Page 721

ਰਾਗੁ ਤਿਲੰਗ ਮਹਲਾ ੧ ਘਰੁ ੧
ਰਾਗੁ ਤਿਲੰਗ। ਪਹਿਲੀ ਪਾਤਿਸ਼ਾਹੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਣਹਾਰ ਉਸ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡੱਰ, ਦੁਸ਼ਮਨੀ-ਰਹਿਤ, ਅਜਨਮਾਂ ਅਤੇ ਹਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥
ਮੈਂ ਤੇਰੇ ਮੂਹਰੇ ਇਕ ਬੇਨਤੀ ਉਚਾਰਨ ਕਰਦਾ ਹਾਂ। ਤੂੰ ਇਸ ਨੂੰ ਸ੍ਰਵਣ ਕਰ, ਹੇ ਮੇਰੇ ਸਿਰਜਣਹਾਰ!

ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥੧॥
ਤੂੰ ਸੱਚਾ, ਵੱਡਾ, ਦਇਆਵਾਨ ਅਤੇ ਪਾਪ-ਰਹਿਤ ਪਾਲਣ ਪੋਸਣਹਾਰ ਹੈ।

ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥
ਸੰਸਾਰ ਇਕ ਨਾਸਵੰਤ ਟਿਕਾਣਾ ਹੈ। ਇਸ ਨੂੰ ਆਪਣੇ ਮਨ ਵਿੱਚ ਸੱਚ ਕਰ ਕੇ ਜਾਣ।

ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥੧॥ ਰਹਾਉ ॥
ਮੌਤ ਦੇ ਦੂਤ ਅਜਰਾਈਲ, ਨੇ ਮੈਨੂੰ ਮੇਰੇ ਸਿਰ ਦੇ ਵਾਲਾ ਤੋਂ ਫੜਿਆ ਹੋਇਆ ਹੈ। ਪ੍ਰੰਤੂ ਆਪਣੇ ਦਿਲ ਵਿੱਚ ਮੈਨੂੰ ਇਸ ਦਾ ਭੋਰਾ ਭਰ ਭੀ ਪਤਾ ਨਹੀਂ। ਠਹਿਰਾਉ।

ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥
ਵਹੁਟੀ, ਪੁੱਤ੍ਰ, ਪਿਤਾ ਅਤੇ ਵੀਰ, ਇਨ੍ਹਾਂ ਵਿਚੋਂ ਕਿਸ ਨੇ ਭੀ ਮੇਰਾ ਹੱਥ ਨਹੀਂ ਪਕੜਨਾ।

ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥੨॥
ਅੰਤ ਨੂੰ ਜਦ ਮੈਂ ਡਿੱਗ ਪਵਾਂਗਾ ਅਤੇ ਅਖੀਰਲੀ ਅਰਦਾਸ ਦਾ ਵੇਲਾ ਆਵੇਗਾ। ਤਾਂ ਕੋਈ ਜਣਾ ਭੀ ਮੈਨੂੰ ਬਚਾਉਣ ਵਾਲਾ ਨਹੀਂ ਹੋਵੇਗਾ।

ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥
ਰਾਤ ਦਿਨ ਮੈਂ ਲਾਲਚ ਅੰਦਰ ਭਟਕਦਾ ਹਾਂ, ਅਤੇ ਮੰਦਾ ਚਿਤਵਦਾ ਅਤੇ ਕਰਦਾ ਹਾਂ।

ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ ॥੩॥
ਮੈਂ ਕਦੇ ਭੀ ਚੰਗੇਗ ਅਮਲ ਨਹੀਂ ਕਮਾਏ। ਇਸ ਤਰ੍ਹਾਂ ਦੀ ਹੈ ਮੇਰੀ ਆਵਸਥਾ।

ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ॥
ਮੈਂ ਨਿਕਰਮਣ ਅਤੇ ਨਾਲ ਹੀ ਕੰਜੂਸ, ਅਚੇਤ ਬੇਸ਼ਰਮ ਅਤੇ ਤੇਰੇ ਡਰ ਦੇ ਬਿਨਾਂ ਹਾਂ, ਹੇ ਸਾਈਂ!

ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥੪॥੧॥
ਨਾਨਕ ਆਖਦਾ ਹੈ, ਮੈਂ ਤੇਰਾ ਗੋਲਾ ਹਾਂ ਅਤੇ ਤੈਂਡੇ ਸੇਵਕਾਂ ਦੇ ਪੈਰਾਂ ਦੀ ਧੂੜ ਹਾਂ।

ਤਿਲੰਗ ਮਹਲਾ ੧ ਘਰੁ ੨
ਤਿਲੰਗ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥
ਹੇ ਸੁਆਮੀ! ਤੇਰਾਡਰ ਮੇਰਾ ਭੰਗ ਹੈ ਅਤੇ ਮੇਰਾ ਮਨ (ਭੰਗ ਨੂੰ ਸਾਭਣ ਲਈ) ਚਮੜੇ ਦੀ ਗੁਥਲੀ ਹੈ।

ਮੈ ਦੇਵਾਨਾ ਭਇਆ ਅਤੀਤੁ ॥
ਮੈਂ ਇਕ ਮਤਵਾਲਾ ਵਿਰੱਕਤ ਹੋ ਗਿਆ ਹਾਂ।

ਕਰ ਕਾਸਾ ਦਰਸਨ ਕੀ ਭੂਖ ॥
ਮੇਰੇ ਹੱਥ ਪਿਆਲਾ ਹੈ ਅਤੇ ਮੈਨੂੰ ਤੇਰੇ ਦੀਦਾਰ ਦੀ ਭੁੱਖ ਹੈ, ਹੇ ਵਾਹਿਗੁਰੂ!

ਮੈ ਦਰਿ ਮਾਗਉ ਨੀਤਾ ਨੀਤ ॥੧॥
ਰੋਜ਼ ਬਰੋਜ਼, ਮੈਂ ਤੇਰੇ ਬੂਹੇ ਤੇ ਝੋਲੀ ਅੱਡਦਾ ਹਾਂ।

ਤਉ ਦਰਸਨ ਕੀ ਕਰਉ ਸਮਾਇ ॥
ਤੇਰੇ ਦੀਦਾਰ ਲਈ ਮੈਂ ਮੰਗਤੇ ਵਾਲੀ ਸਦਾਅ ਕਰਦਾ ਹਾਂ।

ਮੈ ਦਰਿ ਮਾਗਤੁ ਭੀਖਿਆ ਪਾਇ ॥੧॥ ਰਹਾਉ ॥
ਮੈਨੂੰ ਆਪਣੇ ਬੂਹੇ ਦੇ ਭਿਖਾਰੀ ਨੂੰ ਤੂੰ ਖੈਰ ਪਾ, ਹੇ ਪ੍ਰਭੂ! ਠਹਿਰਾੳ।

ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹ੍ਹਣਾ ॥
ਕੁੰਗੂ, ਫੁੱਲ, ਹਿਰਣ ਦਾ ਨਾਫਾ, ਅਤੇ ਸੋਨਾ ਸਮੂਹ ਦੇਹਾਂ ਉਤੇ ਸਵਾਰ ਹੁੰਦੇ ਹਨ।

ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥
ਚੰਨਣ ਦੀ ਤਰ੍ਹਾਂ ਪ੍ਰਭੂ ਦੇ ਗੋਲਿਆਂ ਦੀ ਉਜਲ ਖੁਸ਼ਬੂ ਇਸ ਤਰ੍ਹਾਂ ਦੀ ਹੈ ਕਿ ਉਹ ਸਾਰਿਆਂ ਨੂੰ ਸੁਗੰਧਿਤ ਕਰ ਦਿੰਦੀ ਹੈ।

ਘਿਅ ਪਟ ਭਾਂਡਾ ਕਹੈ ਨ ਕੋਇ ॥
ਕੋਈ ਜਣਾ ਘਿਉ ਅਤੇ ਰੇਸ਼ਮ ਨੂੰ ਕਲੰਕਤ (ਬੁਰਾ) ਨਹੀਂ ਆਖਦਾ।

ਐਸਾ ਭਗਤੁ ਵਰਨ ਮਹਿ ਹੋਇ ॥
ਐਹੋ ਜੇਹਾ ਹੁੰਦਾ ਹੈ। ਸਾਧੂ ਭਾਵੇਂ ਉਹ ਉਚੀ ਜਾਂ ਨੀਚੀ ਜਾਤੀ ਵਾਲਾ ਹੋਵੇ।

ਤੇਰੈ ਨਾਮਿ ਨਿਵੇ ਰਹੇ ਲਿਵ ਲਾਇ ॥
ਜੋ ਤੈਂਡੇ ਨਾਮ ਨੂੰ ਨਿਮਸ਼ਕਾਰ ਕਰਦੇ ਹਨ ਅਤੇ ਤੇਰੇ ਪਿਆਰ ਅੰਦਰ ਲੀਨ ਰਹਿੰਦੇ ਹਨ,

ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥
ਹੇ ਨਾਨਕ ਮੈਂ ਉਨ੍ਹਾਂ ਦੇ ਬੂਹੇ ਤੇ ਖੈਰਾਤ ਦੀ ਭੀਖ ਮੰਗਦਾ ਹਾਂ।

ਤਿਲੰਗ ਮਹਲਾ ੧ ਘਰੁ ੩
ਤਿਲੰਕ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
ਮੇਰੇ ਪ੍ਰੀਤਮਾਂ! ਇਹ ਸਰੀਰ ਦਾ ਕੱਪੜਾ ਦੁਨੀਆਦਾਰੀ ਦੀ ਲਾਗ ਅੰਦਰ ਭਿਜਿਆ ਹੋਇਆ ਲਾਲਚ ਅੰਦਰ ਰੰਗਿਆ ਗਿਆ ਹੈ।