ਸੋਰਠਿ ਮਹਲਾ ੯ ॥ ਸੋਰਠਿ ਨੌਵੀਂ ਪਾਤਿਸ਼ਾਹੀ। ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਹੇ ਪਿਆਰ ਮਿੱਤ੍ਰਾ! ਆਪਣੇ ਚਿੱਤ ਅੰਦਰ ਇਹ ਸਮਝ ਲੈ, ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਕਿ ਜਹਾਨ ਆਪਣੀ ਖੁਸ਼ੀ ਅੰਦਰ ਫਾਬਾ ਹੋਇਆ ਹੈ ਅਤੇ ਕੋਈ ਜਣਾ ਭੀ ਕਿਸੇ ਹੋਰਸ ਦਾ ਮਿੱਤ੍ਰ ਨਹੀਂ। ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਚੜ੍ਹਦੀਆਂ ਕਲਾਂ ਅੰਦਰ ਘਣੇਰੇ ਪੁਰਸ਼ ਆਉਂਦੇ ਹਨ ਅਤੇ ਚਾਰੇ ਪਾਸਿਆਂ ਤੋਂ ਤੈਨੂੰ ਘੇਰ ਕੇ ਇਕੱਠੇ ਹੋ ਬਹਿ ਜਾਂਦੇ ਹਨ। ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਜਦ ਤੈਨੂੰ ਮੁਸੀਬਤ ਪੈਂ ਜਾਂਦੀ ਹੈ, ਸਾਰੇ ਤੇਰਾ ਸਾਥ ਤਿਆਗ ਜਾਂਦੇ ਹਨ, ਤੇ ਕੋਈ ਭੀ ਤੇਰੇ ਨੇੜੇ ਨਹੀਂ ਆਉਂਦਾ। ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਗ੍ਰਿਹ ਦੀ ਪਤਨੀ ਜਿਸ ਨਾਲ ਤੂੰ ਘਣਾ ਪਿਆਰ ਕਰਦਾ ਹੈ ਤੇ ਜੋ ਹਮੇਸ਼ਾਂ ਤੇਰੇ ਨਾਲ ਜੁੜੀ ਰਹਿੰਦੀ ਹੈ, ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ ਜਦ ਰਾਜਹੰਸ-ਆਤਮਾ ਇਸ ਦੇਹ ਨੂੰ ਛੱਡ ਜਾਂਦੀ ਹੈ ਤਾਂ ਉਹ ਭੀ "ਭੂਤ! ਭੂਤ!" ਆਖਦੀ ਹੋਈ ਦੌੜ ਜਾਂਦੀ ਹੈ। ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਇਹ ਹੈ ਤਰੀਕਾ ਉਨ੍ਹਾਂ ਦੇ ਵਰਤ-ਵਰਤਾਵੇ ਦਾ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ। ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥ ਅਖੀਰ ਦੇ ਵੇਲੇ, ਹੇ ਨਾਨਕ! ਮਹਾਰਾਜ ਸੁਆਮੀ ਦੇ ਬਗੈਰ, ਕੋਈ ਭੀ ਕੰਮ ਨਹੀਂ ਆਉਂਦਾ। ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ ਅਸ਼ਟਪਦੀਆਂ ਚੋਤੁਕੇ। ਸੋਰਠਿ ਪਹਿਲੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ ਮੈਂ ਦਵੈਤ-ਭਾਵ ਬਾਰੇ ਨਹੀਂ ਪੜ੍ਹਦਾ ਅਤੇ ਆਪਣੇ ਰੱਬ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜੱਪਦਾ ਅਤੇ ਮਕਵਰਿਆਂ ਦਾ ਸ਼ਮਸ਼ਾਨ-ਭੂਮੀਆਂ ਵਿੱਚ ਨਹੀਂ ਜਾਂਦਾ। ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ ਖਾਹਿਸ਼ ਅੰਦਰ ਖੱਚਤ ਹੋ ਮੈਂ ਪਰਾਏ ਗ੍ਰਿਹ ਵਿੱਚ ਨਹੀਂ ਜਾਂਦਾ। ਨਾਮ ਨੇ ਮੇਰੀ ਖਾਹਿਸ਼ ਬੁਝਾ ਦਿੱਤੀ ਹੈ। ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥ ਮੇਰੇ ਹਿਰਦ ਅੰਦਰ ਹੀ ਗੁਰਾਂ ਨੇ ਮੈਨੂੰ ਸਾਹਿਬ ਦਾ ਮੰਦਰ ਵਿਖਾਲ ਦਿੱਤਾ ਹੈ ਅਤੇ ਮੇਰੀ ਆਤਮਾ ਅਡੋਲਤਾ ਨਾਲ ਰੰਗੀ ਗਈ ਹੈ, ਹੇ ਵੀਰ! ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥ ਤੂੰ ਆਪ ਸਿਆਣਾ ਹੈ ਅਤੇ ਆਪ ਹੀ ਸਰਵੱਗ ਕੇਵਲ ਤੂੰ ਹੀ ਹੇ ਪ੍ਰਭੂ! ਸਿਆਣਪ ਪ੍ਰਦਾਨ ਕਰਦਾ ਹੈ। ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥ ਮੇਰੀ ਨਿਰਲੇਪ ਆਤਮਾ ਉਪਰਾਮਤਾ ਨਾਲ ਰੰਗੀ ਗਈ ਹੈ ਤੇ ਨਾਮ ਨੇ ਮੇਰਾ ਹਿਰਦਾ ਵਿੰਨ੍ਹ ਸੁੱਟਿਆ ਹੈ, ਹੇ ਮੇਰੀ ਮਾਤਾ! ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥ ਜੋ ਕੋਈ ਸੱਚੇ ਸਾਹਿਬ ਨਾਲ ਪਿਆਰ ਪਾਉਂਦਾ ਹੈ ਅਤੇ ਇਕਰਸ ਗੁਰਬਾਣੀ ਦਾ ਉਚਾਰਨ ਕਰਦਾ ਹੈ, ਉਹ ਆਪਣੇ ਰਿਦੇ ਅੰਦਰ ਉਸ ਦੇ ਪ੍ਰਕਾਸ਼ ਨੂੰ ਵੇਲ ਲੈਂਦਾ ਹੈ। ਠਹਿਰਾਉ। ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥ ਅਣਗਿਣਤ ਜਗਤ-ਤਿਆਗੀ ਉਪਰਾਮਤਾ ਦੀਆਂ ਗੱਲਾਂ ਕਰਦੇ ਹਨ। ਪ੍ਰੰਤੂ ਕੇਵਲ ਓਹੀ ਸੱਚਾ ਤਿਆਗੀ ਹੈ, ਜੋ ਮਾਲਕ ਨੂੰ ਚੰਗਾ ਲੱਗਦਾ ਹੈ। ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥ ਉਹ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾਉਂਦਾ ਹੈ, ਹਮੇਸ਼ਾਂ ਸੁਆਮੀ ਦੇ ਡਰ ਅੰਦਰ ਲੀਨ ਰਹਿੰਦਾ ਹੈ ਅਤੇ ਗੁਰਾਂ ਦੀ ਟਹਿਲ ਕਰਦਾ ਹੈ। ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥ ਇਕ ਸਾਈਂ ਨੂੰ ਹੀ ਉਹ ਯਾਦ ਕਰਦਾ ਹੈ, ਉਸ ਦਾ ਮਨ ਡਿੱਕ-ਡੋਲੇ ਨਹੀਂ ਖਾਂਦਾ ਤੇ ਉਹ ਮਨ ਦੀਆਂ ਆਵਾਰਾਗਰਦੀਆਂ ਨੂੰ ਹੋੜਦਾ ਤੇ ਰੋਕਦਾ ਹੈ। ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥ ਉਹ ਈਸ਼ਵਰੀ ਅਨੰਦ ਨਾਲ ਮਤਵਾਲਾ ਤੇ ਪ੍ਰਭੂ ਦੀ ਪ੍ਰੀਤ ਨਾਲ ਸਦੀਵ ਹੀ ਰੰਗਿਆ ਰਹਿੰਦਾ ਅਤੇ ਸਤਿਪੁਰਖ ਦਾ ਜੱਸ ਗਾਇਨ ਕਰਦਾ ਹੈ। ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥ ਜੇਕਰ ਬੰਦੇ ਦਾ ਹਵਾ-ਵਰਗਾ ਮਨ ਇਕ ਮੁਹਤ ਭਰ ਲਈ ਭੀ ਆਰਾਮ ਅੰਦਰ ਟਿਕ ਜਾਵੇ ਤਾਂ ਉਹ ਨਾਮ ਦੀ ਖੁਸ਼ੀ ਅੰਦਰ ਵੱਸੇਗਾ, ਹੇ ਵੀਰ! ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥ ਉਸ ਦੀ ਜੀਭ੍ਹ, ਅੱਖਾਂ ਅਤੇ ਕੰਨ ਸੱਚ ਨਾਲ ਰੰਗੇ ਜਾਂਦੇ ਹਨ। ਉਸ ਦੀ ਤ੍ਰਿਸ਼ਨਾ ਬੁਝ ਗਈ ਹੈ। ਤੂੰ ਹੀ, ਹੇ ਸੁਆਮੀ! ਇਸ ਨੂੰ ਬੁਝਾਇਆ ਹੈ। ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥ ਉਮੈਦ ਅੰਦਰ ਸੰਸਾਰ-ਤਿਆਗੀ ਇੱਛਾ-ਰਹਿਤ ਰਹਿੰਦਾ ਹੈ ਤੇ ਆਪਣੇ ਧਾਮ ਵਿੱਚ ਹੀ ਉਹ ਅਫੁਰ ਸਮਾਧੀ ਲਾਉਂਦਾ ਹੈ। ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ ॥੩॥ ਸੰਤੁਸ਼ਟ ਪੁਰਸ਼ ਨਾਮ ਦੀ ਖੈਰ ਨਾਲ ਧ੍ਰਾਪਿਆ ਰਹਿੰਦਾ ਹੈ ਅਤੇ ਸੁਖੈਨ ਹੀ ਸੁਆਮੀ ਦੇ ਸੁਧਾਰਸ ਨੂੰ ਪਾਨ ਕਰਦਾ ਹੈ। ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥ ਦੁਚਿਤੇ-ਪਨ ਅੰਦਰ ਅਤੇ ਜਦ ਤਾਂਈਂ ਦਵੈਤ-ਭਾਵ ਇਕ ਭੋਰਾ ਭਰ ਭੀ ਹੈ, ਕੋਈ ਸੰਸਾਰ ਤਿਆਗੀ ਨਹੀਂ ਹੋ ਸਕਦਾ। ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥ ਸਾਰਾ ਸੰਸਾਰ ਤੈਂਡਾ ਹੈ, ਹੇ ਪ੍ਰਭੂ! ਕੇਵਲ ਤੂੰ ਹੀ ਦਾਤਾਰ ਹੈ। ਕੋਈ ਹੋਰ ਦੂਸਰਾ ਹੈ ਹੀ ਨਹੀਂ, ਹੇ ਭਰਾਵਾਂ! ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥ ਮਨਮੁੱਖ ਪੁਰਸ਼ ਹਮੇਸ਼ਾਂ ਮੁਸੀਬਤ ਵਿੱਚ ਵਸਦਾ ਹੈ। ਗੁਰੂ-ਅਨੁਸਾਰੀ ਨੂੰ ਸੁਆਮੀ ਬਜ਼ੁਰਗੀ ਬਖਸ਼ਦਾ ਹੈ। ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥੪॥ ਬੇਅੰਤ, ਬੇਹੱਦ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਸੁਆਮੀ। ਆਖਣ ਦੁਆਰਾ ਉਸ ਦਾ ਮੁਲ ਪਾਇਆ ਨਹੀਂ ਜਾ ਸਕਦਾ। ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥ ਅਫੁਰ ਤਾੜੀ ਧਾਰਨ ਕਰਨ ਵਾਲਾ, ਪਰਮ ਸ੍ਰੇਸ਼ਟ ਵਸਤੂ ਅਤੇ ਤਿੰਨਾਂ ਜਹਾਨਾਂ ਦਾ ਸੁਆਮੀ ਤੇਰੇ ਨਾਮ ਹਨ, ਹੇ ਮਾਲਕ! ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥ ਇਸ ਜਹਾਨ ਵਿੱਚ ਪੈਦਾ ਹੋਏ ਹੋਏ ਜੀਵਾਂ ਦੇ ਮੱਥਿਆਂ ਉਤੇ ਉਨ੍ਹਾਂ ਦੀ ਪ੍ਰਾਲਭਧ ਲਿਖੀ ਹੋਈ ਹੈ ਅਤੇ ਹਰ ਜਣਾ ਉਹ ਕੁੱਛ ਸਹਾਰਦਾ ਹੈ ਜੋ ਉਸ ਲਈ ਲਿਖਿਆ ਹੋਇਆ ਹੈ। ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ ॥ ਸੁਆਮੀ ਆਪੇ ਇਨਸਾਨ ਕੋਲੋਂ ਮੰਦੇ-ਅਮਲ ਅਤੇ ਚੰਗੇ ਅਮਲ ਕਰਵਾਉਂਦਾ ਹੈ ਅਤੇ ਆਪ ਹੀ ਉਸ ਨੂੰ ਆਪਣੀ ਉਪਾਸ਼ਨਾ ਅੰਦਰ ਪੱਕਾ ਕਰਦਾ ਹੈ। ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥੫॥ ਸਾਈਂ ਦੇ ਡਰ ਅੰਦਰ ਵੱਸਣ ਨਾਲ ਮਨੁੱਖ ਦੇ ਮਨ ਅਤੇ ਮੂੰਹ ਦੀ ਮੈਲ ਧੋਤੀ ਜਾਂਦੀ ਹੈ ਅਤੇ ਪਹੁੰਚ ਤੋਂ ਪਰੇ ਪ੍ਰਭੂ ਖੁਦ ਉਸ ਨੂੰ ਬ੍ਰਹਿਮ ਵੀਚਾਰ ਪ੍ਰਦਾਨ ਕਰਦਾ ਹੈ। copyright GurbaniShare.com all right reserved. Email |