Page 720

ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥
ਹਰੀ ਖੁਦ ਪੰਜ ਮੂਲ ਅੰਸ਼ਾਂ ਵਾਲੇ ਸੰਸਾਰ ਨੂੰ ਫੈਲਾਉਂਦਾ ਹੈ ਅਤੇ ਖੁਦ ਹੀ ਉਸ ਵਿੱਚ ਪੰਜੇ ਬੋਧ ਸ਼ਕਤੀਆਂ ਪਾਉਂਦਾ ਹੈ।

ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥
ਹੇ ਗੋਲੇ ਨਾਨਕ! ਪ੍ਰਭੂ ਖੁਦ ਬੰਦੇ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ ਅਤੇ ਖੁਦ ਹੀ ਝਗੜੇ ਨਿਪਟਾਉਂਦਾ ਹੈ।

ਬੈਰਾੜੀ ਮਹਲਾ ੪ ॥
ਬੈਰਾੜੀ ਚੌਥੀ ਪਾਤਿਸ਼ਾਹੀ।

ਜਪਿ ਮਨ ਰਾਮ ਨਾਮੁ ਨਿਸਤਾਰਾ ॥
ਹੇ ਮੇਰੀ ਜਿੰਦੜੀਏ! ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦਆਰਾ ਮੋਖਸ਼ ਪ੍ਰਾਪਤ ਹੋ ਜਾਂਦੀ ਹੈ।

ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥
ਵਾਹਿਗੁਰੂ ਕ੍ਰੋੜਾਂ ਹੀ ਜਨਮਾਂ ਦੇ ਸਮੂਹ ਗੁਨਾਹਾਂ ਨੂੰ ਨਾਸ ਕਰਦਾ ਹੈ ਅਤੇ ਇਨਸਾਨ ਨੂੰ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਠਹਿਰਾਉ।

ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥
ਨਿੱਡਰ, ਦੁਸ਼ਮਨੀ-ਰਹਿਤ ਅਤੇ ਸਰੂਪ-ਹੀਣ ਵਾਹਿਗੁਰੂ ਪ੍ਰਭੂ ਪ੍ਰਮੇਸ਼ਰ ਦੇਹ ਦੇ ਪਿੰਡ ਵਿੱਚ ਰਹਿੰਦਾ ਹੈ।

ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥
ਵਾਹਿਗੁਰੂ ਨੇੜੇ ਹੀ ਵਸਦਾ ਹੈ, ਪਰ ਦਿਸਦਾ ਨਹੀਂ। ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਪ੍ਰਾਪਤ ਹੁੰਦਾ ਹੈ।

ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥
ਵਾਹਿਗੁਰੂ ਖੁਦ ਸ਼ਾਹੂਕਾਰ ਜਵਾਹਰੀ, ਜਵੇਹਰ ਅਤੇ ਮਾਣਕ ਹੈ। ਸੁਆਮੀ ਨੇ ਖੁਦ ਹੀ ਸਾਰਾ ਫੈਲਾਉ ਕੀਤਾ ਹੈ।

ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥
ਨਾਨਕ, ਜਿਸ ਉਤੇ ਵਾਹਿਗੁਰੂ ਦਇਆ ਧਾਰਦਾ ਹੈ, ਉਹੀ ਉਸ ਦੇ ਨਾਮ ਦਾ ਵਣਜ ਕਰਦਾ ਹੈ। ਕੇਵਲ ਉਹ ਹੀ ਸੱਚਾ ਸ਼ਾਹੂਕਾਰ ਅਤੇ ਸੱਚਾ ਵਪਾਰੀ ਹੈ।

ਬੈਰਾੜੀ ਮਹਲਾ ੪ ॥
ਬੈਰਾੜੀ ਚੌਥੀ ਪਾਤਿਸ਼ਾਹੀ।

ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ ॥
ਹੇ ਬੰਦੇ! ਤੂੰ ਪਵਿੱਤਰ, ਸਰੂਪ-ਰਹਿਤ ਸੁਆਮੀ ਦਾ ਸਿਮਰਨ ਕਰ।

ਸਦਾ ਸਦਾ ਹਰਿ ਧਿਆਈਐ ਸੁਖਦਾਤਾ ਜਾ ਕਾ ਅੰਤੁ ਨ ਪਾਰਾਵਾਰਾ ॥੧॥ ਰਹਾਉ ॥
ਹਮੇਸ਼ਾ, ਹਮੇਸ਼ਾਂ ਤੂੰ ਆਰਾਮ-ਬਖਸ਼ਣਹਾਰ ਵਾਹਿਗੁਰੂ ਦਾ ਆਰਾਧਨ ਕਰ ਜਿਸ ਦੇ ਵਿਸਥਾਰ ਅਤੇ ਓੜਕ ਦਾ ਪਤਾ ਨਹੀਂ ਲੱਗਦਾ। ਠਹਿਰਾਉ।

ਅਗਨਿ ਕੁੰਟ ਮਹਿ ਉਰਧ ਲਿਵ ਲਾਗਾ ਹਰਿ ਰਾਖੈ ਉਦਰ ਮੰਝਾਰਾ ॥
ਜਦ ਮੂਧੇ ਮੂੰਹ ਤੂੰ ਅੱਗ ਦੇ ਟੋਏ ਅੰਦਰ ਪ੍ਰਭੂ ਦੀ ਪ੍ਰੀਤ ਵਿੱਚ ਲੀਨ ਸੈਂ, ਤਦ ਉਸ ਨੇ ਤੈਨੂੰ ਗਰਭ ਵਿਚੋਂ ਬਚਾ ਲਿਆ ਹੈ।

ਸੋ ਐਸਾ ਹਰਿ ਸੇਵਹੁ ਮੇਰੇ ਮਨ ਹਰਿ ਅੰਤਿ ਛਡਾਵਣਹਾਰਾ ॥੧॥
ਹੇ ਮੇਰੀ ਜਿੰਦੇ! ਤੂੰ ਐਹੋ ਜੇਹੇ ਸੁਆਮੀ ਵਾਹਿਗੁਰੂ ਦੀ ਘਾਲ ਕਮਾ ਜੋ ਤੈਨੂੰ ਅਖੀਰ ਨੂੰ ਬੰਦਖਲਾਸ ਕਰਾਉਣ ਵਾਲਾ ਹੋਊਗਾ।

ਜਾ ਕੈ ਹਿਰਦੈ ਬਸਿਆ ਮੇਰਾ ਹਰਿ ਹਰਿ ਤਿਸੁ ਜਨ ਕਉ ਕਰਹੁ ਨਮਸਕਾਰਾ ॥
ਜਿਸ ਦੇ ਮਨ ਅੰਦਰ ਮੇਰਾ ਸੁਆਮੀ ਮਾਲਕ ਵਸਦਾ ਹੈ, ਤੂੰ ਉਸ ਪੁਰਸ਼ ਨੂੰ ਬੰਦਨਾ ਕਰ।

ਹਰਿ ਕਿਰਪਾ ਤੇ ਪਾਈਐ ਹਰਿ ਜਪੁ ਨਾਨਕ ਨਾਮੁ ਅਧਾਰਾ ॥੨॥੫॥
ਵਾਹਿਗੁਰੂ ਦੀ ਮਿਹਰ ਦੁਆਰਾ ਹੀ ਸਾਹਿਬ ਦਾ ਸਿਮਰਨ ਅਤੇ ਉਸ ਦੇ ਨਾਮ ਦਾ ਆਸਰਾ ਪ੍ਰਾਪਤ ਹੁੰਦੇ ਹਨ, ਹੇ ਨਾਨਕ!

ਬੈਰਾੜੀ ਮਹਲਾ ੪ ॥
ਬੈਰਾੜੀ ਚੌਥੀ ਪਾਤਿਸ਼ਾਹੀ।

ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥
ਹੇ ਮੇਰੀ ਜਿੰਦੜੀਏ! ਨਿਤਾਪ੍ਰਤੀ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਉਚਾਰਨ ਤੇ ਸਿਮਰਨ ਕਰ।

ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥
ਤੂੰ ਉਹ ਫਲ ਪਾਵੇਗੀ ਜਿਹੜੇ ਤੂੰ ਚਾਹੁੰਦੀ ਹੈ, ਅਤੇ ਮੁੜ ਕੇ ਤੈਨੂੰ ਦੁੱਖ ਨਹੀਂ ਵਿਆਪੇਗਾ। ਠਹਿਰਾਉ।

ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥
ਓਹੀ ਸੱਚਾ ਸਿਮਰਨ, ਸੱਚੀ ਤੱਪਸਿਆ ਸੱਚਾ ਉਪਹਾਸ ਤੇ ਸਚੀ ਉਪਾਸ਼ਨਾ ਹੈ, ਜਿਸ ਦੁਆਰਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।

ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥੧॥
ਪ੍ਰਭੂ ਦੇ ਪਿਆਰ ਦੇ ਬਗੈਰ, ਹੋਰ ਹਰ ਇਕ ਪਿਆਰ ਕੂੜਾ ਹੈ। ਇਸ ਮੁਹਤ ਵਿੱਚ ਇਹ ਸਾਰਾ ਪਿਆਰ ਭੁੱਲ ਜਾਂਦਾ ਹੈ।

ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਨ ਜਾਇ ॥
ਤੂੰ ਅਨੰਤ ਤੇ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ। ਤੇਰਾ ਭੋਰਾ ਭਰ ਮੁਲ ਭੀ ਆਖਿਆ ਨਹੀਂ ਜਾ ਸਕਦਾ।

ਨਾਨਕ ਸਰਣਿ ਤੁਮ੍ਹ੍ਹਾਰੀ ਹਰਿ ਜੀਉ ਭਾਵੈ ਤਿਵੈ ਛਡਾਇ ॥੨॥੬॥
ਹੇ ਮਹਾਰਾਜ ਮਾਲਕ! ਨਾਨਕ ਨੇ ਤੇਰੀ ਸ਼ਰਣਾਗਤਿ ਸੰਭਾਲੀ ਹੈ। ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂ।

ਰਾਗੁ ਬੈਰਾੜੀ ਮਹਲਾ ੫ ਘਰੁ ੧
ਰਾਗੁ ਬੈਰਾੜੀ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥
ਪਵਿੱਤਰ ਪੁਰਸ਼ ਨਾਲ ਜੁੜ ਕੇ ਤੂੰ ਪ੍ਰਭੂ ਦੀ ਮਹਿਮਾ ਗਾਇਨ ਕਰ।

ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥
ਐਸ ਤਰ੍ਹਾਂ ਤੂੰ ਕ੍ਰੋੜਾਂ ਹੀ ਜਨਮਾਂ ਦੇ ਦੁੱਖਾਂ ਤੋਂ ਖਲਾਸੀ ਪਾ ਜਾਵੇਗਾ। ਠਹਿਰਾਉ।

ਜੋ ਚਾਹਤ ਸੋਈ ਮਨਿ ਪਾਇਓ ॥
ਜਿਹੜਾ ਕੁਝ ਤੇਰਾ ਦਿਲ ਲੋੜਦਾ ਹੈ, ਉਹ ਇਸ ਤਰ੍ਹਾਂ ਪ੍ਰਾਪਤ ਹੋ ਜਾਂਦਾ ਹੈ।

ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥
ਆਪਣੀ ਰਹਿਮਤ ਸਦਕਾ, ਸਾਧੂ ਮੈਨੂੰ ਰੱਬ ਦਾ ਨਾਮ ਪ੍ਰਦਾਨ ਕਰਦੇ ਹਨ।

ਸਰਬ ਸੂਖ ਹਰਿ ਨਾਮਿ ਵਡਾਈ ॥
ਸਮੂਹ ਪ੍ਰਸੰਨਤਾ ਅਤੇ ਪ੍ਰਭਤਾ ਪ੍ਰਭੂ ਦੇ ਨਾਮ ਅੰਦਰ ਵਸਦੀਆਂ ਹਨ।

ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥੧॥੭॥
ਗੁਰਾਂ ਦੀ ਰਹਿਮਤ ਸਦਕਾ ਨਾਨਕ ਨੂੰ ਇਹ ਸਮਝ ਪ੍ਰਾਪਤ ਹੋਈ ਹੈ।

copyright GurbaniShare.com all right reserved. Email