Page 795

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਹੈ ਉਸ ਦਾ ਸਰੂਪ। ਉਹ ਨਿਡੱਰ, ਦੁਸ਼ਮਣੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।

ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧ ॥
ਰਾਗੁ ਬਿਲਾਵਲੁ ਪਹਿਲੀ ਪਾਤਿਸ਼ਾਹੀ। ਚਉਪਦੇ।

ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥
ਤੂੰ ਸ਼ਹਿਨਸਾਹ ਹੈਂ ਅਤੇ ਮੈਂ ਤੈਨੂੰ ਚੌਧਰੀ ਆਖਦਾ ਹਾਂ। ਇਸ ਵਿੱਚ ਤੇਰੀ ਪ੍ਰਭਤਾ ਹੈ?

ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥੧॥
ਜਿਸ ਤਰ੍ਹਾਂ ਤੂੰ ਮੈਨੂੰ ਦਰਸਾਉਂਦਾ ਹੈਂ, ਉਸੇ ਤਰ੍ਹਾਂ ਹੀ ਮੈਂ ਤੇਰੀ ਪ੍ਰਸੰਸਾ ਕਰਦਾ ਹਾਂ, ਹੇ ਸਾਹਿਬ! ਖੁਦ ਮੈਂ ਬੇਸਮਝ ਹਾਂ ਅਤੇ ਤੇਰੀਆਂ ਸਿਫਤਾਂ ਆਖ ਨਹੀਂ ਸਕਦਾ।

ਤੇਰੇ ਗੁਣ ਗਾਵਾ ਦੇਹਿ ਬੁਝਾਈ ॥
ਆਪਣੀਆਂ ਸਿਫਤਾਂ ਗਾਇਨ ਕਰਨ ਦੀ ਤੂੰ ਮੈਨੂੰ ਸਮਝ ਪਰਦਾਨ ਕਰ,

ਜੈਸੇ ਸਚ ਮਹਿ ਰਹਉ ਰਜਾਈ ॥੧॥ ਰਹਾਉ ॥
ਤਾਂ ਜੋ ਮੈਂ ਤੇਰੀ ਰਜ਼ਾ ਅਨੁਸਾਰ ਸੱਚ ਅੰਦਰ ਵੱਸਾਂ, ਹੇ ਸੁਆਮੀ! ਠਹਿਰਾਉ।

ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥
ਜਿਹੜਾ ਕੁਝ ਹੋਇਆ ਹੈ ਉਹ ਸਾਰਾ ਤੇਰੇ ਕੋਲੋਂ ਆਇਆ ਹੈ। ਸਾਰਿਆਂ ਨਾਲ ਹੀ ਤੇਰੀ ਦੋਸਤੀ ਹੈ।

ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ ॥੨॥
ਮੈਂ ਤੇਰਾ ਪਾਰਾਵਾਰ ਨੂੰ ਨਹੀਂ ਜਾਣਦਾ, ਹੇ ਮੇਰੇ ਸੁਆਮੀ! ਮੈਂ ਅੰਨ੍ਹੇ ਇਨਸਾਨ ਵਿੱਚ ਕਿਹੜੀ ਸਿਆਣਪ ਹੈ?

ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥
ਮੈਂ ਕੀ ਆਖਾਂ? ਤੈਨੂੰ ਵਰਣਨ ਕਰਦਾ ਹੋਇਆ ਮੈਂ ਵੇਖਦਾ ਹਾਂ ਕਿ ਮੈਂ ਅਕਹਿ ਸੁਆਮੀ ਨੂੰ ਬਿਆਨ ਨਹੀਂ ਕਰ ਸਕਦਾ।

ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥੩॥
ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਮੈਂ ਕੇਵਲ ਉਹ ਹੀ ਕਹਿੰਦਾ ਹਾਂ ਅਤੇ ਉਹ ਤੇਰੀ ਬਜ਼ੁਗਰ ਦਾ ਇਕ ਕਿਣਕਾ ਹੀ ਹੈ।

ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥
ਐਨਿਆਂ ਕੁੱਤਿਆਂ ਵਿਚੋਂ ਮੈਂ ਇਕ ਓਪਰਾ ਕੁੱਤਾ ਹਾਂ ਅਤੇ ਆਪਣੀ ਇਸ ਦੇਹ ਦੇ ਢਿੱਡ ਦੀ ਖਾਤਰ ਭੌਂਕਦਾ ਹਾਂ।

ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥੪॥੧॥
ਭਾਵੇਂ ਨਾਨਕ ਸਾਹਿਬ ਨੇ ਸਿਮਰਨ ਤੋਂ ਸੱਖਣਾ ਭੀ ਹੋਵੇ, ਤਦ ਭੀ ਉਹ ਆਪਣੇ ਮਾਲਕ ਦੇ ਨਾਮ ਨਾਲ ਹੀ ਸੰਬੰਧਤ ਰਹੇਗਾ।

ਬਿਲਾਵਲੁ ਮਹਲਾ ੧ ॥
ਬਿਲਾਵਲ ਪਹਿਲੀ ਪਾਤਿਸ਼ਾਹੀ।

ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥
ਆਪਣੇ ਸਰੀਰ ਨੂੰ ਮੈਂ ਫਕੀਰਾਂ ਵਾਲੇ ਕਪੜੇ ਪਾਏ ਹੋਏ ਹਨ, ਮੇਰਾ ਹਿਰਦਾ ਠਾਕੁਰ-ਦੁਆਰਾ ਹੈ ਅਤੇ ਮੈਂ ਆਪਣੇ ਦਿਲ ਦੇ ਧਰਮ ਅਸਥਾਨ ਅੰਦਰ ਇਸ਼ਨਾਨ ਕਰਦਾ ਹਾਂ।

ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥
ਇਕ ਸੁਆਮੀ ਦਾ ਨਾਮ ਮੇਰੇ ਮਨ ਅੰਦਰ ਵਸਦਾ ਹੈ ਅਤੇ ਮੈਂ ਮੁੜ ਕੇ ਜਨਮ ਨਹੀਂ ਧਾਰਾਂਗਾ।

ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥
ਮੇਰੀ ਆਤਮਾ ਮਿਹਰਬਾਨ ਮਾਲਕ ਨੇ ਵਿੰਨ੍ਹ ਲਈ ਹੈ, ਹੇ ਮੇਰੀ ਅੰਮੜੀਏ!

ਕਉਣੁ ਜਾਣੈ ਪੀਰ ਪਰਾਈ ॥
ਹੋਰਸ ਦੀ ਪੀੜ ਨੂੰ ਕੌਣ ਜਾਣਦਾ ਹੈ?

ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥
ਸਾਈਂ ਦੇ ਬਗੈਰ, ਮੈਂ ਹੋਰ ਕਿਸੇ ਦਾ ਖਿਆਲ ਨਹੀਂ ਕਰਦਾ। ਠਹਿਰਾਉ।

ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥
ਹੇ ਮੇਰੇ ਅਪੁੱਜ, ਅਗਾਧ, ਅਦ੍ਰਿਸ਼ਟ ਅਤੇ ਅਨੰਤ ਸੁਆਮੀ! ਤੂੰ ਮੇਰਾ ਫਿਕਰ ਕਰ।

ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮ੍ਹ੍ਹਾਰੀ ॥੨॥
ਤੂੰ ਸਮੁੰਦਰ, ਧਰਤੀ, ਪਾਤਾਲ, ਅਤੇ ਆਕਾਸ਼ ਅੰਦਰ ਪੂਰੀ ਤਰ੍ਹਾਂ ਲੀਨ ਹੋਇਆ ਹੋਇਆ ਹੈਂ ਅਤੇ ਹਰ ਦਿਲ ਅੰਦਰ ਤੇਰਾ ਪ੍ਰਕਾਸ਼ ਹੈ।

ਸਿਖ ਮਤਿ ਸਭ ਬੁਧਿ ਤੁਮ੍ਹ੍ਹਾਰੀ ਮੰਦਿਰ ਛਾਵਾ ਤੇਰੇ ॥
ਮੇਰੀ ਸਿੱਖਿਆ ਅਤੇ ਸਮਝ ਸਮੂਹ ਤੇਰੀਆਂ ਹੀ ਹਨ। ਮੇਰੇ ਮਹਿਲ ਤੇ ਪਨਾਹਾਂ ਤੇਰੀ ਹੀ ਮਲਕੀਅਤ ਹਨ।

ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥੩॥
ਤੇਰੇ ਬਗੈਰ, ਹੇ ਮੇਰੇ ਸੁਆਮੀ! ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ। ਮੈਂ ਸਦੀਵ ਹੀ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ।

ਜੀਅ ਜੰਤ ਸਭਿ ਸਰਣਿ ਤੁਮ੍ਹ੍ਹਾਰੀ ਸਰਬ ਚਿੰਤ ਤੁਧੁ ਪਾਸੇ ॥
ਇਨਸਾਨ ਅਤੇ ਹੋਰ ਪ੍ਰਾਣਧਾਰੀ ਸਮੂਹ ਤੇਰੀ ਪਨਾਹ ਲੋੜਦੇ ਹਨ। ਉਨ੍ਹਾਂ ਸਾਰਿਆਂ ਦਾ ਫਿਕਰ ਤੈਨੂੰ ਹੀ ਹੈ।

ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥
ਜਿਹੜਾ ਕੁਛ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ! ਉਹ ਹੀ ਭਲਾ ਹੈ। ਕੇਵਲ ਇਹ ਹੀ ਨਾਨਕ ਦੀ ਪ੍ਰਾਰਥਨਾ ਹੈ।

ਬਿਲਾਵਲੁ ਮਹਲਾ ੧ ॥
ਬਿਲਾਵਲ ਪਹਿਲੀ ਪਾਤਿਸ਼ਾਹੀ।

ਆਪੇ ਸਬਦੁ ਆਪੇ ਨੀਸਾਨੁ ॥
ਪ੍ਰਭੂ ਆਮ ਰੱਬੀ ਕਲਾਮ ਹੈ ਅਤੇ ਆਪ ਹੀ ਪਰਵਾਨਗੀ ਦਾ ਚਿੰਨ੍ਹ।

ਆਪੇ ਸੁਰਤਾ ਆਪੇ ਜਾਨੁ ॥
ਉਹ ਆਪ ਸੁਣਨ ਵਾਲਾ ਅਤੇ ਆਪ ਹੀ ਜਾਨਣ ਵਾਲਾ ਹੈ।

ਆਪੇ ਕਰਿ ਕਰਿ ਵੇਖੈ ਤਾਣੁ ॥
ਆਪ ਹੀ ਦ੍ਰਿਸ਼ਟੀ ਨੂੰ ਸਾਜ ਕੇ ਸਾਹਿਬ ਆਪਣੀ ਸ਼ਕਤੀ ਨੂੰ ਵੇਖਦਾ ਹੈ।

ਤੂ ਦਾਤਾ ਨਾਮੁ ਪਰਵਾਣੁ ॥੧॥
ਤੂੰ ਦਰਿਆਦਿਲ ਸੁਆਮੀ ਹੈਂ ਤੇਰੇ ਦਰ ਤੇ ਕੇਵਲ ਨਾਮੀ ਹੀ ਕਬੂਲ ਪੈਂਦਾ ਹੈ।