ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਮੈਂ ਉਸ ਉਤੋਂ ਸਦਕੇ ਜਾਂਦਾ ਹਾਂ ਜੋ ਸਾਹਿਬ ਨੂੰ ਵੇਖਦਾ ਅਤੇ ਹੋਰਨਾਂ ਨੂੰ ਵਿਖਾਲਦਾ ਹੈ। ਗੁਰ ਪਰਸਾਦਿ ਪਰਮ ਪਦੁ ਪਾਈ ॥੧॥ ਗੁਰਾਂ ਦੀ ਮਿਹਰ ਸਦਕਾ ਮੈਂ ਮਹਾਨ ਮਰਤਬਾ ਪਰਾਪਤ ਕਰ ਲਿਆ ਹੈ। ਕਿਆ ਜਪੁ ਜਾਪਉ ਬਿਨੁ ਜਗਦੀਸੈ ॥ ਆਲਮ ਦੇ ਸੁਆਮੀ ਦੇ ਨਾਮ ਦੇ ਬਾਝੋਂ ਮੈਂ ਹੋਰ ਕੀਹਦੇ ਨਾਮ ਦਾ ਉਚਾਰਨ ਕਰਾਂ? ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦਾ ਮੰਦਰ ਇਨਸਾਨ ਨੂੰ ਆਪਣੇ ਨਿੱਜ ਦੇ ਘਰ ਅੰਦਰ ਹੀ ਦਿਸ ਪੈਂਦਾ ਹੈ। ਠਹਿਰਾਉ। ਦੂਜੈ ਭਾਇ ਲਗੇ ਪਛੁਤਾਣੇ ॥ ਦੂਜੀ (ਤਿੱਥ): ਜੋ ਹੋਰਸ ਦੇ ਪਿਆਰ ਨਾਲ ਜੁੜੇ ਹਨ, ਉਹ ਓੜਕ ਨੂੰ ਪਸਚਾਤਾਪ ਕਰਦੇ ਹਨ। ਜਮ ਦਰਿ ਬਾਧੇ ਆਵਣ ਜਾਣੇ ॥ ਉਹ ਯਮ ਦੇ ਬੂਹੇ ਤੇ ਬੱਝੇ ਹੋਏ ਹਨ ਅਤੇ ਆਉਂਦੇ ਜਾਂਦੇ ਰਹਿੰਦੇ ਹਨ। ਕਿਆ ਲੈ ਆਵਹਿ ਕਿਆ ਲੇ ਜਾਹਿ ॥ ਉਹ ਕੀ ਲੈ ਕੇ ਆਏ ਹਨ ਅਤੇ ਆਪਣੇ ਨਾਲ ਕੀ ਲੈ ਜਾਣਗੇ? ਸਿਰਿ ਜਮਕਾਲੁ ਸਿ ਚੋਟਾ ਖਾਹਿ ॥ ਉਨ੍ਹਾਂ ਦੇ ਸਿਰ ਉਤੇ ਮੌਤ ਦਾ ਦੂਤ ਹੈ ਅਤੇ ਉਹ ਸੱਟਾਂ ਸਹਾਰਦੇ ਹਨ। ਬਿਨੁ ਗੁਰ ਸਬਦ ਨ ਛੂਟਸਿ ਕੋਇ ॥ ਗੁਰਾਂ ਦੇ ਉਪਦੇਸ਼ ਦੇ ਬਗੈਰ ਕੋਈ ਭੀ ਬੰਦ-ਖਲਾਸ ਨਹੀਂ ਹੋ ਸਕਦਾ। ਪਾਖੰਡਿ ਕੀਨ੍ਹ੍ਹੈ ਮੁਕਤਿ ਨ ਹੋਇ ॥੨॥ ਦੰਭ ਕਰਨ ਦੁਆਰਾ ਕੋਈ ਭੀ ਮੁਕਤੀ ਨਹੀਂ ਪਾ ਸਕਦਾ। ਆਪੇ ਸਚੁ ਕੀਆ ਕਰ ਜੋੜਿ ॥ ਤੱਤਾਂ ਦਾ ਮਿਲਾਪ ਰਚ ਕੇ, ਸੱਚੇ ਸੁਆਮੀ ਨੇ ਖੁਦ ਹੀ ਰਚਨਾ ਕੀਤੀ ਹੈ। ਅੰਡਜ ਫੋੜਿ ਜੋੜਿ ਵਿਛੋੜਿ ॥ ਮੰਡਲਾਂ ਨੂੰ ਰਚ ਕੇ, ਸਾਈਂ ਨੇ ਉਨ੍ਹਾਂ ਨੂੰ ਵੱਖ ਵੱਖ ਟਿਕਾ ਛੱਡਿਆ ਹੈ ਤੇ ਅੰਤ ਨੂੰ ਉਹ ਉਨ੍ਹਾਂ ਨੂੰ ਨਾਸ ਕਰ ਦੇਵੇਗਾ। ਧਰਤਿ ਅਕਾਸੁ ਕੀਏ ਬੈਸਣ ਕਉ ਥਾਉ ॥ ਜਮੀਨ ਤੇ ਅਸਮਾਨ ਉਸ ਨੂੰ ਵਸਣ ਲਈ ਥਾਵਾਂ ਬਣਾਈਆਂ ਹਨ। ਰਾਤਿ ਦਿਨੰਤੁ ਕੀਏ ਭਉ ਭਾਉ ॥ ਉਸ ਨੇ ਰਾਤ, ਦਿਨ, ਡਰ ਅਤੇ ਪਿਆਰ ਰਚੇ ਹਨ। ਜਿਨਿ ਕੀਏ ਕਰਿ ਵੇਖਣਹਾਰਾ ॥ ਜਿਸ ਨੇ ਰਚਨਾ ਰਚੀ ਹੈ, ਉਹ ਇਸ ਦੇ ਵੇਖਦਾ ਭੀ ਹੈ। ਅਵਰੁ ਨ ਦੂਜਾ ਸਿਰਜਣਹਾਰਾ ॥੩॥ ਆਲਮ ਦਾ ਰਚਣਹਾਰ ਹੋਰ ਦੂਸਰਾ ਕੋਈ ਨਹੀਂ ਹੈ। ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ ॥ ਤੀਜੀ (ਤਿੱਥ): ਪ੍ਰਭੂ ਨੇ ਬ੍ਰਹਮਾ, ਵਿਸ਼ਨੂੰ, ਸ਼ਿਵਜੀ, ਦੇਵੀ ਦੇਵ ਉਪਾਏ ਵੇਸਾ ॥ ਦੇਵੀਆਂ, ਦੇਵਤੇ ਅਤੇ ਹੋਰ ਅਨੇਕਾਂ ਸਰੂਪ ਰਚੇ ਹਨ। ਜੋਤੀ ਜਾਤੀ ਗਣਤ ਨ ਆਵੈ ॥ ਪ੍ਰਕਾਸ਼ਾਂ ਅਤੇ ਕਿਸਮਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ। ਜਿਨਿ ਸਾਜੀ ਸੋ ਕੀਮਤਿ ਪਾਵੈ ॥ ਜਿਸ ਨੇ ਉਨ੍ਹਾਂ ਨੂੰ ਰਚਿਆ ਹੈ, ਉਹ ਹੀ ਉਨ੍ਹਾਂ ਦਾ ਮੁੱਲ ਪਾਉਂਦਾ ਹੈ। ਕੀਮਤਿ ਪਾਇ ਰਹਿਆ ਭਰਪੂਰਿ ॥ ਉਹ ਉਨ੍ਹਾਂ ਦਾ ਮੁੱਲ ਪਾਉਂਦਾ ਹੈ ਅਤੇ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ। ਕਿਸੁ ਨੇੜੈ ਕਿਸੁ ਆਖਾ ਦੂਰਿ ॥੪॥ ਮੈਂ ਪ੍ਰਭੂ ਤੋਂ ਕਿਸ ਨੂੰ ਨਜ਼ਦੀਕ ਅਤੇ ਕਿਸ ਨੂੰ ਦੁਰੇਡੇ ਕਹਾਂ? ਚਉਥਿ ਉਪਾਏ ਚਾਰੇ ਬੇਦਾ ॥ ਚੌਥੀ (ਤਿੱਥ): ਸੁਆਮੀ ਨੇ ਚਾਰੇ ਵੇਦ, ਖਾਣੀ ਚਾਰੇ ਬਾਣੀ ਭੇਦਾ ॥ ਚਾਰੇ ਉਤਪਤੀ ਦੇ ਸਾਧਨ ਤੇ ਬੋਲੀ ਦੇ ਸਰੂਪਾਂ ਦੇ ਫਰਕ ਰਚੇ ਹਨ। ਅਸਟ ਦਸਾ ਖਟੁ ਤੀਨਿ ਉਪਾਏ ॥ ਉਨ੍ਹਾਂ ਨੇ ਅਠਾਰਾਂ (ਪੁਰਾਣ), ਛੇ (ਸ਼ਾਸਤਰ) ਅਤੇ ਤਿੰਨ (ਗੁਣ) ਰਚੇ ਹਨ। ਸੋ ਬੂਝੈ ਜਿਸੁ ਆਪਿ ਬੁਝਾਏ ॥ ਕੇਵਲ ਉਹ ਹੀ ਸਾਹਿਬ ਨੂੰ ਸਮਝਦਾ ਹੈ ਜਿਸ ਨੂੰ ਉਹ ਖੁਦ ਦਰਸਾਉਂਦਾ ਹੈ। ਤੀਨਿ ਸਮਾਵੈ ਚਉਥੈ ਵਾਸਾ ॥ ਜੋ ਤਿੰਨਾਂ ਅਵਸਥਾਵਾਂ ਉਤੇ ਕਾਬੂ ਪਾ ਲੈਂਦਾ ਹੈ ਅਤੇ ਚੌਥੀ ਅਵਸਥਾ ਦੇ ਅੰਦਰ ਵਸਦਾ ਹੈ। ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੫॥ ਗੁਰੂ ਜੀ ਬਿਨੈ ਕਰਦੇ ਹਨ, ਮੈਂ ਉਸ ਦਾ ਗੋਲਾ ਹਾਂ। ਪੰਚਮੀ ਪੰਚ ਭੂਤ ਬੇਤਾਲਾ ॥ ਪੰਜਵੀਂ (ਤਿੱਥ): ਪੰਜਾਂ ਤੱਤਾ ਦੇ ਪ੍ਰਾਣੀ ਨਿਰੇ ਪੁਰੇ ਭੂਤਨੇ ਹਨ। ਆਪਿ ਅਗੋਚਰੁ ਪੁਰਖੁ ਨਿਰਾਲਾ ॥ ਪ੍ਰਭੂ ਖੁਦ ਅਗਾਧ ਅਤੇ ਨਿਰਲੇਪ ਹੈ। ਇਕਿ ਭ੍ਰਮਿ ਭੂਖੇ ਮੋਹ ਪਿਆਸੇ ॥ ਕਈ ਸੰਦੇਹ, ਭੁੱਖ, ਸੰਸਾਰੀ ਲਗਨ ਅਤੇ ਤਰੇਹ ਅੰਦਰ ਗਲਤਾਨ ਹਨ। ਇਕਿ ਰਸੁ ਚਾਖਿ ਸਬਦਿ ਤ੍ਰਿਪਤਾਸੇ ॥ ਕਈ ਨਾਮ ਅੰਮ੍ਰਿਤ ਨੂੰ ਚੱਖ ਕੇ ਰੱਜੇ ਰਹਿੰਦੇ ਹਨ। ਇਕਿ ਰੰਗਿ ਰਾਤੇ ਇਕਿ ਮਰਿ ਧੂਰਿ ॥ ਕਈ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ ਅਤੇ ਕਈ ਮਰ ਕੇ ਮਿੱਟੀ ਹੋ ਜਾਂਦੇ ਹਨ। ਇਕਿ ਦਰਿ ਘਰਿ ਸਾਚੈ ਦੇਖਿ ਹਦੂਰਿ ॥੬॥ ਕਈ ਸੱਚੇ ਸੁਆਮੀ ਦੀ ਦਰਗਾਹ ਅਤੇ ਮਹਿਲ ਅੰਦਰ ਵਸਦੇ ਹਨ ਅਤੇ ਸਦਾ ਉਸ ਨੂੰ ਹਾਜਰ ਵੇਖਦੇ ਹਨ। ਝੂਠੇ ਕਉ ਨਾਹੀ ਪਤਿ ਨਾਉ ॥ ਕੂੜੇ ਦੀ ਕੋਈ ਇੱਜ਼ਤ ਆਬਰੂ ਅਤੇ ਨਾਮਵਰੀ ਨਹੀਂ। ਕਬਹੁ ਨ ਸੂਚਾ ਕਾਲਾ ਕਾਉ ॥ ਸਿਆਹ ਕੱਵਾ ਕਦੇ ਭੀ ਪਵਿੱਤਰ ਨਹੀਂ ਹੁੰਦਾ। ਪਿੰਜਰਿ ਪੰਖੀ ਬੰਧਿਆ ਕੋਇ ॥ ਉਹ ਪਿੰਜਰੇ ਵਿੱਚ ਡੱਕੇ ਹੋਏ ਕਿਸੇ ਪੰਛੀ ਦੀ ਤਰ੍ਹਾਂ ਹੈ, ਛੇਰੀਂ ਭਰਮੈ ਮੁਕਤਿ ਨ ਹੋਇ ॥ ਜੋ (ਪਿੰਜਰੇ ਦੀਆਂ) ਸੀਖਾਂ ਪਿਛੇ ਭਾਉਂਦਾ ਫਿਰਦਾ ਹੈ, ਪ੍ਰੰਤੂ ਖਲਾਸੀ ਨਹੀਂ ਪਾ ਸਕਦਾ। ਤਉ ਛੂਟੈ ਜਾ ਖਸਮੁ ਛਡਾਏ ॥ ਕੇਵਲ ਤਾਂ ਹੀ ਬੰਦਾ ਬੰਦਖਲਾਸ ਹੁੰਦਾ ਹੈ, ਜਦ ਸੁਆਮੀ ਉਸ ਨੂੰ ਰਿਹਾ ਕਰਦਾ ਹੈ। ਗੁਰਮਤਿ ਮੇਲੇ ਭਗਤਿ ਦ੍ਰਿੜਾਏ ॥੭॥ ਉਹ ਗੁਰਾਂ ਦੇ ਉਪਦੇਸ਼ ਨਾਲ ਇਕ ਸੁਰ ਹੋ ਜਾਂਦਾ ਹੈ ਅਤੇ ਸਾਈਂ ਦੇ ਸਿਮਰਨ ਨੂੰ ਚੰਗੀ ਤਰ੍ਹਾਂ ਪਕੜ ਲੈਂਦਾ ਹੈ। ਖਸਟੀ ਖਟੁ ਦਰਸਨ ਪ੍ਰਭ ਸਾਜੇ ॥ ਛੇਵੀਂ (ਤਿੱਥ): ਸਾਹਿਬ ਨੇ ਛੇ ਸ਼ਾਸਤਰ ਬਣਾਏ ਹਨ। ਅਨਹਦ ਸਬਦੁ ਨਿਰਾਲਾ ਵਾਜੇ ॥ ਹੱਦਬੰਨਾ-ਰਹਿਤ ਸ਼ਬਦ ਉਨ੍ਹਾਂ ਨਾਲੋਂ ਨਿਵੇਕਲਾ ਜਾਣਿਆ ਜਾਂਦਾ ਹੈ। ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ ॥ ਜੇਕਰ ਸੁਆਮੀ ਨੂੰ ਇਸ ਤਰ੍ਹਾਂ ਚੰਗਾ ਲੱਗੇ ਤਦ ਉਹ ਪ੍ਰਾਣੀ ਨੂੰ ਆਪਣੀ ਹਜ਼ੂਰੀ ਵਿੱਚ ਸੱਦ ਲੈਂਦਾ ਹੈ। ਸਬਦੇ ਭੇਦੇ ਤਉ ਪਤਿ ਪਾਵੈ ॥ ਜੇਕਰ ਬੰਦਾ ਆਪਣੀ ਆਤਮਾ ਨੂੰ ਬਾਣੀ ਵਿੱਚ ਵਿੰਨ੍ਹ ਲਵੇ, ਤਦ ਉਹ ਪ੍ਰਭਤਾ ਨੂੰ ਪਾ ਲੈਂਦਾ ਹੈ। ਕਰਿ ਕਰਿ ਵੇਸ ਖਪਹਿ ਜਲਿ ਜਾਵਹਿ ॥ ਜੋ ਧਾਰਮਕ ਬਾਣੇ ਪਹਿਨਦੇ ਹਨ, ਉਹ ਹੰਕਾਰ ਅੰਦਰ ਸੜ ਕੇ ਬਰਬਾਦ ਹੋ ਜਾਂਦੇ ਹਨ। ਸਾਚੈ ਸਾਚੇ ਸਾਚਿ ਸਮਾਵਹਿ ॥੮॥ ਸੱਚ ਦੇ ਰਾਹੀਂ, ਸੱਚੇ ਪੁਰਸ਼ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ। ਸਪਤਮੀ ਸਤੁ ਸੰਤੋਖੁ ਸਰੀਰਿ ॥ ਸਪਤਮੀ (ਸੱਤਵੀਂ ਤਿੱਥ): ਜੇਕਰ ਇਨਸਾਨ ਦੀ ਦੇਹ ਨੂੰ ਪਾਕਦਾਮਨੀ ਅਤੇ ਸੰਤੁਸ਼ਟਤਾ ਦੀ ਦਾਤ ਪਰਾਪਤ ਹੋ ਜਾਵੇ, ਸਾਤ ਸਮੁੰਦ ਭਰੇ ਨਿਰਮਲ ਨੀਰਿ ॥ ਤਦ ਉਸ ਦੇ ਸੱਤੇ ਹੀ ਸਮੁੰਦਰ ਨਾਮ ਦੇ ਪਵਿੱਤਰ ਪਾਣੀ ਨਾਲ ਪਰੀਪੂਰਨ ਹੋ ਜਾਂਦੇ ਹਨ। ਮਜਨੁ ਸੀਲੁ ਸਚੁ ਰਿਦੈ ਵੀਚਾਰਿ ॥ ਜੋ ਉਤਮ ਆਚਰਣ ਅੰਦਰ ਨ੍ਹਾਉਂਦਾ ਹੈ ਤੇ ਆਪਣੇ ਮਨ ਅੰਦਰ ਸੱਚੇ ਸਾਈਂ ਦਾ ਚਿੰਤਨ ਕਰਦਾ ਹੈ, ਗੁਰ ਕੈ ਸਬਦਿ ਪਾਵੈ ਸਭਿ ਪਾਰਿ ॥ ਗੁਰਾਂ ਦੇ ਉਪਦੇਸ਼ ਰਾਹੀਂ, ਉਹ ਸਾਰਿਆਂ ਨੂੰ ਤਾਰ ਦਿੰਦਾ ਹੈ। ਮਨਿ ਸਾਚਾ ਮੁਖਿ ਸਾਚਉ ਭਾਇ ॥ ਜਿਸ ਦੇ ਅੰਤਰ ਆਤਮੇ ਸੱਚਾ ਨਾਮ ਹੈ ਅਤੇ ਜੋ ਆਪਣੇ ਮੂੰਹ ਨਾਲ ਪਿਆਰ ਸਹਿਤ ਸੱਚੇ ਨਾਮ ਨੂੰ ਉਚਾਰਦਾ ਹੈ, ਸਚੁ ਨੀਸਾਣੈ ਠਾਕ ਨ ਪਾਇ ॥੯॥ ਉਸ ਨੂੰ ਸੱਚ ਦੀ ਰਾਹਦਾਰੀ ਪ੍ਰਦਾਨ ਹੋ ਜਾਂਦੀ ਹੈ ਅਤੇ ਰਸਤੇ ਵਿੱਚ ਉਸ ਨੂੰ ਕੋਈ ਰੁਕਾਵਟ ਨਹੀਂ ਵਾਪਰਦੀ। ਅਸਟਮੀ ਅਸਟ ਸਿਧਿ ਬੁਧਿ ਸਾਧੈ ॥ ਅੱਠਵੀਂ (ਤਿੱਥ): ਉਹ ਅੱਠ ਕਰਾਮਾਤੀ ਸ਼ਕਤੀਆਂ ਨੂੰ ਪਰਾਪਤ ਕਰ ਲੈਂਦਾ ਹੈ, ਸਚੁ ਨਿਹਕੇਵਲੁ ਕਰਮਿ ਅਰਾਧੈ ॥ ਜੋ ਆਪਣੀ ਮਤ ਨੂੰ ਸੁਧਾਰਦਾ ਸੱਚੇ ਸੁੱਚੇ ਅਮਲ ਕਮਾਉਂਦਾ ਹੈ ਅਤੇ ਪਵਿੱਤਰ ਪ੍ਰਭੂ ਦਾ ਸਿਮਰਨ ਕਰਦਾ ਹੈ। ਪਉਣ ਪਾਣੀ ਅਗਨੀ ਬਿਸਰਾਉ ॥ ਜੋ ਆਪਣੇ ਰਜੋ, ਸਤੋ ਅਤੇ ਤਮੋ ਗੁਣਾਂ ਨੂੰ ਤਿਆਗ ਦਿੰਦਾ ਹੈ, ਤਹੀ ਨਿਰੰਜਨੁ ਸਾਚੋ ਨਾਉ ॥ ਉਸ ਦੇ ਦਿਲ ਅੰਦਰ ਪਵਿੱਤਰ ਸੱਚਾ ਨਾਉਂ ਵਸ ਜਾਂਦਾ ਹੈ। ਤਿਸੁ ਮਹਿ ਮਨੂਆ ਰਹਿਆ ਲਿਵ ਲਾਇ ॥ ਜੇਕਰ ਇਨਸਾਨ ਉਸ ਸੱਚੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇ, ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੧੦॥ ਨਾਨਕ ਬਿਨੇ ਕਰਦਾ ਹੈ, ਤਦ ਮੌਤ ਉਸ ਨੂੰ ਨਹੀਂ ਖਾਂਦੀ। ਨਾਉ ਨਉਮੀ ਨਵੇ ਨਾਥ ਨਵ ਖੰਡਾ ॥ ਨਾਵੀਂ (ਤਿੱਥ): ਨੌ ਵੱਡੇ ਯੋਗੀਆਂ, ਨੌ ਖਿਤਿਆਂ, ਘਟਿ ਘਟਿ ਨਾਥੁ ਮਹਾ ਬਲਵੰਡਾ ॥ ਅਤੇ ਸਾਰਿਆਂ ਦਿਲਾਂ ਦਾ ਨਾਮ ਪਰਮ ਬਲਵਾਨ ਸੁਆਮੀ ਹੈ। copyright GurbaniShare.com all right reserved. Email |