Page 540
ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ ਰਾਮ ॥੧॥
ਹੇ ਮੇਰੀ ਜਿੰਦੇ! ਸਾਰੀਆਂ ਪੀੜਾਂ ਨੂੰ ਨਾਸ ਕਰਨ ਵਾਲੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਨਾਨਕ ਨੂੰ ਆਰਾਮ ਪਰਾਪਤ ਹੋਇਆ ਹੈ।

ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥
ਮੁਬਾਰਕ! ਮੁਬਾਰਕ ਹੈ ਉਹ ਜੀਭਾ, ਹੇ ਮੇਰੀ ਜਿੰਦੜੀਏ! ਜੋ ਪ੍ਰਭੂ ਪਰਮੇਸ਼ਰ ਦੇ ਗੁਣ ਗਾਇਨ ਕਰਦੀ ਹੈ।

ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥
ਸ੍ਰੇਸ਼ਟ ਅਤੇ ਸੁਭਾਇਮਾਨ ਹਨ, ਉਹ ਕੰਨ, ਹੇ ਮੇਰੀ ਜਿੰਦੇ! ਜੋ ਸੁਆਮੀ ਵਾਹਿਗੁਰੂ ਦੀ ਕੀਰਤੀ ਗਾਇਨ ਹੁੰਦੀ ਸ੍ਰਵਣ ਕਰਦੇ ਹਨ।

ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ ॥
ਸ੍ਰੇਸ਼ਟ, ਪੁਨੀਤ ਤੇ ਪੁੰਨ-ਆਤਮਾ ਹੈ ਉਹ ਸਿਰ, ਹੇ ਮੇਰੀ ਜਿੰਦੇ! ਜੋ ਜਾ ਕੇ ਗੁਰਾਂ ਦੇ ਪੈਰਾਂ ਉਤੇ ਢਹਿ ਪੈਂਦਾ ਹੈ।

ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥
ਹੇ ਮੇਰੀ ਜਿੰਦੇ! ਨਾਨਕ ਗੁਰਾਂ ਉਤੋਂ ਕੁਰਬਾਨ ਜਾਂਦਾ ਹੈ, ਜਿਨ੍ਹਾਂ ਨੇ ਸੁਆਮੀ ਵਾਹਿਗੁਰੂ ਦਾ ਨਾਮ ਉਸ ਦੇ ਚਿੱਤ ਵਿੱਚ ਲਿਆਂਦਾ ਹੈ।

ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥
ਮੁਬਾਰਕ ਅਤੇ ਮਕਬੂਲ ਹਨ ਉਹ ਅੱਖਾਂ, ਹੇ ਮੇਰੇ ਜੀਊੜਿਆ, ਜਿਹੜੀਆਂ ਸੰਤ-ਸਰੂਪ ਸੱਚੇ ਗੁਰਾਂ ਨੂੰ ਵੇਖਦੀਆਂ ਹਨ।

ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ॥
ਹੇ ਮੇਰੀ ਜਿੰਦੇ! ਪਾਰਸਾਂ ਅਤੇ ਪਾਵਨ ਹਨ ਉਹ ਹੱਥ ਜਿਹੜੇ ਪ੍ਰਭੂ ਦੀ ਸਿਫ਼ਤ ਅਤੇ ਪ੍ਰਭੂ ਦਾ ਨਾਮ ਲਿਖਦੇ ਹਨ।

ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ ਰਾਮ ॥
ਮੈਂ ਸਦੀਵ ਹੀ ਉਸ ਪੁਰਸ਼ ਦੇ ਪੈਰਾਂ ਦੀ ਪੂਜਾ ਕਰਦਾ ਹਾਂ, ਹੇ ਮੇਰੀ ਜਿੰਦੇ! ਜਿਹੜਾ ਸੱਚਾਈ ਦੇ ਰਸਤੇ ਤੇ ਟੁਰਦਾ ਹੈ।

ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥੩॥
ਨਾਨਕ ਉਨ੍ਹਾਂ ਉਤੋਂ ਘੋਲੀ ਵੰਞਦਾ ਹੈ, ਹੇ ਮੇਰੀ ਜਿੰਦੜੀਏ! ਜੋ ਵਾਹਿਗੁਰੂ ਬਾਰੇ ਸੁਣਦੇ ਹਨ ਅਤੇ ਵਾਹਿਗੁਰੂ ਦੇ ਨਾਮ ਉਤੇ ਭਰੋਸਾ ਧਾਰਦੇ ਹਨ।

ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥
ਮਾਤਲੋਕ, ਪਾਤਾਲ ਅਤੇ ਅਸਮਾਨ, ਹੇ ਮੇਰੀ ਜਿੰਦੇ! ਸਾਰੇ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰਦੇ ਹਨ।

ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥
ਹਵਾ, ਜਲ ਅਤੇ ਅੱਗ ਹੇ ਮੇਰੀ ਜਿੰਦੜੀਏ, ਸਦਾ ਹੀ, ਸੁਆਮੀ ਵਾਹਿਗੁਰੂ ਮਾਲਕ ਦੀ ਕੀਰਤੀ ਗਾਇਨ ਕਰਦੇ ਹਨ।

ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥
ਜੰਗਲ, ਘਾਹ ਦੀਆਂ ਤਿੜਾਂ ਅਤੇ ਸਾਰਾ ਜਹਾਨ, ਹੇ ਮੇਰੀ ਜਿੰਦੜੀਏ! ਆਪਣੇ ਮੂੰਹ ਨਾਲ ਪ੍ਰਭੂ-ਪ੍ਰਮੇਸ਼ਵਰ ਦਾ ਨਾਮ ਉਚਾਰਨ ਕਰਦੇ ਹਨ।

ਨਾਨਕ ਤੇ ਹਰਿ ਦਰਿ ਪੈਨ੍ਹ੍ਹਾਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥
ਨਾਨਕ, ਜੋ ਗੁਰਾਂ ਦੁਆਰੇ, ਆਪਣਾ ਚਿੱਤ ਸਾਈਂ ਦੀ ਪ੍ਰੇਮਮਈ-ਸੇਵਾ ਅੰਦਰ ਜੋੜਦਾ ਹੈ, ਹੇ ਮੇਰੀ ਜਿੰਦੜੀਏ ਉਸ ਨੂੰ ਵਾਹਿਗੁਰੂ ਦੇ ਦਰਬਾਰ ਵਿੱਚ ਇਜ਼ਤ ਦੀ ਪੁਸ਼ਾਕ ਪਹਿਨਾਈ ਜਾਂਦੀ ਹੈ।

ਬਿਹਾਗੜਾ ਮਹਲਾ ੪ ॥
ਬਿਹਾਗੜਾ ਚੌਥੀ ਪਾਤਸ਼ਾਹੀ।

ਜਿਨ ਹਰਿ ਹਰਿ ਨਾਮੁ ਨ ਚੇਤਿਓ ਮੇਰੀ ਜਿੰਦੁੜੀਏ ਤੇ ਮਨਮੁਖ ਮੂੜ ਇਆਣੇ ਰਾਮ ॥
ਜੋ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਨਹੀਂ ਕਰਦੇ, ਹੇ ਮੇਰੇ ਜੀਵੜਿਆਂ ਮਨਮੁਖ, ਮੱਤ-ਹੀਨ ਅਤੇ ਬੇਸਮਝ ਹਨ।

ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਅੰਤਿ ਗਏ ਪਛੁਤਾਣੇ ਰਾਮ ॥
ਜਿਹੜੇ ਆਪਣੇ ਮਨ ਨੂੰ ਸੰਸਾਰੀ ਮਮਤਾ, ਅਤੇ ਦੁਨਿਆਵੀ ਪਦਾਰਥਾਂ ਨਾਲ ਜੋੜਦੇ ਹਨ, ਹੇ ਮੇਰੇ ਜੀਊੜਿਆ! ਉਹ ਅਖ਼ੀਰ ਨੂੰ ਅਫ਼ਸੋਸ ਕਰਦੇ ਹੋਏ (ਇਸ ਜਹਾਨੋ) ਟੁਰ ਜਾਂਦੇ ਹਨ।

ਹਰਿ ਦਰਗਹ ਢੋਈ ਨਾ ਲਹਨ੍ਹ੍ਹਿ ਮੇਰੀ ਜਿੰਦੁੜੀਏ ਜੋ ਮਨਮੁਖ ਪਾਪਿ ਲੁਭਾਣੇ ਰਾਮ ॥
ਮਨਮੱਤੀਏ ਪੁਰਸ਼, ਜਿਨ੍ਹਾਂ ਨੂੰ ਗੁਨਾਹਾਂ ਨੇ ਲੁਭਾ ਲਿਆ ਹੋਇਆ ਹੈ, ਹੇ ਮੇਰੇ ਜੀਊੜਿਆ! ਉਹ ਰੱਬ ਦੇ ਦਰਬਾਰ ਅੰਦਰ ਆਰਾਮ ਦੀ ਥਾਂ ਨਹੀਂ ਪਾਉਂਦੇ।

ਜਨ ਨਾਨਕ ਗੁਰ ਮਿਲਿ ਉਬਰੇ ਮੇਰੀ ਜਿੰਦੁੜੀਏ ਹਰਿ ਜਪਿ ਹਰਿ ਨਾਮਿ ਸਮਾਣੇ ਰਾਮ ॥੧॥
ਗੋਲਾ ਨਾਨਕ ਆਖਦਾ ਹੈ, ਜੋ ਗੁਰਾਂ ਨੂੰ ਮਿਲਦੇ ਹਨ, ਅਤੇ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਹਨ, ਉਹ ਤਰ ਜਾਂਦੇ ਹਨ, ਹੇ ਮੇਰੀ ਜਿੰਦੇ! ਅਤੇ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।

ਸਭਿ ਜਾਇ ਮਿਲਹੁ ਸਤਿਗੁਰੂ ਕਉ ਮੇਰੀ ਜਿੰਦੁੜੀਏ ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ ॥
ਤੁਸੀਂ ਸਾਰੇ ਜਣੇ ਜਾ ਕੇ ਸੱਚੇ ਗੁਰਾਂ ਨੂੰ ਮਿਲੋ। ਹੇ ਮੇਰੀ ਜਿੰਦੇ! ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਦਿਲ ਅੰਦਰ ਪੱਕਾ ਕਰਦੇ ਹਨ।

ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥
ਵਾਹਿਗੁਰੂ ਦਾ ਸਿਮਰਨ ਕਰਨ ਅੰਦਰ ਇਕ ਮੁਹਤ ਭਰ ਦੀ ਭੀ ਦੇਰੀ ਨਾਂ ਕਰ, ਹੇ ਮੇਰੀ ਆਤਮਾਂ! ਕੀ ਮਲੂਮ ਹੈ ਕਿ ਪ੍ਰਾਣੀ ਨੂੰ ਅਗਲਾ ਸੁਆਸ ਆਊਗਾ ਕਿ ਆਊਗਾ ਹੀ ਨਹੀਂ।

ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ ॥
ਉਹ ਸਮਾਂ, ਉਹ ਬਿੰਦ, ਉਹ ਲਮ੍ਹਾ ਅਤੇ ਉਹ ਖਿਣ ਲਾਭਦਾਇਕ ਹਨ, ਹੇ ਮੇਰੇ ਜੀਊੜਿਆ! ਜਦ ਮੇਰਾ ਵਾਹਿਗੁਰੂ ਮੇਰਾ ਵਾਹਿਗੁਰੂ ਮੇਰੇ ਅੰਦਰ-ਆਤਮੇ ਆਉਂਦਾ ਹੈ।

ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਜਮਕੰਕਰੁ ਨੇੜਿ ਨ ਆਵੈ ਰਾਮ ॥੨॥
ਸੇਵਕ ਨਾਨਕ ਨੇ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਹੈ, ਹੇ ਮੇਰੀ ਜਿੰਦੜੀਏ! ਅਤੇ ਹੁਣ ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ।

ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ ਰਾਮ ॥
ਵਾਹਿਗੁਰੂ ਸਦਾ ਹੀ ਸਾਰਾ ਕੁਛ ਦੇਖਦਾ ਅਤੇ ਸੁਣਦਾ ਹੈ ਹੇ ਮੇਰੀ ਜਿੰਦੜੀਏ! ਕੇਵਲ ਉਸ ਨੂੰ ਹੀ ਭੈ ਵਿਆਪਕਦਾ ਹੈ ਜੋ ਗੁਨਾਹ ਕਰਦਾ ਹੈ।

ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ ॥
ਜਿਸ ਇਨਸਾਨ ਦਾ ਦਿਲ ਅੰਦਰੋਂ ਪਵਿੱਤ੍ਰ ਹੈ, ਹੇ ਮੇਰੀ ਜਿੰਦੇ! ਉਹ ਆਪਣੇ ਸਾਰੇ ਤ੍ਰਾਸਾਂ ਨੂੰ ਪਰ੍ਹੇ ਸੁੱਟ ਦਿੰਦਾ ਹੈ।

ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ ॥
ਜਿਸ ਦਾ ਭੈ-ਰਹਿਤ ਸੁਆਮੀ ਦੇ ਨਾਮ ਉਤੇ ਨਿਸਚਾ ਹੈ, ਹੇ ਮੇਰੀ ਜਿੰਦੜੀਏ! ਉਸ ਖਿਲਾਫ ਸਾਰੇ ਗੁੰਡੇ ਅਤੇ ਹੁੱਜਤੀ ਬੇਫ਼ਾਇਦਾ ਬਕਵਾਸ ਹਨ।

copyright GurbaniShare.com all right reserved. Email