Page 153
ਨਾਮ ਸੰਜੋਗੀ ਗੋਇਲਿ ਥਾਟੁ ॥
ਜੋ ਨਾਮ ਨਾਲ ਸੰਬਧਤ ਹਨ ਉਹ ਸੰਸਾਰ ਨੂੰ ਚਰਾਗਾਹ ਵਿੱਚ ਇਕ ਆਰਜੀ ਝੁੱਗੀ ਸਮਝਦੇ ਹਨ।

ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥
ਭੋਗ ਵਿਲਾਸ ਅਤੇ ਰੋਹ ਦਾ ਜਹਿਰੀਲਾ ਮੱਟ ਆਖਰਕਾਰ ਫੁੱਟ ਜਾਂਦਾ ਹੈ।

ਬਿਨੁ ਵਖਰ ਸੂਨੋ ਘਰੁ ਹਾਟੁ ॥
ਨਾਮ ਦੇ ਸੌਦੇ ਸੂਤ ਦੇ ਬਾਝੋਂ ਦੇਹਿ ਰੂਪੀ ਗ੍ਰਹਿ ਅਤੇ ਮਨ ਦੀ ਹੱਟੀ ਖਾਲੀ ਹਨ।

ਗੁਰ ਮਿਲਿ ਖੋਲੇ ਬਜਰ ਕਪਾਟ ॥੪॥
ਗੁਰਾਂ ਨੂੰ ਭੇਟਣ ਦੁਆਰਾ ਕਰੜੇ ਤਖਤੇ ਖੁਲ੍ਹ ਜਾਂਦੇ ਹਨ।

ਸਾਧੁ ਮਿਲੈ ਪੂਰਬ ਸੰਜੋਗ ॥
ਪੂਰਬਲੀ ਪ੍ਰਾਲਬਧ ਰਾਹੀਂ ਸੰਤ ਮਿਲਦਾ ਹੈ।

ਸਚਿ ਰਹਸੇ ਪੂਰੇ ਹਰਿ ਲੋਗ ॥
ਸਾਈਂ ਦੇ ਪੂਰਨ ਪੁਰਸ਼ ਸੱਚ ਅੰਦਰ ਪ੍ਰਸੰਨ ਹੁੰਦੇ ਹਨ।

ਮਨੁ ਤਨੁ ਦੇ ਲੈ ਸਹਜਿ ਸੁਭਾਇ ॥
ਜੋ ਆਪਣੀ ਆਤਮਾ ਤੇ ਦੇਹਿ ਸਮਰਪਣ ਕਰਨ ਦੁਆਰਾ ਨਿਰਯਤਨ ਹੀ, ਆਪਣੇ ਪ੍ਰਭੂ ਨੂੰ ਪਾ ਲੈਂਦੇ ਹਨ,

ਨਾਨਕ ਤਿਨ ਕੈ ਲਾਗਉ ਪਾਇ ॥੫॥੬॥
ਨਾਨਕ ਉਨ੍ਹਾਂ ਦੇ ਪੈਰਾਂ ਉਤੇ ਡਿਗਦਾ ਹੈ।

ਗਉੜੀ ਮਹਲਾ ੧ ॥
ਗਊੜੀ ਪਾਤਸ਼ਾਹੀ ਪਹਿਲੀ।

ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥
ਵਿਸ਼ੇ ਭੋਗ, ਗੁੱਸੇ ਅਤੇ ਧਨ-ਦੌਲਤ ਅੰਦਰ ਤੇਰਾ ਮਲ ਖਚਤ ਹੋਇਆ ਹੋਇਆ ਹੈ।

ਝੂਠ ਵਿਕਾਰਿ ਜਾਗੈ ਹਿਤ ਚੀਤੁ ॥
ਆਪਣੇ ਮਨ ਅੰਦਰ ਸੰਸਾਰੀ ਮਮਤਾ ਹੋਣ ਦੇ ਸਬਬ ਤੂੰ ਕੂੜ ਤੇ ਪਾਪ ਅੰਦਰ ਸਾਵਧਾਨ ਹੈ।

ਪੂੰਜੀ ਪਾਪ ਲੋਭ ਕੀ ਕੀਤੁ ॥
ਤੂੰ ਗੁਨਾਹ ਤੇ ਲਾਲਚ ਦੀ ਰਾਸ ਇਕੱਠੀ ਕੀਤੀ ਹੋਈ ਹੈ।

ਤਰੁ ਤਾਰੀ ਮਨਿ ਨਾਮੁ ਸੁਚੀਤੁ ॥੧॥
ਪਵਿੱਤ੍ਰ ਨਾਮ ਦੇ ਨਾਲ ਹੇ ਮੇਰੀ ਆਤਮਾ! ਤੂੰ ਜੀਵਨ ਦੀ ਨਦੀ ਤੋਂ ਪਾਰ ਹੋ ਜਾ।

ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥
ਅਸਚਰਜ ਹੈਂ ਧੰਨ ਹੈਂ, ਤੂੰ ਮੇਰੇ ਸੱਚੇ ਸੁਆਮੀ! ਮੈਨੂੰ ਕੇਵਲ ਤੇਰਾ ਹੀ ਆਸਰਾ ਹੈ।

ਹਉ ਪਾਪੀ ਤੂੰ ਨਿਰਮਲੁ ਏਕ ॥੧॥ ਰਹਾਉ ॥
ਮੈਂ ਗੁਨਹਗਾਰ ਹਾਂ, ਕੇਵਲ ਤੂੰ ਹੀ ਪਵਿੱਤ੍ਰ ਹੈਂ। ਠਹਿਰਾਉ।

ਅਗਨਿ ਪਾਣੀ ਬੋਲੈ ਭੜਵਾਉ ॥
ਅੱਗ ਤੇ ਜਲ ਦੇ ਕਾਰਨ ਸੁਆਸ ਉੱਚੀ ਉੱਚੀ ਗੂੰਜਦਾ ਹੈ।

ਜਿਹਵਾ ਇੰਦ੍ਰੀ ਏਕੁ ਸੁਆਉ ॥
ਜੀਭ ਦੇ ਵਿਸੇ-ਭੋਗ ਅੰਗ ਇਕ ਇਕ ਸੁਆਦ ਮਾਣਦੇ ਹਨ।

ਦਿਸਟਿ ਵਿਕਾਰੀ ਨਾਹੀ ਭਉ ਭਾਉ ॥
ਮੰਦੀ-ਨਿੰਗ੍ਹਾ ਵਾਲਿਆਂ ਦੇ ਪੱਲੇ ਵਾਹਿਗੁਰੂ ਦਾ ਡਰ ਤੇ ਪਿਆਰ ਨਹੀਂ।

ਆਪੁ ਮਾਰੇ ਤਾ ਪਾਏ ਨਾਉ ॥੨॥
ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਮੇਟ ਦੇਵੇ ਤਦ ਉਹ ਨਾਮ ਨੂੰ ਪਾ ਲੈਂਦਾ ਹੈ।

ਸਬਦਿ ਮਰੈ ਫਿਰਿ ਮਰਣੁ ਨ ਹੋਇ ॥
ਜੋ ਗੁਰਬਾਣੀ ਦੁਆਰਾ ਮਰਦਾ ਹੈ ਅਤੇ ਮੁੜਾ ਕੇ ਨਹੀਂ ਮਰਦਾ।

ਬਿਨੁ ਮੂਏ ਕਿਉ ਪੂਰਾ ਹੋਇ ॥
ਐਸੀ ਮੌਤ ਦੇ ਬਾਝੋਂ ਬੰਦਾ ਪੂਰਣਤਾ ਨੂੰ ਕਿਵੇਂ ਪੁਜ ਸਕਦਾ ਹੈ?

ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥
ਮਨ ਪਸਾਰੇ ਅਤੇ ਦਵੈਤ ਭਾਵ ਅੰਦਰ ਖਚਤ ਹੋ ਰਿਹਾ ਹੈ।

ਥਿਰੁ ਨਾਰਾਇਣੁ ਕਰੇ ਸੁ ਹੋਇ ॥੩॥
ਜੋ ਕੁਝ ਅਮਰ ਸੁਆਮੀ ਕਰਦਾ ਹੈ, ਉਹੀ ਹੋ ਆਉਂਦਾ ਹੈ।

ਬੋਹਿਥਿ ਚੜਉ ਜਾ ਆਵੈ ਵਾਰੁ ॥
ਮੈਂ ਜਹਾਜ਼ ਤੇ ਚੜ੍ਹ ਜਾਵਾਂਗਾ, ਜਦ ਮੇਰੀ ਵਾਰੀ ਆਈ।

ਠਾਕੇ ਬੋਹਿਥ ਦਰਗਹ ਮਾਰ ॥
ਜੋ ਜਹਾਜ਼ ਉਤੇ ਸਵਾਰ ਹੋਣੋ ਰੋਕੇ ਗਏ ਹਨ, ਉਨ੍ਹਾਂ ਨੂੰ ਪ੍ਰਭੂ ਦੇ ਦਰਬਾਰ ਅੰਦਰ ਕੁਟ ਪਏਗੀ।

ਸਚੁ ਸਾਲਾਹੀ ਧੰਨੁ ਗੁਰਦੁਆਰੁ ॥
ਮੁਬਾਰਕ ਹੈ, ਗੁਰਾਂ ਦਾ ਦਰਬਾਰ, ਜਿਥੇ ਸੱਚੇ ਸਾਹਿਬ ਦੀ ਕੀਰਤੀ ਗਾਇਨ ਕੀਤੀ ਜਾਂਦੀ ਹੈ।

ਨਾਨਕ ਦਰਿ ਘਰਿ ਏਕੰਕਾਰੁ ॥੪॥੭॥
ਨਾਨਕ ਅਦੁੱਤੀ ਸਾਹਿਬ ਘਰਬਾਰ ਅੰਦਰ ਵਿਆਪਕ ਹੋ ਰਿਹਾ ਹੈ।

ਗਉੜੀ ਮਹਲਾ ੧ ॥
ਗਊੜੀ ਪਹਿਲੀ ਪਾਤਸ਼ਾਹੀ।

ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥
ਸੁਆਮੀ ਦੇ ਸਿਮਰਨ ਰਾਹੀਂ ਮੂਧਾ ਕੰਵਲ ਸਿੱਧਾ ਹੋ ਗਿਆ ਹੈ।

ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥
ਦਸਵੇਂ ਦੁਆਰੇ ਦੇ ਆਕਾਸ਼ ਤੋਂ ਸੁਧਾਰਸ ਦੀ ਨਦੀ ਟਪਕਣੀ ਆਰੰਭ ਹੋ ਗਈ।

ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥੧॥
ਹੰਕਾਰ ਦਾ ਵੈਰੀ, ਵਾਹਿਗੁਰੂ, ਤਿੰਨਾਂ ਜਹਾਨਾਂ ਅੰਦਰ ਆਪੇ ਹੀ ਵਿਆਪਕ ਹੋ ਰਿਹਾ ਹੈ।

ਰੇ ਮਨ ਮੇਰੇ ਭਰਮੁ ਨ ਕੀਜੈ ॥
ਹੇ ਮੇਰੀ ਜਿੰਦੜੀਏ! ਕਿਸੇ ਸੰਸੇ ਵਿੱਚ ਨਾਂ ਪੈ।

ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥
ਮਨੂਏ ਦੀ ਸੰਤੁਸ਼ਟਤਾ ਦੁਆਰਾ ਨਾਮ ਦਾ ਅਮਰ ਕਰ ਦੇਣ ਵਾਲਾ ਆਬਿ-ਹਿਯਾਤ ਪਾਨ ਕੀਤਾ ਜਾਂਦਾ ਹੈ। ਠਹਿਰਾਉ।

ਜਨਮੁ ਜੀਤਿ ਮਰਣਿ ਮਨੁ ਮਾਨਿਆ ॥
ਆਪਣੀ ਜੀਵਣ ਖੇਡ ਨੂੰ ਜਿੱਤ ਹੇ ਬੰਦੇ! ਅਤੇ ਆਪਣੇ ਚਿੱਤ ਅੰਦਰ ਮੌਤ ਦੀ ਸੱਚਾਈ ਨੂੰ ਕਬੂਲ ਕਰ।

ਆਪਿ ਮੂਆ ਮਨੁ ਮਨ ਤੇ ਜਾਨਿਆ ॥
ਜਦ ਆਪਾ ਨਵਿਰਤੀ ਹੋ ਜਾਂਦਾ ਹੈ, ਤਾਂ ਉਸ ਪਰਮ-ਆਤਮਾ ਦੀ ਚਿੱਤ ਅੰਦਰ ਹੀ ਗਿਆਤ ਹੋ ਜਾਂਦੀ ਹੈ।

ਨਜਰਿ ਭਈ ਘਰੁ ਘਰ ਤੇ ਜਾਨਿਆ ॥੨॥
ਵਾਹਿਗੁਰੂ ਦੀ ਰਹਿਮਤ ਉਦੇ ਹੋਣ ਦੁਆਰਾ ਆਪਣੇ ਗ੍ਰ ਹਿ ਅੰਦਰ ਤੋਂ ਹੀ ਬੰਦਾ ਉਸ ਦੇ ਮਹਿਲ ਨੂੰ ਸਿੰਞਾਣ ਲੈਂਦਾ ਹੈ।

ਜਤੁ ਸਤੁ ਤੀਰਥੁ ਮਜਨੁ ਨਾਮਿ ॥
ਵਾਹਿਗੁਰੂ ਦਾ ਨਾਮ ਸੱਚਾ ਬ੍ਰਹਿਮਚਰਜ, ਪਾਕਦਾਮਨੀ ਅਤੇ ਯਾਤ੍ਰਾ ਅਸਥਾਨ ਤੇ ਇਸ਼ਨਾਨ ਹੈ।

ਅਧਿਕ ਬਿਥਾਰੁ ਕਰਉ ਕਿਸੁ ਕਾਮਿ ॥
ਘਣਾ ਅਡੰਬਰ ਰਚਨਾ ਕਿਹੜੇ ਕੰਮ ਹੈ?

ਨਰ ਨਾਰਾਇਣ ਅੰਤਰਜਾਮਿ ॥੩॥
ਸਰਬ-ਵਿਆਪਕ ਸੁਆਮੀ ਇਨਸਾਨਾਂ ਦੇ ਦਿਲਾਂ ਦੀਆਂ ਜਾਨਣਹਾਰ ਹੈ।

ਆਨ ਮਨਉ ਤਉ ਪਰ ਘਰ ਜਾਉ ॥
ਜੇਕਰ ਮੈਂ ਹੋਰਸ ਤੇ ਵਿਸ਼ਵਾਸ ਕਰਾਂ, ਤਾਂ ਮੈਂ ਹੋਰਸ ਦੇ ਗ੍ਰਹਿ ਜਾਵਾਂਗਾ।

ਕਿਸੁ ਜਾਚਉ ਨਾਹੀ ਕੋ ਥਾਉ ॥
ਮੈਂ ਹੋਰ ਕੀਹਦੇ ਕੋਲੋ ਮੰਗਾਂ? ਮੇਰੇ ਲਈ ਹੋਰ ਕੋਈ ਥਾਂ ਨਹੀਂ।

ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥
ਨਾਨਕ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਪਾਰਬ੍ਰਹਮ ਅੰਦਰ ਲੀਨ ਹੋ ਗਿਆ ਹਾਂ।

ਗਉੜੀ ਮਹਲਾ ੧ ॥
ਗਊੜੀ ਪਹਿਲੀ ਪਾਤਸ਼ਾਹੀ।

ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥
ਜਦ ਸੱਚਾ ਗੁਰੂ ਮਿਲ ਪੈਦਾ ਹੈ, ਉਹ ਜੀਉਂਦੇ ਜੀ ਮਰਣ ਦਾ ਮਾਰਗ ਵਿਖਾਲ ਦਿੰਦਾ ਹੈ।

ਮਰਣ ਰਹਣ ਰਸੁ ਅੰਤਰਿ ਭਾਏ ॥
ਇਹੋ ਜੇਹੀ ਮੌਤ ਦੇ ਮਗਰੋਂ ਜੀਉਂਦੇ ਰਹਿਣ ਦੀ ਖੁਸ਼ੀ ਮੇਰੇ ਮਨ ਨੂੰ ਚੰਗੀ ਲਗਦੀ ਹੈ।

ਗਰਬੁ ਨਿਵਾਰਿ ਗਗਨ ਪੁਰੁ ਪਾਏ ॥੧॥
ਆਪਣਾ ਹੰਕਾਰ ਮਿਟਾ ਕੇ ਮੈਂ ਦਸਮ ਦੁਆਰ ਨੂੰ ਅਪੜ ਗਿਆ ਹਾਂ।

ਮਰਣੁ ਲਿਖਾਇ ਆਏ ਨਹੀ ਰਹਣਾ ॥
ਮੌਤ ਦਾ ਵੇਲਾ ਲਿਖਵਾ ਕੇ ਬੰਦੇ ਜਹਾਨ ਵਿੱਚ ਆਏ ਹਨ ਅਤੇ ਵਧੇਰਾ ਚਿਰ ਠਹਿਰ ਨਹੀਂ ਸਕਦੇ।

ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥੧॥ ਰਹਾਉ ॥
ਇਸ ਲਈ ਉਨ੍ਹਾਂ ਨੂੰ ਰੱਬ ਦਾ ਸਿਮਰਨ ਕਰਨਾ ਅਤੇ ਰੱਬ ਦੀ ਸ਼ਰਣਾਗਤਿ ਤਾਬੇ ਵਸਣਾ ਉਚਿਤ ਹੈ। ਠਹਿਰਾਉ।

ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥
ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ ਤਦ ਦਵੈਤ-ਭਾਵ ਦੌੜ ਜਾਂਦਾ ਹੈ।

ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ ॥
ਦਿਲ-ਕੰਵਲ ਖਿੜ ਜਾਂਦਾ ਹੈ ਅਤੇ ਮਨੂਆ ਵਾਹਿਗੁਰੂ ਸੁਆਮੀ ਨਾਲ ਜੁੜ ਜਾਂਦਾ ਹੈ।

ਜੀਵਤੁ ਮਰੈ ਮਹਾ ਰਸੁ ਆਗੈ ॥੨॥
ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ ਉਹ ਅੱਗੇ ਪਰਮ ਅਨੰਦ ਨੂੰ ਪ੍ਰਾਪਤ ਹੁੰਦਾ ਹੈ।

ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ ॥
ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਇਨਸਾਨ ਸਤਿਵਾਦੀ ਤਿਆਗੀ ਅਤੇ ਪਵਿੱਤਰ ਹੋ ਜਾਂਦਾ ਹੈ।

ਗੁਰ ਕੀ ਪਉੜੀ ਊਚੋ ਊਚਾ ॥
ਗੁਰਾਂ ਦੇ ਰਾਹੇ ਟੁਰਣ ਦੁਆਰਾ ਆਦਮੀ ਬੁੰਲਦਾਂ ਦਾ ਪਰਮ-ਬੁਲੰਦ ਹੋ ਜਾਂਦਾ ਹੈ।

ਕਰਮਿ ਮਿਲੈ ਜਮ ਕਾ ਭਉ ਮੂਚਾ ॥੩॥
ਪ੍ਰਭੂ ਦੀ ਰਹਿਮਤ ਦੀ ਦਾਤ ਪ੍ਰਾਪਤ ਹੋਣ ਦੁਆਰਾ ਮੌਤ ਦਾ ਡਰ ਨਾਸ ਹੋ ਜਾਂਦਾ ਹੈ।

ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥
ਗੁਰਾਂ ਦੇ ਮਿਲਾਪ ਅੰਦਰ ਮਿਲਣ ਦੁਆਰਾ ਪ੍ਰਾਣੀ ਸਾਹਿਬ ਦੀ ਗੋਦੀ ਅੰਦਰ ਲੀਨ ਹੋ ਜਾਂਦਾ ਹੈ।

ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥
ਆਪਣੀ ਮਿਹਰ ਧਾਰ ਕੇ ਗੁਰੂ ਜੀ, ਪ੍ਰਭੂ ਦਾ ਮੰਦਰ ਬੰਦੇ ਨੂੰ ਉਸ ਦੇ ਆਪਣੇ ਗ੍ਰਹਿ ਵਿੱਚ ਹੀ ਵਿਖਾਲ ਦਿੰਦੇ ਹਨ।

ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥
ਨਾਨਕ ਉਸ ਦਾ ਹੰਕਾਰ ਨੂੰ ਮੇਟ ਕੇ ਗੁਰੂ ਜੀ ਇਨਸਾਨ ਨੂੰ ਮਾਲਕ ਨਾਲ ਮਿਲਾ ਦਿੰਦੇ ਹਨ।

copyright GurbaniShare.com all right reserved. Email:-