Page 796

ਐਸਾ ਨਾਮੁ ਨਿਰੰਜਨ ਦੇਉ ॥
ਇਹੋ ਜਿਹਾ ਹੈ ਨਾਮ ਪਵਿੱਤਰ ਪ੍ਰਕਾਸ਼ਵਾਨ ਪ੍ਰਭੂ ਦਾ।

ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥
ਮੈਂ ਤੇਰਾ ਮੰਗਤਾ ਹਾਂ ਅਤੇ ਤੂੰ ਮੇਰਾ ਅਦ੍ਰਿਸ਼ਟ ਅਤੇ ਸਾਹਿਬ ਹੈਂ ਜਿਸ ਦਾ ਭੇਦ ਨਹੀਂ ਜਾਣਿਆ ਜਾ ਸਕਦਾ। ਠਹਿਰਾਉ।

ਮਾਇਆ ਮੋਹੁ ਧਰਕਟੀ ਨਾਰਿ ॥
ਸੰਸਾਰੀ ਪਦਾਰਥਾਂ ਦਾ ਪਿਆਰ ਉਸ ਤੁਲ ਹੈ ਜੋ ਇਕ ਭ੍ਰਿਸ਼ਟੀ ਹੋਈ,

ਭੂੰਡੀ ਕਾਮਣਿ ਕਾਮਣਿਆਰਿ ॥
ਕੋਝੀ, ਪਲੀਤ ਅਤੇ ਟੂਣੇਹਾਰ ਤ੍ਰੀਮਤ ਨੂੰ ਕੀਤਾ ਜਾਂਦਾ ਹੈ।

ਰਾਜੁ ਰੂਪੁ ਝੂਠਾ ਦਿਨ ਚਾਰਿ ॥
ਪਾਤਿਸ਼ਾਹੀ ਅਤੇ ਸੁੰਦਰਤਾ ਕੂੜੇ ਵਿੱਚ ਅਤੇ ਕੇਵਲ ਚਾਰ ਦਿਹਾੜੇ ਹੀ ਰਹਿੰਦੇ ਹਨ।

ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥
ਜੇਕਰ ਬੰਦੇ ਨੂੰ ਨਾਮ ਪਰਾਪਤ ਹੋ ਜਾਵੇ ਤਾਂ ਉਸ ਦਾ ਅੰਦਰਲਾ ਅਨ੍ਹੇਰਾ ਰੋਸ਼ਨ ਹੋ ਜਾਂਦਾ ਹੈ।

ਚਖਿ ਛੋਡੀ ਸਹਸਾ ਨਹੀ ਕੋਇ ॥
ਮੈਂ ਅਜਮਾ ਕੇ ਮਾਇਆ ਨੂੰ ਤਿਆਗਿਆ ਹੈ, ਇਸ ਲਈ ਮੇਰੇ ਚਿੱਤ ਵਿੱਚ ਕੋਈ ਸੰਦੇਹ ਨਹੀਂ ਰਿਹਾ।

ਬਾਪੁ ਦਿਸੈ ਵੇਜਾਤਿ ਨ ਹੋਇ ॥
ਜਿਸ ਦਾ ਪਿਉ ਪ੍ਰਗਟ ਹੈ, ਉਹ ਦੋਗਲਾ ਨਹੀਂ ਹੋ ਸਕਦਾ।

ਏਕੇ ਕਉ ਨਾਹੀ ਭਉ ਕੋਇ ॥
ਇਕ ਸੁਆਮੀ ਨੂੰ ਕੋਈ ਡਰ ਨਹੀਂ।

ਕਰਤਾ ਕਰੇ ਕਰਾਵੈ ਸੋਇ ॥੩॥
ਉਹ ਸਿਰਜਣਹਾਰ ਸਾਰਾ ਕੁਝ ਕਰਦਾ ਹੈ ਅਤੇ ਹੋਰਨਾਂ ਤੋਂ ਕਰਾਉਂਦਾ ਹੈ।

ਸਬਦਿ ਮੁਏ ਮਨੁ ਮਨ ਤੇ ਮਾਰਿਆ ॥
ਜੋ ਨਾਮ ਦੁਆਰਾ ਮਰ ਜਾਂਦਾ ਹੈ; ਉਹ ਮਨੂਏ ਰਾਹੀਂ ਹੀ ਆਪਣੇ ਮਨੂਏ ਨੂੰ ਜਿੱਤ ਲੈਂਦਾ ਹੈ।

ਠਾਕਿ ਰਹੇ ਮਨੁ ਸਾਚੈ ਧਾਰਿਆ ॥
ਇਸ ਤਰ੍ਹਾਂ ਆਪਣੇ ਮਨ ਨੂੰ ਹੋੜ ਕੇ ਉਹ ਇਸ ਨੂੰ ਸੱਚੇ ਸਾਹਿਬ ਅੰਦਰ ਟਿਕਾਈ ਰੱਖਦਾ ਹੈ।

ਅਵਰੁ ਨ ਸੂਝੈ ਗੁਰ ਕਉ ਵਾਰਿਆ ॥
ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹੈ।

ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥
ਨਾਮ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਉਹ ਪਾਰ ਉਤਰ ਜਾਂਦਾ ਹੈ।

ਬਿਲਾਵਲੁ ਮਹਲਾ ੧ ॥
ਬਿਲਾਵਲ ਪਹਿਲੀ ਪਾਤਿਸ਼ਾਹੀ।

ਗੁਰ ਬਚਨੀ ਮਨੁ ਸਹਜ ਧਿਆਨੇ ॥
ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਸੁਆਮੀ ਦੇ ਸਿਮਰਨ ਨੂੰ ਪਰਾਪਤ ਕਰ ਲੈਂਦਾ ਹੈ।

ਹਰਿ ਕੈ ਰੰਗਿ ਰਤਾ ਮਨੁ ਮਾਨੇ ॥
ਪ੍ਰਭੂ ਦੇ ਪ੍ਰੈਮ ਨਾਲ ਰੰਗੀਜ, ਇਨਸਾਨ ਰੱਜ ਜਾਂਦਾ ਹੈ।

ਮਨਮੁਖ ਭਰਮਿ ਭੁਲੇ ਬਉਰਾਨੇ ॥
ਝੱਲੇ, ਆਪ-ਹੁਦਰੇ ਸੰਦੇਹ ਅੰਦਰ ਭਟਕਦੇ ਹਨ।

ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ ॥੧॥
ਰੱਬ ਦੇ ਬਗੈਰ ਆਦਮੀ ਕਿਸ ਤਰ੍ਹਾਂ ਰਹਿ ਸਕਦਾ ਹੈ? ਉਹ ਗੁਰਾਂ ਦੇ ਉਪਦੇਸ਼ ਰਾਹੀਂ ਅਨੁਭਵ ਕੀਤਾ ਜਾਂਦਾ ਹੈ।

ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥
ਪ੍ਰਭੂ ਦੇ ਦੀਦਾਰ ਬਾਝੋਂ, ਮੈਂ ਕਿਸ ਤਰ੍ਹਾਂ ਜੀਉਂਦਾ ਰਹਿ ਸਕਦਾ ਹਾਂ, ਹੇ ਮੇਰੀ ਮਾਤਾ?

ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ ॥੧॥ ਰਹਾਉ ॥
ਵਾਹਿਗੁਰੂ ਦੇ ਬਾਝੋਂ ਮੇਰੀ ਜਿੰਦੜੀ ਇਕ ਮੁਹਤ ਹਭਰ ਲਈ ਭੀ ਬਚ ਨਹੀਂ ਸਕਦੀ। ਸੱਚੇ ਗੁਰਾਂ ਨੇ ਮੈਨੂੰ ਇਹ ਸੱਚੀ ਸਮਝ ਦਰਸਾ ਦਿੱਤੀ ਹੈ। ਠਹਿਰਾਉ।

ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ ॥
ਆਪਣੇ ਸੁਆਮੀ ਭੁਲਾ ਕੇ ਮੈਂ ਤਕਲੀਫ ਅੰਦਰ ਮਰਦੀ ਹਾਂ।

ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ ॥
ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਮੈਂ ਆਪਣੇ ਵਾਹਿਗੁਰੂ ਨੂੰ ਸਿਮਰਦੀ ਅਤੇ ਭਾਲਦੀ ਹਾਂ।

ਸਦ ਬੈਰਾਗਨਿ ਹਰਿ ਨਾਮੁ ਨਿਹਾਲੀ ॥
ਮੈਂ ਸਦੀਵ ਹੀ ਨਿਰਲੇਪ ਰਹਿੰਦੀ ਹਾਂ ਅਤੇ ਵਾਹਿਗੁਰੂ ਦੇ ਨਾਮ ਨਾਲ ਪਰਸੰਨ ਹੁੰਦੀ ਹਾਂ।

ਅਬ ਜਾਨੇ ਗੁਰਮੁਖਿ ਹਰਿ ਨਾਲੀ ॥੨॥
ਗੁਰਾਂ ਦੀ ਦਇਆ ਦੁਆਰਾ ਹੁਣ ਮੈਂ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਅਨੁਭਵ ਕਰ ਲਿਆ ਹੈ।

ਅਕਥ ਕਥਾ ਕਹੀਐ ਗੁਰ ਭਾਇ ॥
ਗੁਰਾਂ ਦੀ ਰਜ਼ਾ ਅੰਦਰ ਵਸਦ ਦੁਆਰਾ ਪ੍ਰਭੂ ਦੀ ਅਕਹਿ ਵਾਰਤਾ ਵਰਣਨ ਕੀਤੀ ਜਾਂਦੀ ਹੈ।

ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ ॥
ਗੁਰੂ ਜੀ ਅਥਾਹ ਅਤੇ ਅਗਾਧ ਸੁਆਮੀ ਨੂੰ ਵਿਖਾਲ ਦਿੰਦੇ ਹਨ।

ਬਿਨੁ ਗੁਰ ਕਰਣੀ ਕਿਆ ਕਾਰ ਕਮਾਇ ॥
ਗੁਰਾਂ ਦੇ ਬਗੈਰ, ਜੀਵਨ ਦੀ ਕਿਹੜੀ ਰਹਿਣੀ-ਬਹਿਣੀ ਅਤੇ ਸੇਵਾ ਕਮਾਈ ਜਾ ਸਕਦੀ ਹੈ?

ਹਉਮੈ ਮੇਟਿ ਚਲੈ ਗੁਰ ਸਬਦਿ ਸਮਾਇ ॥੩॥
ਆਪਣੀ ਹੰਗਤਾ ਮਾਰ ਕੇ ਅਤੇ ਗੁਰਾਂ ਦੇ ਮਾਰਗ ਤੇ ਟੁਰ ਕੇ ਮੈਂ ਨਾਮ ਅੰਦਰ ਲੀਨ ਹੋ ਗਿਆ ਹਾਂ।

ਮਨਮੁਖੁ ਵਿਛੁੜੈ ਖੋਟੀ ਰਾਸਿ ॥
ਅਧਰਮੀ ਪ੍ਰਭੂ ਨਾਲੋਂ ਵਿਛੜ ਗਏ ਹਨ ਅਤੇ ਕੂੜੀ ਪੂੰਜੀ ਇਕੱਤਰ ਕਰਦੇ ਹਨ।

ਗੁਰਮੁਖਿ ਨਾਮਿ ਮਿਲੈ ਸਾਬਾਸਿ ॥
ਗੁਰੂ-ਸਮਰਪਣਾਂ ਨੂੰ ਪ੍ਰਭੂ ਦੇ ਨਾਮ ਦੀ ਪ੍ਰਭਤਾ ਪਰਾਪਤ ਹੁੰਦੀ ਹੈ।

ਹਰਿ ਕਿਰਪਾ ਧਾਰੀ ਦਾਸਨਿ ਦਾਸ ॥
ਵਾਹਿਗੁਰੂ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਮੈਨੂੰ ਆਪਣਿਆਂ ਗੋਲਿਆਂ ਦਾ ਗੋਲਾ ਬਣਾ ਲਿਆ ਹੈ।

ਜਨ ਨਾਨਕ ਹਰਿ ਨਾਮ ਧਨੁ ਰਾਸਿ ॥੪॥੪॥
ਸੁਆਮੀ ਦਾ ਨਾਮ ਨਫਰ ਨਾਨਕ ਦੀ ਦੋਲਤ ਅਤੇ ਪੂੰਜੀ ਹੈ।

ਬਿਲਾਵਲੁ ਮਹਲਾ ੩ ਘਰੁ ੧
ਬਿਲਾਵਲ ਤੀਜੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥
ਲਾਨ੍ਹਤ, ਲਾਨ੍ਹਤ ਹੈ ਖਾਧ ਖੁਰਾਕ ਨੂੰ, ਲਾਨ੍ਹਤ, ਲਾਨ੍ਹਤ ਨੀਂਦਰ ਨੂੰ ਅਤੇ ਲਾਨ੍ਹਤ ਲਾਨ੍ਹਤ ਪੁਸ਼ਾਕ ਨੂੰ, ਜੋ ਆਦਮੀ ਸਰੀਰ ਉਤੇ ਪਾਉਂਦਾ ਹੈ।

ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥
ਧ੍ਰਿਕਾਰ ਹੈ ਟੱਬਰ ਕਬੀਲੇ ਅਤੇ ਮਿੱਤਰਤਾ ਸਮੇਤ ਦੇਹ ਨੂੰ, ਜਦ ਕਿ ਇਨਸਾਨ, ਹੁਣ ਆਪਣੇ ਸੁਆਮੀ ਨੂੰ ਪਰਾਪਤ ਨਹੀਂ ਕਰਦਾ।

ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥
ਮੌਕਾ ਗੁਆਚਿਆ ਹੋਇਆ, ਮੁੜ ਕੇ ਹੱਥ ਨਹੀਂ ਲੱਗਦਾ ਅਤੇ ਆਦਮੀ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।

ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥
ਜਿਸ ਨੇ ਸਾਈਂ ਦੇ ਚਰਨ ਭੁਲਾ ਦਿੱਤੇ ਹਨ, ਦਵੈਤ-ਭਾਵ ਉਸ ਦਾ ਪ੍ਰੇਮ ਪ੍ਰਭੂ ਨਾਲ ਨਹੀਂ ਪੈਣ ਦਿੰਦਾ।

ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥
ਜੇ ਜਗਤ ਨੂੰ ਜਿੰਦ-ਜਾਨ ਬਖਸ਼ਣਹਾਰ ਸੁਆਮੀ! ਤੇਰੇ ਅਣਗਿਣਤ ਨੌਕਰ ਅਤੇ ਨਫਰ ਹਨ। ਤੂੰ ਉਨ੍ਹਾਂ ਨੂੰ ਸਾਰੇ ਦੁਖੜੇ ਦੂਰ ਕਰਦਾ ਹੈਂ। ਠਹਿਰਾਉ।

ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥
ਮੇਰੇ ਦਾਤਾਰ ਮਾਲਕ! ਤੂੰ ਮੇਰਾ ਮਿਹਰਬਾਨ ਰਹਿਮਤ ਦਾ ਸੁਆਮੀ ਹੈ, ਇਹ ਗਰੀਬ ਜੀਵ ਤੇਰੇ ਅੱਗੇ ਕੀ ਹਨ?

ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥
ਬੰਦਖਲਾਸ ਅਤੇ ਬੱਝੇ ਹੋਏ ਸਮੂਹ ਤੇਰੇ ਤੋਂ ਹੀ ਹਨ। ਇੰਜ ਹੀ ਕਹਿਣਾ ਅਤੇ ਆਖਣਾ ਮੁਨਾਸਬ ਹੈ।

ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥੨॥
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਬੰਦਖਲਾਸ ਆਖਿਆ ਜਾਂਦਾ ਹੈ ਅਤੇ ਨਿਹੱਥਲ ਆਪ-ਹੁਦਰੇ ਨਰੜ ਲਏ ਜਾਂਦੇ ਹਨ।

ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥
ਕੇਵਲ ਉਹ ਜਣਾ ਹੀ ਬੰਦਖਲਾਸ ਹੈ, ਜਿਸ ਦੀ ਪ੍ਰੀਤ ਇਕ ਸਾਹਿਬ ਨਾਲ ਲੱਗੀ ਹੋਈ ਹੈ ਅਤੇ ਜੋ ਹਮੇਸ਼ਾਂ ਸਾਹਿਬ ਨਾਲ ਵੱਸਦਾ ਹੈ।

ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥
ਉਸ ਦੀ ਡੂੰਘਾਈ ਅਤੇ ਉਚਾਈ ਵਰਣਨ ਕੀਤੀ ਨਹੀਂ ਜਾ ਸਕਦੀ। ਸੱਚਾ ਸੁਆਮੀ ਖੁਦ ਉਸ ਨੂੰ ਸ਼ਸ਼ੋਭਤ ਕਰਦਾ ਹੈ।

copyright GurbaniShare.com all right reserved. Email