Page 608

ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥
ਛੁਪਾਉਣ ਨਾਲ, ਮਾਣਕ ਛੁਪਿਆ ਨਹੀਂ ਰਹਿੰਦਾ, ਭਾਵਨੂੰ ਕੋਈ ਛੁਪਾਉਣ ਦੀ (ਹਜ਼ਾਰ) ਕੋਸ਼ਿਸ਼ ਕਰੇ।

ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ ॥
ਹਰ ਵਸਤੂ ਤੈਂਡੀ ਹੈ। ਤੂੰ ਦਿਲਾਂ ਦੀਆਂ ਜਾਨਣ ਵਾਲਾ ਹੈ। ਤੂੰ ਸਾਰਿਆਂ ਦਾ ਸੁਭਾਇਮਾਨ ਸੁਆਮੀ ਹੈ।

ਜਿਸ ਨੋ ਦਾਤਿ ਕਰਹਿ ਸੋ ਪਾਏ ਜਨ ਨਾਨਕ ਅਵਰੁ ਨ ਕੋਈ ॥੫॥੯॥
ਕੇਵਲ ਓਹੀ ਬਖਸ਼ੀਸ਼ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਪ੍ਰਦਾਨ ਕਰਦਾ ਹੈ, ਹੇ ਸੁਆਮੀ! ਹੋਰ ਕੋਈ ਹੇ ਦਾਸ ਨਾਨਕ, ਇਸ ਨੂੰ ਨਹੀਂ ਪਾ ਸਕਦਾ।

ਸੋਰਠਿ ਮਹਲਾ ੫ ਘਰੁ ੧ ਤਿਤੁਕੇ
ਸੋਰਠਿ ਪੰਜਵੀਂ ਪਾਤਿਸ਼ਾਹੀ। ਤਿਤੁਕੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਕਿਸੁ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥
ਮੈਂ ਕੀਹਦੇ ਕੋਲੋਂ ਮੰਗਾਂ ਅਤੇ ਕਿਸ ਦੀ ਉਪਾਸ਼ਨਾ ਕਰਾਂ, ਜਦ ਸਾਰੇ ਹੀ ਸੁਆਮੀ ਦੇ ਸਾਜੇ ਹੋਏ ਹਨ?

ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥
ਜਿਹੜੇ ਕੋਈ ਭੀ ਵੱਡਿਆਂ ਤੋਂ ਵੱਡੇ ਦਿਸਦੇ ਹਨ, ਉਹ ਸਾਰੇ ਹੀ ਆਖਰ ਨੂੰ ਮਿੱਟੀ ਵਿੱਚ ਰਲ ਜਾਂਦੇ ਹਨ।

ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥੧॥
ਡਰ ਦੇ ਨਾਸ ਕਰਨ ਵਾਲਾ, ਡਰ-ਰਹਿਤ, ਸਰੂਪ-ਰਹਿਤ ਸੁਆਮੀ, ਸਾਰੇ ਸੁੱਖ ਅਤੇ ਨੌ ਖਜਾਨੇ ਦਿੰਦਾ ਹੈ।

ਹਰਿ ਜੀਉ ਤੇਰੀ ਦਾਤੀ ਰਾਜਾ ॥
ਹੇ ਮਹਾਰਾਜ ਸੁਆਮੀ! ਤੇਰੀਆਂ ਬਖਸ਼ਿਸ਼ਾਂ ਨਾਲ ਮੈਂ ਰੱਜ ਜਾਂਦਾ ਹਾਂ।

ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥
ਮੈਂ ਨਿਗੂਣੇ ਇਨਸਾਨ ਦੀ ਕਿਉਂ ਤਾਰੀਫ ਕਰਾਂ? ਉਸ ਦੀ ਮੁਛੰਦਗੀ ਮੈਂ ਕਿਉਂ ਲਵਾਂ? ਠਹਿਰਾਉ।

ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੂਖ ਗਵਾਈ ॥
ਸਾਰੀਆਂ ਵਸਤੂਆਂ ਉਸ ਦੀਆਂ ਹਨ, ਜੋ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਸਾਈਂ ਉਸ ਦੀ ਭੁੱਖ ਦੂਰ ਕਰ ਦਿੰਦਾ ਹੈ।

ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਨ ਕਬ ਹੀ ਜਾਈ ॥
ਖੁਸ਼ੀ ਬਖਸ਼ਣਹਾਰ ਐਹੋ ਜੇਹੀ ਦੌਲਤ ਦਿੰਦਾ ਹੈ, ਜੋ ਕਦੇ ਭੀ ਮੁੱਕਦੀ ਨਹੀਂ।

ਅਨਦੁ ਭਇਆ ਸੁਖ ਸਹਜਿ ਸਮਾਣੇ ਸਤਿਗੁਰਿ ਮੇਲਿ ਮਿਲਾਈ ॥੨॥
ਸੱਚੇ ਗੁਰਾਂ ਨੇ ਮੈਨੂੰ ਮਾਲਕ ਦੇ ਮਿਲਾਪ ਵਿੱਚ ਮਿਲਾ ਦਿੱਤਾ ਹੈ। ਮੈਂ ਹੁਣ ਖੁਸ਼ ਹਾਂ ਤੇ ਪਰਮ ਆਨੰਦ ਅੰਦਰ ਲੀਨ ਹਾਂ।

ਮਨ ਨਾਮੁ ਜਪਿ ਨਾਮੁ ਆਰਾਧਿ ਅਨਦਿਨੁ ਨਾਮੁ ਵਖਾਣੀ ॥
ਹੇ ਮੇਰੀ ਜਿੰਦੇ! ਤੂੰ ਨਾਮ ਨੂੰ ਸਿਮਰ, ਨਾਮ ਦਾ ਚਿੰਤਨ ਕਰ ਅਤੇ ਤੂੰ ਨਾਮ ਦਾ ਹੀ ਰਾਤ ਦਿਨ ਉਚਾਰਨ ਕਰ।

ਉਪਦੇਸੁ ਸੁਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਜਮਾਣੀ ॥
ਤੂੰ ਜਗਿਆਸੂਆਂ ਤੇ ਪਵਿੱਤਰ ਪੁਰਸ਼ਾਂ ਦੀ ਸਿੱਖਮੱਤ ਸ੍ਰਵਣ ਕਰ ਅਤੇ ਤੇਰਾ ਮੌਤ ਦਾ ਸਾਰਾ ਡਰ ਦੂਰ ਹੋ ਜਾਵੇਗਾ।

ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ ਸੇ ਲਾਗੇ ਗੁਰ ਕੀ ਬਾਣੀ ॥੩॥
ਜਿੰਨ੍ਹਾ ਉਤੇ ਮੈਂਡਾ ਮਾਲਕ ਮਿਹਰਬਾਨ ਹੋ ਜਾਂਦਾ ਹੈ, ਉਹ ਗੁਰਾਂ ਦੀ ਬਾਣੀ ਨਾਲ ਜੁੜ ਜਾਂਦੇ ਹਨ।

ਕੀਮਤਿ ਕਉਣੁ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ ॥
ਤੇਰਾ ਮੁੱਲ ਕੌਣ ਪਾ ਸਕਦਾ ਹੈ, ਹੇ ਸੁਆਮੀ? ਤੂੰ ਸਾਰੇ ਜੀਵ ਜੰਤੂਆਂ ਉਤੇ ਮਿਹਰਬਾਨ ਹੈ।

ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ॥
ਸਾਰਾ ਕੁਝ ਜੋ ਤੂੰ ਕਰਦਾ ਹੈ, ਹੁੰਦਾ ਹੈ। ਮੈਂ ਗਰੀਬ ਬੱਚਾ ਕੀ ਕਰ ਸਕਦਾ ਹਾਂ, ਹੇ ਸੁਆਮੀ?

ਰਾਖਿ ਲੇਹੁ ਨਾਨਕੁ ਜਨੁ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ॥੪॥੧॥
ਤੂੰ ਆਪਣੇ ਨਫਰ ਨਾਨਕ ਦੀ ਰੱਖਿਆ ਕਰ, ਅਤੇ ਉਸ ਉਤੇ ਇਸ ਤਰ੍ਹਾਂ ਦਇਆਵਾਨ ਹੋ, ਜਿਸ ਤਰ੍ਹਾਂ ਪਿਉ ਆਪਣੇ ਪੁੱਤ੍ਰ ਉਤੇ ਹੁੰਦਾ ਹੈ।

ਸੋਰਠਿ ਮਹਲਾ ੫ ਘਰੁ ੧ ਚੌਤੁਕੇ ॥
ਸੋਰਠਿ ਪੰਜਵੀਂ ਪਾਤਿਸ਼ਾਹੀ। ਚੋਤੁਕੇ।

ਗੁਰੁ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ ਧਾਰ ॥
ਹੇ ਵੀਰ! ਤੂੰ ਸੰਸਾਰ ਦੇ ਵੱਡੇ ਸੁਆਮੀ ਦਾ ਜੱਸ ਗਾਇਨ ਕਰ ਅਤੇ ਉਸ ਨੂੰ ਆਪਣੇ ਚਿੱਤ, ਦੇਹ ਤੇ ਆਤਮਾ ਅੰਦਰ ਟਿਕਾ।

ਸਾਚਾ ਸਾਹਿਬੁ ਮਨਿ ਵਸੈ ਭਾਈ ਏਹਾ ਕਰਣੀ ਸਾਰ ॥
ਤੂੰ ਸੱਚੇ ਸੁਆਮੀ ਨੂੰ ਆਪਣੇ ਦਿਲ ਅੰਦਰ ਵਸਾ ਹੇ ਵੀਰ! ਏਹੋ ਹੀ ਸ੍ਰੇਸ਼ਟ ਜੀਵਨ ਰਹੁ-ਰੀਤੀ ਹੈ।

ਜਿਤੁ ਤਨਿ ਨਾਮੁ ਨ ਊਪਜੈ ਭਾਈ ਸੇ ਤਨ ਹੋਏ ਛਾਰ ॥
ਜਿਹੜੀਆਂ ਦੇਹਾਂ ਅੰਦਰ ਨਾਮ ਉਤਪੰਨ ਨਹੀਂ ਹੁੰਦਾ, ਹੇ ਵੀਰ! ਉਹ ਦੇਹਾਂ ਸੁਆਹ ਹੋ ਜਾਂਦੀਆਂ ਹਨ।

ਸਾਧਸੰਗਤਿ ਕਉ ਵਾਰਿਆ ਭਾਈ ਜਿਨ ਏਕੰਕਾਰ ਅਧਾਰ ॥੧॥
ਹੇ ਵੀਰ! ਮੈਂ ਸਤਿਸੰਗਤ ਉਤੋਂ ਕੁਰਬਾਨ ਹਾਂ, ਜਿਸ ਨੂੰ ਕੇਵਲ ਇਕ ਪ੍ਰਭੂ ਦਾ ਹੀ ਆਸਰਾ ਹੈ।

ਸੋਈ ਸਚੁ ਅਰਾਧਣਾ ਭਾਈ ਜਿਸ ਤੇ ਸਭੁ ਕਿਛੁ ਹੋਇ ॥
ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜਿਸ ਵਿੱਚ ਸਾਰਾ ਕੁਝ ਕਰਨ ਦੀ ਸੱਤਿਆ ਹੈ, ਹੇ ਵੀਰ!

ਗੁਰਿ ਪੂਰੈ ਜਾਣਾਇਆ ਭਾਈ ਤਿਸੁ ਬਿਨੁ ਅਵਰੁ ਨ ਕੋਇ ॥ ਰਹਾਉ ॥
ਪੂਰਨ ਗੁਰਾਂ ਨੇ ਮੈਨੂੰ ਦਰਸਾ ਦਿੱਤਾ ਹੈ, ਹੇ ਵੀਰ! ਕਿ ਉਸ ਦੇ ਬਗੈਰ ਹੋਰ ਕੋਈ ਨਹੀਂ। ਠਹਿਰਾਉ।

ਨਾਮ ਵਿਹੂਣੇ ਪਚਿ ਮੁਏ ਭਾਈ ਗਣਤ ਨ ਜਾਇ ਗਣੀ ॥
ਨਾਮ ਦੇ ਬਾਝੋਂ ਹੇ ਭਰਾ! ਪ੍ਰਾਣੀ ਗਲ ਸੜ ਕੇ ਮਰ ਜਾਂਦੇ ਹਨ। ਉਨ੍ਹਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ।

ਵਿਣੁ ਸਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ॥
ਸੱਚ ਦੇ ਬਗੈਰ ਪਵਿੱਤਰਤਾ ਪ੍ਰਾਪਤ ਨਹੀਂ ਹੁੰਦੀ, ਹੇ ਵੀਰ! ਸੱਚਾ ਅਤੇ ਥਾਹ-ਰਹਿਤ ਹੈ, ਮੇਰਾ ਮਾਲਕ!

ਆਵਣ ਜਾਣੁ ਨ ਚੁਕਈ ਭਾਈ ਝੂਠੀ ਦੁਨੀ ਮਣੀ ॥
ਕੂੜ ਹੈ ਹੰਕਾਰ ਸੰਸਾਰੀ ਪਦਾਰਥਾਂ ਦਾ। ਉਨ੍ਹਾਂ ਨਾਲ ਜੁੜੇ ਹੋਏ ਇਨਸਾਨ ਦਾ ਆਉਣ ਤੇ ਜਾਣਾ ਮੁਕਦਾ ਨਹੀਂ, ਹੇ ਭਾਈ!

ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ ॥੨॥
ਭੋਰਾ ਕੁ ਨਾਮ ਦੀ ਦਾਤ ਦੇ ਕੇ ਮੁਖੀ ਗੁਰਦੇਵ ਜੀ, ਕ੍ਰੋੜਾਂ ਹੀ ਇਨਸਾਨਾਂ ਦਾ ਪਾਰ ਉਤਾਰਾ ਕਰ ਦਿੰਦੇ ਹਨ, ਹੇ ਵੀਰ!

ਸਿੰਮ੍ਰਿਤਿ ਸਾਸਤ ਸੋਧਿਆ ਭਾਈ ਵਿਣੁ ਸਤਿਗੁਰ ਭਰਮੁ ਨ ਜਾਇ ॥
ਮ੍ਰਿੰਮਤੀਆਂ ਤੇ ਸ਼ਾਸਤਰ ਮੈਂ ਖੋਜੇ ਹਨ, ਹੇ ਭਰਾਵਾਂ! ਸੱਚੇ ਗੁਰਾਂ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦਾ।

ਅਨਿਕ ਕਰਮ ਕਰਿ ਥਾਕਿਆ ਭਾਈ ਫਿਰਿ ਫਿਰਿ ਬੰਧਨ ਪਾਇ ॥
ਹੇ ਭਰਾ, ਪ੍ਰਾਣੀ ਅਨੇਕ ਸੰਸਕਾਰ ਕਰਦਾ ਕਰਦਾ ਹਾਰ ਹੁੱਟ ਜਾਂਦਾ ਹੈ ਅਤੇ ਮੁੜ ਮੁੜ ਕੇ, ਉਹ ਮਾਇਆ ਦੇ ਜਾਲ ਵਿੱਚ ਫਸਦਾ ਹੈ।

ਚਾਰੇ ਕੁੰਡਾ ਸੋਧੀਆ ਭਾਈ ਵਿਣੁ ਸਤਿਗੁਰ ਨਾਹੀ ਜਾਇ ॥
ਮੈਂ ਚਾਰੇ ਪਾਸੇ ਖੋਜ ਲਏ ਹਨ, ਹੇ ਭਰਾਵਾਂ! ਸੱਚੇ ਗੁਰਾਂ ਦੇ ਬਾਝੋਂ ਹੋਰ ਕੋਈ ਟਿਕਾਣਾ ਨਹੀਂ।

copyright GurbaniShare.com all right reserved. Email