Page 539
ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥੩॥
ਹਾੜੇ ਤੇ ਤਰਲੇ ਕੱਢਦੇ ਹੋਏ ਸਾਹਿਬ ਦੇ ਗੋਲੇ ਉਸ ਦੀ ਸ਼ਰਣ ਲੈਂਦੇ ਹਨ, ਹੇ ਮੇਰੇ ਜੀਊੜਿਆ! ਅਤੇ ਨਿਰੰਕਾਰੀ ਗੁਰੂ ਨਾਨਕ ਉਨ੍ਹਾਂ ਦੀ ਰੱਖਿਆ ਕਰਨ ਵਾਲੇ ਹੋ ਜਾਂਦੇ ਹਨ।

ਹਰਿ ਜਨ ਹਰਿ ਲਿਵ ਉਬਰੇ ਮੇਰੀ ਜਿੰਦੁੜੀਏ ਧੁਰਿ ਭਾਗ ਵਡੇ ਹਰਿ ਪਾਇਆ ਰਾਮ ॥
ਰੱਬ ਦੀ ਪ੍ਰੀਤ ਦੇ ਰਾਹੀਂ ਰੱਬ ਦੇ ਬੰਦੇ ਪਾਰ ਉਤਰ ਜਾਂਦੇ ਹਨ। ਹੇ ਮੇਰੇ ਜੀਵੜਿਆ! ਮੁੱਢ ਦੇ ਪਰਮ ਚੰਗੇ ਨਸੀਬਾਂ ਦੇ ਜ਼ਰੀਏ ਉਹ ਆਪਣੇ ਸੁਆਮੀ ਨੂੰ ਪ੍ਰਾਪਤ ਹੋ ਜਾਂਦੇ ਹਨ।

ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ ਗੁਰ ਖੇਵਟ ਸਬਦਿ ਤਰਾਇਆ ਰਾਮ ॥
ਵਾਹਿਗੁਰੂ ਸੁਆਮੀ ਦਾ ਨਾਮ ਜਹਾਜ਼ ਹੈ, ਹੇ ਮੇਰੇ ਜੀਵੜਿਆ! ਅਤੇ ਗੁਰੂ ਮਲਾਹ, ਆਪਣੇ ਉਪਦੇਸ਼ ਦੁਆਰਾ, ਬੰਦੇ ਨੂੰ ਪਾਰ ਕਰ ਦਿੰਦੇ ਹਨ।

ਹਰਿ ਹਰਿ ਪੁਰਖੁ ਦਇਆਲੁ ਹੈ ਮੇਰੀ ਜਿੰਦੁੜੀਏ ਗੁਰ ਸਤਿਗੁਰ ਮੀਠ ਲਗਾਇਆ ਰਾਮ ॥
ਮਿਹਰਬਾਨ ਹੈ ਸਰਬ-ਸ਼ਕਤੀਵਾਨ ਪ੍ਰਭੂ-ਪ੍ਰਮੇਸ਼ਰ, ਹੇ ਮੇਰੀ ਜਿੰਦੜੀਏ! ਵਿਸ਼ਾਲ ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਇਨਸਾਨ ਨੂੰ ਮਿੱਠੜਾ ਲੱਗਣ ਲੱਗ ਜਾਂਦਾ ਹੈ।

ਕਰਿ ਕਿਰਪਾ ਸੁਣਿ ਬੇਨਤੀ ਹਰਿ ਹਰਿ ਜਨ ਨਾਨਕ ਨਾਮੁ ਧਿਆਇਆ ਰਾਮ ॥੪॥੨॥
ਮੇਰੇ ਸੁਆਮੀ ਵਾਹਿਗੁਰੂ ਆਪਣੀ ਰਹਿਮਤ ਧਾਰ, ਗੋਲੇ ਨਾਨਕ ਦੀ ਪ੍ਰਾਰਥਨਾ ਸ੍ਰਵਣ ਕਰ ਅਤੇ ਉਸ ਤੋਂ ਆਪਣੇ ਨਾਮ ਦਾ ਸਿਮਰਨ ਕਰਵਾ।

ਬਿਹਾਗੜਾ ਮਹਲਾ ੪ ॥
ਬਿਹਾਗੜਾ ਚੌਥੀ ਪਾਤਸ਼ਾਹੀ।

ਜਗਿ ਸੁਕ੍ਰਿਤੁ ਕੀਰਤਿ ਨਾਮੁ ਹੈ ਮੇਰੀ ਜਿੰਦੁੜੀਏ ਹਰਿ ਕੀਰਤਿ ਹਰਿ ਮਨਿ ਧਾਰੇ ਰਾਮ ॥
ਹੇ ਮੇਰੀ ਜਿੰਦੇ! ਰੱਬ ਦੇ ਨਾਮ ਦੀ ਸਿਫ਼ਤ ਸ਼ਲਾਘਾ ਕਰਨੀ ਇਕ ਚੰਗਾ ਬਿਉਹਾਰ ਹੈ, ਇਸ ਸੰਸਾਰ ਅੰਦਰ! ਸੁਆਮੀ ਦੀ ਕੀਰਤੀ ਰਾਹੀਂ ਸੁਆਮੀ ਹਿਰਦੇ ਵਿੱਚ ਟਿਕ ਜਾਂਦਾ ਹੈ।

ਹਰਿ ਹਰਿ ਨਾਮੁ ਪਵਿਤੁ ਹੈ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਨਾਮੁ ਉਧਾਰੇ ਰਾਮ ॥
ਪਵਿੱਤ੍ਰ ਹੈ ਪ੍ਰਭੂ ਪ੍ਰਮੇਸ਼ਰ ਦਾ ਨਾਮ, ਹੇ ਮੇਰੀ ਜਿੰਦੜੀਏ! ਪ੍ਰਭੂ ਪ੍ਰਮੇਸ਼ਰ ਦੇ ਨਾਮ ਦੀ ਅਰਾਧਨਾ ਕਰਨ ਦੁਆਰਾ ਪ੍ਰਾਣੀ ਪਾਰ ਉੱਤਰ ਜਾਂਦਾ ਹੈ।

ਸਭ ਕਿਲਵਿਖ ਪਾਪ ਦੁਖ ਕਟਿਆ ਮੇਰੀ ਜਿੰਦੁੜੀਏ ਮਲੁ ਗੁਰਮੁਖਿ ਨਾਮਿ ਉਤਾਰੇ ਰਾਮ ॥
ਸਾਰੇ ਗੁਨਾਹ, ਕੁਕਰਮ ਅਤੇ ਦੁਖੜੇ ਨਾਸ ਹੋ ਜਾਂਦੇ ਹਨ, ਹੇ ਮੇਰੀ ਜਿੰਦੇ! ਅਤੇ ਨਾਮ ਦੇ ਰਾਹੀਂ ਮੁਖੀ ਗੁਰੂ ਜੀ ਮੈਲ ਨੂੰ ਕੱਟ ਦਿੰਦੇ ਹਨ।

ਵਡ ਪੁੰਨੀ ਹਰਿ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾਮ ॥੧॥
ਪਰਮ ਚੰਗੇ ਨਸੀਬਾਂ ਦੇ ਜ਼ਰੀਏ ਨੌਕਰ ਨਾਨਕ ਨੇ ਸਾਹਿਬ ਦਾ ਸਿਮਰਨ ਕੀਤਾ ਹੈ ਅਤੇ ਉਸ ਨੇ ਮੇਰੇ ਵਰਗੇ ਬੇਵਕੂਫ ਤੇ ਬੁਧੂਆ ਨੂੰ ਭੀ ਤਾਰ ਦਿੱਤਾ ਹੈ।

ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੁੜੀਏ ਤਿਨਾ ਪੰਚੇ ਵਸਗਤਿ ਆਏ ਰਾਮ ॥
ਜੋ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦੇ ਹਨ, ਹੇ ਮੇਰੀ ਜਿੰਦੇ! ਪੰਜੇ ਮੰਦ ਖਾਹਿਸ਼ਾਂ ਉਨ੍ਹਾਂ ਦੇ ਵੱਸ ਵਿੱਚ ਆ ਜਾਂਦੀਆਂ ਹਨ।

ਅੰਤਰਿ ਨਵ ਨਿਧਿ ਨਾਮੁ ਹੈ ਮੇਰੀ ਜਿੰਦੁੜੀਏ ਗੁਰੁ ਸਤਿਗੁਰੁ ਅਲਖੁ ਲਖਾਏ ਰਾਮ ॥
ਅੰਦਰਵਾਰ ਨਾਮ ਦੇ ਨੌਂ ਖਜਾਨੇ ਹਨ, ਹੇ ਮੇਰੀ ਜਿੰਦੇ! ਅਤੇ ਵੱਡੇ ਸੱਚੇ ਗੁਰੂ ਜੀ ਅਦ੍ਰਿਸ਼ਟਾ ਨੂੰ ਵਿਖਾਲ ਦਿੰਦੇ ਹਨ।

ਗੁਰਿ ਆਸਾ ਮਨਸਾ ਪੂਰੀਆ ਮੇਰੀ ਜਿੰਦੁੜੀਏ ਹਰਿ ਮਿਲਿਆ ਭੁਖ ਸਭ ਜਾਏ ਰਾਮ ॥
ਗੁਰੂ ਨੇ ਮੇਰੀਆਂ ਉਮੈਦਾਂ ਅਤੇ ਸੱਧਰਾਂ ਪੂਰਨ ਕਰ ਦਿੱਤੀਆਂ ਹਨ, ਹੇ ਮੇਰੀ ਜਿੰਦੇ! ਵਾਹਿਗੁਰੂ ਨੂੰ ਭੇਟਣ ਦੁਆਰਾ ਮੇਰੀ ਸਾਰੀ ਖੁਧਿਆ ਨਵਿਰਤ ਹੋ ਗਈ ਹੈ।

ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਮੇਰੀ ਜਿੰਦੁੜੀਏ ਜਨ ਨਾਨਕ ਹਰਿ ਗੁਣ ਗਾਏ ਰਾਮ ॥੨॥
ਗੋਲਾ ਨਾਨਕ ਆਖਦਾ ਹੈ, ਕੇਵਲ ਓਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਹੇ ਮੇਰੇ ਜੀਊੜਿਆ! ਜਿਸ ਦੇ ਮੱਥੇ ਉਤੇ ਸੁਆਮੀ ਵਾਹਿਗੁਰੂ ਨੇ ਮੁੱਢ ਤੋਂ ਐਸਾ ਲਿਖ ਛੱਡਿਆ ਹੈ।

ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ ਪਰਦ੍ਰੋਹੀ ਠਗ ਮਾਇਆ ਰਾਮ ॥
ਹੇ ਮੇਰੀ ਜਿੰਦੜੀਏ! ਮੈਂ ਗੁਨਾਹਗਾਰ, ਧੋਖੇਬਾਜ ਛਲੀਆ ਅਤੇ ਹੋਰਨਾਂ ਦਾ ਮਾਲ ਧਨ ਲੁੱਟਣ ਵਾਲਾ ਹਾਂ।

ਵਡਭਾਗੀ ਗੁਰੁ ਪਾਇਆ ਮੇਰੀ ਜਿੰਦੁੜੀਏ ਗੁਰਿ ਪੂਰੈ ਗਤਿ ਮਿਤਿ ਪਾਇਆ ਰਾਮ ॥
ਭਾਰੇ ਨਸੀਬਾਂ ਦੁਆਰਾ ਮੈਨੂੰ ਗੁਰੂ ਪ੍ਰਾਪਤ ਹੋਇਆ ਹੈ, ਹੇ ਮੇਰੀ ਜਿੰਦੜੀਏ! ਅਤੇ ਪੂਰਨ ਗੁਰਾਂ ਦੇ ਰਾਹੀਂ ਹੀ ਮੈਂਨੂੰ ਮੋਖ਼ਸ਼ ਦਾ ਮਾਰਗ ਮਿਲਿਆ ਹੈ।

ਗੁਰਿ ਅੰਮ੍ਰਿਤੁ ਹਰਿ ਮੁਖਿ ਚੋਇਆ ਮੇਰੀ ਜਿੰਦੁੜੀਏ ਫਿਰਿ ਮਰਦਾ ਬਹੁੜਿ ਜੀਵਾਇਆ ਰਾਮ ॥
ਗੁਰਾਂ ਨੇ ਵਾਹਿਗੁਰੂ ਦਾ ਸੁਧਾਰਸ (ਅੰਮ੍ਰਿਤ) ਮੇਰੇ ਮੂੰਹ ਵਿੱਚ ਪਾਇਆ ਹੈ, ਹੇ ਮੇਰੇ ਜੀਵਿੜਿਆ! ਅਤੇ ਤਦ ਮੇਰੀ ਮੁਰਦਾ ਆਤਮਾ ਮੁੜ ਕੇ ਸੁਰਜੀਤ ਹੋ ਗਈ ਹੈ।

ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੁੜੀਏ ਤਿਨ ਕੇ ਸਭ ਦੁਖ ਗਵਾਇਆ ਰਾਮ ॥੩॥
ਗੋਲਾ ਨਾਨਕ ਆਖਦਾ ਹੈ, ਜਿਹੜੇ ਆਪਣੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਹੇ ਮੇਰੀ ਜਿੰਦੇ! ਉਨ੍ਹਾਂ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।

ਅਤਿ ਊਤਮੁ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਜਿਤੁ ਜਪਿਐ ਪਾਪ ਗਵਾਤੇ ਰਾਮ ॥
ਪਰਮ ਸ੍ਰੇਸ਼ਟ ਹੈ ਵਾਹਿਗੁਰੂ ਦਾ ਨਾਮ, ਹੇ ਮੇਰੀ ਜਿੰਦੇ! ਜਿਸ ਦਾ ਆਰਾਧਨ ਕਰਨ ਦੁਆਰਾ ਗੁਨਾਹ ਧੋਤੇ ਜਾਂਦੇ ਹਨ।

ਪਤਿਤ ਪਵਿਤ੍ਰ ਗੁਰਿ ਹਰਿ ਕੀਏ ਮੇਰੀ ਜਿੰਦੁੜੀਏ ਚਹੁ ਕੁੰਡੀ ਚਹੁ ਜੁਗਿ ਜਾਤੇ ਰਾਮ ॥
ਪਾਪੀਆਂ ਨੂੰ ਗੁਰੂ- ਗੋਬਿੰਦ ਪਾਵਨ ਕਰ ਦਿੰਦੇ ਹਨ, ਹੇ ਮੇਰੀ ਜਿੰਦੇ! ਅਤੇ ਉਹ ਚਾਰੀ ਪਾਸੀਂ ਅਤੇ ਚਾਰਾਂ ਹੀ ਯੁਗਾਂ ਅੰਦਰ ਪ੍ਰਸਿੱਧ ਹੋ ਜਾਂਦੇ ਹਨ।

ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥
ਵਾਹਿਗੁਰੂ ਦੇ ਨਾਮ- ਸੁਧਾਰਸ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ, ਹੇ ਮੇਰੇ ਜਿੰਦੇ! ਸਵੈ- ਹੰਗਤਾ ਦੀ ਸਮੂਹ ਮਲੀਣਤਾ ਕੱਟੀ ਜਾਂਦੀ ਹੈ।

ਅਪਰਾਧੀ ਪਾਪੀ ਉਧਰੇ ਮੇਰੀ ਜਿੰਦੁੜੀਏ ਜਨ ਨਾਨਕ ਖਿਨੁ ਹਰਿ ਰਾਤੇ ਰਾਮ ॥੪॥੩॥
ਨੌਕਰ ਨਾਨਕ ਆਖਦਾ ਹੈ, ਇੱਕ ਮੁਹਤ ਭਰ ਲਈ ਭੀ ਵਾਹਿਗੁਰੂ ਨਾਲ ਰੰਜੀਗਣ ਦੁਆਰਾ, ਹੇ ਮੇਰੇ ਜੀਊੜਿਆ! ਮੁਜਰਮ ਅਤੇ ਪਾਂਬਰ ਪਾਰ ਉਤੱਰ ਜਾਂਦੇ ਹਨ।

ਬਿਹਾਗੜਾ ਮਹਲਾ ੪ ॥
ਬਿਹਗੜਾ ਚੌਥੀ ਪਾਤਸ਼ਾਹੀ।

ਹਉ ਬਲਿਹਾਰੀ ਤਿਨ੍ਹ੍ਹ ਕਉ ਮੇਰੀ ਜਿੰਦੁੜੀਏ ਜਿਨ੍ਹ੍ਹ ਹਰਿ ਹਰਿ ਨਾਮੁ ਅਧਾਰੋ ਰਾਮ ॥
ਹੇ ਮੇਰੀ ਜਿੰਦੇ! ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੂੰ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ।

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖੁ ਭਉਜਲੁ ਤਾਰਣਹਾਰੋ ਰਾਮ ॥
ਵਿਸ਼ਾਲ ਸਤਿਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ, ਹੇ ਮੇਰੀ ਜਿੰਦੇ! ਅਤੇ ਇਸ ਨੇ ਮੈਂਨੂੰ ਸੰਸਾਰ ਦੇ ਜ਼ਹਿਰ ਦੇ ਭਿਆਨਕ ਸਮੁੰਦਰ ਤੌਂ ਪਾਰ ਕਰ ਦਿੱਤਾ ਹੈ।

ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ॥
ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਹੇ ਮੇਰੀ ਜਿੰਦੜੀਏ! ਉਨ੍ਹਾਂ ਨੇਕ ਪੁਰਸ਼ਾਂ ਦੀ ਜਿੱਤ ਦੇ ਮੈਂ ਨਾਹਰੇ ਲਾਉਂਦਾ ਹਾਂ।

copyright GurbaniShare.com all right reserved. Email