ਜਿਹਵਾ ਸਚੀ ਸਚਿ ਰਤੀ ਤਨੁ ਮਨੁ ਸਚਾ ਹੋਇ ॥
ਸੱਚੀ ਹੈ ਜੀਭ, ਜਿਹੜੀ ਸੱਚ ਨਾਲ ਰੰਗੀ ਹੋਈ ਹੈ। ਇਸ ਤਰ੍ਹਾਂ ਦੇਹ ਤੇ ਆਤਮਾ ਸੱਚੀਆਂ ਥੀ ਵੰਞਦੀਆਂ ਹਨ। ਬਿਨੁ ਸਾਚੇ ਹੋਰੁ ਸਾਲਾਹਣਾ ਜਾਸਹਿ ਜਨਮੁ ਸਭੁ ਖੋਇ ॥੨॥ ਸੱਚੇ ਸਾਹਿਬ ਦੇ ਬਾਝੋਂ ਕਿਸੇ ਹੋਰਸ ਦਾ ਜੱਸ ਕਰਨ ਦੁਆਰਾ ਆਦਮੀ ਆਪਣਾ ਸਾਰਾ ਜੀਵਨ ਵੰਞਾ ਕੇ ਟੁਰ ਜਾਂਦਾ ਹੈ। ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾ ॥ ਜੇਕਰ ਸੱਚ ਦੀ ਵਾਹੀ, ਸੱਚ ਦਾ ਬੀਜ ਅਤੇ ਸੱਚ ਦਾ ਹੀ ਵਣਜ ਹੋਵੇ, ਅਨਦਿਨੁ ਲਾਹਾ ਸਚੁ ਨਾਮੁ ਧਨੁ ਭਗਤਿ ਭਰੇ ਭੰਡਾਰਾ ॥੩॥ ਤਾਂ ਰਾਤ ਦਿਨ ਬੰਦਾ ਸੱਚੇ ਨਾਮ ਦਾ ਲਾਭ ਉਠਾਉਂਦਾ ਹੈ ਅਤੇ ਸੁਆਮੀ ਦੇ ਸਿਮਰਨ ਦੀ ਦੌਲਤ ਦੇ ਪਰੀਪੂਰਨ ਖਜਾਨੇ ਪ੍ਰਾਪਤ ਕਰ ਲੈਦਾ ਹੈ। ਸਚੁ ਖਾਣਾ ਸਚੁ ਪੈਨਣਾ ਸਚੁ ਟੇਕ ਹਰਿ ਨਾਉ ॥ ਸੱਚ ਦੀ ਖੁਰਾਕ, ਸੱਚ ਦੀ ਪੁਸ਼ਾਕ ਅਤੇ ਸੁਆਮੀ ਦੇ ਸੱਚਾ ਨਾਮ ਦਾ ਸੱਚਾ ਆਸਰਾ, ਜਿਸ ਨੋ ਬਖਸੇ ਤਿਸੁ ਮਿਲੈ ਮਹਲੀ ਪਾਏ ਥਾਉ ॥੪॥ ਉਸ ਨੂੰ ਮਿਲਦੇ ਹਨ, ਜਿਸ ਨੂੰ ਉਹ ਪ੍ਰਦਾਨ ਕਰਦਾ ਹੈ। ਐਸਾ ਪੁਰਸ਼ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਪ੍ਰਾਪਤ ਕਰ ਲੈਦਾ ਹੈ। ਆਵਹਿ ਸਚੇ ਜਾਵਹਿ ਸਚੇ ਫਿਰਿ ਜੂਨੀ ਮੂਲਿ ਨ ਪਾਹਿ ॥ ਸੱਚ ਵਿੱਚ ਉਹ ਆਉਂਦੇ ਹਨ, ਸੱਚ ਵਿੱਚ ਉਹ ਜਾਂਦੇ ਹਨ ਅਤੇ ਉਹ ਮੁੜ ਕੇ, ਕਦਾਚਿਤ ਜੂਨੀਆਂ ਵਿੱਚ ਨਹੀਂ ਪਾਏ ਜਾਂਦੇ। ਗੁਰਮੁਖਿ ਦਰਿ ਸਾਚੈ ਸਚਿਆਰ ਹਹਿ ਸਾਚੇ ਮਾਹਿ ਸਮਾਹਿ ॥੫॥ ਗੁਰੂ-ਪਿਆਰੇ ਸੱਚੀ ਦਰਗਾਹ ਅੰਦਰ ਸੱਚੇ ਕਰਾਰ ਦਿਤੇ ਜਾਂਦੇ ਹਨ ਅਤੇ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦੇ ਹਨ। ਅੰਤਰੁ ਸਚਾ ਮਨੁ ਸਚਾ ਸਚੀ ਸਿਫਤਿ ਸਨਾਇ ॥ ਉਹ ਅੰਦਰੋ, ਸੱਚੇ ਹਨ, ਸੱਚਾ ਹੈ ਉਸ ਦਾ ਹਿਰਦਾ ਅਤੇ ਗਾਉਂਦੇ ਹਨ ਉਹ ਵਾਹਿਗੁਰੂ ਦੀ ਸੱਚੀ ਕੀਰਤੀ ਤੇ ਜੱਸ। ਸਚੈ ਥਾਨਿ ਸਚੁ ਸਾਲਾਹਣਾ ਸਤਿਗੁਰ ਬਲਿਹਾਰੈ ਜਾਉ ॥੬॥ ਸੱਚੇ ਅਸਥਾਨ ਤੇ ਬੈਠ ਕੇ, ਉਹ ਸਤਿਪੁਰਖ ਦੀ ਉਸਤਤੀ ਕਰਦੇ ਹਨ। ਸੱਚੇ ਗੁਰਾਂ ਉਤੋਂ ਮੈਂ ਸਦਕੇ ਜਾਂਦਾ ਹਾਂ। ਸਚੁ ਵੇਲਾ ਮੂਰਤੁ ਸਚੁ ਜਿਤੁ ਸਚੇ ਨਾਲਿ ਪਿਆਰੁ ॥ ਸੱਚਾ ਹੈ ਉਹ ਵਕਤ ਅਤੇ ਸੱਚਾ ਉਹ ਮੁਹਤ, ਜਦ ਬੰਦੇ ਦੀ ਸੱਚੇ ਸਾਈਂ ਨਾਲ ਪ੍ਰੀਤ ਪੈਦੀ ਹੈ। ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥੭॥ ਤਦ ਉਹ ਸੱਚ ਦੇਖਦਾ ਹੈ, ਸੱਚ ਹੀ ਬੋਲਦਾ ਹੈ ਅਤੇ ਸਤਿਪੁਰਖ ਨੂੰ ਸਾਰੇ ਆਲਮ ਵਿੱਚ ਵਿਆਪਕ ਅਨੁਭਵ ਕਰਦਾ ਹੈ। ਨਾਨਕ ਸਚੈ ਮੇਲੇ ਤਾ ਮਿਲੇ ਆਪੇ ਲਏ ਮਿਲਾਇ ॥ ਨਾਨਕ, ਜਦ ਸਤਿਪੁਰਖ ਇਨਸਾਨ ਨੂੰ ਆਪਣੇ ਨਾਲ ਜੋੜਦਾ ਹੈ, ਕੇਵਲ ਤਦ ਹੀ ਇਨਸਾਨ ਉਸ ਨਾਲ ਅਭੇਦ ਹੋ ਜਾਂਦਾ ਹੈ। ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ ॥੮॥੧॥ ਜਿਸ ਤਰ੍ਹਾਂ ਸੁਆਮੀ ਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਰਖਦਾ ਹੈ। ਉਹ ਆਪ ਹੀ ਆਪਣੀ ਮਰਜੀ ਮੁਤਾਬਕ ਹੁਕਮ ਜਾਰੀ ਕਰਦਾ ਹੈ। ਵਡਹੰਸੁ ਮਹਲਾ ੩ ॥ ਵਡਹੰਸ ਤੀਜੀ ਪਾਤਿਸ਼ਾਹੀ। ਮਨੂਆ ਦਹ ਦਿਸ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ ॥ ਬੰਦੇ ਦਾ ਮਨ ਦਸੀਂ ਪਾਸੀਂ ਭਟਕਦਾ ਫਿਰਦਾ ਹੈ। ਤਦ ਉਹ ਕਿਸ ਤਰ੍ਹਾਂ ਵਾਹਿਗੁਰੂ ਦਾ ਜੱਸ ਗਾਇਨ ਕਰ ਸਕਦਾ ਹੈ? ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ ॥੧॥ ਸਰੀਰ ਦੇ ਅੰਗ ਕੁਕਰਮਾ ਅੰਦਰ ਬਹੁਤ ਹੀ ਖੱਚਤ ਹਨ। ਸ਼ਹਿਵਤ ਤੇ ਗੁੱਸਾ ਸਦਾ ਬੰਦੇ ਨੂੰ ਦੁੱਖੀ ਕਰਦੇ ਹਨ। ਵਾਹੁ ਵਾਹੁ ਸਹਜੇ ਗੁਣ ਰਵੀਜੈ ॥ ਤੂੰ ਅਡੋਲਤਾ ਅੰਦਰ ਸੁਆਮੀ ਮਾਲਕ ਦਾ ਜੱਸ ਉਚਾਰਨ ਕਰ। ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ ॥੧॥ ਰਹਾਉ ॥ ਬਹੁਤ ਮੁਸ਼ਕਲ ਨਾਲ ਮਿਲਣ ਵਾਲਾ ਹੈ, ਸੁਆਮੀ ਦਾ ਨਾਮ ਇਸ ਯੁਗ ਅੰਦਰ। ਗੁਰਾਂ ਦੇ ਉਪਦੇਸ਼ ਤਾਬੇ ਤੂੰ ਵਾਹਿਗੁਰੂ ਦਾ ਅੰਮ੍ਰਿਤ ਪਾਨ ਕਰ। ਠਹਿਰਾਉ। ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ ॥ (ਜਦ) ਨਾਮ ਦਾ ਸਿਮਰਨ ਕਰਕੇ ਆਦਮੀ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਤਦੋ, ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਗੁਰਮਤੀ ਆਪੈ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ ॥੨॥ (ਜਦ) ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਆਪਣੇ ਆਪ ਨੂੰ ਅਨੁਭਵ ਕਰ ਲੈਦਾ ਹੈ, ਤਦ ਆਪਣੇ ਨਿਜ ਧਾਮ ਅੰਦਰ ਵਸਦਾ ਹੈ। ਏ ਮਨ ਮੇਰੇ ਸਦਾ ਰੰਗਿ ਰਾਤੇ ਸਦਾ ਹਰਿ ਕੇ ਗੁਣ ਗਾਉ ॥ ਹੇ ਮੇਰੀ ਜਿੰਦੜੀਏ ਤੂੰ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਨਾਲ ਰੰਗੀ ਰਹੁ ਅਤੇ ਹਮੇਸ਼ਾਂ ਹੀ ਵਾਹਿਗੁਰੂ ਦੀਆਂ ਖੂਬੀਆਂ ਨੂੰ ਗਾਇਨ ਕਰ। ਹਰਿ ਨਿਰਮਲੁ ਸਦਾ ਸੁਖਦਾਤਾ ਮਨਿ ਚਿੰਦਿਆ ਫਲੁ ਪਾਉ ॥੩॥ ਪਵਿੱਤਰ ਪ੍ਰਭੂ ਸਦੀਵ ਹੀ ਆਰਾਮ ਬਖਸ਼ਣਵਾਲਾ ਹੈ। ਉਸ ਪਾਸੋਂ ਆਦਮੀ ਆਪਣੇ ਚਿੱਤ-ਚਾਹੁੰਦੇ ਮੇਵੇ ਹਾਸਲ ਕਰ ਲੈਂਦਾ ਹੈ। ਹਮ ਨੀਚ ਸੇ ਊਤਮ ਭਏ ਹਰਿ ਕੀ ਸਰਣਾਈ ॥ ਵਾਹਿਗੁਰੂ ਦੀ ਛਤਰ ਛਾਇਆ ਹੇਠ ਆ ਕੇ, ਮੈਂ ਕਮੀਣਾ ਸ੍ਰੇਸ਼ਟ ਹੋ ਗਿਆ ਹਾਂ। ਪਾਥਰੁ ਡੁਬਦਾ ਕਾਢਿ ਲੀਆ ਸਾਚੀ ਵਡਿਆਈ ॥੪॥ ਸੱਚੀ ਹੈ ਵਿਸ਼ਾਲਤਾ, ਵਾਹਿਗੁਰੂ ਦੀ, ਜਿਸ ਨੇ ਡੁਬਦੇ ਹੋਏ ਪੱਥਰ ਨੂੰ ਬਚਾ ਲਿਆ ਹੈ। ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ ॥ ਜ਼ਹਿਰ ਤੋਂ ਮੈਂ ਆਬਿ-ਹਿਯਾਤ ਬਣ ਗਿਆ ਹਾਂ। ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਸਿਆਣਪ ਪ੍ਰਾਪਤ ਕਰ ਲਈ ਹੈ। ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ॥੫॥ ਅੱਕ ਤੋਂ ਮੈਂ ਚੰਦਨ ਹੋ ਗਿਆ ਹਾਂ, ਅਤੇ ਮੇਰੇ ਅੰਦਰ ਸੁਗੰਧਤ ਟਿਕ ਗਈ ਹੈ। ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ ॥ ਅਮੋਲਕ ਹੈ ਮਨੁਸ਼ਾ-ਜਨਮ। ਸੰਸਾਰ ਵਿੱਚ ਆ ਕੇ ਮੈਂ ਉਸ ਤੋਂ ਲਾਭ ਉਠਾਇਆ ਹੈ। ਪੂਰੈ ਭਾਗਿ ਸਤਿਗੁਰੁ ਮਿਲੈ ਹਰਿ ਨਾਮੁ ਧਿਆਇ ॥੬॥ ਪੂਰਨ ਭਾਗ ਦੁਆਰਾ ਮੈਂ ਸੱਚੇ ਗੁਰਾਂ ਨੂੰ ਮਿਲਿਆ ਹਾਂ ਅਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ। ਮਨਮੁਖ ਭੂਲੇ ਬਿਖੁ ਲਗੇ ਅਹਿਲਾ ਜਨਮੁ ਗਵਾਇਆ ॥ ਪ੍ਰਤੀਕੂਲ ਪੁਰਸ਼ ਕੁਰਾਹੇ ਪਏ ਹੋਏ ਹਨ ਅਤੇ ਮਾਇਆ ਨਾਲ ਜੁੜ ਜਾਣ ਕਾਰਨ ਆਪਣਾ ਜੀਵਨ ਵਿਅਰਥ ਵੰਞਾ ਲੈਂਦੇ ਹਨ। ਹਰਿ ਕਾ ਨਾਮੁ ਸਦਾ ਸੁਖ ਸਾਗਰੁ ਸਾਚਾ ਸਬਦੁ ਨ ਭਾਇਆ ॥੭॥ ਵਾਹਿਗੁਰੂ ਦਾ ਨਾਮ ਸਦੀਵ ਹੀ ਆਰਾਮ ਦਾ ਸਮੁੰਦਰ ਹੈ ਪਰ ਉਹ ਸੱਚੇ ਨਾਮ ਨੂੰ ਪਿਆਰ ਨਹੀਂ ਕਰਦੇ। ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥ ਮੂੰਹ ਤੋਂ ਹਰ ਕੋਈ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਪ੍ਰੰਤੂ ਬਹੁਤ ਹੀ ਥੋੜੇ ਇਸ ਨੂੰ ਆਪਣੇ ਮਨ ਵਿੱਚ ਟਿਕਾਉਂਦੇ ਹਨ। ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ੍ਹ ਪਾਇਆ ॥੮॥੨॥ ਨਾਨਕ, ਜਿਨ੍ਹਾਂ ਦੇ ਰਿਦੇ ਅੰਦਰ ਪ੍ਰਭੂ ਵਸਦਾ ਹੈ, ਕੇਵਲ ਓਹੀ ਮੋਖਸ਼ ਅਤੇ ਕਲਿਆਣ ਨੂੰ ਪ੍ਰਾਪਤ ਹੁੰਦੇ ਹਨ। ਵਡਹੰਸੁ ਮਹਲਾ ੧ ਛੰਤ ਵਡਹੰਸ ਪਹਿਲੀ ਪਾਤਿਸ਼ਾਹੀ ਛੰਤ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥ ਝੂਠ ਨਾਲ ਮਲੀਣ ਹੋਈ ਦੇਹ ਨੂੰ ਕਾਹਦੇ ਲਈ ਧੋਣਾ ਹੈ? ਨਾਤਾ ਸੋ ਪਰਵਾਣੁ ਸਚੁ ਕਮਾਈਐ ॥ ਜੋ ਸੱਚ ਦੀ ਕਮਾਈ ਕਰਦਾ ਹੈ, ਉਸ ਦਾ ਇਸ਼ਨਾਨ ਕਬੂਲ ਪੈ ਜਾਂਦਾ ਹੈ। ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ ॥ ਜਦ ਦਿਲ ਵਿੱਚ ਸੱਚ ਹੁੰਦਾ ਹੈ ਤਾਂ ਆਦਮੀ ਸੱਚਾ ਹੋ ਜਾਂਦਾ ਹੈ ਅਤੇ ਸੱਚੇ ਸੁਆਮੀ ਨੂੰ ਪਾ ਲੈਂਦਾ ਹੈ। copyright GurbaniShare.com all right reserved. Email |