Page 840

ਆਈ ਪੂਤਾ ਇਹੁ ਜਗੁ ਸਾਰਾ ॥
ਇਹ ਸਮੂਹ ਸੰਸਾਰ ਮਾਇਆ ਦੀ ਔਲਾਦ (ਪਸਾਰਾ) ਹੈ।

ਪ੍ਰਭ ਆਦੇਸੁ ਆਦਿ ਰਖਵਾਰਾ ॥
ਮੇਰੀ ਨਮਸਕਾਰ ਹੈ ਉਸ ਸੁਆਮੀ ਨੂੰ, ਜੋ ਐਨ ਆਰੰਭ ਤੋਂ ਮੇਰਾ ਰੱਖਿਅਕ ਹੈ।

ਆਦਿ ਜੁਗਾਦੀ ਹੈ ਭੀ ਹੋਗੁ ॥
ਪ੍ਰਭੂ ਆਰੰਭ ਵਿੱਚ ਤੇ ਯੁੱਗਾਂ ਦੇ ਸ਼ੁਰੂ ਵਿੱਚ ਸੀ, ਹੁਣ ਅਤੇ ਅੱਗੇ ਨੂੰ ਭੀ ਹੋਵੇਗਾ।

ਓਹੁ ਅਪਰੰਪਰੁ ਕਰਣੈ ਜੋਗੁ ॥੧੧॥
ਉਹ ਪ੍ਰਭੂ ਬੇਅੰਤ ਅਤੇ ਸਾਰਾ ਕੁਝ ਕਰਨ ਲਈ ਸਰਬ-ਸ਼ਕਤੀਵਾਨ ਹੈ।

ਦਸਮੀ ਨਾਮੁ ਦਾਨੁ ਇਸਨਾਨੁ ॥
ਦੱਸਵੀਂ (ਤਿੱਥ): ਤੂੰ ਨਾਮ ਦਾ ਜਾਪ ਕਰ, ਵੰਡ ਕੇ ਛਕ, ਅਤੇ ਪਾਕ-ਪਵਿੱਤਰ ਰਹੁ।

ਅਨਦਿਨੁ ਮਜਨੁ ਸਚਾ ਗੁਣ ਗਿਆਨੁ ॥
ਰਾਤ ਅਤੇ ਦਿਨ ਤੂੰ ਸੱਚੇ ਸੁਆਮੀ ਦੇ ਗੁਣਾਂ ਦੀ ਗਿਆਤ ਅੰਦਰ ਇਸ਼ਨਾਨ ਕਰ।

ਸਚਿ ਮੈਲੁ ਨ ਲਾਗੈ ਭ੍ਰਮੁ ਭਉ ਭਾਗੈ ॥
ਸੱਚ ਨੂੰ ਗਿਲਾਜ਼ਤ ਨਹੀਂ ਚਿਮੜਦੀ ਅਤੇ ਇਸ ਦੇ ਰਾਹੀਂ ਸੰਦੇਹ ਅਤੇ ਡਰ ਦੌੜ ਜਾਂਦੇ ਹਨ।

ਬਿਲਮੁ ਨ ਤੂਟਸਿ ਕਾਚੈ ਤਾਗੈ ॥
ਕੱਚੇ ਧਾਗੇ ਦੇ ਟੁੱਟਣ ਨੂੰ ਚਿਰ ਨਹੀਂ ਲੱਗਦਾ।

ਜਿਉ ਤਾਗਾ ਜਗੁ ਏਵੈ ਜਾਣਹੁ ॥
ਜਿਸ ਤਰ੍ਹਾਂ ਦੀ ਕੱਚੀ ਤੰਦ ਹੈ, ਤੂੰ ਸੰਸਾਰ ਨੂੰ ਏਸੇ ਤਰ੍ਹਾਂ ਦਾ ਹੀ ਸਮਝ।

ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ ॥੧੨॥
ਸੱਚੇ ਸੁਆਮੀ ਦੀ ਪ੍ਰੀਤ ਦਾ ਅਨੰਦ ਲੈਣ ਦੁਆਰਾ ਤੇਰਾ ਮਨੂਆ ਅਡੋਲ ਹੋ ਜਾਵੇਗਾ।

ਏਕਾਦਸੀ ਇਕੁ ਰਿਦੈ ਵਸਾਵੈ ॥
ਗਿਆਰ੍ਹਵੀਂ (ਤਿੱਥ): ਪ੍ਰਾਣੀ ਨੂੰ ਆਪਣੇ ਮਨ ਅੰਦਰ ਇਕ ਸੁਆਮੀ ਨੂੰ ਟਿਕਾਉਣਾ,

ਹਿੰਸਾ ਮਮਤਾ ਮੋਹੁ ਚੁਕਾਵੈ ॥
ਅਤੇ ਨਿਰਦਈਪੁਣਾ, ਅਪਣੱਤ ਅਤੇ ਸੰਸਾਰੀ ਲਗਨ ਨੂੰ ਤਿਆਗਣਾ ਉਚਿਤ ਹੈ।

ਫਲੁ ਪਾਵੈ ਬ੍ਰਤੁ ਆਤਮ ਚੀਨੈ ॥
ਜੋ ਆਪਣੇ ਆਪ ਨੂੰ ਸਮਝਣ ਦਾ ਵਰਤ ਰੱਖਦਾ ਹੈ, ਉਹ ਲਾਭ ਉਠਾ ਲੈਂਦਾ ਹੈ।

ਪਾਖੰਡਿ ਰਾਚਿ ਤਤੁ ਨਹੀ ਬੀਨੈ ॥
ਜਿਹੜਾ ਪ੍ਰਾਣੀ ਦੰਭ ਅੰਦਰ ਖਚਤ ਹੈ ਉਹ ਅਸਲੀਅਤ ਨੂੰ ਨਹੀਂ ਵੇਖਦਾ।

ਨਿਰਮਲੁ ਨਿਰਾਹਾਰੁ ਨਿਹਕੇਵਲੁ ॥
ਪਵਿੱਤਰ ਪ੍ਰਭੂ ਸਵੈ-ਤ੍ਰਿਪਤ ਅਤੇ ਨਿਰਲੇਪ ਹੈ,

ਸੂਚੈ ਸਾਚੇ ਨਾ ਲਾਗੈ ਮਲੁ ॥੧੩॥
ਅਤੇ ਉਸ ਪਾਵਨ ਤੇ ਸਤਿਪੁਰਖ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ।

ਜਹ ਦੇਖਉ ਤਹ ਏਕੋ ਏਕਾ ॥
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਇਸ ਸਾਈਂ ਨੂੰ ਹੀ ਵੇਖਦਾ ਹਾਂ।

ਹੋਰਿ ਜੀਅ ਉਪਾਏ ਵੇਕੋ ਵੇਕਾ ॥
ਹੋਰ ਜੀਵ, ਉਸ ਨੇ ਅਨੇਕਾਂ ਕਿਸਮਾਂ ਦੇ ਪੈਦਾ ਕੀਤੇ ਹਨ।

ਫਲੋਹਾਰ ਕੀਏ ਫਲੁ ਜਾਇ ॥
ਕੇਵਲ ਫਲ-ਫੁੱਲ ਖਾਣ ਦੁਆਰਾ ਬੰਦਾ ਜੀਵਨ ਦੇ ਫਲ ਨੂੰ ਗੁਆ ਲੈਂਦਾ ਹੈ।

ਰਸ ਕਸ ਖਾਏ ਸਾਦੁ ਗਵਾਇ ॥
ਕੇਵਲ ਅਨੇਕਾਂ ਭਾਂਤਾਂ ਦੀਆਂ ਨਿਆਮਤਾਂ ਮਾਨਣ ਦੁਆਰਾ ਇਨਸਾਨ ਸੁਆਮੀ ਦੇ ਸੁਆਦ ਨੂੰ ਗੁਆ ਲੈਂਦਾ ਹੈ।

ਕੂੜੈ ਲਾਲਚਿ ਲਪਟੈ ਲਪਟਾਇ ॥
ਝੂਠੇ ਲੋਭ ਅੰਦਰ, ਪ੍ਰਾਣੀ ਪੂਰੀ ਤਰ੍ਹਾਂ ਖਚਤ ਹੋਇਆ ਹੋਇਆ ਹੈ।

ਛੂਟੈ ਗੁਰਮੁਖਿ ਸਾਚੁ ਕਮਾਇ ॥੧੪॥
ਗੁਰਾਂ ਦੀ ਦਇਆ ਦੁਆਰਾ ਸੱਚ ਦੀ ਕਮਾਈ ਕਰ ਕੇ ਪ੍ਰਾਣੀ ਦਾ ਛੁਟਕਾਰਾ ਹੋ ਜਾਂਦਾ ਹੈ।

ਦੁਆਦਸਿ ਮੁਦ੍ਰਾ ਮਨੁ ਅਉਧੂਤਾ ॥
ਬਾਰ੍ਹਵੀਂ (ਤਿੱਥ): ਜਿਸ ਦੀ ਆਤਮਾ ਬਾਰਾਂ ਹੀ ਚਿੰਨ੍ਹਾਂ ਤੋਂ ਉਪਰਾਮ ਰਹਿੰਦੀ ਹੈ,

ਅਹਿਨਿਸਿ ਜਾਗਹਿ ਕਬਹਿ ਨ ਸੂਤਾ ॥
ਉਹ ਦਿਨ ਰਾਤ ਖਬਰਦਾਰ ਰਹਿੰਦਾ ਹੈ, ਅਤੇ ਕਦਾਚਿੱਤ ਸੌਂਦਾ ਨਹੀਂ।

ਜਾਗਤੁ ਜਾਗਿ ਰਹੈ ਲਿਵ ਲਾਇ ॥
ਜੋ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ, ਉਹ ਸਦਾ ਜਾਗਦਾ ਰਹਿੰਦਾ ਹੈ।

ਗੁਰ ਪਰਚੈ ਤਿਸੁ ਕਾਲੁ ਨ ਖਾਇ ॥
ਉਸ ਦਾ ਗੁਰਾਂ ਅੰਦਰ ਭਰੋਸਾ ਹੈ ਅਤੇ ਉਸ ਨੂੰ ਮੌਤ ਹੱੜਪ ਨਹੀਂ ਕਰਦੀ।

ਅਤੀਤ ਭਏ ਮਾਰੇ ਬੈਰਾਈ ॥
ਜੋ ਉਪਰਾਮ ਹੋ ਜਾਂਦੇ ਹਨ ਅਤੇ ਆਪਣੇ ਪੰਜੇ ਵੈਰੀਆਂ ਨੂੰ ਮਾਰ ਸੁੱਟਦੇ ਹਨ;

ਪ੍ਰਣਵਤਿ ਨਾਨਕ ਤਹ ਲਿਵ ਲਾਈ ॥੧੫॥
ਗੁਰੂ ਜੀ ਬਿਨੈ ਕਰਦੇ ਹਨ, ਕੇਵਲ ਉਹ ਹੀ ਪ੍ਰਭੂ ਦੇ ਪ੍ਰੇਮ ਅੰਦਰ ਸਮਾਏ ਰਹਿੰਦੇ ਹਨ।

ਦੁਆਦਸੀ ਦਇਆ ਦਾਨੁ ਕਰਿ ਜਾਣੈ ॥
ਬਾਰ੍ਹਵੀਂ (ਤਿੱਥ): ਇਨਸਾਨ ਨੂੰ ਮਿਹਰਬਾਨੀ ਅਤੇ ਖੈਰਾਤ ਕਰਨੀ ਜਾਨਣੀ ਚਾਹੀਦੀ ਹੈ,

ਬਾਹਰਿ ਜਾਤੋ ਭੀਤਰਿ ਆਣੈ ॥
ਅਤੇ ਉਸ ਨੂੰ ਆਪਣੇ ਬਾਹਰ ਭਟਕਦੇ ਹੋਏ ਮਨੂਏ ਨੂੰ ਘਰ ਵਿੱਚ ਲਿਆਉਣਾ ਉਚਿਤ ਹੈ।

ਬਰਤੀ ਬਰਤ ਰਹੈ ਨਿਹਕਾਮ ॥
ਕੇਵਲ ਉਹ ਵਰਤ ਵਾਲਾ ਹੈ, ਜੋ ਸਵਾਰਥ ਰਹਿਤ ਸੇਵਾ ਕਰਨ ਦਾ ਵਰਤ ਰੱਖਦਾ ਹੈ।

ਅਜਪਾ ਜਾਪੁ ਜਪੈ ਮੁਖਿ ਨਾਮ ॥
ਪ੍ਰਾਣੀ ਨੂੰ ਉਚਾਰਨ-ਰਹਿਤ ਸਿਮਰਨ ਅਤੇ ਆਪਣੇ ਮੂੰਹ ਨਾਲ ਨਾਮ ਦਾ ਉਚਾਰਨ ਕਰਨਾ ਉਚਿਤ ਹੈ।

ਤੀਨਿ ਭਵਣ ਮਹਿ ਏਕੋ ਜਾਣੈ ॥
ਉਹ ਇਕ ਸਾਈਂ ਨੂੰ ਤਿੰਨਾਂ ਲੋਕਾਂ ਅੰਦਰ ਵਿਆਪਕ ਸਮਝਦਾ ਹੈ।

ਸਭਿ ਸੁਚਿ ਸੰਜਮ ਸਾਚੁ ਪਛਾਣੈ ॥੧੬॥
ਪਵਿੱਤਰਤਾ ਤੇ ਪ੍ਰਹੇਜ਼ਗਾਰੀ ਸਮੂਹ ਸੱਚੇ ਸਾਹਿਬ ਨੂੰ ਜਾਨਣ ਵਿੱਚ ਆ ਜਾਂਦੀਆਂ ਹਨ।

ਤੇਰਸਿ ਤਰਵਰ ਸਮੁਦ ਕਨਾਰੈ ॥
ਤੇਰ੍ਹਵੀਂ (ਤਿੱਥ): ਪ੍ਰਾਣੀ ਸਮੁੰਦਰ ਦੇ ਕੰਢੇ ਦੇ ਬਿਰਛ ਦੀ ਤਰ੍ਹਾਂ ਹੈ।

ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥
ਪ੍ਰੰਤੂ ਅਮਰ ਹੋ ਸਕਦੀ ਉਸ ਦੀ ਜੜ੍ਹ, ਜੇਕਰ ਉਸ ਦਾ ਮਨ ਪ੍ਰਭੂ ਦੀ ਪ੍ਰੀਤ ਦੀ ਡੋਰ ਨਾਲ ਜੁੜਿਆ ਰਹੇ।

ਡਰ ਡਰਿ ਮਰੈ ਨ ਬੂਡੈ ਕੋਇ ॥
ਤਦ ਉਹ ਭੈ ਤੇ ਤ੍ਰਾਹ ਨਾਲ ਕਿਵੇਂ ਭੀ ਨਹੀਂ ਮਰਦਾ, ਨਾਂ ਹੀ ਉਹ ਕਦੇ ਡੁਬਦਾ ਹੈ।

ਨਿਡਰੁ ਬੂਡਿ ਮਰੈ ਪਤਿ ਖੋਇ ॥
ਪ੍ਰਭੂ ਦੇ ਭੈ ਤੋਂ ਸੱਖਣਾ ਪ੍ਰਾਣੀ ਡੁੱਬ ਮਰਦਾ ਹੈ ਅਤੇ ਆਪਣੀ ਇੱਜ਼ਤ-ਆਬਰੂ ਗੁਆ ਬਹਿੰਦਾ ਹੈ।

ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ॥
ਜੋ ਆਪਣੇ ਮਨ ਅੰਦਰ ਪ੍ਰਭੂ ਦੇ ਭੈ ਨੂੰ ਟਿਕਾਉਂਦਾ ਹੈ ਅਤੇ ਉਸ ਦੇ ਭੈ ਨੂੰ ਆਪਣੇ ਮਨ ਅੰਦਰ ਜਾਣਦਾ ਹੈ,

ਤਖਤਿ ਨਿਵਾਸੁ ਸਚੁ ਮਨਿ ਭਾਣੈ ॥੧੭॥
ਰਾਜ ਸਿੰਘਾਸਣ ਤੇ ਬੈਠਦਾ ਹੈ ਅਤੇ ਸੱਚੇ ਸਾਈਂ ਚਿੱਤ ਨੂੰ ਚੰਗਾ ਲੱਗਦਾ ਹੈ।

ਚਉਦਸਿ ਚਉਥੇ ਥਾਵਹਿ ਲਹਿ ਪਾਵੈ ॥
ਚੌਧਵੀਂ (ਤਿੱਥ): ਜਿਹੜਾ ਇਨਸਾਨ ਚੌਥੀ ਜਗ੍ਹਾ (ਅਵਸਥਾ) ਅੰਦਰ ਪ੍ਰਵੇਸ਼ ਕਰ ਜਾਂਦਾ ਹੈ,

ਰਾਜਸ ਤਾਮਸ ਸਤ ਕਾਲ ਸਮਾਵੈ ॥
ਉਹ ਰਜੋ, ਤਮੋ ਤੇ ਸਤੋ ਦੇ ਤਿੰਨਾਂ ਗੁਣਾਂ ਉਤੇ ਅਤੇ ਵਕਤ ਉਤੇ ਕਾਬੂ ਪਾ ਲੈਂਦਾ ਹੈ।

ਸਸੀਅਰ ਕੈ ਘਰਿ ਸੂਰੁ ਸਮਾਵੈ ॥
ਜੋ ਅਕਲਮੰਦੀ ਦੇ ਸੂਰਜ ਨੂੰ ਚੰਦਰਮਾ ਦੇ ਅਨ੍ਹੇਰੇ ਦੇ ਧਾਮ ਅੰਦਰ ਦਾਖਲ ਕਰ ਲੈਂਦਾ ਹੈ,

ਜੋਗ ਜੁਗਤਿ ਕੀ ਕੀਮਤਿ ਪਾਵੈ ॥
ਅਤੇ ਜੋ ਪ੍ਰਭੂ ਨਾਲ ਮਿਲਾਪ ਦੀ ਵਿਧੀ ਦਾ ਮੁੱਲ ਜਾਣਦਾ ਹੈ,

ਚਉਦਸਿ ਭਵਨ ਪਾਤਾਲ ਸਮਾਏ ॥
ਜੋ ਵਿਆਪਕ ਹੋ ਰਿਹਾ ਹੈ ਵਿਚ ਚੌਦਾ ਪੁਰੀਆਂ, ਪਇਅਲ,

ਖੰਡ ਬ੍ਰਹਮੰਡ ਰਹਿਆ ਲਿਵ ਲਾਏ ॥੧੮॥
ਮਹਾਂਦੀਪ ਅਤੇ ਸੂਰਜ ਮੰਡਲਾਂ ਅੰਦਰ, ਉਹ ਉਸ ਸਾਹਿਬ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।

ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥
ਮੱਸਿਆ: ਉਸ ਰਾਤ ਚੰਦਰਮਾ ਅਸਮਾਨ ਵਿੱਚ ਅਦ੍ਰਿਸ਼ਟ ਰਹਿੰਦਾ ਹੈ।

ਬੂਝਹੁ ਗਿਆਨੀ ਸਬਦੁ ਬੀਚਾਰਿ ॥
ਹੇ ਸਿਆਣੇ ਬੰਦੇ! ਤੂੰ ਸਾਈਂ ਦੇ ਨਾਮ ਨੂੰ ਸਮਝ ਅਤੇ ਸਿਮਰ।

ਸਸੀਅਰੁ ਗਗਨਿ ਜੋਤਿ ਤਿਹੁ ਲੋਈ ॥
ਜਦ ਚੰਦਰਮਾ ਅਸਮਾਨ ਵਿੱਚ ਚੜ੍ਹਦਾ ਹੈ ਤਾਂ ਇਸ ਦਾ ਚਾਨਣ ਤਿੰਨਾਂ ਜਹਾਨਾਂ ਨੂੰ ਰੋਸ਼ਨ ਕਰ ਦਿੰਦਾ ਹੈ।

ਕਰਿ ਕਰਿ ਵੇਖੈ ਕਰਤਾ ਸੋਈ ॥
ਆਪਣੀ ਰਚਨਾ ਨੂੰ ਰਚ ਕੇ, ਉਹ ਕਰਤਾਰ ਇਸ ਨੂੰ ਦੇਖਦਾ ਹੈ।

ਗੁਰ ਤੇ ਦੀਸੈ ਸੋ ਤਿਸ ਹੀ ਮਾਹਿ ॥
ਜੋ ਗੁਰਾਂ ਦੇ ਰਾਹੀਂ ਪ੍ਰਭੂ ਨੂੰ ਵੇਖ ਲੈਂਦਾ ਹੈ, ਉਹ ਉਸ ਅੰਦਰ ਹੀ ਲੀਨ ਹੋ ਜਾਂਦਾ ਹੈ।

ਮਨਮੁਖਿ ਭੂਲੇ ਆਵਹਿ ਜਾਹਿ ॥੧੯॥
ਪ੍ਰਤੀਕੂਲ ਪੁਰਸ਼ ਕੁਰਾਹੇ ਪਏ ਹੋਏ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।

ਘਰੁ ਦਰੁ ਥਾਪਿ ਥਿਰੁ ਥਾਨਿ ਸੁਹਾਵੈ ॥
ਜੋ ਆਪਣਾ ਘਰ-ਬਾਰ ਕਾਇਮ ਕਰ ਲੈਂਦਾ ਹੈ, ਉਹ ਪੱਕਾ ਟਿਕਾਣਾ ਪਰਾਪਤ ਕਰ ਲੈਂਦਾ ਹੈ ਅਤੇ ਸੁੰਦਰ ਦਿੱਸਦਾ ਹੈ।

ਆਪੁ ਪਛਾਣੈ ਜਾ ਸਤਿਗੁਰੁ ਪਾਵੈ ॥
ਜਦ ਇਨਸਾਨ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ, ਤਦ ਉਹ ਆਪਣੇ ਆਪ ਨੂੰ ਸਮਝ ਲੈਂਦਾ ਹੈ।

ਜਹ ਆਸਾ ਤਹ ਬਿਨਸਿ ਬਿਨਾਸਾ ॥
ਜਿਥੇ ਖਾਹਿਸ਼ ਹੈ, ਉਥੇ ਬਰਬਾਦੀ ਅਤੇ ਤਬਾਹੀ,

ਫੂਟੈ ਖਪਰੁ ਦੁਬਿਧਾ ਮਨਸਾ ॥
ਅਤੇ ਦਵੈਤ-ਭਾਵ ਦੇ ਖੁਦਗਰਜ਼ੀ ਦਾ ਠੂਠਾ ਟੁੱਟ ਜਾਂਦਾ ਹੈ।

ਮਮਤਾ ਜਾਲ ਤੇ ਰਹੈ ਉਦਾਸਾ ॥
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਸ ਦਾ ਗੋਲਾ ਹਾਂ,

ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੨੦॥੧॥
ਜੋ ਸੰਸਾਰੀ ਲਗਨਾਂ ਦੇ ਫੰਧਿਆਂ ਵਿੱਚ ਨਿਰਲੇਪ ਰਹਿੰਦਾ ਹੈ।

copyright GurbaniShare.com all right reserved. Email