Page 797

ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥
ਜੋ ਵਹਿਮ ਅੰਦਰ ਭਟਕਦੇ ਹਨ, ਉਹ ਅਧਰਮੀ ਆਖਾ ਜਾਂਦੇ ਹਨ। ਉਹ ਨਾਂ ਉਰਲੇ ਕਿਨਾਰੇ ਤੇਹਨ ਅਤੇ ਨਾਂ ਹੀ ਪਰਲੇ ਤੇ।

ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮ੍ਹ੍ਹਾਲੇ ॥
ਜਿਸ ਤੇ ਸੁਆਮੀ ਮਿਹਰ ਧਾਰਦਾ ਹੈ, ਉਹ ਪੁਰਸ਼ ਨੂੰ ਪਾ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਦਾ ਧਿਆਨ ਧਾਰਦਾ ਹੈ।

ਹਰਿ ਜਨ ਮਾਇਆ ਮਾਹਿ ਨਿਸਤਾਰੇ ॥
ਮੋਹਨੀ ਅੰਦਰ ਰਹਿੰਦਾ ਹੋਇਆ ਸੁਆਮੀ ਦਾ ਗੋਲਾ ਪਾਰ ਉਤਰ ਜਾਂਦਾ ਹੈ।

ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ ॥੪॥੧॥
ਨਾਨਕ, ਜਿਸ ਦੇ ਮੱਥੇ ਉਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਮੌਤ ਨੂੰ ਤਬਾਹ ਅਤੇ ਬਰਬਾਦ ਕਰ ਦਿੰਦਾ ਹੈ।

ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।

ਅਤੁਲੁ ਕਿਉ ਤੋਲਿਆ ਜਾਇ ॥
ਅਜੋਖ ਸੁਆਮੀ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ।

ਦੂਜਾ ਹੋਇ ਤ ਸੋਝੀ ਪਾਇ ॥
ਜੇਕਰ ਕੋਈ ਹੋਰ ਉਸ ਜਿੱਡਾ ਵੱਡਾ ਹੋਵੇ, ਕੇਵਲ ਤਦ ਹੀ ਉਹ ਉਸ ਨੂੰ ਸਮਝ ਸਕਦਾ ਹੈ।

ਤਿਸ ਤੇ ਦੂਜਾ ਨਾਹੀ ਕੋਇ ॥
ਉਸ ਦੇ ਬਗੈਰ ਹੋਰ ਕੋਈ ਨਹੀਂ।

ਤਿਸ ਦੀ ਕੀਮਤਿ ਕਿਕੂ ਹੋਇ ॥੧॥
ਉਸ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?

ਗੁਰ ਪਰਸਾਦਿ ਵਸੈ ਮਨਿ ਆਇ ॥
ਗੁਰਾਂ ਦੀ ਦਇਆ ਦੁਆਰਾ ਸਾਈਂ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।

ਤਾ ਕੋ ਜਾਣੈ ਦੁਬਿਧਾ ਜਾਇ ॥੧॥ ਰਹਾਉ ॥
ਜੇਕਰ ਬੰਦੇ ਦਾ ਦਵੈਤ-ਭਾਵ ਦੂਰ ਹੋ ਜਾਂਦਾ ਹੈ, ਕੇਵਲ ਤਦ ਹੀ ਉਹ ਸਾਹਿਬ ਨੂੰ ਸਮਝਦਾ ਹੈ। ਠਹਿਰਾਉ।

ਆਪਿ ਸਰਾਫੁ ਕਸਵਟੀ ਲਾਏ ॥
ਸਾਹਿਬ ਖੁਦ ਹੀ ਪਾਰਖੂ ਹੈ ਅਤੇ ਘਸਵਟੀ ਉਤੇ ਲਾਉਂਦਾ ਹੈ।

ਆਪੇ ਪਰਖੇ ਆਪਿ ਚਲਾਏ ॥
ਉਹ ਆਪ ਹੀ ਰੁਪਏ ਦੀ ਜਾਂਚ ਪੜਤਾਲ ਕਰ ਕੇ ਆਪ ਹੀ ਇਸ ਨੂੰ ਚਲਾਉਂਦਾ ਹੈ।

ਆਪੇ ਤੋਲੇ ਪੂਰਾ ਹੋਇ ॥
ਪੂਰਨ ਤੋਲਾ ਬਣ ਕੇ, ਸੁਆਮੀ ਖੁਦ ਹੀ ਤੋਲਦਾ ਹੈ।

ਆਪੇ ਜਾਣੈ ਏਕੋ ਸੋਇ ॥੨॥
ਉਹ ਅਦੁੱਤੀ ਸੁਆਮੀ ਆਪ ਹੀ ਹਰ ਸ਼ੈ ਜਾਣਦਾ ਹੈ।

ਮਾਇਆ ਕਾ ਰੂਪੁ ਸਭੁ ਤਿਸ ਤੇ ਹੋਇ ॥
ਮੋਹਨੀ ਦੇ ਸਾਰੇ ਸਰੂਪ ਉਸ ਤੋਂ ਹੀ ਉਤਪੰਨ ਹੁੰਦੇ ਹਨ।

ਜਿਸ ਨੋ ਮੇਲੇ ਸੁ ਨਿਰਮਲੁ ਹੋਇ ॥
ਕੇਵਲ ਉਹ ਹੀ ਪਵਿੱਤਰ ਹੁੰਦਾ ਹੈ, ਜਿਸ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ।

ਜਿਸ ਨੋ ਲਾਏ ਲਗੈ ਤਿਸੁ ਆਇ ॥
ਮਾਇਆ ਉਸ ਨੂੰ ਚਿਮੜਦੀ ਹੈ ਜਿਸ ਨਾਲ ਪ੍ਰਭੂ ਇਯ ਨੂੰ ਚਮੇੜਦਾ ਹੈ।

ਸਭੁ ਸਚੁ ਦਿਖਾਲੇ ਤਾ ਸਚਿ ਸਮਾਇ ॥੩॥
ਜਦ ਉਹ ਆਪਣਾ ਸਮੂਹ ਸੱਚ ਇਨਸਾਨ ਨੂੰ ਵਿਖਾਲ ਦਿੰਦਾ ਹੈ ਜਦ ਉਹ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।

ਆਪੇ ਲਿਵ ਧਾਤੁ ਹੈ ਆਪੇ ॥
ਸਾਹਿਬ ਆਪ ਪਰਮਾਰਥ ਹੈ ਅਤੇ ਆਪੇ ਹੀ ਮਾਦਾ-ਪ੍ਰਸਤੀ।

ਆਪਿ ਬੁਝਾਏ ਆਪੇ ਜਾਪੇ ॥
ਉਹ ਆਪੇ ਦਰਸਾਉਂਦਾ ਹੈ ਤੇ ਆਪਹੀ ਪ੍ਰਗਟ ਹੋ ਜਾਂਦਾ ਹੈ।

ਆਪੇ ਸਤਿਗੁਰੁ ਸਬਦੁ ਹੈ ਆਪੇ ॥
ਪ੍ਰਭੂ ਆਪ ਸੱਚਾ ਗੁਰੂ ਹੈ ਅਤੇ ਆਪ ਹੀ ਗੁਰਬਾਣੀ।

ਨਾਨਕ ਆਖਿ ਸੁਣਾਏ ਆਪੇ ॥੪॥੨॥
ਨਾਨਕ, ਪ੍ਰਭੂ ਆਪ ਹੀ ਗੁਰਬਾਣੀ ਨੂੰ ਉਚਾਰਦਾ ਹੈ ਅਤੇ ਪ੍ਰਚਾਰਦਾ ਹੈ।

ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।

ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥
ਮੇਰੇ ਸੁਆਮੀ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਸੁਆਮੀ ਨੇ ਹੀ ਮੈਨੂੰ ਆਪਣੀ ਸੇਵਾ ਬਖਸ਼ੀ ਹੈ। ਹੋਰ ਕਿਹੜੀ ਦਲੀਲ ਕੋਈ ਦੇ ਸਕਦਾ ਹੈ?

ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥੧॥
ਤੇਰੀ ਇਹੋ ਜਿਹੀ ਖੇਡ ਹੈ ਜੇ ਮੇਰੇ ਅਦੁੱਤੀ ਪ੍ਰਭੂ! ਕਿ ਤੂੰ ਸਾਰਿਆਂ ਅੰਦਰ ਰਮਿਆ ਹੋਇਆ ਹੈਂ।

ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥
ਜਦ ਸੱਚੇ ਗੁਰੂ ਜੀ ਰੀਝ ਜਾਂਦੇ ਹਨ ਤਾਂ ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥
ਜਿਸ ਉਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ ਅਤੇ ਰਾਤ ਦਿਨ ਉਹ ਸੁਖੈਨ ਹੀ ਸਿਮਰਨ ਵਿੱਚ ਲੀਨ ਰਹਿੰਦਾ ਹੈ। ਠਹਿਰਾਉ।

ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥
ਆਦਮੀ ਕਿਸ ਤਰ੍ਹਾਂ ਤੇਰੀ ਟਹਿਲ ਕਮਾ ਸਕਦਾ ਹੈ, ਹੇ ਸਾਈਂ? ਕਿਸ ਤਰ੍ਹਾਂ ਉਹ ਆਪਣੇ ਉਦਮ ਤੇ ਹੰਕਾਰ ਕਰ ਸਕਦਾ ਹੈ?

ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥
ਜਦ ਤੂੰ ਆਪਣੀ ਸੱਤਿਆ ਖਿੱਚ ਲੈਂਦਾ ਹੈ ਤਦ ਕੀ ਕੋਈ ਬੋਲ ਕੇ ਵਿਖਾਲ ਸਕਦਾ ਹੈ, ਹੇ ਪ੍ਰਭੂ!

ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥
ਹੇ ਮਾਲਕ! ਤੂੰ ਆਪ ਗੁਰੂ ਹੈ ਆਪ ਹੀ ਮੁਰੀਦ ਅਤੇ ਆਪ ਹੀ ਨੇਕੀਆਂ ਦਾ ਖਜਾਨਾ ਹੈ।

ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥
ਜਿਸ ਤਰ੍ਹਾਂ ਤੂੰ ਟੋਰਦਾ ਹੈ ਅਤੇ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਹੇ ਭਾਗਾਂ ਵਾਲੇ ਪ੍ਰਭੂ! ਉਸੇ ਤਰ੍ਹਾਂ ਹੀ ਕੋਈ ਟੁਰਦਾ ਹੈ।

ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥
ਗੁਰੂ ਜੀ ਫੁਰਮਾਉਂਦੇ ਹਨ ਤੂੰ ਸੱਚਾ ਸੁਆਮੀ ਹੈਂ ਤੇਰੇ ਕੰਮਾਂ-ਕਾਜਾਂ ਨੂੰ ਕੌਣ ਜਾਣਦਾ ਹੈ?

ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥
ਕਈਆਂ ਨੂੰ ਤੂੰ ਉਨ੍ਹਾਂ ਦੇ ਘਰ ਅੰਦਰ ਹੀ ਪ੍ਰਭਤਾ ਬਖਸ਼ਦਾ ਹੈਂ ਅਤੇ ਕਈ ਵਹਿਮ ਅਤੇ ਹੰਕਾਰ ਅੰਦਰ ਭਟਕਦੇ ਹਨ।

ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।

ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥
ਪੂਰਨ ਪ੍ਰਭੂ ਨੇ ਪੂਰੀ ਬਣਾਵਟ ਬਣਾਈ ਹੈ। ਤੂੰ ਇਕ ਪ੍ਰਭੂ ਨੂੰ ਹੀ ਸਾਰੇ ਰਮਿਆ ਹੋਟਿਆ ਦੇਖ।

ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥੧॥
ਇਹ ਖੇਡ (ਜਹਾਨ ਅੰਦਰ ਪ੍ਰਭਤਾ ਸੱਚੇ ਨਾਮ ਦੀ ਹੈ। ਇਸ ਲਈ ਕੋਈ ਜਣਾ ਆਪਣੇ ਆਪ ਤੇ ਹੰਕਾਰ ਨਾਂ ਕਰੇ।

ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥
ਜੋ ਸੱਚੇ ਗੁਰਾਂ ਦੀ ਸਿਆਣਪ ਨੂੰ ਧਾਰਨ ਕਰ ਲੈਂਦਾ ਹੈ, ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।

ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥
ਜੋ ਇਸ ਗੁਰਬਾਣੀ ਨੂੰ ਦਿਲੋਂ ਅਨੁਭਵ ਕਰਦਾ ਹੈ ਉਸ ਦੇ ਹਿਰਦੇ ਅੰਦਰ ਸੁਆਮੀ ਦਾ ਨਾਮ ਵਸ ਜਾਂਦਾ ਹੈ। ਠਹਿਰਾਉ।

ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥
ਹੁਣ ਚਾਰਾਂ ਹੀ ਯੁੱਗਾਂ ਦੇ ਤਜਰਬੇ ਦਾ ਸਾਰ ਤੱਤ ਇਹ ਹੈ ਕਿ ਇਨਸਾਨ ਜਾਤੀ ਲਈ ਕੇਵਲ ਇਕ ਪ੍ਰਭੂ ਦਾ ਨਾਮ ਹੀ ਬਰਕਤਾਂ ਦਾ ਖਜਾਨਾ ਹੈ।

ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥
ਪਾਕ ਦਾਮਨੀ, ਸਵੈ-ਜ਼ਬਤ ਅਤੇ ਧਰਮ-ਅਸਥਾਨਾਂ ਦੀ ਯਾਤ੍ਰਾ ਉਨ੍ਹਾਂ ਯੁੱਗਾਂ ਦਾ ਈਮਾਨ ਹੈ। ਕਲਯੁਗ ਅੰਦਰ ਕੇਵਲ ਇਕ ਪ੍ਰਭੂ ਦੇ ਨਾਮ ਦੀ ਮਹਿਮਾ ਹੀ ਸੱਚਾ ਸੁੱਚਾ ਕਰਮ ਹੈ।

ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥
ਹਰ ਇਕ ਯੁੱਗ ਦਾ ਆਪਣਾ ਨਿੱਜ ਦਾ ਈਮਾਨ ਹੈ। ਤੂੰ ਵੇਦਾਂ ਅਤੇ ਪੁਰਾਣਾਂ ਨੂੰ ਨਿਰਣਯ ਕਰ ਕੇ ਵੇਖ ਲੈ।

ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥
ਇਸ ਸੰਸਾਰ ਦੇ ਵਿੱਚ ਪੂਰਨ ਅਤੇ ਪਰਵਾਣਿਤ ਕੇਵਲ ਉਹ ਹਨ, ਜੋ ਗੁਰਾਂ ਦੇ ਰਾਹੀਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ।

copyright GurbaniShare.com all right reserved. Email