Page 151
ਰਾਗੁ ਗਉੜੀ ਗੁਆਰੇਰੀ ਮਹਲਾ ੧ ਚਉਪਦੇ ਦੁਪਦੇ
ਰਾਗੁ ਗਊੜੀ ਗੁਆਰੇਰੀ,ਪਹਿਲੀ ਪਾਤਸ਼ਾਹੀ, ਚਉਪਦੇ ਦੁਪਦੇ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ, ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸਦਾ ਸਰੂਪ। ਉਹ ਬੇ-ਖੋਫ, ਦੁਸ਼ਮਨੀ ਰਹਿਤ, ਅਜਨਮਾ ਅਤੇ ਸਵੈ-ਪਰਕਾਸ਼ਵਾਨ ਹੈ। ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।

ਭਉ ਮੁਚੁ ਭਾਰਾ ਵਡਾ ਤੋਲੁ ॥
ਸਾਹਿਬ ਦਾ ਡਰ ਬਹੁਤ ਵਡਾ ਅਤੇ ਬਹੁਤ ਵਜਨਦਾਰ ਹੈ।

ਮਨ ਮਤਿ ਹਉਲੀ ਬੋਲੇ ਬੋਲੁ ॥
ਤੁਛ ਹੈ ਆਦਮੀ ਦੀ ਅਕਲ ਤੇ ਬਚਨ ਬਿਲਾਸ ਜੋ ਉਹ ਉਚਾਰਦਾ ਹੈ।

ਸਿਰਿ ਧਰਿ ਚਲੀਐ ਸਹੀਐ ਭਾਰੁ ॥
ਸਾਹਿਬ ਦਾ ਡਰ ਆਪਣੇ ਸੀਸ ਤੇ ਰਖ ਕੇ ਟੁਰ ਅਤੇ ਉਸ ਦਾ ਬੋਝ ਸਹਾਰ।

ਨਦਰੀ ਕਰਮੀ ਗੁਰ ਬੀਚਾਰੁ ॥੧॥
ਜਿਸ ਉਤੇ ਮਿਹਰਬਾਨ ਪੁਰਖ ਦੀ ਮਿਹਰ ਹੈ, ਉਹ ਗੁਰਾਂ ਦੇ ਰਾਹੀਂ ਉਸ ਦਾ ਸਿਮਰਨ ਕਰਦਾ ਹੈ।

ਭੈ ਬਿਨੁ ਕੋਇ ਨ ਲੰਘਸਿ ਪਾਰਿ ॥
ਸਾਹਿਬ ਦੇ ਡਰ ਬਗੈਰ ਕੋਈ ਭੀ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ।

ਭੈ ਭਉ ਰਾਖਿਆ ਭਾਇ ਸਵਾਰਿ ॥੧॥ ਰਹਾਉ ॥
ਸਾਹਿਬ ਦਾ ਡਰ ਤੇ ਤ੍ਰਾਹ ਇਨਸਾਨ ਦੀ ਉਸ ਨਾਲ ਪ੍ਰੀਤ ਨੂੰ ਸ਼ਿੰਗਾਰ ਦਿੰਦਾ ਹੈ। ਠਹਿਰਾਉ।

ਭੈ ਤਨਿ ਅਗਨਿ ਭਖੈ ਭੈ ਨਾਲਿ ॥
ਸ਼੍ਰੀਰ ਦੀ ਡਰ ਦੀ ਅੱਗ, ਵਾਹਿਗੁਰੂ ਦੇ ਤ੍ਰਾਸ ਨਾਲ ਸੜ ਜਾਂਦੀ ਹੈ।

ਭੈ ਭਉ ਘੜੀਐ ਸਬਦਿ ਸਵਾਰਿ ॥
ਸੁਆਮੀ ਦੇ ਡਰ ਅਤੇ ਤ੍ਰਾਹ ਨਾਲ ਬੰਦੇ ਦੀ ਬੋਲਚਾਲ ਢਾਲੀ ਅਤੇ ਸ਼ਿੰਗਾਰੀ ਜਾਂਦੀ ਹੈ।

ਭੈ ਬਿਨੁ ਘਾੜਤ ਕਚੁ ਨਿਕਚ ॥
ਜੋ ਕੁਝ ਸਾਹਿਬ ਦੇ ਡਰਦੇ ਬਗੈਰ ਬਣਾਇਆ ਜਾਂਦਾ ਹੈ ਉਹ ਬਿਲਕੁਲ ਹੀ ਨਿਕੰਮਾ ਹੁੰਦਾ ਹੈ।

ਅੰਧਾ ਸਚਾ ਅੰਧੀ ਸਟ ॥੨॥
ਫਜੂਲ ਹੈ ਸੰਚਾ ਤੇ ਫਜੂਲ ਹੈ ਉਸ ਦੇ ਉਤੇ ਲਾਈ ਟਕੋਰ।

ਬੁਧੀ ਬਾਜੀ ਉਪਜੈ ਚਾਉ ॥
ਸੰਸਾਰੀ ਖੇਡਾਂ ਦੀ ਖਾਹਿਸ਼ ਇਨਸਾਨ ਦੀ ਅਕਲ ਅੰਦਰ ਪੈਦਾ ਹੁੰਦੀ ਹੈ।

ਸਹਸ ਸਿਆਣਪ ਪਵੈ ਨ ਤਾਉ ॥
ਹਜ਼ਾਰਾਂ ਹੀ ਅਕਲਮੰਦੀਆਂ ਦੇ ਬਾਵਜੂਦ, ਸਾਹਿਬ ਦੇ ਡਰ ਦਾ ਸੇਕ ਨਹੀਂ ਲਗਦਾ।

ਨਾਨਕ ਮਨਮੁਖਿ ਬੋਲਣੁ ਵਾਉ ॥
ਨਾਨਕ ਅਧਰਮੀ ਦੀ ਗਲਬਾਤ ਬੇਹੁਦਾ ਹੁੰਦੀ ਹੈ।

ਅੰਧਾ ਅਖਰੁ ਵਾਉ ਦੁਆਉ ॥੩॥੧॥
ਨਿਕੰਮਾ ਅਤੇ ਫਜੂਲ ਹੈ ਉਸ ਦਾ ਉਪਦੇਸ਼।

ਗਉੜੀ ਮਹਲਾ ੧ ॥
ਗਊੜੀ ਪਹਿਲੀ ਪਾਤਸ਼ਾਹੀ।

ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥
ਰੱਬ ਦੇ ਭੈ ਨੂੰ ਆਪਣੇ ਦਿਲ ਅੰਦਰ ਧਾਰ ਅਤੇ ਤੇਰਾ ਗ੍ਰਹਿ ਉਸ ਦੇ ਤ੍ਰਾਸ ਅੰਦਰ ਰਹੇ ਤਦ, ਤੇਰਾ ਮੌਤ ਦਾ ਭੈ, ਭੈਭੀਤ ਹੋ ਟੁਰ ਜਾਵੇਗਾ।

ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ ॥
ਉਹ ਭੈ ਕਿਸ ਕਿਸਮ ਦਾ ਹੈ ਜਿਸ ਦੁਆਰਾ ਮੌਤ ਦਾ ਭਉੈ ਭੀਤ ਹੋ ਜਾਂਦਾ ਹੈ?

ਤੁਧੁ ਬਿਨੁ ਦੂਜੀ ਨਾਹੀ ਜਾਇ ॥
ਤੇਰੇ ਬਗੈਰ ਹੋਰ ਕੋਈ ਆਰਾਮ ਦੀ ਥਾਂ ਨਹੀਂ।

ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥
ਜੋ ਕੁਝ ਭੀ ਹੁੰਦਾ ਹੈ, ਸਮੂਹ ਤੇਰੇ ਭਾਣੇ ਅਨੁਸਾਰ ਹੈ।

ਡਰੀਐ ਜੇ ਡਰੁ ਹੋਵੈ ਹੋਰੁ ॥
ਅਸੀਂ ਖੌਫ ਖਾ, ਜੇਕਰ ਸਾਨੂੰ ਪ੍ਰਭੂ ਦੇ ਬਾਝੋਂ ਕਿਸੇ ਹੋਰਸ ਦਾ ਖੌਫ ਹੋਵੇ।

ਡਰਿ ਡਰਿ ਡਰਣਾ ਮਨ ਕਾ ਸੋਰੁ ॥੧॥ ਰਹਾਉ ॥
ਰੱਬ ਦੇ ਭਊ ਬਗੈਰ ਹੋਰਸ ਦੇ ਭਉ ਨਾਲ ਸਹਿਮ ਜਾਣਾ ਨਿਰਾਪੁਰਾ ਚਿੱਤ ਦਾ ਸ਼ੋਰ ਸ਼ਰਾਬਾ ਹੀ ਹੈ। ਠਹਿਰਾਉ।

ਨਾ ਜੀਉ ਮਰੈ ਨ ਡੂਬੈ ਤਰੈ ॥
ਆਪਣੇ ਆਪ ਨਾਂ ਆਤਮਾ ਮਰਦੀ ਹੈ, ਨਾਂ ਡੁਬਦੀ ਹੈ ਅਤੇ ਨਾਂ ਹੀ ਪਾਰ ਉਤਰਦੀ ਹੈ।

ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥
ਜਿਸ ਨੇ ਰਚਨਾ ਰਚੀ ਹੈ, ਉਹੀ ਸਭ ਕੁਝ ਕਰਦਾ ਹੈ।

ਹੁਕਮੇ ਆਵੈ ਹੁਕਮੇ ਜਾਇ ॥
ਸਾਈਂ ਦੇ ਅਮਰ ਦੁਆਰਾ ਬੰਦਾ ਆਉਂਦਾ ਹੈ, ਅਤੇ ਉਸ ਦੀ ਆਗਿਆ ਦੁਆਰਾ ਉਹ ਚਲਿਆ ਜਾਂਦਾ ਹੈ।

ਆਗੈ ਪਾਛੈ ਹੁਕਮਿ ਸਮਾਇ ॥੨॥
ਇਸ ਜਨਮ ਦੇ ਅਗਾੜੀ ਤੇ ਪਿਛਾੜੀ ਭੀ ਪ੍ਰਾਣੀ ਉਸ ਦੇ ਫੁਰਮਾਨ ਅੰਦਰ ਲੀਨ ਰਹਿੰਦਾ ਹੈ।

ਹੰਸੁ ਹੇਤੁ ਆਸਾ ਅਸਮਾਨੁ ॥
ਜਿਨ੍ਹਾਂ ਵਿੱਚ ਨਿਰਦਈਪੁਣਾ, ਸੰਸਾਰੀ ਮੋਹ, ਖਾਹਿਸ਼ ਅਤੇ ਹੰਕਾਰਾਂ ਹਨ,

ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ ॥
ਉਨ੍ਹਾਂ ਵਿੱਚ ਨਦੀ ਦੇ ਪਾਣੀ ਮਾਨਿੰਦ ਬੜੀ ਭੁਖ ਹੈ।

ਭਉ ਖਾਣਾ ਪੀਣਾ ਆਧਾਰੁ ॥
ਗੁਰਮੁਖਾਂ ਲਈ ਸੁਆਮੀ ਦਾ ਡਰ ਹੀ ਖਾਣ, ਪੀਣ ਅਤੇ ਆਸਰਾ ਹੈ।

ਵਿਣੁ ਖਾਧੇ ਮਰਿ ਹੋਹਿ ਗਵਾਰ ॥੩॥
ਸਾਹਿਬ ਦਾ ਡਰ ਧਾਰਨ ਕਰਨ ਦੇ ਬਾਝੋਂ ਮੂਰਖ ਨਾਸ ਹੋ ਜਾਂਦੇ ਹਨ।

ਜਿਸ ਕਾ ਕੋਇ ਕੋਈ ਕੋਇ ਕੋਇ ॥
ਜੇਕਰ ਪ੍ਰਾਣੀ ਦਾ ਕੋਈ ਜਣਾ ਆਪਣਾ ਨਿੱਜ ਦਾ ਹੈ ਤਾਂ ਉਹ ਕੋਈ ਜਣਾ ਬਹੁਤ ਹੀ ਵਿਰਲਾ ਹੈ।

ਸਭੁ ਕੋ ਤੇਰਾ ਤੂੰ ਸਭਨਾ ਕਾ ਸੋਇ ॥
ਸਾਰੇ ਤੇਰੇ ਹਨ, ਅਤੇ ਤੂੰ ਹੇ ਸ਼੍ਰੇਸ਼ਟ ਸੁਆਮੀ ਸਾਰਿਆਂ ਦਾ ਹੈ।

ਜਾ ਕੇ ਜੀਅ ਜੰਤ ਧਨੁ ਮਾਲੁ ॥
ਜਿਸ (ਪ੍ਰਭੂ) ਦੇ ਸਾਰੇ ਜੀਵ-ਜੰਤ, ਸਭ ਦੌਲਤ ਅਤੇ ਜਾਇਦਾਦ ਹਨ,

ਨਾਨਕ ਆਖਣੁ ਬਿਖਮੁ ਬੀਚਾਰੁ ॥੪॥੨॥
ਨਾਨਕ, ਔਖਾ ਹੈ, ਉਸ ਦਾ ਵਰਨਣ ਅਤੇ ਵਿੱਚਾਰ ਕਰਨਾ।

ਗਉੜੀ ਮਹਲਾ ੧ ॥
ਗਊੜੀ ਪਹਿਲੀ ਪਾਤਸ਼ਾਹੀ।

ਮਾਤਾ ਮਤਿ ਪਿਤਾ ਸੰਤੋਖੁ ॥
ਮੈਂ ਸਿਆਣਪ ਨੂੰ ਆਪਣੀ ਅਮੜੀ, ਸਤੁੰਸ਼ਟਤਾ ਨੂੰ ਆਪਣਾ ਬਾਬਲ,

ਸਤੁ ਭਾਈ ਕਰਿ ਏਹੁ ਵਿਸੇਖੁ ॥੧॥
ਅਤੇ ਸਚਾਈ ਨੂੰ ਆਪਣਾ ਭਰਾ ਬਣਾ ਲਿਆ ਹੈ। ਇਹ ਹਨ ਮੇਰੇ ਚੰਗੇ ਸਨਬੰਧੀ।

ਕਹਣਾ ਹੈ ਕਿਛੁ ਕਹਣੁ ਨ ਜਾਇ ॥
ਲੋਕ ਉਸ ਦਾ ਬਿਆਨ ਕਰਦੇ ਹਨ, ਪ੍ਰੰਤੂ ਉਹ ਕੁਝ ਭੀ ਬਿਆਨ ਨਹੀਂ ਕੀਤਾ ਜਾ ਸਕਦਾ।

ਤਉ ਕੁਦਰਤਿ ਕੀਮਤਿ ਨਹੀ ਪਾਇ ॥੧॥ ਰਹਾਉ ॥
ਤੇਰੀ ਅਪਾਰ ਸ਼ਕਤੀ ਦਾ, ਹੇ ਮਾਲਕ! ਮੁੱਲ ਪਾਇਆ ਨਹੀਂ ਜਾ ਸਕਦਾ। ਠਹਿਰਾਉ।