ਗੁਰ ਪਰਸਾਦੀ ਕਰਮ ਕਮਾਉ ॥
ਗੁਰਾਂ ਦੀ ਦਇਆ ਦੁਆਰਾ ਤੂੰ ਭਲੇ ਕੰਮ ਕਰ। ਨਾਮੇ ਰਾਤਾ ਹਰਿ ਗੁਣ ਗਾਉ ॥੫॥ ਨਾਮ ਨਾਲ ਰੰਗਿਆ ਹੋਇਆ ਤੂੰ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ। ਗੁਰ ਸੇਵਾ ਤੇ ਆਪੁ ਪਛਾਤਾ ॥ ਗੁਰਾਂ ਦੀ ਚਾਕਰੀ ਰਾਹੀਂ ਮੈਂ ਆਪਣੇ ਆਪ ਨੂੰ ਸਮਝ ਲਿਆ ਹੈ। ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥ ਅਰਾਮ-ਬਖਸ਼ਣਹਾਰ ਸੁਧਾ-ਸਰੂਪ-ਨਾਮ, ਹੁਣ ਮੇਰੇ ਮਨ ਅੰਦਰ ਵਸਦਾ ਹੈ। ਅਨਦਿਨੁ ਬਾਣੀ ਨਾਮੇ ਰਾਤਾ ॥੬॥ ਰਾਤ ਦਿਨ ਮੈਂ ਗੁਰਬਾਣੀ ਅਤੇ ਨਾਮ ਅੰਦਰ ਲੀਨ ਰਹਿੰਦਾ ਹਾਂ। ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥ ਜੇਕਰ ਮੈਡਾ ਸੁਆਮੀ ਜੋੜੇ, ਤਦ ਹੀ ਕੋਈ ਜਣਾ ਉਸ ਨਾਲ ਜੁੜ ਸਕਦਾ ਹੈ। ਹਉਮੈ ਮਾਰੇ ਸਬਦੇ ਜਾਗੈ ॥ ਜੇਕਰ ਬੰਦਾ ਹੰਕਾਰ ਨੂੰ ਮਾਰ ਲਵੇ, ਤਾਂ ਉਹ ਨਾਮ ਵਲ ਜਾਗਦਾ ਰਹਿੰਦਾ ਹੈ। ਐਥੈ ਓਥੈ ਸਦਾ ਸੁਖੁ ਆਗੈ ॥੭॥ ਏਥੇ ਅਤੇ ਮਗਰੋ ਉਥੇ ਉਹ ਹਮੇਸ਼ਾਂ ਆਰਾਮ ਭੋਗਦਾ ਹੈ। ਮਨੁ ਚੰਚਲੁ ਬਿਧਿ ਨਾਹੀ ਜਾਣੈ ॥ ਚੁਲਬੁਲਾਂ ਮਨੂਆ ਜੁਗਤ ਨਹੀਂ ਜਾਣਦਾ। ਮਨਮੁਖਿ ਮੈਲਾ ਸਬਦੁ ਨ ਪਛਾਣੈ ॥ ਗੰਦਾ ਅਧਰਮੀ ਨਾਮ ਨੂੰ ਨਹੀਂ ਸਮਝਦਾ। ਗੁਰਮੁਖਿ ਨਿਰਮਲੁ ਨਾਮੁ ਵਖਾਣੈ ॥੮॥ ਪਵਿੱਤ੍ਰ ਪੁਰਸ਼ ਪਾਵਨ ਨਾਮ ਦਾ ਊਚਾਰਨ ਕਰਦਾ ਹੈ। ਹਰਿ ਜੀਉ ਆਗੈ ਕਰੀ ਅਰਦਾਸਿ ॥ ਮੈਂ ਮਾਣਨੀਯ ਵਾਹਿਗੁਰੂ ਮੂਹਰੇ ਪ੍ਰਾਰਥਨਾਂ ਕਰਦਾ ਹਾਂ ਕਿ, ਸਾਧੂ ਜਨ ਸੰਗਤਿ ਹੋਇ ਨਿਵਾਸੁ ॥ ਮੈਨੂੰ ਸੰਤ ਸਰੂਪ ਪੁਰਸ਼ਾਂ ਦੀ ਮਜਲਸ ਅੰਦਰ ਵਸੇਬਾ ਮਿਲ ਜਾਵੇ। ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥੯॥ ਰੱਬ ਦੇ ਨਾਮ ਦਾ ਨੂਰ, ਪਾਪਾਂ ਅਤੇ ਤਕਲੀਫਾਂ ਨੂੰ ਦੂਰ ਕਰ ਦਿੰਦਾ ਹੈ। ਅਜੇਹੀ ਸਾਧੂ ਸੰਗਤ ਦੁਆਰਾ ਪਾਪ ਤੇ ਦੁੱਖ ਕੱਟੇ ਜਾਂਦੇ ਹਨ ਅਤੇ ਇਹ ਰੱਬੀ ਨਾਮ ਦੇ ਨੂਰ ਦਾ ਪ੍ਰਕਾਸ਼ ਕਰਦੀ ਹੈ। ਕਰਿ ਬੀਚਾਰੁ ਆਚਾਰੁ ਪਰਾਤਾ ॥ ਗੁਰਾਂ ਦੀ ਸਿਖਿਆ ਨੂੰ ਸੋਚਣ ਸਮਝਣ ਦੁਆਰਾ ਮੇਰੀ ਚੰਗੇ ਚਾਲ ਚਲਨ ਨਾਲ ਪਰਮ ਪਰੀਤ ਪੈ ਗਈ ਹੈ। ਸਤਿਗੁਰ ਬਚਨੀ ਏਕੋ ਜਾਤਾ ॥ ਸੱਚੇ ਗੁਰਾਂ ਦੀ ਬਾਣੀ ਰਾਹੀਂ ਮੈਂ ਇਕ ਸੁਆਮੀ ਨੂੰ ਸਿੰਆਣਿਆ ਹੈ। ਨਾਨਕ ਰਾਮ ਨਾਮਿ ਮਨੁ ਰਾਤਾ ॥੧੦॥੭॥ ਸੁਆਮੀ ਦੇ ਨਾਮ ਨਾਲ ਨਾਨਕ ਦੀ ਆਤਮਾ ਰੰਗੀ ਗਈ ਹੈ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਸ਼ਾਹੀ। ਮਨੁ ਮੈਗਲੁ ਸਾਕਤੁ ਦੇਵਾਨਾ ॥ ਮਾਇਆ ਦੇ ਪੁਜਾਰੀ ਦਾ ਮਨੂਆ ਇਕ ਝੱਲਾ ਹਾਥੀ ਹੈ। ਬਨ ਖੰਡਿ ਮਾਇਆ ਮੋਹਿ ਹੈਰਾਨਾ ॥ ਸੰਸਾਰੀ ਮਮਤਾ ਦੇ ਜੰਗਲ ਅੰਦਰ ਇਹ ਫ਼ਾਵਾ ਹੋਇਆ ਹੋਇਆ ਭਟਕਦਾ ਫਿਰਦਾ ਹੈ। ਇਤ ਉਤ ਜਾਹਿ ਕਾਲ ਕੇ ਚਾਪੇ ॥ ਮੌਤ ਦੇ ਦਬਾ ਹੇਠ ਇਹ ਐਧਰ ਓਧਰ ਜਾਂਦਾ ਹੈ। ਗੁਰਮੁਖਿ ਖੋਜਿ ਲਹੈ ਘਰੁ ਆਪੇ ॥੧॥ ਗੁਰਾਂ ਦੇ ਰਾਹੀਂ ਢੂੰਡ ਕੇ ਇਹ ਆਪਣਾ ਧਾਮ ਲੱਭ ਲਵੇਗਾ। ਬਿਨੁ ਗੁਰ ਸਬਦੈ ਮਨੁ ਨਹੀ ਠਉਰਾ ॥ ਗੁਰਾਂ ਦੇ ਕਲਾਮ ਬਗੈਰ, ਚਿੱਤ ਨੂੰ ਆਰਾਮ ਦੀ ਜਗ੍ਹਾਂ ਨਹੀਂ ਮਿਲਦੀ। ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ ॥੧॥ ਰਹਾਉ ॥ ਤੂੰ ਸੁਆਮੀ ਦੇ ਪਰਮ ਪਵਿੱਤ੍ਰ ਨਾਮ ਦਾ ਆਰਾਧਨ ਕਰ ਅਤੇ ਕੌੜੀ ਹੰਗਤਾ ਨੂੰ ਛੱਡ ਦੇ। ਠਹਿਰਾਉ। ਇਹੁ ਮਨੁ ਮੁਗਧੁ ਕਹਹੁ ਕਿਉ ਰਹਸੀ ॥ ਦੱਸੋ ਇਹ ਮੂਰਖ ਆਤਮਾ ਕਿਸ ਤਰ੍ਹਾਂ ਬਚਾਈ ਜਾ ਸਕਦੀ ਹੈ? ਬਿਨੁ ਸਮਝੇ ਜਮ ਕਾ ਦੁਖੁ ਸਹਸੀ ॥ ਸੱਚੀ ਸਮਝ ਦੇ ਬਗੈਰ, ਇਹ ਮੌਤ ਦਾ ਕਸ਼ਟ ਸਹਾਰੇਗੀ। ਆਪੇ ਬਖਸੇ ਸਤਿਗੁਰੁ ਮੇਲੈ ॥ ਸੁਆਮੀ ਆਪ ਹੀ ਮਾਫ ਕਰਦਾ ਹੈ ਅਤੇ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ। ਕਾਲੁ ਕੰਟਕੁ ਮਾਰੇ ਸਚੁ ਪੇਲੈ ॥੨॥ ਸਤਿਪੁਰਖ ਮੌਤ ਦੇ ਕਸ਼ਟਾਂ ਨੂੰ ਕੁਚਲ ਤੇ ਮਾਰ ਸੁੱਟਦਾ ਹੈ। ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥ ਇਹ ਚਿੱਤ ਕੰਮ ਕਰਦਾ ਹੈ ਅਤੇ ਇਹ ਚਿੱਤ ਹੀ ਸਚਾਈ ਦੀ ਕਮਾਈ ਕਰਦਾ ਹੈ। ਇਹੁ ਮਨੁ ਪੰਚ ਤਤੁ ਤੇ ਜਨਮਾ ॥ ਇਹ ਮਨੂਆ ਪੰਜਾਂ ਮੂਲ ਅੰਸ਼ਾਂ ਤੋਂ ਪੈਦਾ ਹੋਇਆ ਹੈ। ਸਾਕਤੁ ਲੋਭੀ ਇਹੁ ਮਨੁ ਮੂੜਾ ॥ ਇਹ ਮੂਰਖ ਆਤਮਾ ਪ੍ਰਤੀਕੂਲ ਅਤੇ ਲਾਲਚੀ ਹੈ। ਗੁਰਮੁਖਿ ਨਾਮੁ ਜਪੈ ਮਨੁ ਰੂੜਾ ॥੩॥ ਗੁਰਾਂ ਦੇ ਰਾਹੀਂ, ਨਾਮ ਦਾ ਆਰਾਧਨ ਕਰਨ ਦੁਆਰਾ ਆਤਮਾ ਸੁੰਦਰ ਥੀ ਵੰਞਦੀ ਹੈ। ਗੁਰਮੁਖਿ ਮਨੁ ਅਸਥਾਨੇ ਸੋਈ ॥ ਗੁਰਾਂ ਦੇ ਰਾਹੀਂ ਆਤਮਾ ਉਸ ਸਾਹਿਬ ਦੇ ਟਿਕਾਣੇ ਨੂੰ ਪਾ ਲੈਂਦੀ ਹੈ। ਗੁਰਮੁਖਿ ਤ੍ਰਿਭਵਣਿ ਸੋਝੀ ਹੋਈ ॥ ਗੁਰਾਂ ਦੇ ਜਰੀਏ ਇਸ ਨੂੰ ਤਿੰਨਾਂ ਲੋਕਾ ਦੀ ਗਿਆਤ ਹੋ ਜਾਂਦੀ ਹੈ। ਇਹੁ ਮਨੁ ਜੋਗੀ ਭੋਗੀ ਤਪੁ ਤਾਪੈ ॥ ਇਹ ਆਤਮਾ ਯੋਗੀ ਅਤੇ ਅਨੰਦ ਮਾਲਦ ਵਾਲੀ ਹੈ ਅਤੇ ਤਪੱਸਿਆ ਸਾਧਦੀ ਹੈ। ਗੁਰਮੁਖਿ ਚੀਨ੍ਹ੍ਹੈ ਹਰਿ ਪ੍ਰਭੁ ਆਪੈ ॥੪॥ ਗੁਰਾਂ ਦੇ ਜਰੀਏ ਇਹ ਖੁਦ ਹੀ ਵਾਹਿਗੁਰੂ ਸੁਅਮੀ ਨੂੰ ਜਾਣ ਲੈਂਦੀ ਹੈ। ਮਨੁ ਬੈਰਾਗੀ ਹਉਮੈ ਤਿਆਗੀ ॥ ਕਿਸੇ ਵੇਲੇ ਆਤਮਾ ਜਗਤ-ਤਿਆਗ ਅਤੇ ਹੰਕਾਰ ਰਹਿਤ ਹੋ ਜਾਂਦੀ ਹੈ। ਘਟਿ ਘਟਿ ਮਨਸਾ ਦੁਬਿਧਾ ਲਾਗੀ ॥ ਹਰ ਆਤਮਾ ਨੂੰ ਖਾਹਿਸ਼ ਅਤੇ ਦਵੈਤ ਭਾਵ ਚਿਮੜੀਆਂ ਹੋਈਆਂ ਹਨ। ਰਾਮ ਰਸਾਇਣੁ ਗੁਰਮੁਖਿ ਚਾਖੈ ॥ ਜੋ ਗੁਰਾਂ ਦੇ ਰਾਹੀਂ ਈਸ਼ਵਰੀ ਅੰਮ੍ਰਿਤ ਨੂੰ ਪਾਨ ਕਰਦਾ ਹੈ, ਦਰਿ ਘਰਿ ਮਹਲੀ ਹਰਿ ਪਤਿ ਰਾਖੈ ॥੫॥ ਆਪਣੇ ਦਰਬਾਰ ਅਤੇ ਮੰਦਰ ਅੰਦਰ ਪਾਤਸ਼ਾਹ ਪ੍ਰਭੂ ਉਸ ਦੀ ਇੱਜ਼ਤ ਰਖਦਾ ਹੈ। ਇਹੁ ਮਨੁ ਰਾਜਾ ਸੂਰ ਸੰਗ੍ਰਾਮਿ ॥ ਇਹ ਮਨੂਆ ਪਾਤਸ਼ਾਹ ਅਤੇ ਯੁੱਧਾ ਦਾ ਸੂਰਮਾ ਹੈ। ਇਹੁ ਮਨੁ ਨਿਰਭਉ ਗੁਰਮੁਖਿ ਨਾਮਿ ॥ ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਨ ਦੁਆਰਾ ਇਹ ਆਤਮਾ ਨਿੱਡਰ ਹੋ ਜਾਂਦੀ ਹੈ। ਮਾਰੇ ਪੰਚ ਅਪੁਨੈ ਵਸਿ ਕੀਏ ॥ ਪੰਜੇ ਵਿਸ਼ੇ ਵੇਗਾਂ ਨੂੰ ਕਾਬੂ ਅਤੇ ਗ੍ਰਿਫਤਾਰ ਕਰ, ਹਉਮੈ ਗ੍ਰਾਸਿ ਇਕਤੁ ਥਾਇ ਕੀਏ ॥੬॥ ਅਤੇ ਹੰਕਾਰ ਨੂੰ ਆਪਣੀ ਪਕੜ ਵਿੱਚ ਲੈ ਕੇ, ਆਤਮਾ ਇਨ੍ਹਾਂ ਨੂੰ ਇਕ ਜਗ੍ਹਾਂ ਤੇ ਕੈਦ ਕਰ ਦਿੰਦੀ ਹੈ। ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥ ਗੁਰਾਂ ਦੀ ਦਇਆ ਦੁਆਰਾ, ਆਤਮਾ ਹੋਰ ਸੰਗੀਤਾਂ ਤੇ ਮਿਠਾਸਾਂ ਨੂੰ ਛੱਡ ਦਿੰਦੀ ਹੈ। ਗੁਰਮੁਖਿ ਇਹੁ ਮਨੁ ਭਗਤੀ ਜਾਗੇ ॥ ਗੁਰਾਂ ਦੀ ਦਇਆ ਦੁਆਰਾ ਇਹ ਆਤਮਾ ਸਾਈਂ ਦੀ ਸੇਵਾ ਅੰਦਰ ਜਾਗ ਉਠਦੀ ਹੈ। ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ ॥ ਗੁਰਾਂ ਦੇ ਉਪਦੇਸ਼, ਸੋਚ ਸਮਝ ਅਤੇ ਮੰਨ ਕੇ, ਆਤਮਾ ਬੈਕੁੰਠੀ ਕੀਰਤਨ ਨੂੰ ਸ੍ਰਵਣ ਕਰਦੀ ਹੈ। ਆਤਮੁ ਚੀਨ੍ਹ੍ਹਿ ਭਏ ਨਿਰੰਕਾਰੀ ॥੭॥ ਆਪਣੇ ਆਪ ਨੂੰ ਸਮਝਣ ਦੁਆਰਾ, ਆਤਮਾ ਸਰੂਪ ਰਹਿਤ ਸੁਆਮੀ ਥੀ ਜਾਂਦੀ ਹੈ। ਇਹੁ ਮਨੁ ਨਿਰਮਲੁ ਦਰਿ ਘਰਿ ਸੋਈ ॥ ਉਸ ਸਾਹਿਬ ਦੇ ਦਰਬਾਰ ਅਤੇ ਹਜੂਰੀ ਅੰਦਰ ਇਹ ਆਤਮਾ ਪਵਿੱਤ੍ਰ ਹੋ ਜਾਂਦੀ ਹੈ, ਗੁਰਮੁਖਿ ਭਗਤਿ ਭਾਉ ਧੁਨਿ ਹੋਈ ॥ ਅਤੇ ਗੁਰਾਂ ਦੇ ਰਾਹੀਂ ਇਸ ਨੂੰ ਉਸ ਦੀ ਪ੍ਰੇਮ-ਮਈ ਸੇਵਾ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ। ਅਹਿਨਿਸਿ ਹਰਿ ਜਸੁ ਗੁਰ ਪਰਸਾਦਿ ॥ ਗੁਰਾਂ ਦੀ ਮਿਹਰ ਸਦਕਾ, ਆਤਮਾ, ਦਿਨ ਤੇ ਰਾਤ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੀ ਹੈ, ਘਟਿ ਘਟਿ ਸੋ ਪ੍ਰਭੁ ਆਦਿ ਜੁਗਾਦਿ ॥੮॥ ਅਤੇ ਅਨੁਭਵ ਕਰ ਲੈਂਦੀ ਹੈ ਕਿ ਐਨ ਆਰੰਭ ਅਤੇ ਜੁਗਾਂ ਦੇ ਸ਼ੁਰੂ ਤੋਂ ਉਹ ਸੁਅਮੀ ਸਾਰਿਆਂ ਦੇ ਦਿਲਾਂ ਵਿੱਚ ਰਮ ਰਿਹਾ ਹੈ। ਰਾਮ ਰਸਾਇਣਿ ਇਹੁ ਮਨੁ ਮਾਤਾ ॥ ਪ੍ਰਭੂ ਨਾਮ ਦੇ ਅੰਮ੍ਰਿਤ ਨਾਲ ਇਹ ਆਤਮਾ ਮਤਵਾਲੀ ਹੋਈ ਹੋਈ ਹੈ, ਸਰਬ ਰਸਾਇਣੁ ਗੁਰਮੁਖਿ ਜਾਤਾ ॥ ਅਤੇ ਗੁਰਾਂ ਦੇ ਰਾਹੀਂ ਇਹ ਸਾਰਿਆਂ ਰਸਾਂ ਦੇ ਘਰ, ਹਰੀ ਨੂੰ ਅਨੁਭਵ ਕਰ ਲੈਂਦੀ ਹੈ। ਭਗਤਿ ਹੇਤੁ ਗੁਰ ਚਰਣ ਨਿਵਾਸਾ ॥ ਸੁਆਮੀ ਦੇ ਸਿਮਰਨ ਦੀ ਖਾਤਰ, ਇਸ ਨੂੰ ਗੁਰਾਂ ਦੇ ਪੈਰਾਂ ਵਿੱਚ ਵਸਣਾ ਉਚਿਤ ਹੈ। ਨਾਨਕ ਹਰਿ ਜਨ ਕੇ ਦਾਸਨਿ ਦਾਸਾ ॥੯॥੮॥ ਨਾਨਕ ਵਾਹਿਗੁਰੂ ਦੇ ਗੋਲੇ ਦੇ ਗੋਲੇ ਦਾ ਗੋਲਾ ਹੈ। copyright GurbaniShare.com all right reserved. Email |