Page 631

ਅਪਨੇ ਗੁਰ ਊਪਰਿ ਕੁਰਬਾਨੁ ॥
ਮੈਂ ਆਪਣੇ ਗੁਰਾਂ ਦੇ ਉਤੋਂ ਘੋਲੀ ਵੰਞਦਾ ਹਾਂ।

ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥
ਸਰਬ-ਵਿਆਪਕ, ਦਾਤਾਰ ਸੁਆਮੀ ਮੇਰੇ ਤੇ ਦਾਇਆਲ ਹੈ, ਇਸ ਲਈ ਪ੍ਰਾਣੀ ਵੀ ਮੇਰੇ ਉਤੇ ਮਇਆਵਾਨ ਹੋ ਗਏ ਹਨ। ਠਹਿਰਾਉ।

ਨਾਨਕ ਜਨ ਸਰਨਾਈ ॥
ਗੋਲੇ ਨਾਨਕ ਨੇ ਸੁਆਮੀ ਦੀ ਓਟ ਲਈ ਹੈ,

ਜਿਨਿ ਪੂਰਨ ਪੈਜ ਰਖਾਈ ॥
ਜਿਸ ਨੇ ਉਸ ਦੀ ਲੱਜਿਆ ਪੂਰੇ ਤੌਰ ਤੇ ਰੱਖ ਲਈ ਹੈ।

ਸਗਲੇ ਦੂਖ ਮਿਟਾਈ ॥
ਸੁਆਮੀ ਨੇ ਸਾਰੇ ਦੁੱਖੜੇ ਦੂਰ ਕਰ ਦਿੱਤੇ ਹਨ,

ਸੁਖੁ ਭੁੰਚਹੁ ਮੇਰੇ ਭਾਈ ॥੨॥੨੮॥੯੨॥
ਸੋ ਤੁਸੀਂ ਅਨੰਦ ਮਾਣੋ, ਹੇ ਮੇਰੇ ਵੀਰਨੋ!

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥
ਤੂੰ ਮੇਰੀ ਪ੍ਰਾਰਥਨਾ ਸੁਣ, ਹੇ ਮੈਂਡੇ ਮਾਲਕ! ਪ੍ਰਾਣੀ ਤੇ ਪਸ਼ੂ-ਪੰਛੀ ਤੇਰੇ ਹੀ ਰਚੇ ਹੋਏ ਹਨ।

ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥
ਹੇ ਕੰਮਾਂ ਦੇ ਕਰਨ ਤੇ ਕਰਾਵਣ ਵਾਲੇ! ਤੂੰ ਆਪਣੇ ਨਾਮ ਦੀ ਲੱਜਿਆ ਰੱਖ।

ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥
ਹੇ ਮੇਰੇ ਪ੍ਰੀਤਮ! ਮੈਨੂੰ ਆਪਣਾ ਨਿੱਜ ਦਾ ਬਣਾ ਲੈ।

ਬੁਰੇ ਭਲੇ ਹਮ ਥਾਰੇ ॥ ਰਹਾਉ ॥
ਭਾਵੇਂ ਮੰਦਾ ਜਾਂ ਚੰਗਾ, ਮੈਂ ਤੇਰਾ ਹੀ ਹਾਂ। ਠਹਿਰਾਉ।

ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥
ਸਰਬ-ਸ਼ਕਤੀਵਾਨ ਸਾਹਿਬ ਨੇ ਮੇਰੀ ਬੇਨਤੀ ਸੁਣ ਲਈ ਅਤੇ ਮੇਰੀਆਂ ਬੇੜਆਂ ਕੱਟ ਕੇ ਮੈਨੂੰ ਹਾਰ ਸ਼ਿੰਗਾਰ ਦਿੱਤਾ ਹੈ।

ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥
ਸੁਆਮੀ ਨੇ ਮੈਨੂੰ ਇੱਜ਼ਤ ਦਾ ਪੁਸ਼ਾਕਾ ਪਹਿਨਾਇਆ, ਮੈਨੂੰ ਆਪਣੇ ਟਹਿਲ ਕਰਨ ਵਾਲੇ ਗੋਲੇ ਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਨਾਨਕ ਸੰਸਾਰ ਅੰਦਰ ਪ੍ਰਸਿੱਧ ਹੋ ਗਿਆ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥
ਸੁਆਮੀ ਨੇ ਸਮੂਹ ਪ੍ਰਾਣਧਾਰੀਆਂ ਨੂੰ ਸੰਤਾਂ ਦੇ ਅਧੀਨ ਕਰ ਦਿੱਤਾ ਹੈ, ਜੋ ਸਾਰੇ ਹੀ ਉਸ ਦੀ ਦਰਗਾਹ ਦੇ ਸੇਵਾਦਾਰ ਹਨ।

ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥
ਉਨ੍ਹਾਂ ਦੇ ਸੁਆਮੀ ਨੇ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਉਨ੍ਹਾਂ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।

ਸੰਤਨ ਕੇ ਕਾਰਜ ਸਗਲ ਸਵਾਰੇ ॥
ਸੁਆਮੀ ਆਪਣੇ ਸਾਧੂਆਂ ਦੇ ਸਾਰੇ ਕੰਮ-ਕਾਜ ਰਾਸ ਕਰ ਦਿੰਦਾ ਹੈ।

ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥
ਗਰੀਬਾਂ ਤੇ ਰਹਿਮ ਕਰਨ ਵਾਲਾ, ਮਿਹਰਬਾਨ ਦਇਆਲਤਾ ਦਾ ਸਮੁੰਦਰ ਅਤੇ ਸਰਬ-ਵਿਆਪਕ ਸੁਆਮੀ ਮੇਰਾ ਮਾਲਕ ਹੈ। ਠਹਿਰਾਉ।

ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥
ਹਰ ਜਗ੍ਹਾ ਮੇਰੀ ਆਉ-ਭਗਤ ਅਤੇ ਇੱਜ਼ਤ ਹੁੰਦੀ ਹੈ ਅਤੇ ਮੈਨੂੰ ਕਿਸੇ ਦੀ ਵੀ ਥੋੜ੍ਹ ਨਹੀਂ।

ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥
ਆਪਣੇ ਜਾਂ-ਨਿਸਾਰ ਗੋਲੇ ਨੂੰ ਪ੍ਰਭੂ ਇੱਜ਼ਤ ਦੀ ਪੁਸ਼ਾਕ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਸੁਆਮੀ ਦਾ ਤੇਜ ਪ੍ਰਤਾਪ ਪ੍ਰਗਟ ਹੁੰਦਾ ਹੈ, ਹੇ ਨਾਨਕ।

ਸੋਰਠਿ ਮਹਲਾ ੯
ਸੋਰਠਿ ਨੌਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥
ਹੇ ਬੰਦੇ! ਤੂੰ ਪ੍ਰਭੂ ਨਾਲ ਪ੍ਰੀਤ ਪਾ।

ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥
ਆਪਣਿਆਂ ਕੰਨਾਂ ਨਾਲ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਸ੍ਰਵਣ ਕਰ ਅਤੇ ਆਪਣੀ ਜੀਭ੍ਹਾ ਨਾਲ ਉਸ ਦੇ ਗੀਤ ਅਲਾਪ। ਠਹਿਰਾਉ।

ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥
ਸਤਿ ਸੰਗਤ ਨਾਲ ਜੁੜ ਅਤੇ ਤੂੰ ਮਾਇਆ ਦੇ ਸੁਆਮੀ ਦਾ ਆਰਾਧਨ ਕਰ। ਐਕੁਰ ਤੂੰ ਪਾਪੀ ਤੋਂ ਪਵਿੱਤਰ ਥੀ ਵੰਞੇਗਾ।

ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥
ਮੌਤ ਸਰਪ ਦੇ ਟੱਡੇ ਹੋਏ ਮੂੰਹ ਦੀ ਮਾਨੰਦ ਫਿਰ ਰਹੀ ਹੈ, ਹੇ ਮਿੱਤਰ!

ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥
ਅੱਜ ਜਾਂ ਭਲਕੇ ਓੜਕ ਨੂੰ ਇਹ ਤੈਨੂੰ ਪਕੜ ਲਵੇਗੀ। ਇਸ ਗੱਲ ਨੂੰ ਆਪਣੇ ਮਨ ਵਿੱਚ ਸੋਚ ਸਮਝ ਲੈ।

ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥
ਗੁਰੂ ਜੀ ਫੁਰਮਾਉਂਦੇ ਹਨ, ਆਪਣੇ ਸਾਹਿਬ ਦਾ ਸਿਮਰਨ ਕਰ। ਤੇਰਾ ਮੌਕਾ ਲੰਘਦਾ ਜਾ ਰਿਹਾ ਹੈ।

ਸੋਰਠਿ ਮਹਲਾ ੯ ॥
ਸੋਰਠਿ ਨੌਵੀਂ ਪਾਤਿਸ਼ਾਹੀ।

ਮਨ ਕੀ ਮਨ ਹੀ ਮਾਹਿ ਰਹੀ ॥
ਚਿੱਤ ਦੀ ਖਾਹਿਸ਼ ਚਿੱਤ ਵਿੱਚ ਹੀ ਅੰਸਪੂਰਨ ਰਹਿ ਜਾਂਦੀ ਹੈ।

ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥
ਬੰਦਾ ਨਾਂ ਵਾਹਿਗੁਰੂ ਨੂੰ ਸਿਮਰਦਾ ਹੈ ਨਾਂ ਹੀ ਧਰਮ ਅਸਥਾਨਾ ਤੇ ਜਾ ਕੇ ਸੇਵਾ ਕਰਦਾ ਹੈ ਤੇ ਮੌਤ ਉਸ ਨੂੰ ਬੋਦੀਓ ਪਕੜ ਲੈਂਦੀ ਹੈ। ਠਹਿਰਾਉ।

ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥
ਵਹੁਟੀ, ਦੌਸਤ, ਪੁੱਤ੍ਰ, ਗੱਡੀਆਂ, ਮਾਲ ਮਿਲਖ ਸਮੂਹ ਦੌਲਤ, ਸਾਰਾ ਸੰਸਾਰ ਅਤੇ ਸਾਰੀਆਂ ਸ਼ੈਆਂ,

ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥
ਜਾਣ ਲੇ ਕਿ ਇਹ ਕੂੜੀਆਂ ਹਨ, ਕੇਵਲ ਸਾਹਿਬ ਦਾ ਸਿਮਰਨ ਹੀ ਸੱਚਾ ਹੈ।

ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥
ਘਣੇਰਿਆਂ ਯੁੱਗਾਂ ਅੰਦਰ ਭਟਕਦੇ ਹੋਏ ਹਾਰੇ ਹੁੱਟੇ ਬੰਦੇ ਨੂੰ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ।

ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥
ਗੁਰੂ ਜੀ ਆਖਦੇ ਹਨ, ਹੁਣ ਮੌਕਾ ਹੈ ਪ੍ਰਭੂ ਨੂੰ ਮਿਲਣ ਦਾ। ਤੂੰ ਉਸ ਨੂੰ ਕਿਉਂ ਯਾਦ ਨਹੀਂ ਕਰਦਾ, ਹੇ ਇਨਸਾਨ?

ਸੋਰਠਿ ਮਹਲਾ ੯ ॥
ਸੋਰਠਿ ਨੌਵੀਂ ਪਾਤਿਸ਼ਾਹੀ।

ਮਨ ਰੇ ਕਉਨੁ ਕੁਮਤਿ ਤੈ ਲੀਨੀ ॥
ਹੇ ਇਨਸਾਨ ਤੈਂ ਕਿਹੜੀ ਭੈੜੀ ਸਮਝ ਧਾਰਨ ਕੀਤੀ ਹੋਈ ਹੈ?

ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥
ਤੂੰ ਹੋਰਨਾਂ ਬੰਦਿਆਂ ਦੀਆਂ ਇਸਤਰੀਆਂ ਅਤੇ ਬਦਖੋਈਆਂ ਦੇ ਸੁਆਦ ਵਿੱਚ ਖੱਚਤ ਹੋਇਆ ਹੋਇਆ ਹੈ ਤੇ ਸਰਬ-ਵਿਆਪਕ ਵਾਹਿਗੁਰੂ ਦੀ ਤੂੰ ਉਪਾਸ਼ਨਾ ਨਹੀਂ ਕਰਦਾ। ਠਹਿਰਾਉ।

ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥
ਤੂੰ ਕਲਿਆਣ ਦੇ ਮਾਰਗ ਨੂੰ ਨਹੀਂ ਜਾਣਦਾ, ਪ੍ਰੰਤੂ ਦੌਲਤ ਇਕੱਤ੍ਰ ਕਰਨ ਲਈ ਭੱਜਿਆ ਫਿਰਦਾ ਹੈ।

copyright GurbaniShare.com all right reserved. Email