ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥ ਜਦ ਮੈਂ ਸੰਤਾਂ ਦੀ ਸ਼ਰਣੀ ਆ ਗਿਆ, ਤਾਂ ਮੇਰੀ ਸਾਰੀ ਖੋਟੀ ਬੁੱਧੀ ਨਾਸ ਹੋ ਗਈ। ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥੩॥੭॥ ਹੇ ਨਾਨਕ! ਤਦ ਮੈਂ ਕਾਮਨਾ ਪੂਰਨ ਕਰਨਹਾਰ ਸੁਆਮੀ ਦਾ ਸਿਮਰਨ ਕੀਤਾ ਅਤੇ ਮੇਰੀ ਮੌਤ ਦੀ ਫਾਹੀ ਕੱਟੀ ਗਈ। ਸੋਰਠਿ ਮਹਲਾ ੯ ॥ ਸੋਰਠਿ ਨੌਵੀਂ ਪਾਤਿਸ਼ਾਹੀ। ਰੇ ਨਰ ਇਹ ਸਾਚੀ ਜੀਅ ਧਾਰਿ ॥ ਹੇ ਬੰਦੇ! ਆਪਣੇ ਮਨ ਅੰਦਰ ਇਸ ਨੂੰ ਸੱਚ ਜਾਣ ਕੇ ਟਿਕਾ ਲੈ। ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥ ਸਾਰਾ ਸੰਸਾਰ ਸੁਫਨੇ ਦੀ ਮਾਨਿੰਦ ਹੈ ਅਤੇ ਇਸ ਦੇ ਨਾਸ ਹੋਣ ਨੂੰ ਚਿਰ ਨਹੀਂ ਲੱਗਣਾ। ਠਹਿਰਾਉ। ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ ਜਿਸ ਤਰ੍ਹਾਂ ਬਣਾਈ ਅਤੇ ਖਿਆਲ ਕਰ ਕੇ ਲਿੱਪੀ-ਪੋਚੀ ਹੋਈ ਰੇਤੇ ਦੀ ਕੰਧ ਚਾਰ ਦਿਹਾੜੇ ਭੀ ਨਹੀਂ ਕੱਟਦੀ, ਉਸੇ ਤਰ੍ਹਾਂ ਦੀਆਂ ਹਨ। ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥ ਰੰਗ-ਰਲੀਆਂ, ਧਨ-ਦੌਲਤ ਦੀਆਂ। ਤੂੰ ਉਨ੍ਹਾਂ ਵਿੱਚ ਕਿਉਂ ਫਸਿਆ ਹੋਇਆ ਹੈ, ਹੇ ਬੇਸਮਝ ਬੰਦੇ! ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥ ਐਨ ਅੱਜ ਹੀ ਹੋਸ਼ ਕਰ ਲੈ, ਅਜੇ ਤਾਂਈਂ ਕੋਈ ਨੁਕਸਾਨ ਨਹੀਂ ਹੋਇਆ, ਇਸ ਲਈ ਤੂੰ ਹੰਕਾਰ ਦੇ ਵੈਰੀ ਸੁਆਮੀ ਦੇ ਨਾਮ ਦਾ ਉਚਾਰਨ ਕਰ। ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥ ਗੁਰੂ ਜੀ ਫੁਰਮਾਉਂਦੇ ਹਨ, ਤੇਰੀ ਆਤਮਾ ਨੂੰ ਸੁਧਾਰਨ ਦੇ ਲਈ ਤੈਨੂੰ ਇਹ ਉਚੀ ਬੋਲ ਕੇ ਆਖ ਦਿੱਤਾ ਹੈ, ਹੇ ਬੰਦੇ! ਸੋਰਠਿ ਮਹਲਾ ੯ ॥ ਸੋਰਠਿ ਨੌਵੀਂ ਪਾਤਿਸ਼ਾਹੀ। ਇਹ ਜਗਿ ਮੀਤੁ ਨ ਦੇਖਿਓ ਕੋਈ ॥ ਮੈਂ ਇਸ ਸੰਸਾਰ ਵਿੱਚ ਕੋਈ ਮਿੱਤ੍ਰ ਨਹੀਂ ਵੇਖਿਆ। ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਸਾਰਾ ਜਹਾਨ ਆਪਣੇ ਨਿੱਜ ਦੀ ਖੁਸ਼ੀ ਨਾਲ ਚਿਮੜਿਆ ਹੋਇਆ ਹੈ। ਤਕਲੀਫ ਵਿੱਚ ਕਿਸੇ ਦਾ ਕੋਈ ਸਾਥੀ ਨਹੀਂ ਹੁੰਦਾ। ਠਹਿਰਾਉ। ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਤੇਰੀ ਪਤਨੀ, ਦੋਸਤ, ਪੁੱਤ੍ਰ, ਅਤੇ ਰਿਸ਼ਤੇਦਾਰ, ਸਾਰੇ ਧਨ-ਦੌਲਤ ਨਾਲ ਜੁੜੇ ਹੋਏ ਹਨ। ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਜਦ ਉਹ ਇਨਸਾਨ ਨੂੰ ਗਰੀਬ ਦੇਖਦੇ ਹਨ, ਉਹ ਸਾਰੇ ਉਸ ਦਾ ਸਾਥ ਛੱਡ ਕੇ ਭੱਜ ਜਾਂਦੇ ਹਨ। ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਮੈਂ ਇਸ ਪਗਲੇ ਮਨ ਨੂੰ ਕੀ ਆਖਾਂ, ਜਿਸ ਨੇ ਇਨ੍ਹਾਂ ਨਾਲ ਪਿਆਰ ਪਾਇਆ ਹੋਇਆ ਹੈ। ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਇਸ ਨੇ ਉਸ ਵਾਹਿਗੁਰੂ ਦੀ ਸਿਫ਼ਤ-ਸਨਾ ਭੁਲਾ ਛੱਡੀ ਹੈ, ਜੋ ਮਸਕੀਨਾਂ ਦਾ ਮਾਲਕ ਤੇ ਸਾਰੇ ਡਰਾਂ ਨੂੰ ਨਾਸ ਕਰਨ ਵਾਲਾ ਹੈ। ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਮੈਂ ਘਣੇਰੇ ਉਪਾਉ ਕੀਤੇ ਹਨ, ਪ੍ਰੰਤੂ ਮੇਰਾ ਮਨ ਕੁੱਤੇ ਦੀ ਪੂਛ ਵਾਂਗੂੰ ਵਿੰਗਾ ਹੀ ਰਹਿੰਦਾ ਹੈ ਅਤੇ ਸਿੱਧਾ (ਸਾਫ) ਨਹੀਂ ਹੁੰਦਾ। ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥ ਗੁਰੂ ਜੀ ਆਖਦੇ ਹਨ, ਤੂੰ ਆਪਣੇ ਮੁੱਢਲੇ ਦਿਆਲੂ ਸੁਭਾ ਦੀ ਲੱਜਿਆ ਰੱਖ ਲੈ, ਹੇ ਸੁਆਮੀ, ਮੈਂ ਤੇਰੇ ਨਾਮ ਦਾ ਉਚਾਰਨ ਕੀਤਾ ਹੈ। ਸੋਰਠਿ ਮਹਲਾ ੯ ॥ ਸੋਰਠਿ ਨੌਵੀਂ ਪਾਤਿਸ਼ਾਹੀ। ਮਨ ਰੇ ਗਹਿਓ ਨ ਗੁਰ ਉਪਦੇਸੁ ॥ ਹੇ ਬੰਦੇ! ਤੈਂ ਗੁਰਾਂ ਦੀ ਸਿੱਖਿਆ ਨੂੰ ਗ੍ਰਹਿਣ ਨਹੀਂ ਕੀਤਾ। ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥ ਤੈਨੂੰ ਸਿਰ ਮੁੰਨਾਉਣ ਅਤੇ ਗੇਰੂ-ਰੰਗ ਦੇ ਬਸਤ੍ਰ ਪਾਉਣ ਦਾ ਕੀ ਲਾਭ? ਠਹਿਰਾਉ। ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥ ਸੱਚ ਨੂੰ ਤਿਆਗ ਕੇ, ਤੂੰ ਕੂੜ ਨਾਲ ਚਿਮੜਿਆ ਹੋਇਆ ਹੈ ਅਤੇ ਆਪਣਾ ਜੀਵਨ ਵਿਅਰਥ ਗੁਆ ਰਿਹਾ ਹੈ। ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥੧॥ ਪਖੰਡ ਰੱਚ ਕੇ ਤੂੰ ਆਪਣੇ ਢਿੱਡ ਨੂੰ ਭਰਦਾ ਹੈ ਅਤੇ ਡੰਗਰ ਦੀ ਮਾਨੰਦ ਸੋਂਦਾ ਹੈ। ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥ ਤੂੰ ਸਾਹਿਬ ਦੇ ਸਿਮਰਨ ਦੇ ਮਾਰਗ ਨੂੰ ਨਹੀਂ ਜਾਣਦਾ ਅਤੇ ਤੂੰ ਆਪਣੇ ਆਪ ਨੂੰ ਧਨ-ਦੌਲਤ ਦੇ ਹੱਥ ਵੇਚ ਦਿੱਤਾ ਹੈ। ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥੨॥ ਪਾਗਲ ਪੁਰਸ਼, ਪ੍ਰਾਣਨਾਸਕ ਪਾਪਾਂ ਨਾਲ ਫੱਸਿਆ ਰਹਿੰਦਾ ਹੈ ਤੇ ਨਾਮ ਦੇ ਜਵੇਹਰ ਨੂੰ ਭੁਲਾ ਦਿੰਦਾ ਹੈ। ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥ ਉਹ ਗਾਫਲ ਹੋਇਆ ਰਹਿੰਦਾ ਹੈ ਅਤੇ ਸ੍ਰਿਸ਼ਟੀ ਦੇ ਸੁਆਮੀ ਨੂੰ ਯਾਦ ਨਹੀਂ ਕਰਦਾ ਅਤੇ ਆਪਣਾ ਜੀਵਨ ਵਿਅਰਥ ਹੀ ਗੁਜਾਰ ਲੈਂਦਾ ਹੈ। ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥੩॥੧੦॥ ਗੁਰੂ ਜੀ ਆਖਦੇ ਹਨ, ਹੇ ਵਾਹਿਗੁਰੂ ਤੂੰ ਆਪਣੇ ਮਾਫੀ ਦੇਣ ਵਾਲੇ ਕੁਦਰਤੀ ਸੁਭਾਵ ਦਾ ਖਿਆਲ ਕਰ। ਸਦੀਵ ਹੀ ਭੁੱਲਣ ਵਾਲਾ ਹੈ ਇਹ ਫਾਨੀ ਬੰਦਾ। ਸੋਰਠਿ ਮਹਲਾ ੯ ॥ ਸੋਰਠਿ ਨੌਵੀਂ ਪਾਤਿਸ਼ਾਹੀ। ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਜਿਹੜਾ ਪੁਰਸ਼ ਤਕਲੀਫ ਵਿੱਚ ਤਕਲੀਫ ਨਹੀਂ ਮੰਨਦਾ, ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ ਜਿਸ ਦੇ ਖੁਸ਼ੀ, ਪਿਆਰ ਤੇ ਡਰ ਅਸਰ ਨਹੀਂ ਕਰਦੇ, ਜੋ ਸੋਨੇ ਨੂੰ ਮਿੱਟੀ ਮਾਫਕ ਜਾਣਦਾ ਹੈ। ਠਹਿਰਾਉ। ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਜੋ ਕਿਸੇ ਦੀ ਨਾਂ ਬਦਖੋਈ ਕਰਦਾ ਹੈ, ਨਾਂ ਹੀ ਮਹਿਮਾ ਅਤੇ ਜਿਸ ਨੂੰ ਲਾਲਚ, ਸੰਸਾਰੀ ਮਮਤਾ ਤੇ ਹੰਕਾਰ ਨਹੀਂ ਪੋਹਦੇ, ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਜੋ ਖੁਸ਼ੀ ਜਾਂ ਗਮੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਜੋ ਨਾਂ ਇੱਜ਼ਤ ਤੇ ਹੀ ਬੇਇੱਜ਼ਤੀ ਵੱਲ ਧਿਆਨ ਦਿੰਦਾ ਹੈ; ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਅਤੇ ਜੋ ਆਸ਼ਾ ਤੇ ਅਭਿਲਾਸ਼ਾ, ਸਮੂਹ, ਨੂੰ ਛੱਡ ਦਿੰਦਾ ਹੈ, ਜੋ ਸੰਸਾਰ ਅੰਦਰ ਖਾਹਿਸ਼-ਰਹਿਤ ਹੋ ਵਿਚਰਦਾ ਹੈ, ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ ਅਤੇ ਜਿਸ ਨੂੰ ਭੋਗ-ਬਿਲਾਸ ਅਤੇ ਗੁੱਸਾ ਪੋਹਦਾ ਨਹੀਂ, ਉਸ ਦੇ ਹਿਰਦੇ ਅੰਦਰ ਪ੍ਰਭੂ ਵਸਦਾ ਹੈ। ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਜਿਸ ਇਨਸਾਨ ਉਤੇ ਗੁਰੂ ਜੀ ਰਹਿਮਤ ਕਰਦੇ ਹਨ, ਉਹੀ ਇਸ ਰਸਤੇ ਨੂੰ ਸਮਝਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ ਨਾਨਕ, ਐਸਾ ਇਨਸਾਨ ਸ੍ਰਿਸ਼ਟੀ ਦੇ ਸੁਆਮੀ ਨਾਲ ਐਉ ਅਭੇਦ ਹੋ ਜਾਂਦਾ ਹੈ, ਜਿਸ ਤਰ੍ਹਾਂ ਪਾਣੀ, ਪਾਣੀ ਨਾਲ ਮਿਲ ਜਾਂਦਾ ਹੈ। copyright GurbaniShare.com all right reserved. Email |