ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥
ਤਿਆਗੀ, ਮੌਜਾਂ ਮਾਨਣ ਵਾਲੇ ਅਤੇ ਗੋਦੜੀ ਵਾਲੇ ਫਕੀਰ, ਕਿਸ ਲਈ ਪਰਦੇਸਾਂ ਅੰਦਰ ਭੋਦੇ ਫਿਰਦੇ ਹਨ? ਗੁਰ ਕਾ ਸਬਦੁ ਨ ਚੀਨ੍ਹ੍ਹਹੀ ਤਤੁ ਸਾਰੁ ਨਿਰੰਤਰ ॥੩॥ ਉਹ ਗੁਰਾਂ ਦੇ ਉਪਦੇਸ਼ ਅਤੇ ਆਪਣੇ ਅੰਦਰ ਦੀ ਪਰਮ ਸ਼੍ਰੇਸ਼ਟ ਅਸਲੀਅਤ ਨੂੰ ਨਹੀਂ ਸਮਝਦੇ। ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥ ਵਿਦਵਾਨ, ਪ੍ਰਚਾਰਕ ਅਤੇ ਜੋਤਸ਼ੀ ਸਦਾ, ਵਾਰਤਕ ਗ੍ਰੰਥਾਂ ਨੂੰ ਵਾਚਦੇ ਹਨ। ਅੰਤਰਿ ਵਸਤੁ ਨ ਜਾਣਨ੍ਹ੍ਹੀ ਘਟਿ ਬ੍ਰਹਮੁ ਲੁਕਾਣਾ ॥੪॥ ਉਹ ਅੰਦਰਲੀ ਚੀਜ਼ ਨੂੰ ਨਹੀਂ ਪਛਾਣਦੇ। ਸ਼੍ਰੋਮਣੀ ਸਾਹਿਬ ਦਿਲ ਅੰਦਰ ਛੁੱਪਿਆ ਹੋਇਆ ਹੈ। ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ ॥ ਕਈ ਤਪੱਸਵੀ ਜੰਗਲਾਂ ਵਿੱਚ ਤਪੱਸਿਆਂ ਕਰਦੇ ਹਨ ਅਤੇ ਕਈ, ਸਦਾ ਧਰਮ ਅਸਥਾਨਾ ਉਤੇ ਰਹਿੰਦੇ ਹਨ। ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥ ਉਹ ਪ੍ਰਕਾਸ਼-ਹੀਣ ਪੁਰਸ਼ ਆਪਣੇ ਆਪ ਨੂੰ ਨਹੀਂ ਸਮਝਦੇ। ਉਹ ਕਾਹਦੇ ਲਈ ਵਿਰਕਤ ਹੋਏ ਹਨ? ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥ ਕਈ ਉਪਰਾਲਾ ਕਰਕੇ ਆਪਣੇ ਵੀਰਜ ਨੂੰ ਰੋਕਦੇ ਹਨ। ਉਹ ਬ੍ਰਹਮਚਾਰੀ ਆਖੇ ਜਾਂਦੇ ਹਨ। ਬਿਨੁ ਗੁਰ ਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ ॥੬॥ ਗੁਰਾਂ ਦੀ ਬਾਣੀ ਦੇ ਬਾਝੋਂ ਉਨ੍ਹਾਂ ਦਾ ਪਾਰ ਉਤਾਰਾ ਨਹੀਂ ਹੁੰਦਾ ਅਤੇ ਉਹ ਆਵਾਗਉਣ ਵਿੱਚ ਭਟਕਦੇ ਹਨ। ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥ ਕਈ ਘਰ ਬਾਰੀ, ਸਾਹਿਬ ਦੇ ਗੋਲੇ ਅਤੇ ਸੱਚ ਦੇ ਅਭਿਆਸੀ ਹਨ ਅਤੇ ਉਹ ਗੁਰਾਂ ਦੇ ਉਪਦੇਸ਼ ਨਾਲ ਜੁੜੇ ਹੋਏ ਹਨ। ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥ ਉਹ ਨਾਮ, ਪੁੰਨ ਦਾਨ ਅਤੇ ਮੱਜਨ ਨੂੰ ਪੱਕੀ ਤਰ੍ਹਾ ਗ੍ਰਹਿਣ ਕਰਦੇ ਹਨ ਅਤੇ ਵਾਹਿਗੁਰੂ ਦੀ ਬੰਦਗੀ ਅੰਦਰ ਜਾਗਦੇ ਰਹਿੰਦੇ ਹਨ। ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਞਾਣੈ ॥ ਗੁਰਾਂ ਦੇ ਰਾਹੀਂ ਮਾਲਕ ਦੇ ਮੰਦਰ ਦਾ ਬੂਹਾ ਜਾਣਿਆ ਜਾਂਦਾ ਹੈ ਅਤੇ ਆਦਮੀ ਉਸ ਥਾਂ ਨੂੰ ਪਛਾਣ ਲੈਦਾ ਹੈ। ਨਾਨਕ ਨਾਮੁ ਨ ਵੀਸਰੈ ਸਾਚੇ ਮਨੁ ਮਾਨੈ ॥੮॥੧੪॥ ਨਾਨਕ ਕਦੇ ਭੀ ਨਾਮ ਨੂੰ ਨਹੀਂ ਭੁਲਾਉਂਦਾ ਅਤੇ ਉਸ ਦਾ ਚਿੱਤ ਸਤਿਪੁਰਖ ਨਾਲ ਮਿਲ ਗਿਆ ਹੈ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਸ਼ਾਹੀ। ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥ ਖਾਹਿਸ਼ਾਂ ਨੂੰ ਚਿੱਤ ਅੰਦਰ ਹੀ ਮਾਰ ਕੇ ਪ੍ਰਾਣੀ ਨਿਸਚਿਤ ਹੀ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਆਦਿ ਜੁਗਾਦਿ ਦਇਆਲੁ ਤੂ ਠਾਕੁਰ ਤੇਰੀ ਸਰਣਾ ॥੧॥ ਤੂੰ ਹੇ ਸਾਹਿਬ! ਅਰੰਭ ਅਤੇ ਪ੍ਰਿਥਮ ਯੁੱਗ ਵਿੱਚ ਸੈ। ਤੂੰ ਮਿਹਰਬਾਨ ਹੈ, ਮੈਂ ਤੇਰੀ ਓਟ ਲਈ ਹੈ। ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥ ਤੂੰ ਦਾਤਾਰ ਹੈ, ਮੈਂ ਤੇਰਾ ਮੰਗਤਾ ਹਾਂ। ਮੇਰੇ ਵਾਹਿਗੁਰੂ ਮੇਨੂੰ ਆਪਣਾ ਦੀਦਾਰ ਬਖਸ਼। ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥੧॥ ਰਹਾਉ ॥ ਗੁਰਾਂ ਦੇ ਰਾਹੀਂ ਨਾਮ ਦਾ ਅਰਾਧਨ ਕਰਨ ਦੁਆਰਾ ਮਨੂਆ-ਮਹਿਲ ਖੁਸ਼ੀ ਨਾਲ ਗੂੰਜਦਾ ਹੈ। ਠਹਿਰਾਉ। ਕੂੜਾ ਲਾਲਚੁ ਛੋਡੀਐ ਤਉ ਸਾਚੁ ਪਛਾਣੈ ॥ ਜਦ ਆਦਮੀ ਝੂਠੇ ਲੋਭ ਨੂੰ ਤਿਆਗ ਦਿੰਦਾ ਹੈ, ਤਾਂ ਉਹ ਸੱਚ ਨੂੰ ਅਨੁਭਵ ਕਰ ਲੈਦਾ ਹੈ। ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ ॥੨॥ ਗੁਰਾਂ ਦੇ ਉਪਦੇਸ਼ ਅੰਦਰ ਲੀਨ ਹੋ ਜਾ, ਅਤੇ ਤੂੰ ਅਤਿ ਸ਼੍ਰੇਸ਼ਟ ਸ਼ੈ ਨੂੰ ਜਾਣ ਲਵੇਗਾ। ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ ॥ ਇਹ ਮਨੂਆ ਲਾਲਚੀ ਪਾਤਸ਼ਾਹ ਹੈ ਅਤੇ ਤਮ੍ਹਾਂ ਉਤੇ ਲੱਟੂ ਹੋਇਆ ਹੋਇਆ ਹੈ। ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥੩॥ ਗੁਰਾਂ ਦੇ ਉਪਦੇਸ਼ ਦੇ ਤਾਬੇ, ਲਾਲਚ ਦੂਰ ਹੋ ਜਾਂਦਾ ਹੈ, ਅਤੇ ਬੰਦੇ ਦੀ ਵਾਹਿਗੁਰੂ ਨਾਲ ਠੀਕ ਬੈਠ ਜਾਂਦੀ ਹੈ। ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥ ਸ਼ੋਰੇ ਵਾਲੀ ਧਰਤੀ ਵਿੱਚ ਫਸਲ ਬੀਜ ਕੇ, ਆਦਮੀ ਕਿਸ ਤਰ੍ਹਾਂ ਲਾਭ ਉਠਾ ਸਕਦਾ ਹੈ। ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ ॥੪॥ ਪ੍ਰਤੀਕੂਲ ਪੁਰਸ਼ ਸੱਚ ਨਾਲ ਪ੍ਰਸੰਨ ਨਹੀਂ ਹੁੰਦਾ। ਝੂਠਾ ਆਦਮੀ ਝੂਠ ਵਿੱਚ ਦੱਬਿਆ ਹੋਇਆ ਹੈ। ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥ ਹੇ ਅੰਨਿ੍ਹਓ! ਤੁਸੀਂ ਲੋਭ ਨੂੰ ਤਿਆਗ ਦਿਓ, ਤਮ੍ਹਾਂ ਵੱਡਾ ਦੁਖੜਾ ਹੈ। ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ ॥੫॥ ਜੇਕਰ ਸੱਚਾ ਸੁਆਮੀ ਹਿਰਦੇ ਅੰਦਰ ਟਿਕ ਜਾਵੇ ਤਾਂ ਹੰਕਾਰ ਦੀ ਜ਼ਹਿਰ ਨਵਿਰਤ ਹੋ ਜਾਂਦੀ ਹੈ। ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥ ਦੁਨੀਆਦਾਰੀ ਦੇ ਖੋਟੇ ਰਸਤੇ ਨੂੰ ਤਿਆਗ ਦਿਓ, ਮੇਰੇ ਭਰਾਓ! ਨਹੀਂ ਤਾਂ ਤੁਸੀਂ ਲੁੱਟੇ ਜਾਉਗੇ। ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ ॥੬॥ ਦਿਹੁੰ ਰੈਣ, ਗੁਰਾਂ ਦੀ ਪਨਾਹ ਹੇਠਾਂ, ਨਾਮ ਦੀ ਪਰਸੰਸਾ ਕਰ। ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ ॥ ਅਧਰਮੀ ਇੱਕ ਪਾਹਨ ਅਤੇ ਚਟਾਨ ਹੈ। ਲਾਣ੍ਹਤ ਮਾਰੀ ਅਤੇ ਙਿੱਕੀ ਹੈ ਉਸ ਦੀ ਜਿੰਦਗੀ। ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥੭॥ ਜਿਨਾ ਚਿਰ ਮਰਜ਼ੀ ਏ, ਇਸ ਨੂੰ ਪਾਣੀ ਵਿੱਚ ਰੱਖ ਛੱਡੋ, ਇਹ ਹਿਰਦੇ ਅੰਦਰੋਂ ਸੁੱਕਾ ਰਹਿੰਦਾ ਹੈ। ਹਰਿ ਕਾ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੀਆ ॥ ਵਾਹਿਗੁਰੂ ਦਾ ਨਾਮ ਮਾਲ ਦੋਲਤ ਹੈ। ਪੂਰਨ ਗੁਰਾਂ ਨੇ ਇਹ ਮੈਨੂੰ ਦਿੱਤੀ ਹੈ। ਨਾਨਕ ਨਾਮੁ ਨ ਵੀਸਰੈ ਮਥਿ ਅੰਮ੍ਰਿਤੁ ਪੀਆ ॥੮॥੧੫॥ ਹੇ ਨਾਨਕ! ਜੋ ਨਾਮ ਨੂੰ ਨਹੀਂ ਭੁਲਾਉਂਦਾ, ਉਹ ਆਬਿ ਹਿਯਾਤ ਨੂੰ ਰਿੜਕਦਾ ਅਤੇ ਪਾਨ ਕਰਦਾ ਹੈ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਸ਼ਾਹੀ। ਚਲੇ ਚਲਣਹਾਰ ਵਾਟ ਵਟਾਇਆ ॥ ਮੁਸਾਫਰ ਹੋਰਸ ਰਸਤੇ ਰਾਹੀਂ ਤੁਰ ਪੈਦੇ ਹਨ। ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ ॥੧॥ ਜਹਾਨ ਸੰਸਾਰੀ ਕੰਮਾਂ ਅੰਦਰ ਖੱਚਤ ਹੈ ਅਤੇ ਸੱਚ ਨੂੰ ਪਿਆਰ ਨਹੀਂ ਕਰਦਾ। ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ ॥ ਕਿਉਂ ਭਟਕੀਏ ਤੇ ਕਿਉਂ ਖੋਜ-ਭਾਲ ਕਰੀਏ, ਜਦ ਗੁਰਬਾਣੀ ਸਾਨੂੰ ਸਾਹਿਬ ਦੇ ਦਰਸ਼ਨ ਕਰਾਉਂਦੀ ਹੈ? ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ ॥੧॥ ਰਹਾਉ ॥ ਅਪਣੱਤ ਅਤੇ ਸੰਸਾਰੀ ਲਗਣ ਨੂੰ ਤਿਆਗ ਕੇ ਮੈਂ ਆਪਣੇ ਨਿਜ ਦੇ ਧਾਮ ਤੇ ਪੁੱਜ ਗਿਆ ਹਾਂ। ਠਹਿਰਾਉ। ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ ॥ ਸੱਚ ਦੇ ਰਾਹੀਂ ਸਤਿਪੁਰਖ ਮਿਲਦਾ ਹੈ। ਝੂਠ ਦੁਆਰਾ ਉਹ ਪਾਇਆ ਨਹੀਂ ਜਾਂਦਾ। ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ ॥੨॥ ਸੱਚੇ ਸੁਆਮੀ ਨਾਲ ਬਿਰਤੀ ਜੋੜਨ ਦੁਆਰਾ ਬੰਦਾ ਮੁੜ ਕੇ ਸੰਸਾਰ ਵਿੱਚ ਨਹੀਂ ਆਉਂਦਾ। ਮੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ ॥ ਤੂੰ ਮਰਿਆ ਹੋਇਆ ਲਈ ਕਿਉਂ ਰੌਦਾ ਹੈ? ਤੂੰ ਰੌਣ ਜਾਣਦਾ ਹੀ ਨਹੀਂ। ਰੋਵਹੁ ਸਚੁ ਸਲਾਹਿ ਹੁਕਮੁ ਪਛਾਣਹੂ ॥੩॥ ਸੱਚੇ ਸਾਈਂ ਦੀ ਸਿਫ਼ਤ ਕਰਦਾ ਹੋਇਆ ਪ੍ਰੇਮ ਵਿੱਚ ਰੋ ਅਤੇ ਉਸ ਦੇ ਫੁਰਮਾਨ ਨੂੰ ਸਿੰਆਣ। ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥ ਸਫਲ ਜਾਂ ਪ੍ਰਸਿੱਧ ਹੋ ਵੰਞਦਾ ਹੈ ਉਸ ਦਾ ਆਗਮਨ, ਜਿਸ ਦੇ ਭਾਗਾਂ ਵਿੱਚ ਹਾਕਮ (ਪ੍ਰਭੂ) ਨੇ ਨਾਮ ਦੇ ਗੁਜਾਰੇ ਦੀ ਪਰਾਪਤੀ ਲਿਖੀ ਹੈ। ਲਾਹਾ ਪਲੈ ਪਾਇ ਹੁਕਮੁ ਸਿਞਾਣੀਐ ॥੪॥ ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰਨ ਦੁਆਰਾ ਪ੍ਰਾਣੀ ਨਫਾ ਪਰਾਪਤ ਕਰ ਲੈਦਾ ਹੈ। copyright GurbaniShare.com all right reserved. Email |