਪਾਤਸ਼ਾਹੀ।

ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥
ਤੂੰਬੀ ਜੰਗਲੀ ਕੱਦੂ, ਅੱਕ, ਧਤੂਰੇ ਅਤੇ ਨਿੰਮ ਦੀ ਨਮੋਲੀ ਦੀ ਕੁੜੱਤਣ,

ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ ॥
ਉਸ ਦੇ ਚਿੱਤ ਤੇ ਮੂੰਹ ਵਿੱਚ ਰਹਿੰਦੀ ਹੈ, ਜਿਸ ਨੂੰ ਤੂੰ ਯਾਦ ਨਹੀਂ ਆਉਂਦਾ, ਹੇ ਮੇਰੇ ਸੁਆਮੀ!

ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥੧॥
ਨਾਨਕ ਮੈਂ ਕਿਸ ਨੂੰ ਆਖਾਂ ਕਿ ਜੋ ਚੰਗੀ ਕਿਸਮਤ ਦੇ ਬਗੈਰ ਹਨ, ਉਹ ਮਲੀਆਮੇਟ ਹੋ ਜਾਂਦੇ ਹਨ।

ਮਃ ੧ ॥
ਪਹਿਲੀ ਪਾਤਸ਼ਾਹੀ।

ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥
ਭੌਰ ਪੰਛੀ ਆਪਣੇ ਅਮਲਾਂ ਦੇ ਨਾਲ (ਸਬੱਬ) ਕਦੇ ਸਰੇਸ਼ਟ ਤੇ ਕਦੇ ਅਧਮ ਹੁੰਦਾ ਹੈ।

copyright GurbaniShare.com all right reserved. Email:-