ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥ ਨਾਨਕ ਪੂਰਨ ਗੁਰਾਂ ਨੂੰ ਮਿਲ ਪਿਆ ਹੈ ਅਤੇ ਉਸ ਦੇ ਸਾਰੇ ਦੁੱਖੜੇ ਦੂਰ ਹੋ ਗਏ ਹਨ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥ ਸੁਖੀ ਬੰਦੇ ਦੇ ਖਿਆਲ ਮੁਤਾਬਕ ਸਾਰੇ ਸੁਖੀ ਮਲੂਮ ਹੁੰਦੇ ਹਨ ਅਤੇ ਬੀਮਾਰ ਬੰਦੇ ਦੇ ਖਿਆਲ ਵਿੱਚ ਸਾਰੇ ਬੀਮਾਰ। ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥ ਸਾਹਿਬ (ਸਭ ਕੁਝ) ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਆਤਮਾ ਦਾ ਉਸ ਨਾਲ ਮਿਲਾਪ ਉਸ ਦੇ ਹੱਥ ਵਿੱਚ ਹੈ। ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥ ਹੇ ਮੇਰੇ ਮਨੂਏ ਜਿਸ ਨੇ ਆਪਣਾ ਸ਼ੱਕ ਸੁਭਾ ਦੂਰ ਕਰ ਦਿੱਤਾ ਹੈ, ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥ ਅਤੇ ਜੋ ਸਾਰਿਆਂ ਅੰਦਰ ਸਾਹਿਬ ਦੀ ਹੋਂਦ ਨੂੰ ਅਨੁਭਵ ਕਰਦਾ ਹੈ, ਉਸ ਦੇ ਖਿਆਲ ਵਿੱਚ ਕੋਈ ਭੀ ਕੁਰਾਹੇ ਨਹੀਂ ਪਿਆ। ਠਹਿਰਾਉ। ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥ ਜਿਸ ਦੀ ਆਤਮਾ ਸਤਿ ਸੰਗਤ ਅੰਦਰ ਸੁਖੀ ਹੋਈ ਹੈ, ਸਾਰਿਆਂ ਨੂੰ ਅਨੰਦ-ਪ੍ਰਸੰਨ ਸਮਝਦਾ ਹੈ। ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥੨॥ ਜਿਸ ਦਾ ਦਿਲ ਹੰਕਾਰ ਦੀ ਬੀਮਾਰੀ ਅੰਦਰ ਖੱਚਤ ਹੋਇਆ ਹੋਇਆ ਹੈ, ਉਹ ਜੰਮਣ ਤੇ ਮਰਣ ਅੰਦਰ ਵਿਰਲਾਪ ਕਰਦਾ ਹੈ। ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥ ਹਰ ਸ਼ੈ ਉਸ ਨੂੰ ਸਪੱਸ਼ਟ ਜਾਪਦੀ ਹੈ, ਜਿਸ ਦੀਆਂ ਅੱਖਾਂ ਵਿੱਚ ਬ੍ਰਹਮ-ਬੋਧ ਦਾ ਸੁਰਮਾ ਪਿਆ ਹੋਇਆ ਹੈ। ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥੩॥ ਆਤਮਿਕ ਬੇਸਮਝੀ ਦੇ ਅਨ੍ਹੇਰੇ ਵਿੱਚ ਇਨਸਾਨ ਨੂੰ ਕੁਝ ਦਿਸਦਾ ਨਹੀਂ ਅਤੇ ਉਹ ਮੁੜ ਮੁੜ ਕੇ ਆਵਾਗਉਣ ਅੰਦਰ ਭਟਕਦਾ ਹੈ। ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥ ਹੇ ਮੇਰੇ ਸਾਹਿਬ! ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ। ਨਾਨਕ ਐਸੇ ਸੁੱਖ ਦੀ ਯਾਚਨਾ ਕਰਦਾ ਹੈ, ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥ ਜਿਥੇ ਸੰਤ ਤੇਰਾ ਜੱਸ ਗਾਇਨ ਕਰਦੇ ਹਨ, ਉਸ ਥਾਂ ਨਾਲ ਮੇਰਾ ਚਿੱਤ ਜੁੜ ਜਾਵੇ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥ ਮੇਰੀ ਦੇਹ ਸਾਧੂਆਂ ਦੀ ਹੈ, ਮੇਰੀ ਦੌਲਤ ਸਾਧੂਆਂ ਦੀ, ਤੇ ਸਾਧੂਆਂ ਦੇ ਸਪੁਰਦ ਹੀ ਮੈਂ ਆਪਣੀ ਆਤਮਾ ਕਰ ਦਿੱਤੀ ਹੈ। ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ ॥੧॥ ਸੰਤ ਦੀ ਦਇਆ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹਾਂ, ਤਦ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥ ਸਾਧੂਆਂ ਦੇ ਬਗੈਰ ਹੋਰ ਕੋਈ ਦਾਤਾਰ ਨਹੀਂ। ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ॥ ਰਹਾਉ ॥ ਜਿਹੜਾ ਕੋਈ ਸੰਤਾਂ ਦੀ ਪਨਾਹ ਲੈਂਦਾ ਹੈ, ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਜਾਂਦਾ ਹੈ। ਠਹਿਰਾਉ। ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ ॥ ਸਾਧੂਆਂ ਦੀ ਟਹਿਲ ਕਮਾਉਣ ਅਤੇ ਵਾਹਿਗੁਰੂ ਦੀ ਕੀਰਤੀ ਪ੍ਰੇਮ ਨਾਲ ਗਾਇਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ। ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ ॥੨॥ ਸੰਤਾਂ ਦੀ ਸੰਗਤ ਕਰਨ ਨਾਲ, ਜੋ ਵੱਡੇ ਭਾਗਾਂ ਦੁਆਰਾ ਪ੍ਰਾਪਤ ਹੁੰਦੀ ਹੈ, ਇਨਸਾਨ ਏਥੇ ਆਰਾਮ-ਚੈਨ ਪਾ ਲੈਂਦਾ ਹੈ ਅਤੇ ਅੱਗੇ ਉਸ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ। ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ॥ ਮੇਰੀ ਕੇਵਲ ਇਕ ਜੀਭ੍ਹ ਹੈ। ਪ੍ਰਭੂ ਦਾ ਗੋਲਾ ਘਣੇਰੀਆਂ ਚੰਗਿਆਈਆਂ ਨਾਂ ਪਰੀਪੂਰਨ ਹੈ। ਉਸ ਦੀ ਉਸਤਤੀ ਮੈਂ ਕਿਥੋਂ ਤੋੜੀ ਵਰਣਨ ਕਰ ਸਕਦਾ ਹਾਂ। ਅਗਮ ਅਗੋਚਰ ਸਦ ਅਬਿਨਾਸੀ ਸਰਣਿ ਸੰਤਨ ਕੀ ਲਹੀਐ ॥੩॥ ਪਹੁੰਚ ਤੋਂ ਪਰੇ, ਸੋਚ-ਵੀਚਾਰ ਤੋਂ ਉਚੇਰਾ ਅਤੇ ਸਦੀਵੀ ਕਾਲ-ਰਹਿਤ ਸੁਆਮੀ, ਸਾਧੂਆਂ ਦੀ ਸ਼ਰਣ ਦੁਆਰਾ ਪ੍ਰਾਪਤ ਹੁੰਦਾ ਹੈ। ਨਿਰਗੁਨ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ॥ ਮੈਂ ਗੁਣ-ਵਿਹੂਣੇ, ਕਮੀਣ, ਨਿਖਸਮਾ ਤੇ ਪਾਪੀ ਹਾਂ। ਮੈਂ ਸਾਧੂਆਂ ਦੀ ਸ਼ਰਣਾਗਤ ਲੋੜਦਾ ਹਾਂ। ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ ਨਿਬਾਹੀ ॥੪॥੭॥ ਮੈਂ ਘਰੇਲੂ ਮਮਤਾ ਦੇ ਅੰਨ੍ਹੇ ਖੂਹ ਵਿੱਚ ਡੁੱਬ ਰਿਹਾ ਹਾਂ, ਹੇ ਸੁਆਮੀ! ਨਾਨਕ ਦਾ ਪੱਖ ਪੂਰ ਤੇ ਉਸ ਨੂੰ ਬਚਾ ਲੈ। ਸੋਰਠਿ ਮਹਲਾ ੫ ਘਰੁ ੧ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥ ਜਿਸ ਦੇ ਮਨ ਅੰਦਰ ਤੂੰ ਨਿਵਾਸ ਰੱਖਦਾ ਹੈ, ਹੇ ਕਰਤਾਰ! ਉਸ ਦੀ ਤੂੰ ਲੋਚਾ ਪੂਰੀ ਕਰ ਦਿੰਦਾ ਹੈ। ਦਾਸ ਅਪੁਨੇ ਕਉ ਤੂ ਵਿਸਰਹਿ ਨਾਹੀ ਚਰਣ ਧੂਰਿ ਮਨਿ ਭਾਈ ॥੧॥ ਤੇਰਾ ਗੋਲਾ ਤੈਨੂੰ ਭੁਲਾਉਂਦਾ ਨਹੀਂ। ਤੇਰੇ ਪੈਰਾਂ ਦੀ ਖਾਕ ਉਸ ਦੇ ਚਿੱਤ ਨੂੰ ਚੰਗੀ ਲੱਗਦੀ ਹੈ, ਹੇ ਸੁਆਮੀ! ਤੇਰੀ ਅਕਥ ਕਥਾ ਕਥਨੁ ਨ ਜਾਈ ॥ ਤੈਂਡੀ ਕਥਾ ਵਾਰਤਾ ਨਾਂ-ਬਿਆਨ ਹੋਣ ਵਾਲੀ ਹੈ। ਮੈਂ ਇਸ ਨੂੰ ਵਰਣਨ ਨਹੀਂ ਕਰ ਸਕਦਾ। ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ ਰਹਾਉ ॥ ਹੇ ਗੁਣਾਂ ਦੇ ਖਜਾਨੇ! ਤੇ ਸੁੱਖ ਦੇਣਹਾਰ ਸਾਹਿਬ! ਉਚੀ ਤੋਂ ਉਚੀ ਹੈ ਤੇਰੀ ਵਿਸ਼ਾਲਤਾ! ਠਹਿਰਾਉ। ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖਿ ਪਾਈ ॥ ਓਹੀ, ਕੇਵਲ ਓਹੀ ਕੰਮ-ਕਾਜ ਜੀਵ ਕਰਦਾ ਹੈ, ਜਿਹੜੇ ਤੂੰ ਉਸ ਲਈ ਲਿਖੇ ਹੋਏ ਹਨ। ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥੨॥ ਆਪਣੇ ਨਫਰ ਨੂੰ ਤੂੰ ਆਪਣੀ ਚਾਕਰੀ ਬਖਸ਼ੀ ਹੈ। ਤੈਂਡਾ ਦੀਦਾਰ ਕਰ ਕੇ ਉਹ ਤ੍ਰਿਪਤ (ਰੱਜ) ਹੋ ਜਾਂਦਾ ਹੈ। ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ ॥ ਸਾਰਿਆਂ ਦੇ ਅੰਦਰ ਤੂੰ ਰਮਿਆ ਹੋਇਆ ਹੈ। ਜਿਸ ਨੂੰ ਤੂੰ ਦਰਸਾਉਂਦਾ ਹੈ, ਕੇਵਲ ਉਹੀ ਇਸ ਨੂੰ ਅਨੁਭਵ ਕਰਦਾ ਹੈ। ਗੁਰ ਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ॥੩॥ ਗੁਰਾਂ ਦੀ ਦਇਆ ਦੁਆਰਾ ਉਸ ਦੀ ਅਗਿਆਨਤਾ ਦੂਰ ਹੋ ਜਾਂਦੀ ਹੈ ਅਤੇ ਉਹ ਸਾਰੀਆਂ ਥਾਵਾਂ ਵਿੱਚ ਉਘਾ ਹੋ ਜਾਂਦਾ ਹੈ। ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖੁ ਸੁਭਾਈ ॥ ਕੇਵਲ ਓਹੀ ਬ੍ਰਹਮਬੇਤਾ ਹੈ, ਓਹੀ ਵਿਚਾਰਵਾਨ ਅਤੇ ਓਹੀ ਚੰਗੇ ਸੁਭਾ ਵਾਲਾ ਇਨਸਾਨ। ਕਹੁ ਨਾਨਕ ਜਿਸੁ ਭਏ ਦਇਆਲਾ ਤਾ ਕਉ ਮਨ ਤੇ ਬਿਸਰਿ ਨ ਜਾਈ ॥੪॥੮॥ ਗੁਰੂ ਜੀ ਆਖਦੇ ਹਨ, ਜਿਸ ਉਤੇ ਮਾਲਕ ਮਿਹਰਬਾਨ ਹੈ ਉਹ ਉਸ ਨੂੰ ਆਪਣੇ ਚਿਤੋਂ ਨਹੀਂ ਭੁਲਾਉਂਦਾ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥ ਸਾਰੀ ਰਚਨਾ ਸੰਸਾਰੀ ਮਮਤਾ ਅੰਦਰ ਗ੍ਰਸੀ ਹੋਈ ਹੈ। ਇਨਸਾਨ ਕਦੇ ਉਚਾਂ ਹੁੰਦਾ, ਕਦੇ ਨੀਵਾਂ। ਸੁਧੁ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ ਪਹੂਚੇ ॥੧॥ ਕਿਸੇ ਭੀ ਢੰਗ ਨਾਲ ਉਹ ਪਵਿੱਤਰ ਨਹੀਂ ਹੁੰਦਾ, ਅਤੇ ਕੋਈ ਭੀ ਲੋੜੀਂਦੇ ਟਿਕਾਣੇ ਨੂੰ ਨਹੀਂ ਅੱਪੜਦਾ। copyright GurbaniShare.com all right reserved. Email |