Page 686

ਜੈਤਸਰੀ ਮਹਲਾ ੪ ਘਰੁ ੧ ਚਉਪਦੇ
ਜੈਤਸਰੀ ਚੌਥੀ ਪਾਤਿਸ਼ਾਹੀ ਚਉਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ।

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥
ਮੇਰੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਹੀਰਾ ਟਿਕਿਆ ਹੋਇਆ ਹੈ ਅਤੇ ਗੁਰਾਂ ਨੇ ਮੇਰੇ ਮੱਥੇ ਉਤੇ ਆਪਦਾ ਹੱਥ ਟੇਕਿਆ ਹੈ।

ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥
ਅਨੇਕਾਂ ਜਨਮਾਂ ਦੇ ਮੇਰੇ ਪਾਪ ਤੇ ਦੁਖਡੇ ਦੂਰ ਹੋ ਗਏ ਹਨ। ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ ਅਤੇ ਮੇਰਾ ਕਰਜਾ ਲੱਥ ਗਿਆ ਹੈ।

ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ।

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥
ਪੂਰਨ ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕੀਤਾ ਹੈ। ਵਿਅਰਥ ਹੈ ਜਿੰਦਗੀ ਨਾਮ ਦੇ ਬਗੈਰ। ਠਹਿਰਾਉ।

ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥
ਗੁਰਾਂ ਦੇ ਬਾਝੋਂ ਪ੍ਰਤੀਕੂਲ ਮੂਰਖ ਹਨ ਅਤੇ ਉਹ ਧਨ-ਦੌਲਤ ਦੇ ਪਿਆਰ ਵਿੰਚ ਹਮੇਸ਼ਾਂ ਲਈ ਘੱਸ ਗਏ ਹਨ।

ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥
ਉਹ ਕਦੇ ਭੀ ਸੰਤਾਂ ਦੇ ਚਰਨਾਂ ਦੀ ਸੇਵਾ ਨਹੀਂ ਕਮਰਾਉਂਦੇ ਵਿਅਰਥ ਹੈ ਉਨ੍ਹਾਂ ਦਾ ਸਾਰਾ ਜੀਵਨ।

ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥
ਜੋ ਸੰਤਾਂ ਦੇ ਚਰਨਾਂ, ਸੰਤਾਂ ਦੇ ਪੇਰਾਂ ਦੀ ਟਹਿਲ ਕਮਾਉਂਦੇ ਹਨ; ਫਲਦਾਇਕ ਹੈ ਉਲ੍ਹਾਂ ਦਾ ਜੀਵਨ ਤੇ ਉਹ ਸੁਆਮੀ ਵਾਲੇ ਹਨ।

ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥
ਹੇ ਜਗਤ ਦੇ ਸੁਆਮੀ! ਮੇਰੇ ਉੱਤੇ ਤਰਸ ਕਰ ਅਤੇ ਮੈਨੂੰ ਆਪਦੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਦੇ।

ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥
ਮੈਂ ਅੰਨ੍ਹਾ, ਬੇਸਮਝ ਅਤੇ ਬ੍ਰਹਿਮ ਵੀਚਾਰ ਤੋਂ ਸੰਖਣਾ ਹਾਂ। ਤੇਰੇ ਰਾਹੇ ਅਤੇ ਰਸਤੇ ਮੈਂ ਕਿਸ ਤਰ੍ਹਾਂ ਟੁਰ ਸਕਦਾ ਹਾਂ?

ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ਹੇ ਗੁਰੂ! ਮੈਂ ਅੰਨ੍ਹੇ ਮਨੁੱਖ ਨੂੰ ਆਪਦਾ ਪੱਲਾ ਪਕੜਾ ਤਾਂ ਜੋ ਗੋਲਾ ਨਾਨਕ ਤੇਰੇ ਨਾਲ ਇਕ ਸੁਰ ਹੋ ਕੇ ਟੁਰੇ।

ਜੈਤਸਰੀ ਮਹਲਾ ੪ ॥
ਜੈਤਸਰੀ ਚੋਥੀ ਪਾਤਿਸ਼ਾਹੀ।

ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥
ਜਵੇਹਰ ਅਤੇ ਰਤਨ ਭਾਵੇਂ ਕਿੰਨਾ ਅਣਮੁੱਲਾ ਅਤੇ ਵਜ਼ਨਦਾਰ ਹੋਵੇ, ਖਰੀਦਦਾਰ ਦੇ ਬਗੈਰ ਇਕ ਕੱਖ ਦੇ ਬਰਾਬਰ ਹੈ।

ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥੧॥
ਜਦ ਖਰੀਦਦਾਰ, ਸੰਤ ਸਰੂਪ ਗੁਰਾਂ ਨੇ ਹਰੀ-ਹੀਰੇ ਨੂੰ ਵੇਖ ਲਿਆ ਤਾਂ ਉਨ੍ਹਾਂ ਨੇ ਹੀਰੇ ਨੂੰ ਲੱਖਾਂ ਰੁਪਏ ਨੂੰ ਮੁਲ ਲੈ ਲਿਆ।

ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥
ਹੀਰੇ-ਹੀਰੇ ਨੂੰ ਪ੍ਰਭੂ ਲੇ ਮੇਰੇ ਹਿਰਦੇ ਅੰਦਰ ਲੁਕਾ ਕੇ ਰੱਖਿਆ ਹੋਇਆ ਹੈ।

ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥
ਗਰੀਬਾਂ ਉਤੇ ਮਿਹਰਬਾਨ ਮਾਲਕ ਨੇ ਮੈਨੂੰ ਪਵਿੱਤਰ ਗੁਰਾਂ ਨਾਲ ਮਿਲਾ ਦਿੱਤਾ ਹੈ ਅਤੇ ਗੁਰਾਂ ਨਾਲ ਮਿਲਣ ਦੁਆਰਾ ਮੈਂ ਜਵੇਹਰ ਨੂੰ ਪਰਖ ਲਿਆ ਹੈ। ਠਹਿਰਾਉ।

ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥
ਅਧਰਮੀਆਂ ਦੀ ਹਿਰਦੇ-ਕੋਠੜੀ ਵਿੰਚ ਬੇਸਮਝੀ ਦਾ ਅਨ੍ਹੇਰਾ ਹੈ ਅਤੇ ਉਨ੍ਹਾਂ ਦੇ ਝੁਗੇ ਅੰਦਰ ਹੀਰਾ ਦਿਸਦਾ ਨਹੀਂ।

ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥੨॥
ਉਹ ਮੂਰਖ ਬੀਆਬਾਨ ਅੰਦਰ ਭਟਕ ਕੇ ਮਰ ਮੁਕਦੇ ਹਨ ਅਤੇ ਮੋਹਣੀ ਸਰਪਣੀ (ਮਾਇਆ) ਦੀ ਜ਼ਹਿਰ ਨੂੰ ਖਾਂਦੇ ਹਨ।

ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥
ਮੇਰੇ ਵਾਹਿਗੁਰੂ ਸੁਆਮੀ ਮੈਨੂੰ ਭਲੇ ਪੁਰਸ਼ਾ ਆਪਣੇ ਸੰਤਾਂ ਨਾਲ ਮਿਲਾ ਦੇ! ਹੇ ਹਰੀ! ਮੈਨੂੰ ਆਪਦੇ ਸੰਤਾਂ ਦੀ ਪਨਾਹ ਹੇਠਾ ਰੱਖ।

ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥੩॥
ਹੇ ਵਾਹਿਗੁਰੂ! ਸੁਆਮੀ ਮਾਲਕ! ਮੈਨੂੰ ਅਪਣਾ ਨਿੱਜ ਦਾ ਬਣਾ ਲੈ, ਕਿਉਂ ਜੋ ਮੈਂ ਭੱਜ ਕੇ ਤੇਰੇ ਪਾਸੋ ਆ ਗਿਆ ਹਾਂ।

ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥
ਮੇਰੀ ਜੀਭਾ ਤੇਰੀਆਂ ਕਿਹੜੀਆਂ ਕਿਹੜੀਆਂ ਬਜ਼ੁਰਗੀਆਂ ਨੂੰ ਕਹਿ ਤੇ ਵਰਣਨ ਕਰ ਸਕਦੀ ਹੈ? ਤੂੰ ਵੱਡਾ, ਅਪਹੁੰਚ ਅਤੇ ਵਿਸ਼ਾਲ ਪੁਰਸ਼ ਹੈਂ।

ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥੪॥੨॥
ਵਾਹਿਗੁਰੂ ਨੇ ਗੋਲੇ ਨਾਨਕ ਤੇ ਮਿਹਰ ਕੀਤੀ ਹੈ ਅਤੇ ਉਸ ਨੇ ਡੁਬਦੇ ਹੋਏਪੱਥਰ ਨੂੰ ਬਚਾ ਲਿਆ ਹੈ।