ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥ ਗੁੰਗੇ ਬੰਦੇ ਦੇ ਮਿਠਾਈ ਖਾਣ ਦੀ ਤਰ੍ਹਾਂ, ਕੇਵਲ ਓਹੀ ਇਸ ਦੇ ਸੁਆਦ ਨੂੰ ਜਾਣਦੇ ਹਨ, ਜੋ ਇਸ ਨੂੰ ਚੱਖਦੇ ਹਨ। ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥ ਨਾਂ-ਬਿਆਨ ਹੋ ਸੱਕਣ ਵਾਲੇ ਨੂੰ ਮੈਂ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ, ਹੇ ਵੀਰ! ਸਦੀਵ ਹੀ ਮੈਂ ਉਹਦੇ ਭਾਣੇ ਅਨੁਸਾਰ ਟੁਰਦਾ ਹਾਂ। ਗੁਰੁ ਦਾਤਾ ਮੇਲੇ ਤਾ ਮਤਿ ਹੋਵੈ ਨਿਗੁਰੇ ਮਤਿ ਨ ਕਾਈ ॥ ਜੇਕਰ ਸੁਆਮੀ ਦਾਤਾਰ ਗੁਰਾਂ ਨਾਲ ਮਿਲਾ ਦੇਵੇ, ਤਦ ਹੀ ਸੋਚ ਸਮਝ ਉਤਪੰਨ ਹੁੰਦੀ ਹੈ। ਗੁਰੂ-ਵਿਹੂਣ ਨੂੰ ਕੋਈ ਸੂਝ ਬੂਝ ਨਹੀਂ ਹੁੰਦੀ। ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥੬॥ ਜਿਸ ਤਰ੍ਹਾਂ ਸਾਨੂੰ ਸਾਹਿਬ ਚਲਾਉਂਦਾ ਹੈ, ਉਸੇ ਤਰ੍ਹਾਂ ਹੀ ਅਸੀਂ ਚਲਦੇ ਹਾਂ। ਮਨੁੱਖ ਹੋਰ ਕਿਹੜੀ ਚਾਲਾਕੀ ਕਰ ਸਕਦਾ ਹੈ, ਹੇ ਭਰਾਵਾ? ਇਕਿ ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲੁ ਅਪਾਰਾ ॥ ਕਈ ਸੰਦੇਹ ਵਿੱਚ ਬਹਿਕਾਏ ਹੋਏ ਤੇ ਕਈ ਤੇਰੀ ਬੰਦਗੀ ਨਾਲ ਰੰਗੇ ਹੋਏ। ਤੈਂਡੀ ਲੀਲਾ ਸੋਚ ਵੀਚਾਰ ਤੋਂ ਬਾਹਰ ਹੈ। ਜਿਤੁ ਤੁਧੁ ਲਾਏ ਤੇਹਾ ਫਲੁ ਪਾਇਆ ਤੂ ਹੁਕਮਿ ਚਲਾਵਣਹਾਰਾ ॥ ਜਿਸ ਤਰ੍ਹਾਂ ਤੂੰ ਉਨ੍ਹਾਂ ਨੂੰ ਜੋੜਦਾ ਹੈ, ਹੇ ਸਾਂਈਂ, ਉਹੋ ਜੇਹਾ ਹੀ ਫਲ ਉਹ ਪ੍ਰਾਪਤ ਕਰਦੇ ਹਨ। ਕੇਵਲ ਤੂੰ ਹੀ ਫੁਰਮਾਨ-ਜਾਰੀ ਕਰਨ ਵਾਲਾ ਹੈ। ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ ॥ ਜੇਕਰ ਮੇਰਾ ਕੁਝ ਆਪਣਾ ਨਿੱਜ ਦਾ ਹੋਵੇ, ਤਾਂ ਮੈਂ ਤੇਰੀ ਟਹਿਲ ਕਮਾਵਾਂ। ਮੇਰੀ ਆਤਮਾ ਤੇ ਦੇਹ ਤੇਰੇ ਹੀ ਹਨ, ਹੇ ਸਾਹਿਬ! ਸਤਿਗੁਰਿ ਮਿਲਿਐ ਕਿਰਪਾ ਕੀਨੀ ਅੰਮ੍ਰਿਤ ਨਾਮੁ ਅਧਾਰਾ ॥੭॥ ਵਾਹਿਗੁਰੂ ਉਸ ਉਤੇ ਰਹਿਮਤ ਧਾਰਦਾ ਹੈ, ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਤੇ ਸੁਧਾਸਰੂਪ-ਨਾਮ ਉਸ ਦਾ ਆਸਰਾ ਥੀ ਵੰਞਦਾ ਹੈ। ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ॥ ਉਹ ਬੈਕੁੰਠੀ ਵਿੱਚ ਵਸਦਾ ਹੈ ਤੇ ਨੇਕੀਆਂ ਉਸ ਵਿੱਚ ਪ੍ਰਗਟ ਹੋ ਜਾਂਦੀਆਂ ਹਨ ਅਤੇ ਨੇਕੀਆਂ ਵਿੱਚ ਹੀ ਬ੍ਰਹਿਮਬੋਧ ਤੇ ਸਿਮਰਨ ਨਿਵਾਸ ਰੱਖਦੇ ਹਨ। ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥ ਨਾਮ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ, ਉਹ ਇਸ ਨੂੰ ਉਚਾਰਦਾ ਤੇ ਹੋਰਨਾਂ ਪਾਸੋਂ ਉਚਾਰਣ ਕਰਵਾਉਂਦਾ ਹੈ, ਉਹ ਨਿਰੋਲ ਸੱਚ ਹੀ ਬੋਲਦਾ ਹੈ। ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥ ਡੂੰਘਾ ਤੇ ਅਥਾਹ ਨਾਮ ਉਸ ਦਾ ਗੁਰੂ ਅਤੇ ਰੂਹਾਨੀ ਰਹਿਬਰ ਹੈ। ਨਾਮ ਦੇ ਬਗੈਰ ਦੁਨੀਆਂ ਸ਼ੁਦਾਈ ਹੋਈ ਹੋਈ ਹੈ। ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ ॥੮॥੧॥ ਜਿਸ ਦੀ ਜਿੰਦੜੀ ਸੱਚੇ ਨਾਮ ਨਾਲ ਪ੍ਰਸੰਨ ਹੋਈ ਹੈ, ਹੇ ਨਾਨਕ, ਉਹ ਪੂਰਨ ਬੈਰਾਗੀ ਹੈ ਤੇ ਸੁਭਾਵਕ ਹੀ ਭਾਰੇ ਭਾਗਾਂ ਵਾਲਾ ਹੈ। ਸੋਰਠਿ ਮਹਲਾ ੧ ਤਿਤੁਕੀ ॥ ਸੋਰਿਠ ਪਹਿਲੀ ਪਾਤਿਸ਼ਾਹੀ। ਤਿਤੁਕੀ। ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥ ਉਮੈਦ ਅਤੇ ਇੱਛਿਆ ਫਾਹੇ ਹਨ, ਹੇ ਵੀਰ! ਅਤੇ ਕਰਮ ਕਾਂਡ ਅਤੇ (ਰਹੱਸ-ਹੀਨ) ਮਜ਼ਹਬੀ ਸੰਸਕਾਰ ਫਾਹੇ ਪਾਉਨਹਾਰ। ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥ ਮਾੜੇ ਕਰਮਾਂ ਅਤੇ ਚੰਗੇ ਅਮਲਾਂ ਦੇ ਕਾਰਣ ਪ੍ਰਾਣੀ ਸੰਸਾਰ ਅੰਦਰ ਜਨਮ ਧਾਰਦਾ ਹੈ। ਨਾਮ ਨੂੰ ਭੁਲਾ ਕੇ ਉਹ ਤਬਾਹ ਹੋ ਜਾਂਦਾ ਹੈ, ਹੇ ਵੀਰ! ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥੧॥ ਇਹ ਮਾਲ-ਦੌਲਤ ਜਗਤ ਨੂੰ ਠੱਗਣਹਾਰ ਹੈ, ਹੇ ਵੀਰ! ਇਸ ਦੇ ਮਗਰ ਲੱਗ ਦੇ ਕੀਤੇ ਹੋਏ ਸਾਰੇ ਕੰਮ ਪਾਪਾਂ ਪੂਰਤ ਹਨ। ਸੁਣਿ ਪੰਡਿਤ ਕਰਮਾ ਕਾਰੀ ॥ ਮੇਰੀ ਗੱਲ ਸ੍ਰਵਣ ਕਰ, ਹੇ ਕਰਮ ਕਾਂਡੀ ਬ੍ਰਹਮਣ। ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥ ਜਿਸ ਧਾਰਮਕ ਸੰਸਕਾਰ ਨਾਲ ਖੁਸ਼ੀ ਉਤਪੰਨ ਹੁੰਦੀ ਹੈ, ਹੇ ਵੀਰ! ਉਹ ਸਿਮਰਨ ਹੈ ਆਤਮਾ ਦੇ ਨਿਚੋੜ ਦਾ (ਪ੍ਰਭੂ ਦੇ ਨਾਮ ਦਾ)। ਠਹਿਰਾਉ। ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥ ਤੂੰ ਖਲੋ ਕੇ ਸ਼ਾਸਤਰ੍ਰਾਂ ਤੇ ਵੇਦਾਂ ਦਾ ਪਾਠ ਕਰਦਾ ਹੈ, ਪ੍ਰੰਤੂ ਆਪ ਦੁਨੀਆਂਦਾਰਾਂ ਵਾਲੇ ਕੰਮ ਕਰਦਾ ਹੈ। ਹੋ ਭਰਾਵਾ! ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥ ਤੇਰੇ ਅੰਦਰ ਪਾਪਾਂ ਦੀ ਮੈਲ ਹੈ। ਇਹ ਮੈਲ ਦੰਭ ਦੇ ਰਾਹੀਂ ਧੋਤੀ ਨਹੀਂ ਜਾ ਸਕਦੀ, ਹੇ ਵੀਰ! ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥੨॥ ਏਸੇ ਤਰ੍ਹਾਂ ਹੀ ਮਕੜੀ ਭੀ ਸਿਰ ਪਰਨੇ ਉਲਟੀ ਹੋ ਤਬਾਹ ਹੋ ਜਾਂਦੀ ਹੈ, ਹੇ ਵੀਰ! ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ ॥ ਮੰਦੀਆਂ ਰੁਚੀਆਂ ਦੁਆਰਾ, ਬਹੁਤੇ ਬਰਬਾਦ ਹੋ ਗਏ ਹਨ, ਹੇ ਵੀਰ! ਤੇ ਹੋਰਸ ਦੀ ਪ੍ਰੀਤ ਦੁਆਰਾ ਉਹ ਕੁਰਾਹੇ ਪੈ ਗਏ ਹਨ। ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥ ਸੱਚੇ ਗੁਰਾਂ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ, ਹੇ ਭਰਾਵਾ ਅਤੇ ਨਾਮ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦ। ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥੩॥ ਜੇਕਰ ਬੰਦਾ ਸੱਚੇ ਗੁਰਾਂ ਦੀ ਘਾਲ ਸੇਵਾ ਕਮਾਵੇ, ਤਦ ਉਹ ਆਰਾਮ ਪਾ ਲੈਂਦਾ ਹੈ ਤੇ ਉਸ ਦੇ ਆਉਣੇ ਤੇ ਜਾਣ ਮੁੱਕ ਜਾਂਦੇ ਹਨ, ਹੇ ਵੀਰ! ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥ ਸੱਚੀ ਠੰਢੀ ਚੈਨ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ, ਹੇ ਭਰਾਵਾ! ਪਵਿੱਤਰ ਆਤਮਾ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੀ ਹੈ। ਗੁਰੁ ਸੇਵੇ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ ॥ ਜੋ ਗੁਰਾਂ ਦੀ ਸੇਵਾ ਕਰਦਾ ਹੈ, ਉਹ (ਸਹੀ) ਰਸਤੇ ਨੂੰ ਜਾਣ ਲੈਂਦਾ ਹੈ। ਹੇ ਵੀਰ! ਗੁਰਾਂ ਦੇ ਬਾਝੋਂ ਰਸਤਾ ਨਹੀਂ ਲੱਭਦਾ। ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ ॥੪॥ ਜਿਸ ਦੇ ਮਨ ਵਿੱਚ ਲਾਲਚ ਹੈ, ਉਹ ਕਿਹੜੇ ਸ਼ੁਭ ਕੰਮ ਕਰ ਸਕਦਾ ਹੈ? ਝੂਠ ਬੋਲ ਕੇ ਉਹ ਜ਼ਹਿਰ ਖਾਂਦਾ ਹੈ, ਹੇ ਵੀਰ! ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥ ਹੇ ਪੰਡਤ ਜੇਕਰ ਤੂੰ ਦਹੀ ਨੂੰ ਰਿੜਕੇ, ਤਾਂ ਇਸ ਵਿਚੋਂ ਮੱਖਣ ਨਿਕਲ ਆਉਂਦਾ ਹੈ। ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥ ਪਾਣੀ ਰਿੜਕਣ ਦੁਆਰਾ ਤੂੰ ਕੇਵਲ ਪਾਣੀ ਹੀ ਵੇਖਨੂੰਗਾ, ਹੇ ਵੀਰ! ਇਹ ਸੰਸਾਰ ਪਾਣੀ ਦੀ ਤਰ੍ਹਾਂ ਦੀ ਵਸਤੂ ਹੈ। ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ ॥੫॥ ਗੁਰਾਂ ਦੇ ਬਾਝੋਂ ਪ੍ਰਾਣੀ ਵਹਿਮ ਨਾਲ ਤਬਾਹ ਹੋ ਜਾਂਦਾ ਹੈ, ਹੇ ਵੀਰ! ਅਦ੍ਰਿਸ਼ਟ ਸਾਈਂ ਹਰ ਦਿਲ ਅੰਦਰ ਵਸਦਾ ਹੈ। ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥ ਇਹ ਸੰਸਾਰ ਸੂਤ੍ਰ ਦੀ ਡੋਰ ਦੀ ਮਾਨੰਦ ਹੈ, ਜਿਸ ਨੂੰ ਮਾਇਆ ਨੇ ਦਸਾ ਹੀ ਪਾਸਿਆਂ ਤੋਂ ਬੰਨਿ੍ਹਆ ਹੋਇਆ ਹੈ, ਹੇ ਵੀਰ! ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥ ਗੁਰਾਂ ਦੇ ਬਗੈਰ ਗੰਢ ਖੁੱਲ੍ਹਦੀ ਨਹੀਂ, ਹੇ ਵੀਰ! ਲੋਕੀਂ ਕਰਮ ਕਾਂਡ ਕਰਦੇ ਕਰਦੇ ਹਾਰ ਟੁੱਟ ਗਏ ਹਨ। ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ ॥੬॥ ਇਸ ਸੰਸਾਰ ਨੂੰ ਸੰਸੇ ਨੇ ਕੁਰਾਹੇ ਪਾਇਆ ਹੋਇਆ ਹੈ, ਹੇ ਭਰਾਵਾ! ਇਸ ਬਾਰੇ ਇਨਸਾਨ ਕੁਝ ਭੀ ਆਖ ਨਹੀਂ ਸਕਦਾ। ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ ॥ ਗੁਰਾਂ ਦੇ ਨਾਲ ਮਿਲਣ ਦੁਆਰਾ, ਹੇ ਵੀਰ! ਪ੍ਰਭੂ ਦਾ ਡਰ ਹਿਰਦੇ ਵਿੱਚ ਵਸ ਜਾਂਦਾ ਹੈ। ਪ੍ਰਭੂ ਦੇ ਡਰ ਅੰਦਰ ਮਰ ਵੰਝਣਾ ਸੱਚੀ ਪ੍ਰਾਲਭਧ ਹੈ। ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ ॥ ਵਾਹਿਗੁਰੂ ਦੇ ਦਰਬਾਰ ਅੰਦਰ ਇਸ਼ਨਾਨ, ਦਾਨ ਪੁੰਨ ਤੇ ਹੋਰ ਨੇਕ ਕੰਮਾਂ ਨਾਲੋਂ ਨਾਮ ਵਧੇਰੇ ਵਧੀਆ ਹੈ, ਹੇ ਵੀਰ! copyright GurbaniShare.com all right reserved. Email |