ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ ॥੭॥ ਜੋ ਗੁਰਾਂ ਨੇ ਕੁੰਡੇ ਦੁਆਰਾ ਨਾਮ ਨੂੰ ਆਪਣੇ ਅੰਦਰ ਪੱਕਾ ਕਰਦਾ ਹੈ, ਉਸ ਦਾ ਪਾਖੰਡ ਦੂਰ ਹੋ ਜਾਂਦਾ ਹੈ। ਅਤੇ ਵਾਹਿਗੁਰੂ ਉਸ ਦੇ ਰਿਦੇ ਵਿੱਚ ਟਿਕ ਜਾਂਦਾ ਹੈ, ਹੇ ਵੀਰ! ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ ॥ ਇਹ ਦੇਹ ਜਵਾਹਰੀ ਦੀ ਹੱਟੀ ਹੈ, ਅਤੇ ਲਾਸਾਨੀ ਨਾਮ ਦੀ ਪੂੰਜੀ ਉਸ ਦੇ ਵਿੱਚ ਹੈ, ਹੇ ਭਰਾਵਾ! ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ ॥ ਜਿਹੜਾ ਵਣਜਾਰਾ ਗੁਰਾਂ ਦੇ ਉਪਦੇਸ਼ ਨੂੰ ਸੋਚਦਾ ਵਿਚਰਦਾ ਹੈ, ਹੇ ਭਾਰਾਵ! ਉਹ ਇਸ ਸੌਦੇ ਸੂਤ ਨੂੰ ਪੱਕੀ ਤਰ੍ਹਾਂ ਪਾ ਲੈਂਦਾ ਹੈ। ਧਨੁ ਵਾਪਾਰੀ ਨਾਨਕਾ ਭਾਈ ਮੇਲਿ ਕਰੇ ਵਾਪਾਰੁ ॥੮॥੨॥ ਨਾਨਕ, ਮੁਬਾਰਕ ਹੈ ਉਹ ਵਣਜਾਰਾ, ਜੋ ਗੁਰਾਂ ਨੂੰ ਮਿਲ ਕੇ ਇਹ ਵਣਜ ਕਰਦਾ ਹੈ। ਸੋਰਠਿ ਮਹਲਾ ੧ ॥ ਸੋਰਿਠ ਪਹਿਲੀ ਪਾਤਿਸ਼ਾਹੀ। ਜਿਨ੍ਹ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ੍ਹ ਕੇ ਸਾਥ ਤਰੇ ॥ ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਹੇ ਮੇਰੇ ਪ੍ਰੀਤਮ! ਉਨ੍ਹਾਂ ਦੇ ਸੰਗੀ ਭੀ ਪਾਰ ਉਤਰ ਜਾਂਦੇ ਹਨ। ਤਿਨ੍ਹ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਕੋਈ ਜਣਾ ਉਨ੍ਹਾਂ ਨੂੰ ਸੁਆਮੀ ਦੇ ਦਰਬਾਰ ਵਿੱਚ ਦਾਖਲ ਹੋਣੋਂ ਨਹੀਂ ਰੋਕਦਾ, ਕਿਉਂ ਜੋ ਰੱਬ ਦਾ ਅੰਮ੍ਰਿਤਮਈ ਨਾਮ ਉਨ੍ਹਾਂ ਦੀ ਜੀਭ੍ਹਾ ਉਤੇ ਹੈ। ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥ ਜੋ ਸਾਈਂ ਦੇ ਡਰ ਬਗੈਰ ਬੋਝਲ ਹਨ, ਉਹ ਡੁਬ ਜਾਂਦੇ ਹਨ। ਆਪਣੀ ਦਇਆ ਦੁਆਰਾ ਉਹ ਪ੍ਰਾਣੀ ਨੂੰ ਪਾਰ ਕਰ ਦਿੰਦਾ ਹੈ, ਹੇ ਪ੍ਰੀਤਮਾ! ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਮੇਰੇ ਪ੍ਰੀਤਮਾ! ਮੈਂ ਸਦਾ ਹੀ ਤੇਰੀ ਉਸਤਤੀ ਕਰਦਾ ਹਾਂ ਤੇ ਹਰ ਹਾਲਤ ਵਿੱਚ ਮੈਂ ਤੇਰੀ ਸਿਫ਼ਤ-ਸ਼ਲਾਘਾ ਗਾਉਂਦਾ ਹਾਂ। ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥ ਜਹਾਜ਼ ਦੇ ਬਾਝੋਂ ਬੰਦਾ ਡਰ ਦੇ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਹੇ ਪ੍ਰੀਤਮ! ਉਹ ਕਿਸ ਤਰ੍ਹਾਂ ਪਾਰਲੇ ਕੰਢੇ ਨੂੰ ਪਾ ਸਕਦਾ ਹੈ? ਠਹਿਰਾਉ। ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥ ਮੈਂ ਉਪਮਾ-ਯੋਗ ਸੁਆਮੀ ਦੀ ਉਪਮਾ ਕਰਦਾ ਹਾਂ, ਹੇ ਪਿਆਰਿਆ। ਕੋਈ ਹੋਰ (ਐਸੀ) ਉਪਮਾ ਦੇ ਲਾਇਕ ਨਹੀਂ। ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥ ਸ੍ਰੇਸ਼ਟ ਹਨ, ਉਹ ਜਿਹੜੇ ਸੁਆਮੀ ਦੀ ਸਿਫ਼ਤ ਕਰਦੇ ਹਨ, ਹੇ ਪਿਆਰੇ! ਉਹ ਨਾਮ ਨਾਲ ਰੰਗੇ ਜਾਂਦੇ ਹਨ, ਅਤੇ ਉਨ੍ਹਾਂ ਨੂੰ ਪ੍ਰਭੂ ਦੀ ਪ੍ਰੀਤ ਦੀ ਦਾਤ ਮਿਲਦੀ ਹੈ। ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥ ਜੇਕਰ ਮੈਂ ਉਨ੍ਹਾਂ ਦੇ ਮੇਲ-ਮਿਲਾਪ ਨਾਲ ਮਿਲ ਜਾਵਾਂ, ਹੇ ਪਿਆਰਿਆ! ਤਾਂ ਮੈਂ ਅਸਲੀਅਤ ਨੂੰ ਵਿਚਾਰ ਜਾਂ ਰਿੜਕ ਕੇ ਖੁਸ਼ੀ ਨੂੰ ਪ੍ਰਾਪਤ ਹੋ ਜਾਵਾਂਗਾ। ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥ ਇੱਜ਼ਤ-ਆਬਰੂ ਦੀ ਰਾਹਦਾਰੀ ਸੱਚ ਦੀ ਹੈ। ਇਸ ਉਤੇ ਸੱਚੇ ਨਾਮ ਦੀ ਮੋਹਰ ਹੈ, ਹੇ ਪਿਆਰਿਆ! ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥ ਇਸ ਸੰਸਾਰ ਵਿੱਚ ਆ ਕੇ, ਆਦਮੀ ਨੂੰ ਐਹੇ ਜੇਹੀ ਲਿਖਤੀ ਰਾਹਦਾਰੀ ਨਾਲ ਜਾਣਾ ਚਾਹੀਦਾ ਹੈ। ਤੂੰ ਆਦੇਸ਼ ਦੇਣ ਵਾਲੇ ਸਾਈਂ ਦੇ ਆਦੇਸ਼ ਨੂੰ ਅਨੁਭਵ ਕਰ। ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥ ਗੁਰਾਂ ਦੇ ਬਾਝੋਂ ਸੁਆਮੀ ਦਾ ਹੁਕਮ ਸਮਝ ਨਹੀਂ ਆਉਂਦਾ, ਹੇ ਪ੍ਰੀਤਮਾ! ਸੱਚੀ ਹੈ ਤਾਕਤ ਸੱਚੇ ਸੁਆਮੀ ਦੀ। ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥ ਸਾਈਂ ਦੀ ਰਜ਼ਾ ਦੁਆਰਾ ਪ੍ਰਾਣੀ ਨਿਪਜਦਾ ਹੈ, ਹੇ ਪਿਆਰਿਆ ਅਤੇ ਸਾਈਂ ਦੀ ਰਜ਼ਾ ਦੁਆਰਾ, ਉਹ ਗਰਭ ਵਿੱਚ ਫਲਦਾ ਫੁਲਦਾ ਹੈ। ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥ ਸਾਹਿਬ ਦੀ ਰਜ਼ਾ ਵਿੱਚ, ਉਹ ਸਿਰ ਪਰਨੇ ਮੂਧੇ ਮੂੰਹ ਪੈਦਾ ਹੁੰਦਾ ਹੈ, ਹੇ ਪਿਆਰਿਆ! ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥ ਗੁਰੂ-ਅਨੁਸਾਰੀ ਸੁਆਮੀ ਦੇ ਦਰਬਾਰ ਅੰਦਰ ਸਨਮਾਨਿਆ ਜਾਂਦਾ ਹੈ। ਉਹ ਆਪਣਾ ਕੰਮ ਰਾਸ ਕਰ ਕੇ ਚਾਲੇ ਪਾਉਂਦਾ ਹੈ। ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥ ਸੁਆਮੀ ਦੇ ਹੁਕਮ ਵਿੱਚ, ਬੰਦਾ ਜਗ ਵਿੱਚ ਆਉਂਦਾ ਹੈ ਅਤੇ ਉਸ ਦੇ ਅਮਰ ਤਾਬੇ ਹੀ ਉਹ ਅਗਲੀ ਥਾਵਨੂੰ ਚਲਿਆ ਜਾਂਦਾ ਹੈ। ਹੁਕਮੇ ਬੰਨ੍ਹ੍ਹਿ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥ ਸਾਹਿਬ ਦੀ ਰਜ਼ਾ ਦੁਆਰਾ, ਉਹ ਨਰੜਿਆ ਹੋਇਆ ਤੌਰ ਦਿੱਤਾ ਜਾਂਦਾ ਹੈ। ਪ੍ਰਤੀਕੂਲ ਪੁਰਸ਼ ਸਜ਼ਾ ਪਾਉਂਦਾ ਹੈ। ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥ ਸਾਈਂ ਦੀ ਰਜ਼ਾ ਰਾਹੀਂ ਨਾਮ ਅਨੁਭਵ ਕੀਤਾ ਜਾਂਦਾ ਹੈ, ਹੇ ਪਿਆਰਿਆ! ਅਤੇ ਬੰਦਾ ਇੱਜ਼ਤ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ। ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥ ਉਸ ਦੀ ਰਜ਼ਾ ਅੰਦਰ ਬੰਦਾ ਲੇਖਾ-ਪੱਤਾ ਕਰਦਾ ਹੈ, ਹੇ ਪ੍ਰੀਤਮਾ! ਅਤੇ ਉਸ ਦੀ ਰਜ਼ਾ ਅੰਦਰ ਹੰਕਾਰ ਤੇ ਦਵੈਤ-ਭਾਵ ਨਾਲ ਦੁਖੀ ਹੁੰਦਾ ਹੈ। ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥ ਰੱਬ ਦੀ ਰਜ਼ਾ ਦਾ ਧੱਕਿਆ ਹੋਇਆ ਪ੍ਰਾਣੀ ਭਟਕਦਾ ਫਿਰਦਾ ਅਤੇ ਬਦੀਆਂ ਦਾ ਠੱਗਿਆ ਹੋਇਆ ਉਹ ਵਿਰਲਾਪ ਕਰਦਾ ਹੈ, ਹੇ ਪਿਆਰੇ! ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥ ਜੇਕਰ ਇਨਸਾਨ ਸ਼ਾਹੂਕਾਰ ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰ ਲਵੇ ਤਾਂ ਉਸ ਨੂੰ ਸੱਚ ਦੀ ਦਾਤ ਮਿਲਦੀ ਹੈ ਅਤੇ ਉਹ ਇੱਜ਼ਤ ਆਬਰੂ ਪਾਉਂਦਾ ਹੈ, ਹੇ ਪ੍ਰੀਤਮਾ! ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥ ਕਠਨ ਹੈ ਨਾਮ ਦਾ ਉਚਾਰਨ ਕਰਨਾ, ਫਿਰ ਆਪਾਂ ਕਿਸ ਤਰ੍ਹਾਂ ਸੱਚੇ ਨਾਮ ਨੂੰ ਉਚਾਰਨ ਤੇ ਸ੍ਰਵਣ ਕਰ ਸਕਦੇ ਹਾਂ? ਜਿਨ੍ਹ੍ਹੀ ਸੋ ਸਾਲਾਹਿਆ ਪਿਆਰੇ ਹਉ ਤਿਨ੍ਹ੍ਹ ਬਲਿਹਾਰੈ ਜਾਉ ॥ ਜੋ ਉਸ ਪ੍ਰਭੂ ਦੀ ਪ੍ਰਭਤਾ ਕਰਦੇ ਹਨ, ਹੇ ਪ੍ਰੀਤਮਾ! ਉਨ੍ਹਾਂ ਉਤੋਂ ਮੈਂ ਘੋਲੀ ਵੰਞਦਾ ਹਾਂ। ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥੭॥ ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰ ਕੇ ਮੈਂ ਤ੍ਰਿਪਤ ਹੋ ਗਿਆ ਹਾਂ, ਹੇ ਪ੍ਰੀਤਮਾ! ਅਤੇ ਹਰੀ ਦੀ ਦਇਆ ਦੁਆਰਾ ਮੈਂ ਉਸ ਦੇ ਮਿਲਾਪ ਅੰਦਰ ਮਿਲ ਗਿਆ ਹਾਂ। ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥ ਮੇਰੇ ਪਿਆਰੇ! ਜੇਕਰ ਮੇਰੀ ਦੇਹ ਕਾਗਜ਼ ਬਣ ਜਾਵੇ ਅਤੇ ਮੈਂ ਆਪਣੇ ਮਨੂਏ ਨੂੰ ਦਵਾਤ ਮਨ ਲਵਾਂ, ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥ ਅਤੇ ਜੇਕਰ ਮੇਰੀ ਜੀਭ੍ਹਾ ਕਲਮ ਹੋ ਜਾਵੇ, ਤਦ ਮੈਂ ਸੋਚ ਵਿਚਾਰ ਕੇ ਸੱਚੇ ਵਾਹਿਗੁਰੂ ਦੀਆਂ ਸਿਫਤਾਂ ਲਿਖਾਂਗਾ। ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥ ਮੁਬਾਰਕ ਹੈ ਉਹ ਲਿਖਣ ਵਾਲਾ, ਹੇ ਨਾਨਕ! ਜੋ ਸੱਚੇ ਨਾਮ ਨੂੰ ਆਪਣੇ ਰਿਦੇ ਵਿੱਚ ਉਕਰਦਾ ਤੇ ਟਿਕਾਉਂਦਾ ਹੈ। ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥ ਸੋਰਿਠ ਪਹਿਲੀ ਪਾਤਿਸ਼ਾਹੀ। ਦੁਤੁਕੀ। ਤੂ ਗੁਣਦਾਤੌ ਨਿਰਮਲੋ ਭਾਈ ਨਿਰਮਲੁ ਨਾ ਮਨੁ ਹੋਇ ॥ ਮੇਰੇ ਪਵਿੱਤ੍ਰ ਪ੍ਰਭੂ, ਤੂੰ ਨੇਕੀਆਂ ਦੇਣ ਵਾਲਾ ਹੈ। ਪਰ ਮੇਰੀ ਆਤਮਾ ਪਵਿੱਤ੍ਰ ਨਹੀਂ ਹੁੰਦੀ, ਹੇ ਵੀਰ! ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣੁ ਸੋਇ ॥੧॥ ਮੈਂ ਗੁਣ-ਵਿਹੂਣ ਪਾਪੀ ਹਾਂ, ਕੇਵਲ ਤੇਰੇ ਪਾਸੋਂ ਹੀ ਉਹ ਨੇਕੀਆਂ ਪ੍ਰਾਪਤ ਹੋ ਸਕਦੀਆਂ ਹਨ, ਹੇ ਪ੍ਰਭੂ! ਮੇਰੇ ਪ੍ਰੀਤਮਾ ਤੂ ਕਰਤਾ ਕਰਿ ਵੇਖੁ ॥ ਮੈਂਡੇ ਪਿਆਰੇ ਸਿਰਜਣਹਾਰ ਆਪਣੀ ਰਚਨਾ ਨੂੰ ਰਚ ਕੇ ਤੂੰ ਇਸ ਨੂੰ ਵੇਖਦਾ ਹੈ। ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ ਨਾਮ ਵਿਸੇਖੁ ॥ ਰਹਾਉ ॥ ਮੈਂ ਅਪਰਾਧੀ ਤੇ ਦੰਭੀ ਹਾਂ। ਮੇਰੀ ਆਤਮਾ ਤੇ ਦੇਹ ਅੰਦਰ ਤੂੰ ਆਪਣਾ ਸ੍ਰੇਸ਼ਟ ਨਾਮ ਅਸਥਾਪਨ ਕਰ ਦੇ। ਠਹਿਰਾਉ। copyright GurbaniShare.com all right reserved. Email |