Page 347
ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥
ਰਾਗ ਆਸਾ, ਪਹਿਲੀ ਪਾਤਸ਼ਾਹੀ। ਸੋਦਰ।

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਹ੍ਹਾਲੇ ॥
ਉਹ ਦਰਵਾਜ਼ਾ ਕੈਹੋ ਜੇਹਾ ਹੈ ਅਤੇ ਉਹ ਮੰਦਰ ਕੈਸਾ, ਜਿਸ ਵਿੱਚ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ, ਹੇ ਸਾਈਂ!

ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
ਬਹੁਤੀਆਂ ਕਿਸਮਾਂ ਦੇ ਅਣਗਿਣਤ ਸੰਗੀਤਕ ਸਾਜ਼ ਉਥੇ ਗੂੰਜਦੇ ਹਨ ਅਤੇ ਅਨੇਕਾਂ ਹੀ ਹਨ ਉਥੇ ਰਾਗ ਕਰਨ ਵਾਲੇ।

ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
ਅਨੇਕਾਂ ਤਰਾਨੇ ਆਪਣੀਆਂ ਰਾਗਣੀਆਂ ਸਮੇਤ ਤੇ ਅਨੇਕਾਂ ਹੀ ਰਾਗੀ ਤੇਰਾ ਜੱਸ ਗਾਉਂਦੇ ਹਨ।

ਗਾਵਨ੍ਹ੍ਹਿ ਤੁਧਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥
ਗਾਉਂਦੇ ਹਨ ਤੈਨੂੰ ਹਵਾ, ਜੱਲ, ਅੱਗ। ਅਤੇ ਧਰਮ ਰਾਜਾ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।

ਗਾਵਨ੍ਹ੍ਹਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚਾਰੇ ॥
ਲਿਖਣ ਵਾਲੇ ਫ਼ਰਿਸ਼ਤੇ ਚਿਤ੍ਰ ਗੁਪਤ, ਜੋ ਲਿਖਣਾ ਜਾਣਦੇ ਹਨ ਅਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਅਧਾਰ ਉਤੇ ਧਰਮ ਰਾਜ ਨਿਆਇ ਕਰਦਾ ਹੈ, ਤੇਰਾ ਜੱਸ ਗਾਇਨ ਕਰਦੇ ਹਨ।

ਗਾਵਨ੍ਹ੍ਹਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥
ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ ਮਹਾਂਦੇਉ, ਬਰਮਾ ਅਤੇ ਭਵਾਨੀ, ਤੈਨੂੰ ਗਾਇਨ ਕਰਦੇ ਹਨ।

ਗਾਵਨ੍ਹ੍ਹਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
ਆਪਣੇ ਤਖਤ ਉਤੇ ਬੈਠਾ ਹੋਇਆ ਇੰਦ੍ਰ, ਤੇਰੇ ਦਰਵਾਜ਼ੇ ਉੱਤੇ ਸੁਰਾਂ ਸਮੇਤ ਤੈਨੂੰ ਗਾਉਂਦਾ ਹੈ।

ਗਾਵਨ੍ਹ੍ਹਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨ੍ਹ੍ਹਿ ਤੁਧਨੋ ਸਾਧ ਬੀਚਾਰੇ ॥
ਆਪਣੀ ਧਿਆਨ ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿਭਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ।

ਗਾਵਨ੍ਹ੍ਹਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥
ਕਾਮ ਚੇਸ਼ਟਾ ਰਹਿਤ, ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜੱਸ ਗਾਉਂਦੇ ਹਨ ਅਤੇ ਨਿਧੜਕ ਯੋਧੇ ਤੇਰੀ ਹੀ ਪਰਸੰਸਾ ਕਰਦੇ ਹਨ।

ਗਾਵਨਿ ਤੁਧਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ ॥
ਸਾਰਿਆਂ ਯੁੱਗਾਂ ਦੇ ਵੇਦਾਂ ਨੂੰ ਵਾਚਣ ਵਾਲੇ, ਵਿਦਵਾਨ, ਸਮੇਤ (ਸੱਤੇ) ਸ਼੍ਰੋਮਣੀ ਰਿਸ਼ੀਆਂ ਦੇ, ਤੇਰੀ ਪਰਸੰਸਾ ਕਰਦੇ ਹਨ।

ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
ਮੋਹਤ ਕਰ ਲੈਣ ਵਾਲੀਆਂ ਪਰੀਆਂ, ਜੋ ਬਹਿਸ਼ਤ, ਇਸ ਲੋਕ ਅਤੇ ਪਾਤਾਲ ਅੰਦਰ ਦਿਲ ਨੂੰ ਛਲ ਲੈਦੀਆਂ ਹਨ, ਤੈਨੂੰ ਹੀ ਗਾਉਂਦੀਆਂ ਹਨ।

ਗਾਵਨ੍ਹ੍ਹਿ ਤੁਧਨੋ ਰਤਨ ਉਪਾਏ ਤੇਰੇ ਜੇਤੇ ਅਠਸਠਿ ਤੀਰਥ ਨਾਲੇ ॥
ਤੇਰੇ ਰਚੇ ਹੋਏ ਚੌਦਾਂ ਅਮੋਲਕ ਪਦਾਰਥ, ਅਠਾਹਟ ਯਾਤ੍ਰਾ ਅਸਥਾਨਾਂ (ਤੀਰਥਾਂ) ਸਮੇਤ, ਤੇਰੀ ਕੀਰਤੀ ਕਰਦੇ ਹਨ।

ਗਾਵਨ੍ਹ੍ਹਿ ਤੁਧਨੋ ਜੋਧ ਮਹਾਬਲ ਸੂਰਾ ਗਾਵਨ੍ਹ੍ਹਿ ਤੁਧਨੋ ਖਾਣੀ ਚਾਰੇ ॥
ਪਰਮ ਬਲਵਾਨ ਯੋਧੇ ਅਤੇ ਈਸ਼ਵਰੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਥੇ (ਸੋਮੇ) ਤੈਨੂੰ ਸਲਾਹੁੰਦੇ ਹਨ।

ਗਾਵਨ੍ਹ੍ਹਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
ਤੇਰੇ ਹੱਥਾਂ ਦੇ ਰਚੇ ਅਤੇ ਅਸਥਾਪਨ ਕੀਤੇ ਹੋਏ ਬੱਰਿਆਜ਼ਮ, ਸੰਸਾਰ ਅਤੇ ਸੂਰਜ-ਬੰਧਾਨ ਤੇਰੀਆਂ ਹੀ ਬਜ਼ੁਰਗੀਆਂ ਅਲਾਪਦੇ ਹਨ।

ਸੇਈ ਤੁਧਨੋ ਗਾਵਨ੍ਹ੍ਹਿ ਜੋ ਤੁਧੁ ਭਾਵਨ੍ਹ੍ਹਿ ਰਤੇ ਤੇਰੇ ਭਗਤ ਰਸਾਲੇ ॥
ਤੇਡੇਂ ਸਾਧੂ, ਜਿਹੜੇ ਤੈਨੂੰ ਚੰਗੇ ਲਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ, ਤੇਰੇ ਨਾਮ, ਅੰਦਰ ਰੰਗੀਜੇ ਹਨ, ਉਹ ਭੀ ਤੈਨੂੰ ਸਲਾਹੁੰਦੇ ਹਨ।

ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥
ਹੋਰ ਬਹੁਤੇਰੇ ਜਿਨ੍ਹਾਂ ਨੂੰ ਮੈਂ ਆਪਣੇ ਮਨ ਅੰਦਰ ਚਿਤਵਨ ਨਹੀਂ ਕਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਖਿਆਲ ਕਰ ਸਕਦਾ ਹੈ?

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
ਉਹ, ਉਸ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।

ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਜਿਸ ਨੇ ਸ੍ਰਿਸ਼ਟੀ ਸਾਜੀ ਹੈ ਉਹ ਹੈ ਅਤੇ ਹੋਊਗਾ ਭੀ ਜਦ ਸ਼੍ਰਿਸਟੀ ਅਲੋਪ ਹੋਉਗੀ ਜਾ ਜਾਊਗੀ, ਉਹ ਨਹੀਂ ਜਾਵੇਗਾ।

ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨਿ ਉਪਾਈ ॥
ਵਾਹਿਗੁਰੂ, ਜਿਸ ਨੇ ਸੰਸਾਰ ਸਾਜਿਆ ਹੈ, ਨੇ ਮੁਖਤਲਿਫ ਤਰੀਕਿਆਂ ਦੁਆਰਾ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਰਚੀ ਹੈ।

ਕਰਿ ਕਰਿ ਦੇਖੈ ਕੀਤਾ ਅਪਣਾ ਜਿਉ ਤਿਸ ਦੀ ਵਡਿਆਈ ॥
ਰਚਨਾ ਨੂੰ ਰਚ ਕੇ ਉਹ, ਜਿਸ ਤਰ੍ਹਾਂ ਉਸ ਮਹਾਰਾਜ ਨੂੰ ਚੰਗਾ ਲਗਦਾ ਹੈ, ਆਪਣੀ ਕੀਤੀ ਹੋਈ ਕਾਰੀਗਰੀ ਨੂੰ ਦੇਖਦਾ ਹੈ।

ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥
ਜਿਹੜਾ ਕੁੱਛ ਉਸ ਨੂੰ ਭਾਉਂਦਾ ਹੈ, ਉਹੀ ਉਹ ਕਰਦਾ ਹੈ। ਕੋਈ ਜਣਾ ਉਸ ਨੂੰ ਫੁਰਮਾਨ ਜਾਰੀ ਨਹੀਂ ਕਰ ਸਕਦਾ।

ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ ॥੧॥੧॥
ਉਹ ਰਾਜਾ ਹੈ, ਰਾਜਿਆਂ ਦਾ ਮਹਾਰਾਜਾ। ਹੇ ਨਾਨਕ! ਉਸਦੀ ਰਜ਼ਾ ਦੇ ਤਾਬੇ ਰਹਿਣਾ ਬਣਦਾ ਹੈ।