ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥
ਜਾਨਣਹਾਰ ਵਾਹਿਗੁਰੂ ਸਾਰਾ ਕੁਝ ਜਾਣਦਾ ਹੈ ਅਤੇ ਸਮਝ ਦੇ ਆਪਣੀ ਰਚਨਾ ਵੱਲ ਧਿਆਨ ਦਿੰਦਾ ਹੈ। ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥ ਆਪਣੀ ਸ਼ਕਤੀ ਦੁਆਰਾ, ਸੁਆਮੀ ਇਕ ਮੁਹਤ ਵਿੱਚ ਘਣੇਰੇ ਸਰੂਪ ਅਖਤਿਆਰ ਕਰ ਲੈਂਦਾ ਹੈ। ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥ ਜਿਸ ਨੂੰ ਸਾਹਿਬ ਸੱਚ ਨਾਲ ਜੋੜਦਾ ਹੈ, ਉਸ ਦਾ ਉਹ ਪਾਰ ਉਤਾਰਾ ਕਰ ਦਿੰਦਾ ਹੈ। ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥ ਜਿਸ ਦੇ ਪਾਸੇ ਉਹ ਮਾਲਕ ਹੈ, ਉਹ ਕਦਾਚਿਤ ਨਹੀਂ ਹਾਰਦਾ। ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥ ਸਦੀਵ ਹੀ ਅਬਿਨਾਸ਼ੀ ਹੈ ਉਸ ਦਾ ਦਰਬਾਰ ਉਸ ਨੂੰ ਮੈਂ ਬੰਦਨਾ ਕਰਦਾ ਹਾਂ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥ ਤੂੰ ਆਪਣੇ ਕਾਮ, ਕ੍ਰੋਧ ਅਤੇ ਲਾਲਚ ਨੂੰ ਤਿਆਗ ਦੇ ਅਤੇ ਉਨ੍ਹਾਂ ਨੂੰ ਅੱਗ ਵਿੱਚ ਸਾੜ ਸੁੱਟ। ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥੧॥ ਜਦ ਤਾਈਂ ਤੂੰ ਜੀਊਦਾ ਹੈਂ, ਸਦਾ ਹੀ ਸੱਚੇ ਨਾਮ ਦਾ ਸਿਮਰਨ ਕਰ, ਹੇ ਨਾਨਕ! ਮਃ ੫ ॥ ਪੰਜਵੀਂ ਪਾਤਿਸ਼ਾਹੀ। ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ ॥ ਆਪਣੇ ਸੁਆਮੀ ਨੂੰ ਯਾਦ ਤੇ ਚੇਤੇ ਕਰਨ ਦੁਆਰਾ ਮੈਂ ਸਾਰੇ ਮੇਵੇ (ਪਦਾਰਥ) ਪ੍ਰਾਪਤ ਕਰ ਲਏ ਹਨ। ਨਾਨਕ ਨਾਮੁ ਅਰਾਧਿਆ ਗੁਰ ਪੂਰੈ ਦੀਆ ਮਿਲਾਇ ॥੨॥ ਹੇ ਨਾਨਕ! ਮੈਂ ਨਾਮ ਦਾ ਸਿਮਰਨ ਕੀਤਾ ਹੈ ਅਤੇ ਪੂਰਨ ਗੁਰਾਂ ਨੇ ਮੈਨੂੰ ਸਾਹਿਬ ਨਾਲ ਮਿਲਾ ਦਿੱਤਾ ਹੈ। ਪਉੜੀ ॥ ਪਉੜੀ। ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ ॥ ਜਿਸ ਨੂੰ ਗੁਰਾਂ ਨੇ ਸਿੱਖਮਤ ਦਿੱਤਾ ਹੈ, ਉਹ ਇਸ ਜਹਾਨ ਵਿੱਚ ਬੰਦ-ਖਲਾਸ ਹੈ। ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥ ਉਸ ਦੀ ਮੁਸੀਬਤ ਟਲ ਗਈ ਹੈ ਅਤੇ ਉਸ ਦਾ ਫਿਰਕ ਦੂਰ ਹੋ ਗਿਆ ਹੈ। ਤਿਸ ਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ ॥ ਉਸ ਦਾ ਦੀਦਾਰ ਵੇਖ ਕੇ ਸੰਸਾਰ ਪਰਮ ਪ੍ਰਸੰਨ ਹੋ ਜਾਂਦਾ ਹਾਂ। ਜਨ ਕੈ ਸੰਗਿ ਨਿਹਾਲੁ ਪਾਪਾ ਮੈਲੁ ਧੋਇ ॥ ਸਾਹਿਬ ਦੇ ਗੋਲੇ ਦੀ ਸੰਗਤ ਅੰਦਰ ਬੰਦਾ ਖੁਸ਼ ਥੀ ਵੰਞਦਾ ਹੈ ਅਤੇ ਉਸ ਦੇ ਗੁਨਾਹਾਂ ਦੀ ਗੰਦਗੀ ਧੋਤੀ ਜਾਂਦੀ ਹੈ। ਅੰਮ੍ਰਿਤੁ ਸਾਚਾ ਨਾਉ ਓਥੈ ਜਾਪੀਐ ॥ ਸੁਧਾ-ਸਰੂਪ ਸੱਚਾ ਨਾਮ ਉਥੇ ਸਿਮਰਿਆ ਜਾਂਦਾ ਹੈ। ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ ॥ ਆਤਮਾਂ ਨੂੰ ਸੰਤੁਸ਼ਟਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਭੁੱਖ ਤ੍ਰਿਪਤ ਥੀ ਵੰਞਦਾ ਹੈ। ਜਿਸੁ ਘਟਿ ਵਸਿਆ ਨਾਉ ਤਿਸੁ ਬੰਧਨ ਕਾਟੀਐ ॥ ਜੀਹਦੇ ਦਿਲ ਅੰਦਰ ਨਾਮ ਵੱਸਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ। ਗੁਰ ਪਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ ॥੫॥ ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਟੱਲਾ ਪੁਰਸ਼ ਹੀ ਵਾਹਿਗੁਰੂ ਦੇ ਨਾਮ ਦੀ ਦੌਲਤ ਨੂੰ ਕਮਾਉਂਦਾ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥ ਆਪਣੇ ਚਿੱਤ ਅੰਦਰ ਮੈਂ ਹਮੇਸ਼ਾਂ ਸਾਜਰੇ (ਅੰਮ੍ਰਿਤ ਵੇਲੇ) ਉਠਣ ਅਤੇ ਉਪਰਾਲਾ ਕਰਨ ਦੀ ਸੋਚ ਸੋਚਦਾ ਹਾਂ ਕਿ-। ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥ ਹੇ ਵਾਹਿਗੁਰੂ! ਮਿੱਤ੍ਰ, ਨਾਨਕ ਨੂੰ ਸਾਈਂ ਦੀ ਕੀਰਤੀ ਗਾਇਨ ਕਰਨ ਦੇ ਪਿਆਰੇ-ਉਦੱਮ ਦੀ ਦਾਤ ਹੈਂ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ ॥ ਆਪਣੀ ਮਿਹਰ ਦੀ ਨਿਗ੍ਹਾ ਕਰ ਕੇ, ਸੁਆਮੀ ਨੇ ਮੈਨੂੰ ਬਚਾ ਲਿਆ ਹੈ ਮੇਰੀ ਆਤਮਾ ਤੇ ਦੇਹ ਆਦੀ ਨਿਰੰਕਾਰ ਨਾਲ ਰੰਗੇ ਗਏ ਹਨ। ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥੨॥ ਨਾਨਕ, ਜੇਹੜੀਆ ਆਪਣੇ ਮਾਲਕ ਨੂੰ ਚੰਗੀਆਂ ਲਗਦੀਆਂ ਹਨ, ਉਨ੍ਹਾਂ ਦੇ ਨਿਰਬਲ ਸੋਗ ਮਰ ਮੁੱਕ ਜਾਂਦੇ ਹਨ। ਪਉੜੀ ॥ ਪਉੜੀ। ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਆਪਣੇ ਮਨ ਦੀ ਪੀੜ ਸੰਬੰਧੀ ਆਪਣੇ ਗੁਰਾਂ ਅੱਗੇ ਪ੍ਰਾਰਥਨਾ ਕਰ। ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ ਤੂੰ ਆਪਣੀ ਸਾਰੀ ਚਤੁਰਾਈ ਤਿਆਗ ਦੇ ਅਤੇ ਉਨ੍ਹਾਂ ਨੂੰ ਆਤਮਾ ਤੇ ਦੇਹ ਸਮਰਪਨ ਕਰ ਦੇ। ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥ ਤੂੰ ਗੁਰਾਂ ਦੇ ਚਰਨਾਂ ਦੀ ਉਪਾਸ਼ਨਾ ਕਰ, ਤਾਂ ਜੋ ਤੇਰੀ ਖੋਟੀ-ਅਕਲ ਸੜ ਵੰਞੇ ਹਨ। ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ॥ ਨੇਕ ਪੁਰਸ਼ਾਂ ਦੀ ਸੰਗਤ ਨਾਲ ਜੁੜ ਕੇ, ਤੂੰ ਬਿਖੜੇ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ। ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥ ਆਪਣੇ ਰੱਬ ਰੂਪ ਸੱਚੇ ਗੁਰਾਂ ਦੀ ਘਾਲ ਕਮਾ। ਤੂੰ ਏਦੂੰ ਮਗਰੋਂ, ਭੈ ਨਾਲ ਨਹੀਂ ਮਰਨੂੰਗਾ। ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ ॥ ਇਕ ਮੁਹਤ ਵਿੱਚ ਉਹ ਤੈਨੂੰ ਪ੍ਰਸੰਨ ਕਰ ਦੇਣਗੇ ਅਤੇ ਤੇਰੇ ਖਾਲੀ ਭਾਂਡੇ ਨੂੰ ਪੂਰੀ ਤਰ੍ਹਾਂ ਲਬਾਲਬ ਭਰ ਦੇਣਗੇ। ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ॥ ਹਮੇਸ਼ਾਂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਚਿੱਤ ਨੂੰ ਸੰਤੁਸ਼ਟਤਾ ਪ੍ਰਾਪਤ ਹੋ ਜਾਂਦੀ ਹੈ। ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥੬॥ ਕੇਵਲ ਓਹੀ ਸੱਚੇ ਗੁਰਾਂ ਦੀ ਚਾਕਰੀ ਅੰਦਰ ਜੁੜਦਾ ਹੈ, ਜਿਸ ਉਤੇ ਵਾਹਿਗੁਰੂ ਦੀ ਰਹਿਮਤ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥ ਮੈਂ ਸ੍ਰੇਸ਼ਟ ਅਸਥਾਨ ਨਾਲ ਜੁੜਿਆ ਹੋਇਆ ਹਾਂ। ਜੋੜਨ ਵਾਲੇ ਨੇ ਮੈਨੂੰ ਜੋੜਿਆ ਹੈ। ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥੧॥ ਨਾਨਕ, ਸੈਂਕੜੇ ਅਤੇ ਲੱਖਾਂ ਛੱਲਾਂ ਹਨ, ਪਰ ਮੇਰਾ ਕੰਤ ਮੈਨੂੰ ਡੁੱਬਣ ਨਹੀਂ ਦਿੰਦਾ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥ ਭਿਆਨਕ ਬੀਆਬਾਣ ਵਿੱਚ ਮੈਨੂੰ ਇਕ ਸੰਗੀ ਮਿਲ ਪਿਆ ਹੈ, ਵਾਹਿਗੁਰੂ ਦਾ ਨਾਮ, ਜੋ ਕਸ਼ਟ ਨੂੰ ਨਸ਼ਟ ਕਰਨ ਵਾਲਾ ਹੈ। ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥੨॥ ਕੁਰਬਾਨ, ਕੁਰਬਾਨ ਹਾਂ, ਮੈਂ ਲਾਡਲੇ ਸੰਤਾਂ ਉਤੋਂ, ਜਿਨ੍ਹਾਂ ਨੇ ਮੇਰੇ ਕਾਰਜ ਰਾਸ ਕਰ ਦਿੱਤੇ ਹਨ, ਹੇ ਨਾਨਕ! ਪਉੜੀ ॥ ਪਉੜੀ। ਪਾਈਅਨਿ ਸਭਿ ਨਿਧਾਨ ਤੇਰੈ ਰੰਗਿ ਰਤਿਆ ॥ ਤੇਰੇ ਪ੍ਰੇਮ ਨਾਲ ਰੰਗੀਜਣ ਦੁਆਰਾ, ਹੇ ਪ੍ਰਭੂ! ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ। ਨ ਹੋਵੀ ਪਛੋਤਾਉ ਤੁਧ ਨੋ ਜਪਤਿਆ ॥ ਤੇਰਾ ਸਿਮਰਨ ਕਰਨ ਦੁਆਰਾ ਪ੍ਰਾਣੀ ਨੂੰ ਪਸਚਾਤਾਪ ਨਹੀਂ ਵਿਆਪਦਾ। ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥ ਤੇਰੇ ਗੋਲੇ ਨੂੰ ਤੇਰਾ ਹੀ ਆਸਰਾ ਹੈ। ਕੋਈ ਭੀ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥ ਸੁਬਹਾਨ! ਸੁਬਹਾਨ! ਹਨ ਪੂਰਨ ਗੁਰਦੇਵ ਜੀ। ਚਿੱਤ ਵਿੱਚ ਉਨ੍ਹਾਂ ਨੂੰ ਚੇਤੇ ਕਰ ਕੇ ਮੈਂ ਆਰਾਮ ਪਾਉਂਦਾ ਹਾਂ। ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ ॥ ਗੁਰਾਂ ਪਾਸ ਸੁਆਮੀ ਦੀ ਕੀਰਤੀ ਦਾ ਖਜਾਨਾ ਹੈ। ਗੁਰਾਂ ਦੀ ਦਇਆ ਦੁਆਰਾ ਇਹ ਪਾਇਆ ਜਾਂਦਾ ਹੈ। ਸਤਿਗੁਰ ਨਦਰਿ ਨਿਹਾਲ ਬਹੁੜਿ ਨ ਧਾਈਐ ॥ ਜਦ ਸੱਚੇ ਗੁਰੂ ਜੀ ਮਿਹਰ ਨਾਲ ਤੱਕਦੇ ਹਨ, ਤਾਂ ਪ੍ਰਾਣੀ, ਮੁੜ ਕੇ, ਭੰਬਲ ਭੂਸੇ ਨਹੀਂ ਖਾਂਦਾ ਹੈ। ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥ ਇਨਸਾਨ ਨੂੰ ਆਪਣਾ ਨਿੱਜ ਦਾ ਨਫਰ ਬਣਾ, ਮਿਹਰਬਾਨ ਮਾਲਕ ਖੁਦ ਉਸ ਦੀ ਰੱਖਿਆ ਕਰਦਾ ਹੈ। ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ ॥੭॥ ਮੈਂ ਹਰੀ, ਹਰੀ, ਹਰੀ, ਹਰੀ, ਦਾ ਨਾਮ ਇਕ ਰਸ ਸ੍ਰਵਣ ਕਰਨ ਦੁਆਰਾ ਜੀਊਦਾਂ ਹਾਂ। copyright GurbaniShare.com all right reserved. Email |