Page 513
ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ ॥੨॥
ਨਾਨਕ, ਗੁਰੂ ਦੇ ਸੱਚੇ ਸਿੱਖ ਤਰ ਜਾਂਦੇ ਹਨ। ਉਨ੍ਹਾਂ ਨੂੰ ਸਿਰਜਣਹਾਰ ਆਪਣੇ ਨਾਲ ਮਿਲਾ ਲੈਂਦਾ ਹੈ।

ਪਉੜੀ ॥
ਪਉੜੀ।

ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥
ਸਾਧੂ, ਜੋ ਸੱਚੇ ਨਾਮ ਅੰਦਰ ਵੱਸਦੇ ਹਨ, ਸੱਚੇ ਦਰਬਾਰ ਵਿੱਚ ਸੁੰਦਰ ਲੱਗਦੇ ਹਨ।

ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ ॥
ਵਾਹਿਗੁਰੂ ਦਾ ਪਿਆਰ ਉਨ੍ਹਾਂ ਅੰਦਰ ਪੈਂਦਾ ਹੋ ਜਾਂਦ ਹੈ ਅਤੇ ਵਾਹਿਗੁਰੂ ਦੇ ਪਿਆਰ ਨਾਲ ਹੀ ਉਹ ਖਿੱਚੇ ਜਾਂਦੇ ਹਨ।

ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ ॥
ਉਹ ਰੱਬੀ ਖੁਸ਼ੀ ਵਿੱਚ ਵੱਸਦੇ ਹਨ, ਹਮੇਸ਼ਾਂ ਪ੍ਰਭੂ ਦੀ ਪ੍ਰੀਤ ਵਿੱਚ ਰੰਗੇ ਰਹਿੰਦੇ ਹਨ,

ਸਫਲੁ ਜਨਮੁ ਜਿਨ੍ਹ੍ਹੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ ॥
ਫਲਦਾਇਕ ਹੈ ਉਨ੍ਹਾਂ ਦਾ ਜੀਵਨ ਜੋ ਗੁਰਾਂ ਦੇ ਰਾਹੀਂ ਪੂਜਯ ਪ੍ਰਭੂ ਨੂੰ ਪਛਾਣਦੇ ਹਨ ਅਤੇ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।

ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ ॥੧੧॥
ਗੁਰਾਂ ਦੇ ਬਿਨਾ ਦੁਨੀਆ ਰੋਂਦੀ ਫਿਰਦੀ ਹੈ ਅਤੇ ਹੋਰਸ ਦੇ ਪਿਆਰ ਅੰਦਰ ਤਬਾਹ ਹੋ ਗਈ ਹੈ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥
ਕਾਲੇ ਸਮਨੂੰ ਅੰਦਰ ਸ਼ਰਧਾਲੂ ਨਾਮ ਦੇ ਖਜਾਨੇ ਨੂੰ ਖੱਟਦੇ ਹਨ ਅਤੇ ਮਾਲਕ ਦੇ ਮਹਾਨ ਮਰਤਬੇ ਨੂੰ ਪ੍ਰਾਪਤ ਹੁੰਦੇ ਹਨ।

ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ ॥
ਸੱਚੇ ਗੁਰਾਂ ਦੀ ਘਾਲ ਕਮਾ ਕੇ ਉਹ ਵਾਹਿਗੁਰੂ ਦੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾਉਂਦੇ ਹਨ ਅਤੇ ਰਾਤ ਦਿਨ ਨਾਮ ਦਾ ਸਿਮਰਨ ਕਰਦੇ ਹਨ।

ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥
ਆਪਣੇ ਘਰ ਅੰਦਰ ਹੀ ਉਹ ਗੁਰਾਂ ਦੇ ਉਪਦੇਸ਼ ਦੁਆਰਾ ਨਿਰਲੇਪ ਰਹਿੰਦੇ ਹਨ ਅਤੇ ਆਪਣੇ ਹੰਕਾਰ ਤੇ ਮਮਤਾ ਨੂੰ ਸਾੜ ਸੁੱਟਦੇ ਹਨ।

ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥
ਉਹ ਖੁਦ ਪਾਰ ਉਤਰ ਜਾਂਦੇ ਹਨ ਤੇ ਸਾਰੇ ਸੰਸਾਰ ਨੂੰ ਬਚਾ ਲੈਂਦੇ ਹਨ। ਮੁਬਾਰਕ ਹਨ ਉਹ ਮਾਤਾਵਾਂ ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ।

ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥
ਕੇਵਲ ਓਹੀ ਜਿਸ ਦੇ ਮੱਥੇ ਉਤੇ ਵਾਹਿਗੁਰੂ ਨੇ ਮੁੱਢ ਤੋਂ ਐਸੀ ਭਾਵੀ ਲਿਖ ਛੱਡੀ ਹੈ, ਐਹੋ ਜੇਹੇ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ।

ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥
ਗੋਲਾ ਨਾਨਕ ਆਪਣੇ ਗੁਰਾਂ ਉਤੋਂ ਕੁਰਬਾਨ ਹੈ, ਜਿਨ੍ਹਾਂ ਨੇ ਉਸ ਨੂੰ ਸਿੱਧੇ ਰਸਤੇ ਪਾ ਦਿੱਤਾ ਹੈ, ਜਦ ਉਹ ਵਹਿਮ ਅੰਦਰ ਕੁਰਾਹੇ ਪਿਆ ਫਿਰਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਤ੍ਰੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ ॥
ਤਿੰਨਾਂ ਲੱਛਣਾਂ ਵਾਲੀ ਮੋਹਨੀ ਮਾਇਆ ਨੂੰ ਦੇਖ ਕੇ ਬੰਦਾ ਕੁਰਾਹੇ ਪੈ ਜਾਂਦਾ ਹੈ, ਜਿਸ ਤਰ੍ਹਾਂ ਦੀਵੇ ਨੂੰ ਤੱਕ ਕੇ ਭੰਬਟ ਨਾਸ ਹੋ ਜਾਂਦਾ ਹੈ।

ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥
ਘੁੱਸੇ ਤੇ ਭੁੱਲੇ ਹੋਏ ਬ੍ਰਾਹਮਣ ਧਨ-ਦੌਲਤ ਵੱਲ ਤੱਕਦੇ ਹਨ ਅਤੇ ਤਾੜਦੇ ਹਨ ਕਿ ਕਿਸੇ ਜਣੇ ਨੇ ਉਨ੍ਹਾਂ ਅੱਗੇ ਕੀ ਕੁਛ ਭੇਟਾ ਰੱਖੀ ਹੈ।

ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥
ਹੋਰਸ ਦੀ ਪ੍ਰੀਤ ਅੰਦਰ ਗਰਕ ਹੋਏ ਉਹ ਹਮੇਸ਼ਾਂ ਪਾਪ ਬਾਰੇ ਪੜ੍ਹਦੇ ਹਨ ਤੇ ਸੁਆਮੀ ਨੇ ਉਨ੍ਹਾਂ ਨੂੰ ਆਪਣੇ ਨਾਮ ਤੋਂ ਬਾਂਝਿਆਂ ਰੱਖਿਆ ਹੋਇਆ ਹੈ।

ਜੋਗੀ ਜੰਗਮ ਸੰਨਿਆਸੀ ਭੁਲੇ ਓਨ੍ਹ੍ਹਾ ਅਹੰਕਾਰੁ ਬਹੁ ਗਰਬੁ ਵਧਾਇਆ ॥
ਯੋਗੀ, ਰਮਤੇ ਰਿਸ਼ੀ ਅਤੇ ਵਿਰੱਕਤ ਕੁਰਾਹੇ ਪਏ ਹੋਏ ਹਨ। ਉਨ੍ਹਾਂ ਨੇ ਆਪਣਾ ਹੰਕਾਰ ਅਤੇ ਗਰੂਰ ਬਹੁਤਾ ਵਧਾਇਆ ਹੋਇਆ ਹੈ।

ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ ॥
ਕਪੜੇ ਅਤੇ ਖਾਣੇ ਦੀ ਸੱਚੀ ਖੈਰ ਨੂੰ ਉਹ ਪ੍ਰਵਾਨ ਨਹੀਂ ਕਰਦੇ ਅਤੇ ਆਪਣੇ ਚਿੱਤ ਦੀ ਜਿੱਦ ਰਾਹੀਂ ਉਹ ਆਪਣਾ ਜੀਵਨ ਵੰਞਾ ਲੈਂਦੇ ਹਨ।

ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ ॥
ਇਨ੍ਹਾਂ ਦੇ ਵਿਚੋਂ ਕੇਵਲ ਓਹੀ ਵੱਡਾ ਪੁਰਸ਼ ਹੈ, ਜੋ ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਦਾ ਹੈ।

ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥੨॥
ਗੋਲਾ ਨਾਨਕ ਕੀਹਦੇ ਕੋਲ ਕਹੇ ਤੇ ਫਰਿਆਦ ਕਰੇ, ਜਦ ਸਾਰੇ ਹੀ ਵਾਹਿਗੁਰੂ ਦਾ ਕਰਾਇਆ ਹੋਇਆ ਕਰਦੇ ਹਨ?

ਪਉੜੀ ॥
ਪਉੜੀ।

ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥
ਧਨ-ਦੌਲਤ ਦੀ ਪ੍ਰੀਤ, ਵਿਸ਼ੇ ਭੋਗ, ਗੁੱਸਾ ਅਤੇ ਸਵੈ-ਹੰਗਤਾ ਭੂਤਨਿਆਂ ਦੀ ਨਿਆਈ ਹਨ।

ਏਹ ਜਮ ਕੀ ਸਿਰਕਾਰ ਹੈ ਏਨ੍ਹ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥
ਉਹ ਮੌਤ ਦੀ ਰਿਆਇਆ ਹਨ ਅਤੇ ਇਨ੍ਹਾਂ ਦੇ ਸਿਰ ਉਤੇ ਮੌਤ ਦੇ ਫਰੇਸ਼ਤੇ ਦਾ ਡਾਢਾ ਡੰਡਾ ਲਟਕ ਰਿਹਾ ਹੈ।

ਮਨਮੁਖ ਜਮ ਮਗਿ ਪਾਈਅਨ੍ਹ੍ਹਿ ਜਿਨ੍ਹ੍ਹ ਦੂਜਾ ਭਾਉ ਪਿਆਰਾ ॥
ਅਧਰਮੀ ਜੋ ਦਵੈਤ-ਭਾਵ ਨਾਲ ਪ੍ਰੇਮ ਕਰਦੇ ਹਨ, ਮੌਤ ਦੇ ਮਾਰਗ ਵਿੱਚ ਧੱਕੇ ਜਾਂਦੇ ਹਨ।

ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥
ਮੁਸ਼ਕਾਂ ਬੰਨ੍ਹ ਕੇ ਉਹ ਮੌਤ ਦੇ ਸ਼ਹਿਰ ਵਿੱਚ ਕੁੱਟੇ ਜਾਂਦੇ ਹਨ ਅਤੇ ਕੋਈ ਭੀ ਉਨ੍ਹਾਂ ਦੇ ਚੀਕ ਚਿਹਾੜੇ ਨੂੰ ਨਹੀਂ ਸੁਣਦਾ।

ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥
ਜਿਸ ਉਤ ਸਾਈਂ ਮਿਹਰ ਧਾਰਦਾ ਹੈ, ਉਸ ਨੂੰ ਵਾਹਿਗੁਰੂ ਜੀ ਮਿਲ ਪੈਂਦੇ ਹਨ। ਗੁਰਾਂ ਦੇ ਰਾਹੀਂ, ਪ੍ਰਾਣੀ ਪਾਰ ਉਤੱਰ ਜਾਂਦਾ ਹੈ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥
ਅਹੰਕਾਰ ਅਤੇ ਅਪਣੱਤ ਮਾਇਕੀ ਰੁਚੀ ਨੂੰ ਉਭਾਰਦੀ ਹੈ ਅਤੇ ਇਹ ਅਧਰਮੀਆਂ ਨੂੰ ਖਾ ਜਾਂਦੀ ਹੈ।

ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥
ਜਿਹੜੇ ਆਪਣੇ ਮਨ ਨੂੰ ਹੋਰਸ ਦੀ ਪ੍ਰੀਤ ਨਾਲ ਜੋੜਦੇ ਹਨ, ਇਹ ਮਾਇਆ ਉਨ੍ਹਾਂ ਨੂੰ ਤੰਗ ਕਰਦੀ ਤੇ ਚਿਮੜ ਜਾਂਦੀ ਹੈ।

ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥
ਜੇਕਰ ਗੁਰਾਂ ਦੀ ਬਾਣੀ ਦੁਆਰਾ ਸਾੜ ਦਿੱਤੀ ਜਾਵੇ, ਕੇਵਲ ਤਦ ਹੀ ਇਹ ਅੰਦਰੋਂ ਬਾਹਰ ਹੁੰਦੀ ਹੈ।

ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥
ਤਦ ਦੇਹ ਤੇ ਆਤਮਾ ਰੋਸ਼ਨ ਹੋ ਜਾਂਦੇ ਹਨ ਅਤੇ ਨਾਮ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।

ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥
ਨਾਨਕ, ਵਾਹਿਗੁਰੂ ਦਾ ਨਾਮ ਮੋਹਨੀ ਮਾਇਆ ਦਾ ਮਸਾਲਾ (ਦਾਰੂ) ਹੈ। ਗੁਰਾਂ ਦੇ ਰਾਹੀਂ ਇਹ ਨਾਮ ਪ੍ਰਾਪਤ ਹੁੰਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥
ਇਹ ਆਤਮਾ ਘਣੇਰਿਆਂ ਯੁੱਗਾਂ ਅੰਦਰ ਭਟਕਦੀ ਰਹੀ ਹੈ। ਇਹ ਅਸਥਿਰ ਨਹੀਂ ਹੁੰਦੀ ਅਤੇ ਆਉਂਦੀ ਤੇ ਜਾਂਦੀ ਰਹਿੰਦੀ ਹੈ।

ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ ॥
ਜੇ ਤੇ ਜਦ ਵਾਹਿਗੁਰੂ ਭਾਉਂਦਾ ਹੈ ਤਦ ਉਹ ਆਤਮਾ ਨੂੰ ਭਟਕਾਉਂਦਾ ਹੈ। ਉਸ ਨੇ ਹੀ ਜਗਤ ਖੇਡ ਰਚੀ ਹੈ।

ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ ॥
ਜਦ ਸੁਆਮੀ ਬੰਦੇ ਨੂੰ ਮਾਫ ਕਰ ਦਿੰਦਾ ਹੈ, (ਬਖਸ਼ਦਾ ਹੈ) ਤਦ ਹੀ ਗੁਰੂ ਹੀ ਮਿਲਦੇ ਹਨ ਅਤੇ ਅਡੋਲ ਹੋ ਕੇ, ਉਹ ਸੁਆਮੀ ਅੰਦਰ ਲੀਨ ਰਹਿੰਦਾ ਹੈ।

copyright GurbaniShare.com all right reserved. Email