ਧਨਾਸਰੀ ਮਃ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਸੋ ਕਤ ਡਰੈ ਜਿ ਖਸਮੁ ਸਮ੍ਹ੍ਹਾਰੈ ॥ ਉਹ ਕਿਉਂ ਭੈ ਕਰੇ, ਜੋ ਸਾਹਿਬ ਨੂੰ ਸਿਮਰਦਾ ਹੈ? ਡਰਿ ਡਰਿ ਪਚੇ ਮਨਮੁਖ ਵੇਚਾਰੇ ॥੧॥ ਰਹਾਉ ॥ ਭੈ ਅਤੇ ਖੋਫ ਰਾਹੀਂ ਆਪ-ਹੁਦਰੇ ਗਰੀਬ ਤਬਾਹ ਹੋ ਜਾਂਦੇ ਹਨ। ਠਹਿਰਾਉ। ਸਿਰ ਊਪਰਿ ਮਾਤ ਪਿਤਾ ਗੁਰਦੇਵ ॥ ਮੇਰੇ ਸੀਸ ਉਤੇ ਮੇਰੀ ਅੰਮੜੀ ਤੇ ਬਾਬਲ ਗੁਰੂ-ਪ੍ਰਮੇਸ਼ਰ ਹੈ। ਸਫਲ ਮੂਰਤਿ ਜਾ ਕੀ ਨਿਰਮਲ ਸੇਵ ॥ ਫਲਦਾਇਕ ਹੈ ਉਸ ਦਾ ਦਰਸ਼ਨ ਅਤੇ ਪਵਿੱਤਰ ਉਸ ਦੀ ਘਾਲ। ਏਕੁ ਨਿਰੰਜਨੁ ਜਾ ਕੀ ਰਾਸਿ ॥ ਇਕ ਪਾਵਨ ਸੁਆਮੀ ਹੀ ਉਸ ਦੀ ਪੂੰਜੀ ਹੈ। ਮਿਲਿ ਸਾਧਸੰਗਤਿ ਹੋਵਤ ਪਰਗਾਸ ॥੧॥ ਸਤਿ ਸੰਗਤ ਨਾਲ ਜੁੜਨ ਦੁਆਰਾ ਮਨੁਸ਼ ਦਾ ਮਨ ਰੋਸ਼ਨ ਹੋ ਜਾਂਦਾ ਹੈ। ਜੀਅਨ ਕਾ ਦਾਤਾ ਪੂਰਨ ਸਭ ਠਾਇ ॥ ਸਾਰੇ ਜੀਵਾਂ ਦਾ ਦਾਤਾਰ ਸੁਆਮੀ ਸਾਰਿਆਂ ਥਾਵਾਂ ਅੰਦਰ ਪਰੀਪੂਰਨ ਹੋ ਰਿਹਾ ਹੈ। ਕੋਟਿ ਕਲੇਸ ਮਿਟਹਿ ਹਰਿ ਨਾਇ ॥ ਕ੍ਰੋੜਾਂ ਹੀ ਦੁੱਖ, ਰੱਬ ਦੇ ਨਾਮ ਨਾਲ ਦੂਰ ਹੋ ਜਾਂਦੇ ਹਨ। ਜਨਮ ਮਰਨ ਸਗਲਾ ਦੁਖੁ ਨਾਸੈ ॥ ਉਹ ਜੰਮਣ ਤੇ ਮਰਨ ਦੇ ਸਮੂਹ ਕਸ਼ਟਾਂ ਤੋਂ ਬਚ ਜਾਂਦਾ ਹੈ, ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥੨॥ ਜਿਸ ਇਨਸਾਨ ਦੀ ਆਤਮਾ ਤੇ ਦੇਹ ਵਿੱਚ, ਗੁਰਾਂ ਦੀ ਦਇਆ ਦੁਆਰਾ ਪ੍ਰਭੂ ਵਸਦਾ ਹੈ। ਜਿਸ ਨੋ ਆਪਿ ਲਏ ਲੜਿ ਲਾਇ ॥ ਜਿਸ ਨੂੰ ਪ੍ਰਭੂ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ, ਦਰਗਹ ਮਿਲੈ ਤਿਸੈ ਹੀ ਜਾਇ ॥ ਕੇਵਲ ਉਸੇ ਨੂੰ ਹੀ ਉਸ ਦੇ ਦਰਬਾਰ ਵਿੱਚ ਥਾਂ ਮਿਲਦੀ ਹੈ। ਸੇਈ ਭਗਤ ਜਿ ਸਾਚੇ ਭਾਣੇ ॥ ਕੇਵਲ ਓਹੀ ਭਗਤ ਹਨ ਜੋ ਸੱਚੇ ਸੁਆਮੀ ਨੂੰ ਚੰਗੇ ਲੱਗਦੇ ਹਨ। ਜਮਕਾਲ ਤੇ ਭਏ ਨਿਕਾਣੇ ॥੩॥ ਉਹ ਮੌਤ ਦੇ ਫਰੇਸ਼ਤੇ ਤੋਂ ਸੁਤੰਤਰ ਹੋ ਜਾਂਦੇ ਹਨ। ਸਾਚਾ ਸਾਹਿਬੁ ਸਚੁ ਦਰਬਾਰੁ ॥ ਸੱਚ ਹੈ ਸੁਆਮੀ ਅਤੇ ਸੱਚੀ ਹੈ ਦਰਗਾਹ। ਕੀਮਤਿ ਕਉਣੁ ਕਹੈ ਬੀਚਾਰੁ ॥ ਉਸ ਦੇ ਮੁੱਲ ਨੂੰ ਕੌਣ ਸੋਚ ਅਤੇ ਵਰਣਨ ਕਰ ਸਕਦਾ ਹੈ? ਘਟਿ ਘਟਿ ਅੰਤਰਿ ਸਗਲ ਅਧਾਰੁ ॥ ਉਹ ਸਾਰਿਆਂ ਦਿਲਾਂ ਅੰਦਰ ਹੈ ਤੇ ਸਾਰਿਆਂ ਦਾ ਆਸਰਾ ਹੈ। ਨਾਨਕੁ ਜਾਚੈ ਸੰਤ ਰੇਣਾਰੁ ॥੪॥੩॥੨੪॥ ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਮੰਗਦਾ ਹੈ। ਧਨਾਸਰੀ ਮਹਲਾ ੫ ਧਨਾਸਰੀ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥ ਗ੍ਰਹਿ ਦੇ ਅੰਦਰ ਅਤੇ ਬਾਹਰ ਮੈਨੂੰ ਤੇਰਾ ਹੀ ਆਸਰਾ ਹੈ, ਹੇ ਸੁਆਮੀ! ਤੂੰ ਸਦਾ ਆਪਣੇ ਗੋਲੇ ਦੇ ਅੰਗ ਸੰਗ ਹੈ। ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥੧॥ ਹੇ ਮੈਂਡੇ ਪਿਆਰੇ ਪ੍ਰਭੂ! ਮੇਰੇ ਉਤੇ ਰਹਿਮਤ ਧਾਰ ਤਾਂ ਜੋ ਮੈਂ ਵਾਹਿਗੁਰੂ ਦੇ ਨਾਮ ਨੂੰ ਪ੍ਰੇਮ ਨਾਲ ਉਚਾਰਨ ਕਰਾਂ। ਜਨ ਕਉ ਪ੍ਰਭ ਅਪਨੇ ਕਾ ਤਾਣੁ ॥ ਸਾਹਿਬ ਹੀ ਆਪਣੇ ਦਾਸ ਦਾ ਇਕੋ ਇਕ ਆਸਰਾ ਹੈ। ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥ ਰਹਾਉ ॥ ਜਿਹੜਾ ਕੁਛ ਤੂੰ ਕਰਦਾ ਜਾਂ ਕਰਾਉਂਦਾ ਹੈ, ਹੇ ਪ੍ਰਭੂ! ਉਸ ਵਿੱਚ ਹੀ ਮੈਂ ਆਪਣੀ ਬਿਹਤਰੀ ਜਾਣਦਾ ਹਾਂ। ਠਹਿਰਾਉ। ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥ ਸੁਆਮੀ ਮੇਰੀ ਇੱਜ਼ਤ ਆਬਰੂ ਹੈ, ਸੁਆਮੀ ਮੇਰੀ ਕਲਿਆਣ ਹੈ ਅਤੇ ਸ੍ਰਿਸ਼ਟੀ ਦੇ ਪਾਲਣਹਾਰ ਦੀ ਪਾਕ ਕਥਾ-ਵਾਰਤਾ ਹੀ ਮੇਰੀ ਦੌਲਤ ਹੈ। ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥੨॥੧॥੨੫॥ ਗੋਲਾ ਨਾਨਕ ਸੁਆਮੀ ਵਾਹਿਗੁਰੂ ਦੇ ਪੈਰਾਂ ਦੀ ਪਨਾਹ ਲੋੜਦਾ ਹੈ। ਜੀਵਨ ਦੀ ਇਹ ਰਹੁ-ਰੀਤੀ ਉਸ ਨੇ ਸਾਧੂਆਂ ਕੋਲੋਂ ਸਿੱਖੀ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ ॥ ਸਾਹਿਬ ਨੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰ ਦਿੱਤੀਆਂ ਹਨ। ਆਪਣੀ ਛਾਤੀ ਨਾਲ ਲਾ ਕੇ ਗੁਰਾਂ ਨੇ ਮੈਨੂੰ ਬਚਾ ਲਿਆ ਹੈ। ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥੧॥ ਗੁਰਾਂ ਨੇ ਮੈਨੂੰ ਸੰਸਾਰ ਸਮੁੰਦਰ ਵਿੱਚ ਡੁਬਣੋਂ ਬਚਾ ਲਿਆ ਹੈ। ਹੁਣ ਕੋਈ ਭੀ ਇਸ ਨੂੰ ਤਰਨਾ ਔਖਾ ਨਹੀਂ ਆਖਦਾ। ਜਿਨ ਕੈ ਮਨਿ ਸਾਚਾ ਬਿਸ੍ਵਾਸੁ ॥ ਜਿਨ੍ਹਾਂ ਦੇ ਚਿੱਤ ਅੰਦਰ ਸੱਚਾ ਨਿਸਚਾ ਹੈ, ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥ ਉਹ ਸੁਆਮੀ ਦੀ ਪ੍ਰਭਤਾ ਨੂੰ ਵੇਖ, ਵੇਖ ਕੇ ਹਮੇਸ਼ਾਂ ਖੁਸ਼ੀ ਤੇ ਮੌਜ ਮਾਣਦੇ ਹਨ। ਠਹਿਰਾਉ। ਚਰਨ ਸਰਨਿ ਪੂਰਨ ਪਰਮੇਸੁਰ ਅੰਤਰਜਾਮੀ ਸਾਖਿਓ ॥ ਮੈਂ ਦਿਲਾਂ ਦੀਆਂ ਜਾਨਣਹਾਰ, ਪੂਰੇ ਪਰਮ ਪ੍ਰਭੂ ਦੇ ਚਰਨਾਂ ਦੀ ਪਨਾਹ ਲੋੜਦਾ ਹਾਂ ਅਤੇ ਉਸ ਨੂੰ ਐਨ ਪ੍ਰਤੱਖ ਵੇਖਦਾ ਹਾਂ। ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥ ਚੰਗੀ ਤਰ੍ਹਾਂ ਪਰਖ ਕੇ ਸਾਹਿਬ ਨੇ ਨਾਨਕ ਨੂੰ ਅਪਣਾ ਲਿਆ ਹੈ ਅਤੇ ਆਪਣੇ ਪ੍ਰੇਮੀਆਂ ਦਾ ਅੰਗੂਰ ਬਚਾ ਲਿਆ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਅੰਗ ਸੰਗ ਵੇਖਦਾ ਹਾਂ, ਮੇਰਾ ਮਾਲਕ ਕਦੇ ਭੀ ਕਿਸੇ ਥਾਂ ਤੋਂ ਦੁਰੇਡੇ ਨਹੀਂ। ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਹੀ ਉਸ ਨੂੰ ਯਾਦ ਕਰ ਜੋ ਹਰ ਸ਼ੈ ਅੰਦਰ ਵਿਆਪਕ ਹੋ ਰਿਹਾ ਹੈ। ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਕੇਵਲ ਓਹੀ ਸਾਥੀ ਗਿਣਿਆ ਜਾਂਦਾ ਹੈ, ਜੋ ਏਥੇ (ਲੋਕ) ਅਤੇ ਓਥੇ (ਪ੍ਰਲੋਕ) ਵੱਖਰਾ ਨਹੀਂ ਹੁੰਦਾ। ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ ਤੁੱਛ ਕਹੀ ਜਾਂਦੀ ਹੈ ਉਹ ਖੁਸ਼ੀ, ਜੋ ਇਕ ਛਿਨ ਅੰਦਰ ਅਲੋਪ ਹੋ ਜਾਂਦੀ ਹੈ। ਠਹਿਰਾਉ। ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ ਰੋਜ਼ੀ ਦੇ ਕੇ, ਪ੍ਰਭੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ, ਅਤੇ ਉਸ ਨੂੰ ਕਿਸੇ ਸ਼ੈ ਦੀ ਕਮੀ ਨਹੀਂ। ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ ਹਰ ਮੁਹਤਿ, ਉਹ ਮੈਂਡਾ ਮਾਲਕ, ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ। ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ ਨਾਂ-ਛਲਿਆ ਜਾਣ ਵਾਲਾ, ਨਾਂ ਵਿਨਿ੍ਹਆ ਜਾਣ ਵਾਲਾ ਅਤੇ ਬੇਅੰਤ ਹੈ ਮੇਰਾ ਸੁਆਮੀ, ਅਤੇ ਅਤਿ ਉਚਾ ਹੈ। ਉਸ ਦਾ ਸਰੂਪ। ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ ਅਸਚਰਜਤਾ ਤੇ ਸੁੰਦਰਤਾ ਦੇ ਸਰੂਪ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਉਸ ਦੇ ਗੋਲੇ ਮੌਜਾਂ ਮਾਣਦੇ ਹਨ। ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ ਮੇਰੇ ਮਿਹਰਬਾਨ ਮਾਲਕ! ਮੈਨੂੰ ਉਹ ਸਮਝ ਪ੍ਰਦਾਨ ਕਰ, ਜਿਸ ਦੁਆਰਾ ਮੈਂ ਤੈਂਡਾ ਸਿਮਰਨ ਕਰਾਂ। copyright GurbaniShare.com all right reserved. Email |