Page 713

ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥
ਤੇਰੀ ਰਜ਼ਾ ਮੈਨੂੰ ਮਿੱਠੜੀ ਲਗਦੀ ਹੈ। ਅਤੇ ਜੋ ਵੀ ਤੂੰ ਕਰਦਾ ਹੈ, ਮੈਨੂੰ ਭਾਉਂਦਾ ਹੈ।

ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ ॥੨॥
ਜਿਹੜਾ ਕੁਛ ਤੂੰ ਮੈਨੂੰ ਦਿੰਦਾ ਹੈ, ਉਸੇ ਨਾਲ ਹੀ ਇਹ ਮੇਰੀ ਆਤਮਾ ਰੱਜ ਜਾਂਦੀ ਹੈ। ਮੈਂ ਕਿਸੇ ਹੋਰ ਮਗਰ ਨਹੀਂ ਦੌੜਦਾ।

ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ ਸਗਲ ਰੇਣ ਹੋਇ ਰਹੀਐ ॥
ਮੈਂ ਸੁਆਮੀ ਮਾਲਕ ਨੂੰ ਸਦਾ ਆਪਣੇ ਨੇੜੇ ਜਾਣਦਾ ਹਾਂ, ਅਤੇ ਮੈਂ ਸਾਰਿਆਂ ਦੇ ਪੈਰਾਂ ਦੀ ਧੂੜ ਹੋਇਆ ਰਹਿੰਦਾ ਹੈ।

ਸਾਧੂ ਸੰਗਤਿ ਹੋਇ ਪਰਾਪਤਿ ਤਾ ਪ੍ਰਭੁ ਅਪੁਨਾ ਲਹੀਐ ॥੩॥
ਜੇਕਰ ਮੈਂ ਸਤਿ ਸੰਗਤ ਨਾਲ ਜੁੜ ਜਾਵਾਂ, ਤਦ ਮੈਂ ਆਪਣੇ ਸੁਆਮੀ ਨੂੰ ਪਾ ਲਵਾਂਗਾ।

ਸਦਾ ਸਦਾ ਹਮ ਛੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ॥
ਹਮੇਸ਼ਾ, ਹਮੇਸ਼ਾਂ ਹੀ ਮੈਂ ਤੇਰਾ ਬੱਚਾ ਹਾਂ। ਤੂੰ ਮੇਰਾ ਸੁਆਮੀ ਅਤੇ ਪਾਤਿਸ਼ਾਹ ਹੈ।

ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥੪॥੩॥੫॥
ਨਾਨਕ ਤੇਰਾ ਬੱਚਾ ਹੈ। ਤੂੰ ਹੇ ਸੁਆਮੀ ਮੇਰੀ ਅੰਮੜੀ ਤੇ ਬਾਬਲ ਹੈ! ਤੂੰ ਆਪਣੇ ਨਾਮ ਦਾ ਦੁੱਧ ਮੇਰੇ ਮੂੰਹ ਵਿੱਚ ਪਾ।

ਟੋਡੀ ਮਹਲਾ ੫ ਘਰੁ ੨ ਦੁਪਦੇ
ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਮਾਗਉ ਦਾਨੁ ਠਾਕੁਰ ਨਾਮ ॥
ਹੇ ਸਾਹਿਬ! ਤੇਰੇ ਪਾਸੋਂ ਮੈਂ ਤੇਰੇ ਨਾਮ ਦੀ ਦਾਤ ਮੰਗਦਾ ਹਾਂ।

ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥
ਹੋਰ ਕੁਝ ਭੀ ਤੇਰੇ ਨਾਲ ਨਹੀਂ ਜਾਣਾ। ਆਪਣੀ ਮਿਹਰ ਰਾਹੀਂ ਮੈਨੂੰ ਆਪਣੇ ਜੱਸ ਦਾ ਗਾਇਨ ਕਰਨਾ ਬਖਸ਼। ਠਹਿਰਾਉ।

ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥
ਹਕੂਮਤ, ਦੌਲਤ, ਅਨੇਕਾਂ ਰੰਗ-ਰਲੀਆਂ ਅਤੇ ਬਹਾਰਾਂ ਸਾਭ ਬਿਰਛ ਦੇ ਪ੍ਰਛਾਵੇ ਦੀ ਮਾਨੰਦ ਹਨ।

ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥
ਇਨਸਾਨ ਬਹੁਤੀਆਂ ਦਿਸ਼ਾਂ ਨੂੰ ਦੌੜਦਾ ਅਤੇ ਭਜ ਦੌੜ ਕਰਦਾ ਹੈ ਪ੍ਰੰਤੂ ਉਸ ਦੇ ਸਾਰੇ ਕਾਰਜ ਨਿਸਫਲ ਹਨ।

ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥
ਬਗੈਰ ਦ੍ਰਿਸ਼ਟੀ ਦੇ ਸੁਆਮੀ ਦੇ ਹੋਰ ਹਰ ਸ਼ੈ ਜਿਹੜੀ ਬੰਦਾ ਲੋੜਦਾ ਹੈ। ਅਨਸਥਿਰ ਦਿਸਦੀ ਹੈ।

ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥
ਗੁਰੂ ਜੀ ਫੁਰਮਾਉਂਦੇ ਹਨ, ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ, ਤਾਂ ਜੋ ਮੇਰੀ ਆਤਮਾ ਨੂੰ ਆਰਾਮ ਪ੍ਰਾਪਤ ਹੋ ਜਾਵੇ।

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਪ੍ਰਭ ਜੀ ਕੋ ਨਾਮੁ ਮਨਹਿ ਸਾਧਾਰੈ ॥
ਪੂਜਯ ਪ੍ਰਭੂ ਦਾ ਨਾਮ ਮੇਰੀ ਜਿੰਦੜੀ ਦਾ ਆਸਰਾ ਹੈ।

ਜੀਅ ਪ੍ਰਾਨ ਸੂਖ ਇਸੁ ਮਨ ਕਉ ਬਰਤਨਿ ਏਹ ਹਮਾਰੈ ॥੧॥ ਰਹਾਉ ॥
ਇਸ ਮਨ ਦੀ ਜਿੰਦ ਜਾਨ ਆਤਮਾ ਅਤੇ ਆਰਾਮ ਰੱਬ ਦਾ ਨਾਮ ਹੈ, ਮੇਰੇ ਲਈ ਇਹ ਰੋਜ਼ ਦੇ ਇਸਤਿਮਾਲ ਦੀ ਸ਼ੈ ਹੈ। ਠਹਿਰਾਉ।

ਨਾਮੁ ਜਾਤਿ ਨਾਮੁ ਮੇਰੀ ਪਤਿ ਹੈ ਨਾਮੁ ਮੇਰੈ ਪਰਵਾਰੈ ॥
ਨਾਮ ਮੇਰਾ ਵਰਣ ਹੈ। ਨਾਮ ਮੇਰੀ ਇੱਜ਼ਤ ਆਬਰੂ ਹੈ ਅਤੇ ਨਾਮ ਹੀ ਮੇਰਾ ਟੱਬਰ ਕਬੀਲਾ ਹੈ।

ਨਾਮੁ ਸਖਾਈ ਸਦਾ ਮੇਰੈ ਸੰਗਿ ਹਰਿ ਨਾਮੁ ਮੋ ਕਉ ਨਿਸਤਾਰੈ ॥੧॥
ਸੁਆਮੀ ਦਾ ਨਾਮ, ਮੇਰਾ ਸਾਥੀ, ਸਦੀਵ ਹੀ ਮੇਰੇ ਅੰਗ ਸੰਗ ਹੈ, ਅਤੇ ਸੁਆਮੀ ਦਾ ਨਾਮ ਹੀ ਮੇਰਾ ਪਾਰ ਉਤਾਰਾ ਕਰਦਾ ਹੈ।

ਬਿਖੈ ਬਿਲਾਸ ਕਹੀਅਤ ਬਹੁਤੇਰੇ ਚਲਤ ਨ ਕਛੂ ਸੰਗਾਰੈ ॥
ਵਿਸ਼ੇ ਭੋਗ ਦੀਆਂ ਬਹਾਰਾਂ ਬਹੁਤੀਆਂ ਆਖੀਆਂ ਜਾਂਦੀਆਂ ਹਨ, ਪਰ ਉਨ੍ਹਾਂ ਵਿਚੋਂ ਕੋਈ ਭੀ ਬੰਦੇ ਦੇ ਨਾਲ ਨਹੀਂ ਟੁਰਦੀ।

ਇਸਟੁ ਮੀਤੁ ਨਾਮੁ ਨਾਨਕ ਕੋ ਹਰਿ ਨਾਮੁ ਮੇਰੈ ਭੰਡਾਰੈ ॥੨॥੨॥੭॥
ਨਾਨਕ ਪਿਆਰੇ ਮਿੱਤ੍ਰ ਦੇ ਨਾਮ ਦਾ ਯਾਚਕ ਹੈ। ਰੱਬ ਦਾ ਨਾਮ ਹੀ ਉਸ ਦਾ ਖਜਾਨਾ ਹੈ।

ਟੋਡੀ ਮਃ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਨੀਕੇ ਗੁਣ ਗਾਉ ਮਿਟਹੀ ਰੋਗ ॥
ਤੂੰ ਸਾਹਿਬ ਦੀਆਂ ਸ੍ਰੇਸ਼ਟ ਸਿਫਤਾਂ ਗਾਇਨ ਹਕਰ ਅਤੇ ਤੇਰੀਆਂ ਬੀਮਾਰੀਆਂ ਦੂਰ ਹੋ ਜਾਣਗੀਆਂ।

ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ ॥੧॥ ਰਹਾਉ ॥
ਤੇਰਾ ਚਿਹਰਾ ਪ੍ਰਕਾਸ਼ਵਾਨ ਤੇ ਤੇਰਾ ਹਿਰਦਾ ਪਵਿੱਤਰ ਹੋ ਜਾਵੇਗਾ ਅਤੇ ਤੂੰ ਇਸ ਅਤੇ ਉਸ ਲੋਕ ਵਿੱਚ ਖਲਾਸੀ ਪਾ ਜਾਵੇਗਾ। ਠਹਿਰਾਉ।

ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ॥
ਮੈਂ ਗੁਰਾਂ ਦੇ ਚਰਨ ਧੋਂਦਾ ਅਤੇ ਉਨ੍ਹਾਂ ਦੀ ਸੇਵਾ ਕਰਦਾ ਹਾਂ ਅਤੇ ਆਪਣੀ ਆਤਮਾ ਨੂੰ ਉਨ੍ਹਾਂ ਮੂਹਰੇ ਭੇਟ ਰੱਖਦਾ ਹਾਂ।

ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ ॥੧॥
ਤੂੰ ਆਪਣੀ ਸਵੈ-ਹੰਗਤਾ, ਝਗੜੇ ਅਤੇ ਹੰਕਾਰ ਨੂੰ ਤਿਆਗ ਦੇ ਅਤੇ ਜੋ ਰੱਬ ਵੱਲੋਂ ਆਉਂਦਾ ਹੈ। ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰ।

ਸੰਤ ਟਹਲ ਸੋਈ ਹੈ ਲਾਗਾ ਜਿਸੁ ਮਸਤਕਿ ਲਿਖਿਆ ਲਿਖੋਗੁ ॥
ਕੇਵਲ ਓਹੀ ਸਾਧੂਆ ਦੀ ਸੇਵਾ ਅੰਦਰ ਜੁੜਦਾ ਹੈ, ਜਿਸ ਦੇ ਮੱਥੇ ਉਤੇ ਐਸੀ ਪ੍ਰਾਲਭਧ ਲਿਖੀ ਹੋਈ ਹੁੰਦੀ ਹੈ।

ਕਹੁ ਨਾਨਕ ਏਕ ਬਿਨੁ ਦੂਜਾ ਅਵਰੁ ਨ ਕਰਣੈ ਜੋਗੁ ॥੨॥੩॥੮॥
ਗੁਰੂ ਜੀ ਫੁਰਮਾਉਂਦੇ ਹਨ: ਇਕ ਸਾਹਿਬ ਦੇ ਬਾਝੋਂ ਕੋਈ ਹੋਰ ਕੁਝ ਭੀ ਕਰਨ ਨੂੰ ਸਮਰਥ ਨਹੀਂ।

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਸਤਿਗੁਰ ਆਇਓ ਸਰਣਿ ਤੁਹਾਰੀ ॥
ਮੇਰੇ ਸੱਚੇ ਗੁਰੂ ਜੀ, ਮੈਂ ਤੁਹਾਡੀ ਪਨਾਹ ਲਈ ਹੈ।

ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥
ਮੈਨੂੰ ਰੱਬ ਦੇ ਨਾਮ ਦੀ ਠੰਢ ਚੈਨ ਅਤੇ ਪ੍ਰਭਤਾ ਬਖਸ਼ ਅਤੇ ਮੇਰਾ ਫਿਕਰ ਦੂਰ ਕਰ। ਠਹਿਰਾਉ।

ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥
ਮੈਨੂੰ ਹੋਰ ਕੋਈ ਪਨਾਹ ਦੀ ਥਾਂ ਨਹੀਂ ਦਿਸਦੀ। ਹਾਰ ਹੰਭ ਕੇ ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ।

ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥
ਮੇਰਾ ਹਿਸਾਬ ਕਿਤਾਬ ਨਾਂ ਪੜਤਾਲ, ਮੈਂ ਕੇਵਲ ਲੇਖੇ ਪੱਤੇ ਨੂੰ ਅੱਖਾਂ ਤੋਂ ਓਹਲੇ ਕਰਨ ਨਾਲ ਹੀ ਬੱਚ ਸਕਦਾ ਹਾਂ। ਮੈਂ ਗੁਣ-ਵਿਹੂਣ ਦਾ ਪਾਰ ਉਤਾਰਾ ਕਰ ਦੇ, ਹੇ ਸੁਆਮੀ!

ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥
ਤੂੰ ਸਦਾ ਮਾਫੀ ਦੇਣਹਾਰ ਹੈ। ਹਮੇਸ਼ਾਂ ਹੀ ਦਇਆਲੂ ਹੈ, ਹੇ ਸੁਆਮੀ, ਸਾਰਿਆਂ ਨੂੰ ਆਸਰਾ ਦਿੰਦਾ ਹੈ।

ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥
ਗੋਲਾ ਨਾਨਕ ਸਾਧੂਆਂ ਦੇ ਮਾਰਗ ਚਲਦਾ ਹੈ, ਹੇ ਸਾਹਿਬ! ਤੂੰ ਉਸ ਨੂੰ ਇਸ ਜਨਮ ਵਿੱਚ ਜਾਂ ਇਸ ਦਫਾ ਬਚਾ ਲੈ।

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਰਸਨਾ ਗੁਣ ਗੋਪਾਲ ਨਿਧਿ ਗਾਇਣ ॥
ਜਦ ਮੇਰੀ ਜੀਭ, ਗੁਣਾਂ ਦੇ ਸਮੁੰਦਰ ਸੁਆਮੀ ਦਾ ਜੱਸ ਗਾਇਨ ਕਰਦੀ ਹੈ,

ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ॥੧॥ ਰਹਾਉ ॥
ਤਾਂ ਮੇਰੇ ਹਿਰਦੇ ਅੰਦਰ ਸੁੱਖ, ਅਡੋਲਤਾ ਅਤੇ ਅਨੰਦ ਪੈਦਾ ਹੋ ਆਉਂਦੇ ਹਨ ਅਤੇ ਸਾਰੇ ਦੁੱਖੜੇ ਦੋੜ ਜਾਂਦੇ ਹਨ। ਠਹਿਰਾਉ।

copyright GurbaniShare.com all right reserved. Email