ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ॥
ਆਪ ਉਹ ਪਾਣੀ ਹੈ ਅਤੇ ਆਪ ਹੀ ਦੰਦਾਂ ਦਾ ਤੀਲ੍ਹਾ ਦਿੰਦਾ ਹੈ। ਉਹ ਆਪ ਹੀ ਕੁਰਲੀ ਕਰਨ ਨੂੰ ਪਾਣੀ ਦਿੰਦਾ ਹੈ।ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ॥ ਉਹ ਖੁਦ ਹੀ ਮੰਡਲੀ ਨੂੰ ਬੁਲਾ ਕੇ ਬਿਠਾਲਦਾ ਹੈ ਅਤੇ ਖੁਦ ਹੀ ਉਸ ਨੂੰ ਰੁਖਸਤ ਕਰਦਾ ਹੈ।ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥੬॥ ਜਿਸ ਉੱਤੇ ਮਾਲਕ ਖੁਦ ਮਿਹਰਬਾਨ ਹੋ ਜਾਂਦਾ ਹੈ, ਉਸ ਨੂੰ ਉਹ ਆਪਣੀ ਰਜ਼ਾ ਅੰਦਰ ਤੋਰਦਾ ਹੈ।ਸਲੋਕ ਮਃ ੩ ॥ ਸਲੋਕ ਤੀਜੀ ਪਾਤਸ਼ਾਹੀ।ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥ ਧਾਰਮਕ ਸੰਸਕਾਰ ਸਮੂਹ ਜੰਜਾਲ ਹਨ। ਬੁਰੇ ਤੇ ਭਲੇ ਬੰਦੇ ਉਨ੍ਹਾਂ ਨਾਲ ਜਕੜੇ ਹੋਏ ਹਨ।ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥ ਅਪਣੱਤ ਅਤੇ ਸੰਸਾਰੀ ਲਗਨ ਦੇ ਰਾਹੀਂ ਬੱਚਿਆਂ ਅਤੇ ਵਹੁਟੀ ਲਈ ਕੀਤੀਆਂ ਮੁਸ਼ੱਕਤਾ ਨਿਰੋਲ ਜ਼ੰਜੀਰਾਂ ਹੀ ਹਨ।ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ ॥ ਜਿਥੇ ਕਿਤੇ ਭੀ ਮੈਂ ਤੱਕਦਾ ਹਾਂ, ਉਥੇ ਮੈਂ ਸੰਸਾਰੀ ਲਗਨ ਦੀ ਫਾਹੀ ਹੀ ਵੇਖਦਾ ਹਾਂ।ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ ॥੧॥ ਨਾਨਕ, ਸੱਚੇ ਨਾਮ ਦੇ ਬਗੈਰ, ਸੰਸਾਰ ਅੰਨਿ੍ਹਆਂ ਵਿਹਾਰਾਂ ਅੰਦਰ ਖੱਚਤ ਹੋਇਆ ਹੋਇਆ ਹੈ।ਮਃ ੪ ॥ ਚੌਥੀ ਪਾਤਸ਼ਾਹੀ।ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ ॥ ਕੇਵਲ ਤਦ ਹੀ ਅੰਨ੍ਹੇ (ਅਗਿਆਨੀ) ਪ੍ਰਾਣੀ ਨੂੰ ਰੱਬੀ ਨੂਰ ਪ੍ਰਾਪਤ ਹੁੰਦਾ ਹੈ, ਜੇਕਰ ਉਹ ਸੱਚੇ ਗੁਰਾਂ ਦੇ ਭਾਣੇ ਨਾਲ ਮਿਲ ਜਾਵੇ।ਬੰਧਨ ਤੋੜੈ ਸਚਿ ਵਸੈ ਅਗਿਆਨੁ ਅਧੇਰਾ ਜਾਇ ॥ ਉਹ ਤਦ ਆਪਣੇ ਜੂੜ ਵੱਢ ਸੁੱਟਦਾ ਹੈ, ਸੱਚ ਅੰਦਰ ਟਿਕਦਾ ਹੈ ਅਤੇ ਉਸ ਦੀ ਬੇਸਮਝੀ ਦਾ ਅੰਨ੍ਹੇਰਾ ਦੂਰ ਹੋ ਜਾਂਦਾ ਹੈ।ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ ॥ ਉਹ ਹਰ ਸ਼ੈ ਨੂੰ ਉਸ ਦੀ ਮਲਕੀਅਤ ਵੇਖਦਾ ਹੈ ਜਿਸ ਨੇ ਉਸ ਨੂੰ ਰਚਿਆ ਅਤੇ ਉਸ ਦੀ ਦੇਹ ਨੂੰ ਸਾਜਿਆ ਹੈ।ਨਾਨਕ ਸਰਣਿ ਕਰਤਾਰ ਕੀ ਕਰਤਾ ਰਾਖੈ ਲਾਜ ॥੨॥ ਨਾਨਕ ਨੇ ਸਿਰਜਣਹਾਰ ਦੀ ਪਨਾਹ ਲਈ ਹੈ ਅਤੇ ਰਚਣਹਾਰ ਹੀ ਉਸ ਦੀ ਪੱਤ-ਆਬਰੂ ਰੱਖਦਾ ਹੈ।ਪਉੜੀ ॥ ਪਉੜੀ।ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ ॥ ਖੁਦ-ਬ-ਖੁਦ ਬੈਠ ਕੇ, ਜਦ ਰਚਣਹਾਰ ਨੇ ਰਚਨਾ ਰਚੀ, ਤਦ ਉਸ ਨੇ ਆਪਣੇ ਕਿਸੇ ਹੋਰ ਦਾਸ ਦੀ ਸਲਾਹ ਨਹੀਂ ਲਈ।ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰੁ ਨ ਦੂਜਾ ਕੀਆ ॥ ਤਦੋਂ ਕੋਈ ਜਣਾ ਕੀ ਲੈ ਸਕਦਾ ਹੈ ਅਤੇ ਕੋਈ ਜਣਾ ਕੀ ਦੇ ਸਕਦਾ ਹੈ, ਜਦ ਉਸ ਨੇ ਕੋਈ ਹੋਰ ਆਪਣੇ ਵਰਗਾ ਰਚਿਆ ਹੀ ਨਹੀਂ।ਫਿਰਿ ਆਪੇ ਜਗਤੁ ਉਪਾਇਆ ਕਰਤੈ ਦਾਨੁ ਸਭਨਾ ਕਉ ਦੀਆ ॥ ਤਦ ਰਚਨਾ ਨੂੰ ਰਚ ਕੇ ਰਚਣਹਾਰ ਨੇ ਖੁਦ ਸਾਰਿਆਂ ਨੂੰ ਬਖਸ਼ੀਸ਼ਾਂ ਬਖਸ਼ੀਆਂ।ਆਪੇ ਸੇਵ ਬਣਾਈਅਨੁ ਗੁਰਮੁਖਿ ਆਪੇ ਅੰਮ੍ਰਿਤੁ ਪੀਆ ॥ ਉਹ ਆਪ ਹੀ ਗੁਰਾਂ ਦੇ ਰਾਹੀਂ ਸਾਨੂੰ ਆਪਣੀ ਟਹਿਲ-ਸੇਵਾ ਦਰਸਾਉਂਦਾ ਹੈ ਤੇ ਖੁਦ ਹੀ ਨਾਮ ਸੁਧਾਰਸ (ਅੰਮ੍ਰਿਤ) ਪੀਣ ਨੂੰ ਦਿੰਦਾ ਹੈ।ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ ਕਰੈ ਸੁ ਥੀਆ ॥੭॥ ਸਰੂਪ-ਰਹਿਤ ਸੁਆਮੀ ਆਪ ਹੀ ਆਪਣੇ ਆਪ ਨੂੰ ਸਰੂਪ-ਸਹਿਤ ਪ੍ਰਗਟ ਕਰਦਾ ਹੈ। ਜੋ ਉਹ ਆਪ ਕਰਦਾ ਹੈ ਉਹ ਹੀ ਹੁੰਦਾ ਹੈ।ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ।ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥ ਗੁਰੂ-ਰੱਖਿਅਕ ਹਮੇਸ਼ਾਂ ਆਪਣੇ ਸੁਆਮੀ ਦੀ ਸੇਵਾ ਕਰਦੇ ਹਨ ਅਤੇ ਰੈਣ ਦਿਹੁੰ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥ ਸਦੀਵ ਹੀ ਖੁਸ਼ੀ ਅੰਦਰ ਉਹ ਸਤਿ ਪੁਰਖ ਦਾ ਜੱਸ ਗਾਇਨ ਕਰਦੇ ਹਨ ਅਤੇ ਇਸ ਲੋਕ ਤੇ ਪ੍ਰਲੋਕ ਅੰਦਰ ਉਸ ਨੂੰ ਆਪਣੇ ਦਿਲ ਅੰਦਰ ਵਸਾਈ ਰੱਖਦੇ ਹਨ।ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥ ਉਨ੍ਹਾਂ ਦੇ ਹਿਰਦੇ ਅੰਦਰ ਪਿਆਰਾ ਨਿਵਾਸ ਰੱਖਦਾ ਹੈ। ਉਨ੍ਹਾਂ ਦੇ ਇਹ ਭਾਗ ਸਿਰਜਣਹਾਰ ਨੇ ਮੁੱਢ ਤੋਂ ਲਿਖੇ ਹੋਏ ਸਨ।ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥ ਹੇ ਨਾਨਕ! ਆਪ ਮਿਹਰਬਾਨੀ ਕਰਕੇ, ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।ਮਃ ੩ ॥ ਤੀਜੀ ਪਾਤਸ਼ਾਹੀ।ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥ ਕੇਵਲ ਆਖਣ ਤੇ ਵਰਣਨ ਕਰਨ ਦੁਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ। ਰੈਣ ਦਿਹੁੰ ਆਦਮੀ ਨੂੰ ਹਮੇਸ਼ਾਂ ਉਸ ਦਾ ਜੱਸ ਗਾਉਣਾ ਉਚਿਤ ਹੈ।ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥ ਉਸ ਦੀ ਮਿਹਰ ਬਾਝੋਂ ਪ੍ਰਭੂ ਪਾਇਆ ਨਹੀਂ ਜਾਂਦਾ ਅਤੇ ਇਸ ਤੋਂ ਵਾਂਝੇ ਹੋਏ ਇਨਸਾਨ ਬਕਦੇ ਤੇ ਰੋਂਦੇ ਮਰ ਖੱਪ ਗਏ ਹਨ।ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥ ਜਦ ਇਨਸਾਨ ਦਾ ਚਿੱਤ ਅਤੇ ਦੇਹੀ ਗੁਰਬਾਣੀ ਨਲਾ ਗੱਚ ਹੋ ਜਾਂਦੇ ਹਨ, ਪ੍ਰਭੂ ਖੁਦ ਆ ਕੇ ਉਸ ਦੇ ਰਿਦੇ ਅੰਦਰ ਨਿਵਾਸ ਕਰ ਲੈਦਾ ਹੈ।ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥੨॥ ਨਾਨਕ, ਸੁਆਮੀ ਦੀ ਦਇਆ ਦੁਆਰਾ ਹੀ ਸੁਆਮੀ ਪ੍ਰਾਪਤ ਹੁੰਦਾ ਹੈ ਅਤੇ ਉਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।ਪਉੜੀ ॥ ਪਉੜੀ।ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥ ਸੁਆਮੀ ਆਪ ਹੀ ਬੇਦ, ਪੁਰਾਣ ਅਤੇ ਸਾਰੇ ਸ਼ਾਸਤਰ ਹੈ। ਉਹ ਆਪੇ ਹੀ ਉਨ੍ਹਾਂ ਨੂੰ ਉਚਾਰਦਾ ਹੈ ਅਤੇ ਆਪੇ ਹੀ ਪ੍ਰਸੰਨ ਹੁੰਦਾ ਹੈ।ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥ ਖੁਦ ਸਿਰਜਣਹਾਰ ਉਪਾਸ਼ਨਾ ਕਰਨ ਨੂੰ ਬੈਠਦਾ ਹੈ ਅਤੇ ਖੁਦ ਹੀ ਸੰਸਾਰ ਨੂੰ ਰਚਦਾ ਹੈ।ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥ ਉਹ ਖੁਦ ਘਰ-ਬਾਰੀ ਹੈ ਅਤੇ ਖੁਦ ਹੀ ਤਿਆਗੀ। ਖੁਦ ਹੀ ਉਹ ਨਾਂ-ਬਿਆਨ ਹੋਣ ਵਾਲੇ ਨੂੰ ਬਿਆਨ ਕਰਦਾ ਹੈ।ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥ ਵਾਹਿਗੁਰੂ ਆਪ ਸਮੂਹ ਨੇਕੀ ਹੈ ਅਤੇ ਆਪੇ ਹੀ ਬੰਦਿਆਂ ਪਾਸੋਂ ਨੇਕ ਕੰਮ ਕਰਵਾਉਂਦਾ ਹੈ। ਖੁਦ ਹੀ ਉਹ ਨਿਰਲੇਪ ਵਿਚਰਦਾ ਹੈ।ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ ॥੮॥ ਆਪ ਕਰਤਾਰ ਖੁਸ਼ੀ ਤੇ ਗਮੀ ਪਰਦਾਨ ਕਰਦਾ ਹੈ ਅਤੇ ਆਪ ਹੀ ਉਹ ਦਾਤਾ ਦਿੰਦਾ ਹੈ।ਸਲੋਕ ਮਃ ੩ ॥ ਸਲੋਕ ਤੀਜੀ ਪਾਤਸ਼ਾਹੀ।ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥ ਹੇ ਸ਼ੇਖ! ਆਪਣੇ ਮਨ ਦੀ ਜੋਰਾਜਬਰੀ ਤਿਆਗ ਦੇ, ਰੱਬ ਦੇ ਡਰ ਅੰਦਰ ਵੱਸ ਅਤੇ ਆਪਣੇ ਪਾਗਲਪਣੇ ਨੂੰ ਦੂਰ ਕਰ ਦੇ।ਗੁਰ ਕੈ ਭੈ ਕੇਤੇ ਨਿਸਤਰੇ ਭੈ ਵਿਚਿ ਨਿਰਭਉ ਪਾਇ ॥ ਗੁਰਾਂ ਦੇ ਡਰ ਦੇ ਰਾਹੀਂ ਬਹੁਤ ਸਾਰੇ ਬਚ ਗਏ ਹਨ। ਡਰ ਅੰਦਰ ਵਸ ਕੇ ਤੂੰ ਨਿਡਰ ਸੁਆਮੀ ਨੂੰ ਪ੍ਰਾਪਤ ਹੋ।ਮਨੁ ਕਠੋਰੁ ਸਬਦਿ ਭੇਦਿ ਤੂੰ ਸਾਂਤਿ ਵਸੈ ਮਨਿ ਆਇ ॥ ਤੂੰ ਆਪਣੇ ਪੱਥਰ-ਦਿਲ ਨੂੰ ਸਾਹਿਬ ਦੇ ਨਾਮ ਨਾਲ ਵਿੰਨ੍ਹ। ਇਸ ਤਰ੍ਹਾਂ ਠੰਢ-ਚੈਨ ਤੇਰੇ ਚਿੱਤ ਵਿੱਚ ਆ ਕੇ ਟਿੱਕ ਜਾਵੇਗੀ।ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਥਾਇ ॥ ਆਰਾਮ ਚੈਨ ਵਿੱਚ/ਲਗਨ ਨਾਲ ਕੀਤੇ ਹੋਏ ਨੇਕ ਕਰਮਾਂ ਨੂੰ ਕੰਤ ਕਬੂਲ ਕਰ ਲੈਂਦਾ ਹੈ।ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ ਪੁਛਹੁ ਗਿਆਨੀ ਜਾਇ ॥੧॥ ਨਾਨਕ, ਸ਼ਹਿਵਤ ਅਤੇ ਰੋਹ ਦੁਆਰਾ ਕਦੇ ਕਿਸੇ ਨੂੰ ਰੱਬ ਪ੍ਰਾਪਤ ਨਹੀਂ ਹੋਇਆ (ਬੇਸ਼ਕ) ਜਾ ਕੇ ਕਿਸੇ ਬ੍ਰਹਮ-ਬੇਤੇ ਕੋਲੋਂ ਪਤਾ ਕਰ ਲਓ।ਮਃ ੩ ॥ ਤੀਜੀ ਪਾਤਸ਼ਾਹੀ। copyright GurbaniShare.com all right reserved. Email |