ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ। ਤਨੁ ਬਿਨਸੈ ਧਨੁ ਕਾ ਕੋ ਕਹੀਐ ॥ ਜਦ ਦੇਹਿ ਨਾਸ ਹੋ ਜਾਂਦੀ ਹੈ ਤਾਂ ਇਸ ਦੀ ਦੌਲਤ ਕੀਹਦੀ ਆਖੀ ਜਾਂਦੀ ਹੈ? ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥ ਗੁਰਾਂ ਦੇ ਬਗੈਰ ਪ੍ਰਭੂ ਦਾ ਨਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ? ਰਾਮ ਨਾਮ ਧਨੁ ਸੰਗਿ ਸਖਾਈ ॥ ਸੁਆਮੀ ਦੇ ਨਾਮ ਦਾ ਪਦਾਰਥ ਮੇਰਾ ਸੰਗੀ ਅਤੇ ਸਹਾਇਕ ਹੈ। ਅਹਿਨਿਸਿ ਨਿਰਮਲੁ ਹਰਿ ਲਿਵ ਲਾਈ ॥੧॥ ਪਵਿੱਤ੍ਰ ਹੈ ਉਹ ਜੋ ਦਿਹੁੰ ਰੈਣ ਆਪਣੀ ਬਿਰਤੀ ਵਾਹਿਗੁਰੂ ਨਾਲ ਜੋੜੀ ਰਖਦਾ ਹੈ। ਰਾਮ ਨਾਮ ਬਿਨੁ ਕਵਨੁ ਹਮਾਰਾ ॥ ਪ੍ਰਭੂ ਦੇ ਨਾਮ ਦੇ ਬਗੈਰ ਮੇਰਾ ਕੌਣ ਹੈ? ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥ ਪੀੜ ਅਤੇ ਖੁਸ਼ੀ ਨੂੰ ਇੱਕ ਤੁਲ ਜਾਣ ਕੇ, ਮੈਂ ਨਾਮ ਨੂੰ ਨਹੀਂ ਤਿਆਗਦਾ, ਮਾਫੀ ਦੇ ਕੇ ਸੁਆਮੀ ਆਪਣੇ ਨਾਲ ਮੇਲ ਲੈਦਾ ਹੈ। ਠਹਿਰਾਉ। ਕਨਿਕ ਕਾਮਨੀ ਹੇਤੁ ਗਵਾਰਾ ॥ ਮੂਰਖ ਸੋਨੇ ਅਤੇ ਸੁੰਦਰੀ ਨੂੰ ਪਿਆਰ ਕਰਦਾ ਹੈ। ਦੁਬਿਧਾ ਲਾਗੇ ਨਾਮੁ ਵਿਸਾਰਾ ॥ ਦਵੈਤ-ਭਾਵ ਨਾਲ ਜੁੜ ਕੇ ਊਸਨੇ ਨਾਮ ਨੂੰ ਭੁਲਾ ਛੱਡਿਆ ਹੈ। ਜਿਸੁ ਤੂੰ ਬਖਸਹਿ ਨਾਮੁ ਜਪਾਇ ॥ ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈ, ਉਸ ਪਾਸੋਂ ਤੂੰ ਆਪਣੇ ਨਾਮ ਦਾ ਊਚਾਰਨ ਕਰਵਾਉਂਦਾ ਹੈ। ਦੂਤੁ ਨ ਲਾਗਿ ਸਕੈ ਗੁਨ ਗਾਇ ॥੨॥ ਮੌਤ ਦਾ ਫਰੇਸ਼ਤਾ ਉਸ ਨੂੰ ਛੂਹ ਨਹੀਂ ਸਕਦਾ, ਜੋ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ। ਹਰਿ ਗੁਰੁ ਦਾਤਾ ਰਾਮ ਗੁਪਾਲਾ ॥ ਮੇਰੇ ਸਰਬ-ਵਿਆਪਕ ਵਾਹਿਗੁਰੂ ਤੂੰ ਵੱਡਾ ਦਾਤਾਰ ਅਤੇ ਜਗਤ ਦਾ ਪਾਲਣ-ਪੋਸ਼ਣਹਾਰ ਹੈ। ਜਿਉ ਭਾਵੈ ਤਿਉ ਰਾਖੁ ਦਇਆਲਾ ॥ ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਤੂੰ ਮੇਰੀ ਰਖਿਆ ਕਰ, ਹੇ ਮਿਹਰਬਾਨ ਮਾਲਕ! ਗੁਰਮੁਖਿ ਰਾਮੁ ਮੇਰੈ ਮਨਿ ਭਾਇਆ ॥ ਗੁਰਾਂ ਦੇ ਉਪਦੇਸ਼ ਤਾਬੇ, ਸੁਆਮੀ ਮੇਰੇ ਚਿੱਤ ਨੂੰ ਚੰਗਾ ਲੱਗਾ ਹੈ। ਰੋਗ ਮਿਟੇ ਦੁਖੁ ਠਾਕਿ ਰਹਾਇਆ ॥੩॥ ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਪੀੜ ਨਵਿਰਤ ਥੀ ਗਈ ਹੈ। ਅਵਰੁ ਨ ਅਉਖਧੁ ਤੰਤ ਨ ਮੰਤਾ ॥ ਹੋਰ ਕੋਈ ਦਵਾਈ, ਜਾਦੂ ਅਤੇ ਟੁਣਾ ਟਾਮਣ ਨਹੀਂ। ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥ ਵਾਹਿਗੁਰੂ ਸੁਆਮੀ ਦੀ ਬੰਦਗੀ ਪਾਪਾਂ ਨੂੰ ਨਾਸ ਕਰ ਦਿੰਦੀ ਹੈ। ਤੂੰ ਆਪਿ ਭੁਲਾਵਹਿ ਨਾਮੁ ਵਿਸਾਰਿ ॥ ਤੂੰ ਖੁਦ ਪ੍ਰਾਣੀਆਂ ਨੂੰ ਕੁਰਾਹੇ ਪਾਊਦਾ ਹੈ ਅਤੇ ਉਹ ਤੇਰੇ ਨਾਮ ਨੂੰ ਭੁਲਾ ਦਿੰਦੇ ਹਨ, ਹੇ ਸਾਹਿਬ! ਤੂੰ ਆਪੇ ਰਾਖਹਿ ਕਿਰਪਾ ਧਾਰਿ ॥੪॥ ਆਪਣੀ ਰਹਿਮਤ ਨਿਛਾਵਰ ਕਰਕੇ ਤੂੰ ਖੁਦ ਕਈਆਂ ਨੂੰ ਬਚਾ ਲੈਦਾ ਹੈ। ਰੋਗੁ ਭਰਮੁ ਭੇਦੁ ਮਨਿ ਦੂਜਾ ॥ ਆਤਮਾ ਨੂੰ ਸੰਦੇਹ, ਅੰਤਰੇ ਅਤੇ ਦਵੈਤ ਭਾਵ ਦੀ ਬੀਮਾਰੀ ਚਿਮੜੀ ਹੋਈ ਹੈ। ਗੁਰ ਬਿਨੁ ਭਰਮਿ ਜਪਹਿ ਜਪੁ ਦੂਜਾ ॥ ਗੁਰਾਂ ਦੇ ਬਗੈਰ ਜੀਵ ਵਹਿਮ ਅੰਦਰ ਭਟਕਦਾ ਹੈ ਅਤੇ ਹੋਰਸ ਨੂੰ ਇਕ ਰਸ ਯਾਦ ਕਰਦਾ ਹੈ। ਆਦਿ ਪੁਰਖ ਗੁਰ ਦਰਸ ਨ ਦੇਖਹਿ ॥ ਗੁਰਾਂ ਦਾ ਦੀਦਾਰ ਵੇਖਣਾ ਪਿਥਮ ਪ੍ਰਭੂ ਨੂੰ ਦੇਖਣ ਦੇ ਤੁੱਲ ਹੈ। ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ ॥੫॥ ਗੁਰਾਂ ਦੀ ਬਾਣੀ ਦੇ ਬਾਝੋਂ ਮਨੁੱਖੀ ਜੀਵਨ ਕਿਹੜੇ ਹਿਸਾਬ ਕਿਤਾਬ ਵਿੱਚ ਹੈ। ਦੇਖਿ ਅਚਰਜੁ ਰਹੇ ਬਿਸਮਾਦਿ ॥ ਅਸਚਰਜ ਸੁਆਮੀ ਨੂੰ ਵੇਖ ਕੇ, ਮੈਂ ਬੜਾ ਹੈਰਾਨ ਹੋ ਗਿਆ ਹਾਂ। ਘਟਿ ਘਟਿ ਸੁਰ ਨਰ ਸਹਜ ਸਮਾਧਿ ॥ ਅਡੋਲਤਾ ਦੀ ਤਾੜੀ ਅੰਦਰ ਪ੍ਰਭੁ ਸਾਰਿਆਂ ਦਿਲਾਂ, ਦੇਵਤਿਆਂ ਅਤੇ ਆਦਮੀਆਂ ਦੇ ਅੰਦਰ ਰਮਿਆ ਹੋਇਆ ਹੈ। ਭਰਿਪੁਰਿ ਧਾਰਿ ਰਹੇ ਮਨ ਮਾਹੀ ॥ ਪੂਰਨ ਵਿਆਪਕ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾਇਆ ਹੈ। ਤੁਮ ਸਮਸਰਿ ਅਵਰੁ ਕੋ ਨਾਹੀ ॥੬॥ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੇ ਸੁਆਮੀ! ਜਾ ਕੀ ਭਗਤਿ ਹੇਤੁ ਮੁਖਿ ਨਾਮੁ ॥ ਜੋ ਸਿਮਰਨ ਨੂੰ ਪਿਆਰ ਕਰਦਾ ਹੈ, ਉਸ ਦੇ ਮੂੰਹ ਵਿੱਚ ਵਾਹਿਗੁਰੂ ਦਾ ਨਾਮ ਹੈ। ਸੰਤ ਭਗਤ ਕੀ ਸੰਗਤਿ ਰਾਮੁ ॥ ਸਾਧੂਆਂ ਅਤੇ ਪਵਿੱਤ੍ਰ ਪੁਰਸ਼ਾਂ ਦੇ ਸੰਮੇਲਣ ਅੰਦਰ ਸੁਆਮੀ ਵਸਦਾ ਹੈ। ਬੰਧਨ ਤੋਰੇ ਸਹਜਿ ਧਿਆਨੁ ॥ ਆਪਣੇ ਜੰਜ਼ੀਰ ਤੋੜ ਕੇ ਪ੍ਰਾਣੀ ਨੂੰ ਵਾਹਿਗੁਰੂ ਦਾ ਆਰਾਧਨ ਕਰਨਾ ਉਚਿਤ ਹੈ। ਛੂਟੈ ਗੁਰਮੁਖਿ ਹਰਿ ਗੁਰ ਗਿਆਨੁ ॥੭॥ ਗੁਰਾਂ ਦੇ ਰਾਹੀਂ ਪਰਾਪਤ ਹੋਈ ਵਾਹਿਗੁਰੂ ਦੀ ਗਿਆਤ ਨਾਲ ਪਵਿੱਤ੍ਰ ਪੁਰਸ਼ ਬੰਦ ਖਲਾਸ ਹੋ ਜਾਂਦਾ ਹੈ। ਨਾ ਜਮਦੂਤ ਦੂਖੁ ਤਿਸੁ ਲਾਗੈ ॥ ਮੌਤ ਦਾ ਫਰੇਸ਼ਤਾ ਅਤੇ ਪੀੜ ਉਸ ਨੂੰ ਨਹੀਂ ਛੋਹਦੇ, ਜੋ ਜਨੁ ਰਾਮ ਨਾਮਿ ਲਿਵ ਜਾਗੈ ॥ ਜੋ ਇਨਸਾਨ ਪ੍ਰਭੂ ਦੇ ਨਾਮ ਦੀ ਪ੍ਰੀਤ ਅੰਦਰ ਜਾਗਦਾ ਹੈ। ਭਗਤਿ ਵਛਲੁ ਭਗਤਾ ਹਰਿ ਸੰਗਿ ॥ ਆਪਣੇ ਪ੍ਰੇਮੀਆਂ ਦਾ ਪਿਆਰਾ, ਵਾਹਿਗੁਰੂ ਆਪਣੇ ਅਨੁਰਾਗੀਆਂ ਨਾਲ ਵਸਦਾ ਹੈ। ਨਾਨਕ ਮੁਕਤਿ ਭਏ ਹਰਿ ਰੰਗਿ ॥੮॥੯॥ ਨਾਨਕ, ਵਾਹਿਗੁਰੂ ਦੀ ਪ੍ਰੀਤ ਰਾਹੀਂ, ਪ੍ਰਾਣੀ ਮੋਖਸ਼ ਹੋ ਜਾਂਦਾ ਹੈ। ਆਸਾ ਮਹਲਾ ੧ ਇਕਤੁਕੀ ॥ ਆਸਾ ਪਹਿਲੀ ਪਾਤਸ਼ਾਹੀ। ਇਕ ਤੁਕੀ। ਗੁਰੁ ਸੇਵੇ ਸੋ ਠਾਕੁਰ ਜਾਨੈ ॥ ਜੋ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਸੁਆਮੀ ਨੂੰ ਜਾਣ ਲੈਦਾ ਹੈ। ਦੂਖੁ ਮਿਟੈ ਸਚੁ ਸਬਦਿ ਪਛਾਨੈ ॥੧॥ ਸੱਚੇ ਨਾਮ ਦੀ ਸਿੰਆਣ ਕਰਨ ਨਾਲ ਪੀੜ ਦੂਰ ਹੋ ਜਾਂਦੀ ਹੈ। ਰਾਮੁ ਜਪਹੁ ਮੇਰੀ ਸਖੀ ਸਖੈਨੀ ॥ ਸੁਆਮੀ ਦਾ ਸਿਮਰਨ ਕਰ, ਹੇ ਮੇਰੀ ਸਹੇਲੀਏ ਤੇ ਸੱਜਣੀਏ। ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥ ਸੱਚੇ ਗੁਰਾਂ ਦੀ ਟਹਿਲ ਕਮਾਊਣ ਦੁਆਰਾ ਤੂੰ ਆਪਣੀਆਂ ਅੱਖਾਂ ਨਾਲ ਸਾਹਿਬ ਨੂੰ ਵੇਖ ਲਵੇਗੀ। ਠਹਿਰਾਉ। ਬੰਧਨ ਮਾਤ ਪਿਤਾ ਸੰਸਾਰਿ ॥ ਜੰਜਾਲ ਹਨ ਅੰਮੜੀ, ਬਾਬਲ ਅਤੇ ਜਗਤ। ਬੰਧਨ ਸੁਤ ਕੰਨਿਆ ਅਰੁ ਨਾਰਿ ॥੨॥ ਜੰਜਾਲ ਹਨ ਪੁੱਤ੍ਰ, ਧੀਆਂ ਅਤੇ ਪਤਨੀ। ਬੰਧਨ ਕਰਮ ਧਰਮ ਹਉ ਕੀਆ ॥ ਜੰਜਾਲ ਹਨ ਹੰਕਾਰ ਰਾਹੀਂ ਕੀਤੇ ਹੋਏ ਮਜ਼ਹਬੀ ਸੰਸਕਾਰ। ਬੰਧਨ ਪੁਤੁ ਕਲਤੁ ਮਨਿ ਬੀਆ ॥੩॥ ਜੰਜਾਲ ਹਨ ਲੜਕੇ, ਵਹੁਟੀ ਅਤੇ ਚਿੱਤ ਅੰਦਰ ਹੋਰਸ ਦਾ ਪਿਆਰ। ਬੰਧਨ ਕਿਰਖੀ ਕਰਹਿ ਕਿਰਸਾਨ ॥ ਜੰਜਾਲ ਹੈ ਕਾਸ਼ਤਕਾਰਾਂ ਦੀ ਕੀਤੀ ਹੋਈ ਕਾਸ਼ਤਕਾਰੀ। ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥੪॥ ਆਪਣੀ ਹੰਗਤਾ ਦੀ ਖਾਤਰ ਆਦਮੀ ਸਜਾ ਸਹਾਰਦਾ ਹੈ ਅਤੇ ਪਾਤਸ਼ਾਹੀ ਉਸ ਪਾਸੋ ਮਾਮਲਾ ਤਲਬ ਕਰਦਾ ਹੈ। ਬੰਧਨ ਸਉਦਾ ਅਣਵੀਚਾਰੀ ॥ ਰੱਬ ਦੇ ਸਿਮਰਨ ਦੇ ਬਗੈਰ ਵਣਜ ਇਕ ਜੰਜਾਲ ਹੈ। ਤਿਪਤਿ ਨਾਹੀ ਮਾਇਆ ਮੋਹ ਪਸਾਰੀ ॥੫॥ ਸੰਸਾਰੀ ਪ੍ਰੀਤ ਦੇ ਖਿਲਾਰੇ ਨਾਲ, ਪ੍ਰਾਣੀ ਰੱਜਦਾ ਨਹੀਂ। ਬੰਧਨ ਸਾਹ ਸੰਚਹਿ ਧਨੁ ਜਾਇ ॥ ਜੰਜਾਲ ਹੋ ਚਲੀ ਜਾਣ ਵਾਲੀ ਦੌਲਤ, ਜਿਸ ਨੂੰ ਸ਼ਾਹੂਕਾਰ ਇਕੱਤਰ ਕਰਦੇ ਹਨ। ਬਿਨੁ ਹਰਿ ਭਗਤਿ ਨ ਪਵਈ ਥਾਇ ॥੬॥ ਵਾਹਿਗੁਰੂ ਦੀ ਬੰਦਗੀ ਦੇ ਬਾਝੋਂ, ਜੀਵ ਕਬੂਲ ਨਹੀਂ ਪੈਦਾ। ਬੰਧਨ ਬੇਦੁ ਬਾਦੁ ਅਹੰਕਾਰ ॥ ਜੰਜਾਲ ਹਨ ਵੇਦ, ਧਾਰਮਕ ਬਹਿਸਾਂ ਤੇ ਹੰਗਤਾ। ਬੰਧਨਿ ਬਿਨਸੈ ਮੋਹ ਵਿਕਾਰ ॥੭॥ ਸੰਸਾਰੀ ਮਮਤਾ ਅਤੇ ਪਾਪ ਦੇ ਜੰਜਾਲਾ ਦੁਆਰਾ ਇਨਸਾਨ ਨਾਸ ਹੋ ਰਿਹਾ ਹੈ। ਨਾਨਕ ਰਾਮ ਨਾਮ ਸਰਣਾਈ ॥ ਨਾਨਕ ਨੇ ਪ੍ਰਭੂ ਦੇ ਨਾਮ ਦੀ ਪਨਾਹ ਲਈ ਹੈ। ਸਤਿਗੁਰਿ ਰਾਖੇ ਬੰਧੁ ਨ ਪਾਈ ॥੮॥੧੦॥ ਜਿਸ ਦੀ ਸੱਚੇ ਗੁਰੂ ਜੀ ਰੱਖਿਆ ਕਰਦੇ ਹਨ, ਉਹ ਜੰਜਾਲਾਂ ਤੋਂ ਅਜਾਦ ਹੋ ਜਾਂਦਾ ਹੈ। copyright GurbaniShare.com all right reserved. Email |