Page 632

ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥
ਅਖੀਰ ਨੂੰ ਕਿਸੇ ਨੇ ਭੀ ਤੇਰਾ ਸਾਥ ਨਹੀਂ ਦੇਣਾ। ਤੂੰ ਵਿਅਰਥ ਹੀ ਆਪਣੇ ਆਪ ਨੂੰ ਫਸਾਇਆ ਹੋਇਆ ਹੈ।

ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥
ਤੂੰ ਰੱਬ ਦਾ ਚਿੰਤਨ ਨਹੀਂ ਕਰਦਾ, ਨਾਂ ਤੂੰ ਰੱਬ ਦੇ ਸੇਵਕ ਗੁਰੂ ਦੀ ਘਾਲ ਕਮਾਉਂਦਾ ਹੈ, ਨਾਂ ਹੀ ਤੇਰੇ ਅੰਦਰ ਬ੍ਰਹਮਬੋਧ ਪੈਦਾ ਹੁੰਦਾ ਹੈ।

ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥
ਪਵਿੱਤਰ ਪ੍ਰਭੂ ਤੇਰੇ ਹਿਰਦੇ ਦੇ ਅੰਦਰ ਹੀ ਹੈ, ਪ੍ਰੰਤੂ ਤੂੰ ਉਸ ਨੂੰ ਬੀਆਬਾਨ ਵਿੱਚ ਲੱਭਦਾ ਫਿਰਦਾ ਹੈ।

ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥
ਤੂੰ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਹੋਇਆ ਹੰਭ ਗਿਆ ਹੈ ਅਤੇ ਤੈਨੂੰ ਸਥਿਰ ਬੁੱਧੀ ਪ੍ਰਾਪਤ ਫਿਰ ਵੀ ਨਹੀਂ ਹੋਈ।

ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥
ਮਨੁੱਖੀ ਸਰੀਰ ਨੂੰ ਪਾ ਕੇ, ਹੁਣ ਤੂੰ ਵਾਹਿਗੁਰੂ ਦੇ ਚਰਨਾਂ ਦਾ ਚਿੰਤਨ ਕਰ। ਨਾਨਕ ਤੈਨੂੰ ਇਹ ਮੱਤ ਦਿੰਦਾ ਹੈ।

ਸੋਰਠਿ ਮਹਲਾ ੯ ॥
ਸੋਰਠਿ ਨੌਵੀਂ ਪਾਤਿਸ਼ਾਹੀ।

ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥
ਹੇ ਬੰਦੇ! ਸੁਆਮੀ ਦੀ ਪਨਾਹ ਲੈਣ ਦਾ ਖਿਆਲ ਕਰ।

ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥
ਜਿਸ ਦਾ ਚਿੰਤਨ ਕਰਨ ਦੁਆਰਾ ਵੇਸਵਾ ਤਰ ਗਈ ਸੀ, ਉਸ ਦੀ ਉਸਤਤੀ ਤੂੰ ਆਪਣੇ ਹਿਰਦੇ ਅੰਦਰ ਟਿਕਾ। ਠਹਿਰਾਉ।

ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥
ਤੂੰ ਉਸ ਦੀ ਬੰਦਗੀ ਕਰ, ਜਿਸ ਦੀ ਬੰਦਗੀ ਕਰਨ ਦੁਆਰਾ, ਧੁਰੂ ਅਹਿੱਲ ਹੋ ਗਿਆ ਅਤੇ ਉਸ ਨੇ ਡਰ ਰਹਿਤ ਮਰਤਬਾ ਪ੍ਰਾਪਤ ਕਰ ਲਿਆ।

ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥
ਮੇਰਾ ਸੁਆਮੀ ਐਸ ਤਰ੍ਹਾਂ ਦੁੱਖੜੇ ਦੂਰ ਕਰਨ ਵਾਲਾ ਹੈ। ਤੂੰ ਉਸ ਨੂੰ ਕਿਉਂ ਭੁਲਾ ਛੱਡਿਆ ਹੈ।

ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥
ਜਦ ਹੀ ਹਾਥੀ ਨੇ ਮਿਹਰਾਂ ਦੇ ਸਮੁੰਦਰ (ਪ੍ਰਭੂ) ਦੀ ਓਟ ਲਈ, ਉਸੇ ਵੇਲੇ ਹੀ ਉਹ ਮਗਰ-ਮੱਛ ਪਾਸੋਂ ਰਿਹਾਈ ਪਾ ਗਿਆ ਹੈ।

ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥
ਮੈਂ ਨਾਮ ਦੀ ਉਸਤਤੀ ਕਿਥੋਂ ਤੋੜੀ ਬਿਆਨ ਕਰ ਸਕਦਾ ਹਾਂ? ਜੋ ਕੋਈ ਭੀ ਸਾਈਂ ਦੇ ਨਾਮ ਨੂੰ ਉਚਾਰਦਾ ਹੈ, ਉਸ ਦੇ ਜੂੜ ਟੁੱਟ ਜਾਂਦੇ ਹਨ।

ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥
ਜਗਤ ਅੰਦਰ, ਅਜਾਮਲ ਗੁਨਾਹਗਾਰ ਜਾਣਿਆ ਜਾਂਦਾ ਸੀ। ਇਕ ਮੁਹਤ ਵਿੱਚ ਹੀ ਉਸ ਦਾ ਪਾਰ ਉਤਾਰਾ ਹੋ ਗਿਆ।

ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥੩॥੪॥
ਗੁਰੂ ਜੀ ਆਖਦੇ ਹਨ, ਤੂੰ ਇੱਛਾ-ਪੂਰਕ ਹੀਰੇ ਦਾ ਸਿਮਰਨ ਕਰ ਅਤੇ ਤੇਰਾ ਭੀ ਪਾਰ ਉਤਾਰਾ ਹੋ ਜਾਵੇਗਾ।

ਸੋਰਠਿ ਮਹਲਾ ੯ ॥
ਸੋਰਠਿ ਨੌਵੀਂ ਪਾਤਿਸ਼ਾਹੀ।

ਪ੍ਰਾਨੀ ਕਉਨੁ ਉਪਾਉ ਕਰੈ ॥
ਫਾਨੀ ਬੰਦਾ ਕੀ ਉਪਰਾਲੇ ਕਰੇ।

ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥੧॥ ਰਹਾਉ ॥
ਜਿਸ ਦੁਆਰਾ ਉਸ ਨੂੰ ਸੁਆਮੀ ਦੀ ਪ੍ਰੇਮ-ਮਈ ਸੇਵਾ ਪ੍ਰਾਪਤ ਹੋ ਜਾਵੇ ਅਤੇ ਉਸ ਦਾ ਮੌਤ ਦਾ ਡਰ ਦੂਰ ਹੋ ਵੰਞੇ? ਠਹਿਰਾਉ।

ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ ॥
ਦੱਸੋ ਉਹ ਕਿਹੜੇ ਅਮਲ, ਕਿਸ ਕਿਸਮ ਦਾ ਇਲਮ ਅਤੇ ਫੇਰ, ਕਿਹੜੇ ਧਾਰਮਕ ਸੰਸਕਾਰ ਕਰੇ?

ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ ॥੧॥
ਉਹ ਕਿਹੜਾ ਵੱਡਾ ਨਾਮ ਹੈ, ਜਿਸ ਨੂੰ ਆਰਾਧ ਕੇ ਪ੍ਰਾਣੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ?

ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ ॥
ਕਾਲੇ ਯੁੱਗ ਅੰਦਰ ਕੇਵਲ ਇਹੋ ਹੀ ਨਾਮ, ਰਹਿਮਤ ਦੇ ਖਜਾਨੇ ਦਾ ਹੈ, ਜਿਸ ਦਾ ਉਚਾਰਨ ਕਰਨ ਦੁਆਰਾ ਇਨਸਾਨ ਮੁਕਤੀ ਪਾ ਲੈਂਦਾ ਹੈ।

ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ ॥੨॥
ਕੋਈ ਹੋਰ ਧਾਰਮਕ ਸੰਸਕਾਰ ਉਸ ਦੇ ਤੁੱਲ ਨਹੀਂ। ਇਸ ਤਰ੍ਹਾਂ ਵੇਦ ਦੱਸਦੇ ਹਨ।

ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥
ਜਿਸ ਨੂੰ ਆਲਮ ਦਾ ਸੁਆਮੀ ਅਖਿਆ ਜਾਂਦਾ ਹੈ, ਉਹ ਖੁਸ਼ੀ ਤੇ ਗਮੀ ਤੇ ਉਚੇਰਾ ਹੈ ਅਤੇ ਹਮੇਸ਼ਾਂ ਹੀ ਅਟੰਕ ਹੈ।

ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ ॥੩॥੫॥
ਉਹ ਸੁਆਮੀ ਸੀਸ਼ੇ ਵਿੱਚ ਦੇ ਅਕਸ ਦੀ ਮਾਨੰਦ ਤੇਰੇ ਅੰਤ੍ਰੀਵ ਅੰਦਰ ਵਸਦਾ ਹੈ, ਹੇ ਨਾਨਕ!

ਸੋਰਠਿ ਮਹਲਾ ੯ ॥
ਸੋਰਠਿ ਨੌਵੀਂ ਪਾਤਿਸ਼ਾਹੀ।

ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥
ਹੇ ਮੇਰੀ ਮਾਤਾ! ਮੈਂ ਕਿਸ ਤਰੀਕੇ ਨਾਲ ਸ੍ਰਿਸ਼ਟੀ ਦੇ ਸੁਆਮੀ ਨੂੰ ਵੇਖ ਸਕਦਾ ਹਾਂ?

ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥੧॥ ਰਹਾਉ ॥
ਪਰਮ ਸੰਸਾਰੀ ਮਮਤਾ ਤੇ ਰੂਹਾਨੀ ਬੇ-ਸਮਝੀ ਦੇ ਅਨ੍ਹੇਰੇ ਵਿੱਚ ਮੇਰਾ ਮਨ ਫਸ ਰਿਹਾ ਹੈ। ਠਹਿਰਾਉ।

ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥
ਵਹਿਮ ਅੰਦਰ ਭਟਕ, ਮੈਂ ਆਪਣਾ ਸਾਰਾ ਜੀਵਨ ਗਵਾ ਲਿਆ ਹੈ ਅਤੇ ਮੈਨੂੰ ਸਥਿਰ ਬੁੱਧੀ ਪ੍ਰਾਪਤ ਨਹੀਂ ਹੋਈ।

ਬਿਖਿਆਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ ॥੧॥
ਰੈਣ ਦਿਹੁੰ ਮੈਂ ਪਾਪਾਂ ਦੇ ਪ੍ਰਭਾਵ ਹੇਠ ਰਹਿੰਦਾ ਹਾਂ ਅਤੇ ਆਪਣੀ ਨੀਚਤਾ ਨੂੰ ਨਹੀਂ ਤਿਆਗਦਾ।

ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ ॥
ਮੈਂ ਕਦਾਚਿਤ ਸਤਿ ਸੰਗਤ ਨਹੀਂ ਕਰਦਾ, ਨਾਂ ਹੀ ਮੈਂ ਸੁਆਮੀ ਦੀ ਮਹਿਮਾ ਗਾਇਨ ਕਰਦਾ ਹਾਂ।

ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ ਸਰਨਾਈ ॥੨॥੬॥
ਗੋਲੇ ਨਾਨਕ, ਮੇਰੇ ਵਿੱਚ ਕੋਈ ਨੇਕੀ ਨਹੀਂ। ਮੈਨੂੰ ਆਪਣੀ ਛੱਤਰ-ਛਾਇਆ ਹੇਠ ਰੱਖ, ਹੇ ਸੁਆਮੀ!

ਸੋਰਠਿ ਮਹਲਾ ੯ ॥
ਸੋਰਠਿ ਨੌਵੀਂ ਪਾਤਿਸ਼ਾਹੀ।

ਮਾਈ ਮਨੁ ਮੇਰੋ ਬਸਿ ਨਾਹਿ ॥
ਮੇਰੀ ਮਾਤਾ, ਮੈਂਡਾ ਮਨ ਮੇਰੇ ਕਾਬੂ ਵਿੱਚ ਨਹੀਂ।

ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ ॥
ਰਾਤ ਦਿਨ ਇਹ ਪਾਪਾਂ ਮਗਰ ਭੱਜਿਆ ਫਿਰਦਾ ਹੈ। ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕ ਕੇ ਰੱਖਾਂ? ਠਹਿਰਾਉ।

ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ ਨਿਮਖ ਨ ਹੀਏ ਬਸਾਵੈ ॥
ਵੇਦਾਂ, ਪੁਰਾਣਾ ਅਤੇ ਸਿਮਰਤੀਆਂ ਦੇ ਉਪਦੇਸ਼ ਨੂੰ ਸ੍ਰਵਣ ਕਰ ਬੰਦਾ, ਇਕ ਮੁਹਤ ਭਰ ਲਈ ਭੀ ਉਨ੍ਹਾਂ ਨੂੰ ਆਪਣੇ ਦਿਲ ਵਿੱਚ ਨਹੀਂ ਟਿਕਾਉਂਦਾ।

ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮੁ ਸਿਰਾਵੈ ॥੧॥
ਹੋਰਨਾਂ ਦੀ ਦੌਲਤ ਤੇ ਹੋਰਨਾਂ ਦੀ ਇਸਤਰੀ ਨਾਲ ਖੱਚਤ ਹੋਇਆ ਹੋਇਆ, ਉਹ ਆਪਣਾ ਜੀਵਨ ਵਿਅਰਥ ਗੁਜਾਰ ਲੈਂਦਾ ਹੈ।

ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥
ਉਹ ਧਨ-ਦੌਲਤ ਦੀ ਸ਼ਰਾਬ ਨਾਲ ਪਗਲਾ ਹੋ ਗਿਆ ਹੈ ਅਤੇ ਬ੍ਰਹਮ ਵੀਚਾਰ ਨੂੰ ਭੋਰਾ ਭਰ ਭੀ ਨਹੀਂ ਸਮਝਦਾ।

ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ ॥੨॥
ਉਸ ਦੇ ਹਿਰਦੇ ਅੰਦਰ ਹੀ ਪਵਿੱਤਰ ਪ੍ਰਭੂ ਦਾ ਨਿਵਾਸ ਰੱਖਦਾ ਹੈ, ਪਰੂੰਤੂ, ਉਹ ਉਸ ਦੇ ਭੇਤ ਨੂੰ ਨਹੀਂ ਜਾਣਦਾ।

copyright GurbaniShare.com all right reserved. Email