Page 349
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥
ਤੈਨੂੰ ਵਰਨਣ ਕਰਨ ਵਾਲੇ ਤੇਰੇ ਅੰਦਰ ਲੀਨ ਰਹਿੰਦੇ ਹਨ।

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
ਹੇ ਮੈਡੇਂ ਅਥਾਹ ਡੂੰਘਾਈ ਵਾਲੇ ਭਾਰੇ ਮਾਲਕ! ਤੂੰ ਉਤਕ੍ਰਿਸ਼ਟਤਾਈਆਂ (ਗੁਣਾਂ) ਦਾ ਸਮੁੰਦਰ ਹੈਂ।

ਕੋਈ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
ਕੋਈ ਨਹੀਂ ਜਾਣਦਾ ਤੇਰਾ ਕਿੰਨਾ ਜ਼ਿਆਦਾ ਅਤੇ ਕਿੰਨਾ ਵੱਡਾ ਵਿਸਥਾਰ ਹੈ। ਠਹਿਰਾਉ।

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
ਸਾਰੇ ਵਿਚਾਰਵਾਨਾਂ ਨੇ ਇਕੱਠੇ ਹੋ ਵੀਚਾਰ ਕੀਤੀ ਹੈ।

ਸਭ ਕੀਮਤਿ ਮਿਲਿ ਕੀਮਤਿ ਪਾਈ ॥
ਸਮੂਹ ਮੁੱਲ ਪਾਉਣ ਵਾਲਿਆਂ ਨੇ ਇਕੱਤ੍ਰ ਹੋ ਕੇ ਤੇਰਾ ਮੁੱਲ ਪਾਇਆ ਹੈ।

ਗਿਆਨੀ ਧਿਆਨੀ ਗੁਰ ਗੁਰ ਹਾਈ ॥
ਬ੍ਰਹਿਮਬੇਤਿਆਂ, ਬਿਰਤੀ ਜੋੜਣ ਵਾਲਿਆਂ ਅਤੇ ਪ੍ਰਚਾਰਕਾਂ ਦਿਆਂ ਪ੍ਰਚਾਰਕਾਂ ਨੇ ਤੈਨੂੰ ਬਿਆਨ ਕੀਤਾ ਹੈ।

ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
(ਪ੍ਰੰਤੂ) ਉਹ ਤੇਰੀ ਮਹਾਨਤਾ ਨੂੰ ਇਕ ਭੋਰਾ ਭਰ ਵੀ ਨਹੀਂ ਦਸ ਸਕਦੇ।

ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
ਸਾਰੀਆਂ ਸਚਾਈਆਂ, ਸਾਰੀਆਂ ਕਰੜੀਆਂ ਘਾਲਣਾ, ਸਮੂਹ ਨੇਕੀਆਂ,

ਸਿਧਾ ਪੁਰਖਾ ਕੀਆ ਵਡਿਆਈਆਂ ॥
ਅਤੇ ਕਰਾਮਾਤੀ ਬੰਦਿਆਂ ਦੀਆਂ ਮਹਾਨਤਾਈਆਂ,

ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
ਤੇਰੇ ਬਾਝੋਂ ਕਦੇ ਕਿਸੇ ਨੂੰ ਐਸੀਆਂ ਤਾਕਤਾਂ ਪਰਾਪਤ ਨਹੀਂ ਹੋਈਆਂ।

ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
ਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ। ਕੋਈ ਜਣਾ ਉਨ੍ਹਾਂ ਦੇ ਵਹਾਉ ਨੂੰ ਠੱਲ੍ਹ ਕੇ ਬੰਦ ਨਹੀਂ ਕਰ ਸਕਦਾ।

ਆਖਣ ਵਾਲਾ ਕਿਆ ਬੇਚਾਰਾ ॥
ਉਚਾਰਨ ਵਾਲਾ ਵਿਚਾਰਾ ਕੀ ਕਰ ਸਕਦਾ ਹੈ?

ਸਿਫਤੀ ਭਰੇ ਤੇਰੇ ਭੰਡਾਰਾ ॥
ਤੇਰੇ ਖ਼ਜ਼ਾਨੇ ਤੇਰੀਆਂ ਕੀਰਤੀਆਂ ਨਾਲ ਲਬਾਲਬ ਹਨ।

ਜਿਸੁ ਤੂੰ ਦੇਹਿ ਤਿਸੈ ਕਿਆ ਚਾਰਾ ॥
ਜਿਸ ਨੂੰ ਤੂੰ ਦਿੰਦਾ ਹੈ, ਉਹ ਕਿਉਂ ਹੋਰ ਜ਼ਈਏ (ਸਾਧਨ) ਖਿਆਲ ਕਰੇ?

ਨਾਨਕ ਸਚੁ ਸਵਾਰਣਹਾਰਾ ॥੪॥੧॥
ਹੇ ਨਾਨਕ! ਸਤਿਪੁਰਖ ਖੁਦ ਹੀ ਸਸ਼ੋਭਤ ਕਰਨ ਵਾਲਾ ਹੈ।

ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਿਸ਼ਾਹੀ।

ਆਖਾ ਜੀਵਾ ਵਿਸਰੈ ਮਰਿ ਜਾਉ ॥
ਤੇਰਾ ਨਾਮ ਉਚਾਰਨ ਕਰਨ ਨਾਲ ਮੈਂ ਜੀਉਂਦਾ ਹਾਂ ਅਤੇ ਇਸ ਨੂੰ ਭੁਲਾ ਕੇ ਮਰ ਵੰਝਦਾ ਹਾਂ।

ਆਖਣਿ ਅਉਖਾ ਸਾਚਾ ਨਾਉ ॥
ਮੁਸ਼ਕਲ ਹੈ ਸਤਿਨਾਮ ਦਾ ਉਚਾਰਨ ਕਰਨਾ।

ਸਾਚੇ ਨਾਮ ਕੀ ਲਾਗੈ ਭੂਖ ॥
ਜੇਕਰ ਇਨਸਾਨ ਨੂੰ ਸਤਿਨਾਮ ਦੀ ਖੁਦਿਆ ਲਗ ਜਾਵੇ,

ਤਿਤੁ ਭੂਖੈ ਖਾਇ ਚਲੀਅਹਿ ਦੂਖ ॥੧॥
ਤਾਂ ਉਹ ਭੁਖ ਉਸ ਦੇ ਦੁਖੜਿਆਂ ਨੂੰ ਖਾ ਜਾਂਦੀ ਹੈ।

ਸੋ ਕਿਉ ਵਿਸਰੈ ਮੇਰੀ ਮਾਇ ॥
ਉਹ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ, ਹੇ ਮੇਰੀ ਮਾਤਾ?

ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥
ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਨਾਮ। ਠਹਿਰਾਉ।

ਸਾਚੇ ਨਾਮ ਕੀ ਤਿਲੁ ਵਡਿਆਈ ॥
ਇਨਸਾਨ ਸਚੇ ਨਾਮ ਦੀ ਛਿਨ ਮਾਤ੍ਰ ਬਜੁਰਗੀ ਨੂੰ,

ਆਖਿ ਥਕੇ ਕੀਮਤਿ ਨਹੀ ਪਾਈ ॥
ਬਿਆਨ ਕਰਦੇ ਹੋਏ ਹਾਰ ਹੁਟ ਗਏ ਹਨ; ਪ੍ਰੰਤੂ, ਉਹ ਇਸ ਦਾ ਮੁੱਲ ਨਹੀਂ ਪਾ ਸਕਦੇ।

ਜੇ ਸਭਿ ਮਿਲਿ ਕੈ ਆਖਣ ਪਾਹਿ ॥
ਜੇਕਰ ਸਮੂਹ ਇਨਸਾਨ ਮਿਲ ਕੇ ਤੇਰੀ ਪਰਸੰਸਾ ਕਰਨ,

ਵਡਾ ਨ ਹੋਵੈ ਘਾਟਿ ਨ ਜਾਇ ॥੨॥
ਉਸ ਨਾਲ ਨਾ ਤਾਂ ਤੂੰ ਹੋਰ ਵਿਸ਼ਾਲ ਹੋਵੇਂਗਾ, ਤੇ ਨਾ ਹੀ ਘਟ।

ਨਾ ਓਹੁ ਮਰੈ ਨ ਹੋਵੈ ਸੋਗੁ ॥
ਉਹ ਸਾਹਿਬ ਮਰਦਾ ਨਹੀਂ ਤੇ ਨਾਂ ਹੀ ਕੋਈ ਵਿਰਲਾਪ ਹੁੰਦਾ ਹੈ।

ਦੇਂਦਾ ਰਹੈ ਨ ਚੂਕੈ ਭੋਗੁ ॥
ਉਹ ਦੇਈ ਜਾਂਦਾ ਹੈ। ਉਸ ਦੇ ਰਾਸ਼ਨ ਕਦਾਚਿੱਤ ਨਹੀਂ ਮੁਕਦੇ।

ਗੁਣੁ ਏਹੋ ਹੋਰੁ ਨਾਹੀ ਕੋਇ ॥
ਉਸ ਦੀ ਇਹ ਹੀ ਖੂਬੀ ਹੈ ਕਿ ਉਸ ਦੇ ਵਰਗਾ ਹੋਰ ਕੋਈ ਨਹੀਂ।

ਨਾ ਕੋ ਹੋਆ ਨਾ ਕੋ ਹੋਇ ॥੩॥
ਨਾਂ ਕੋਈ ਹੋਇਆ ਹੈ ਅਤੇ ਨਾਂ ਹੀ ਕੋਈ ਹੋਵੇਗਾ।

ਜੇਵਡੁ ਆਪਿ ਤੇਵਡ ਤੇਰੀ ਦਾਤਿ ॥
ਜਿੱਡਾ ਵੱਡਾ ਤੂੰ ਹੈਂ ਹੇ ਸਾਹਿਬ! ਓਡੀਆਂ ਵੱਡੀਆਂ ਹਨ ਤੇਰੀਆਂ ਬਖਸ਼ਸ਼ਾਂ।

ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
ਤੇਰੀ ਹੀ ਵਿਅਕਤੀ ਹੈ ਜੋ ਦਿਹੁੰ ਵੀ ਬਣਾਉਂਦੀਂ ਹੈ ਅਤੇ ਰਾਤ੍ਰੀ ਨੂੰ ਭੀ।

ਖਸਮੁ ਵਿਸਾਰਹਿ ਤੇ ਕਮਜਾਤਿ ॥
ਅਧਮ (ਨੀਵੇ, ਮੰਦੇ) ਹਨ ਉਹ ਜੋ ਆਪਣੇ ਮਾਲਕ ਨੂੰ ਭੁਲਾਉਂਦੇ ਹਨ।

ਨਾਨਕ ਨਾਵੈ ਬਾਝੁ ਸਨਾਤਿ ॥੪॥੨॥
ਹੇ ਨਾਨਕ! ਰੱਬ ਦੇ ਨਾਮ ਦੇ ਬਗੈਰ ਪ੍ਰਾਣੀ ਛੇਕੇ ਹੋਏ ਨੀਚ ਹਨ।

ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।

ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥
ਜੇਕਰ ਭਿਖਾਰੀ ਦਰਵਾਜ਼ੇ ਤੇ ਸਦਾਅ ਕਰੇ ਤਾਂ ਸੁਆਮੀ ਆਪਣੇ ਮੰਦਰ ਅੰਦਰ ਇਸ ਨੂੰ ਸੁਣ ਲੈਂਦਾ ਹੈ।

ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥੧॥
ਹੇ ਸੁਆਮੀ, ਆਪਣੇ ਮੰਗਤੇ ਨੂੰ ਇਕ ਇੱਜ਼ਤ ਬਖ਼ਸ਼, ਜਾਂ ਆਦਰ-ਦਿਲਾਸਾ ਦੇਣ ਜਾਂ ਧੱਕਾ ਮਾਰਨ ਦੀ।

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥
ਸਾਰਿਆਂ ਅੰਦਰ ਪ੍ਰਭੂ ਦੇ ਪ੍ਰਕਾਸ਼ ਦੀ ਪਛਾਣ ਕਰ ਅਤੇ ਜਾਤ ਵਰਨ ਬਾਰੇ ਨਾਂ ਪੁਛ ਕਿਉਂਕਿ ਪਰਲੋਕ ਵਿੱਚ ਕੋਈ ਜਾਤੀ ਨਹੀਂ। ਠਹਿਰਾਉ।

ਆਪਿ ਕਰਾਏ ਆਪਿ ਕਰੇਇ ॥
ਸਾਈਂ ਖ਼ੁਦ ਹੀ ਕਰਦਾ ਹੈ ਅਤੇ ਖ਼ੁਦ ਹੀ ਕਰਾਉਂਦਾ ਹੈ।

ਆਪਿ ਉਲਾਮ੍ਹ੍ਹੇ ਚਿਤਿ ਧਰੇਇ ॥
ਉਹ ਆਪੇ ਹੀ ਸ਼ਿਕਵਾ-ਸ਼ਿਕਾਇਤਾਂ ਵਲ ਧਿਆਨ ਦਿੰਦਾ ਹੈ।

ਜਾ ਤੂੰ ਕਰਣਹਾਰੁ ਕਰਤਾਰੁ ॥
ਜਦ ਤੂੰ ਹੇ ਸਿਰਜਣਹਾਰ! ਕਰਨ ਵਾਲਾ ਹੈ,

ਕਿਆ ਮੁਹਤਾਜੀ ਕਿਆ ਸੰਸਾਰੁ ॥੨॥
ਤਦ ਮੈਂ ਜਗਤ ਦੀ ਮੁਥਾਜੀ ਕਿਉਂ ਤੇ ਕਾਹਦੇ ਲਈ ਧਰਾਵਾਂ?

ਆਪਿ ਉਪਾਏ ਆਪੇ ਦੇਇ ॥
ਤੂੰ ਖੁਦ ਪੈਦਾ ਕੀਤਾ ਹੈ ਅਤੇ ਖ਼ੁਦ ਹੀ ਦਿੰਦਾ ਹੈ।

ਆਪੇ ਦੁਰਮਤਿ ਮਨਹਿ ਕਰੇਇ ॥
ਤੂੰ ਆਪ ਹੀ ਮੰਦੀਆਂ ਵਾਸ਼ਨਾਂ ਨੂੰ ਵਰਜਦਾ ਹੈਂ।

ਗੁਰ ਪਰਸਾਦਿ ਵਸੈ ਮਨਿ ਆਇ ॥
ਜਦ ਗੁਰਾਂ ਦੀ ਰਹਿਮਤ ਸਦਕਾ ਸਾਹਿਬ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ,

ਦੁਖੁ ਅਨ੍ਹ੍ਹੇਰਾ ਵਿਚਹੁ ਜਾਇ ॥੩॥
ਤਾਂ ਉਸ ਦੀ ਤਕਲੀਫ ਅਤੇ ਅਨ੍ਹੇਰਾ ਅੰਦਰੋਂ ਦੌੜ ਜਾਂਦੇ ਹਨ।

ਸਾਚੁ ਪਿਆਰਾ ਆਪਿ ਕਰੇਇ ॥
ਉਹ ਖੁਦ ਹੀ ਅੰਦਰ ਸਚ ਲਈ ਪ੍ਰੀਤ ਫੂਕਦਾ ਹੈ।

ਅਵਰੀ ਕਉ ਸਾਚੁ ਨ ਦੇਇ ॥
ਹੋਰਨਾਂ ਨੂੰ ਉਹ ਸੱਚ ਪਰਦਾਨ ਨਹੀਂ ਕਰਦਾ।

ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਲੇਇ ॥੪॥੩॥
ਜੇਕਰ ਉਹ ਕਿਸੇ ਨੂੰ ਸੱਚ ਬਖਸ਼ਦਾ ਹੈ, ਨਾਨਕ ਜੀ ਆਖਦੇ ਹਨ, ਉਹ ਉਸ ਕੋਲੋ, ਮਗਰੋਂ ਹਿਸਾਬ ਕਿਤਾਬ ਨਹੀਂ ਮੰਗਦਾ।

ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਿਸ਼ਾਹੀ।

ਤਾਲ ਮਦੀਰੇ ਘਟ ਕੇ ਘਾਟ ॥
ਮਨ ਦੇ ਸੰਕਲਪ ਛੈਣੇ ਅਤੇ ਘੁੰਗਰੂਆਂ ਦੀ ਮਾਨੰਦ ਹਨ,

ਦੋਲਕ ਦੁਨੀਆ ਵਾਜਹਿ ਵਾਜ ॥
ਅਤੇ ਉਨ੍ਹਾਂ ਦੇ ਨਾਲ ਸੰਸਾਰ ਦਾ ਢੋਲ ਇਕ ਰਸ ਵੱਜ ਰਿਹਾ ਹੈ।

ਨਾਰਦੁ ਨਾਚੈ ਕਲਿ ਕਾ ਭਾਉ ॥
ਨਾਰਦ ਵਰਗੇ ਰਿਸ਼ੀ, ਕਲਜੁਗ ਦੇ ਪਰਭਾਵ ਹੇਠਾਂ ਨੱਚ ਰਹੇ ਹਨ।

ਜਤੀ ਸਤੀ ਕਹ ਰਾਖਹਿ ਪਾਉ ॥੧॥
ਪ੍ਰਹੇਜ਼ਗਾਰ ਅਤੇ ਸੱਚੇ ਬੰਦੇ ਆਪਣੇ ਪੈਰ ਕਿੱਥੇ ਰੱਖਣ?

ਨਾਨਕ ਨਾਮ ਵਿਟਹੁ ਕੁਰਬਾਣੁ ॥
ਸਾਈਂ ਦੇ ਨਾਮ ਉਤੋਂ ਨਾਨਕ ਘੋਲੀ ਵੰਞਦਾ ਹੈ।

ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥
ਅੰਨ੍ਹਾ ਹੈ ਸੰਸਾਰ ਅਤੇ ਸਭ ਕੁਛ ਜਾਨਣਹਾਰ ਹੈ ਸੁਆਮੀ। ਠਹਿਰਾਉ।

ਗੁਰੂ ਪਾਸਹੁ ਫਿਰਿ ਚੇਲਾ ਖਾਇ ॥
ਮੁਰਸ਼ਦ ਪਾਸੋਂ ਸਗੋਂ, ਮੁਰੀਦ ਖਾਂਦਾ ਹੈ,

ਤਾਮਿ ਪਰੀਤਿ ਵਸੈ ਘਰਿ ਆਇ ॥
ਅਤੇ ਟੁੱਕਰ ਦੇ ਪਿਆਰ ਦੀ ਖ਼ਾਤਰ ਉਸ ਦੇ ਗ੍ਰਹਿ ਵਿੱਚ ਆ ਰਹਿੰਦਾ ਹੈ।

ਜੇ ਸਉ ਵਰ੍ਹਿਆ ਜੀਵਣ ਖਾਣੁ ॥
ਜੇਕਰ ਬੰਦਾ ਸੈਂਕੜੇ ਬਰਸ ਜੀਉਂਦਾ ਅਤੇ ਖਾਂਦਾ ਰਹੇ,

copyright GurbaniShare.com all right reserved. Email