ਕਰਿ ਦਇਆ ਲੇਹੁ ਲੜਿ ਲਾਇ ॥ ਮਿਹਰ ਧਾਰ ਕੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ। ਨਾਨਕਾ ਨਾਮੁ ਧਿਆਇ ॥੧॥ ਨਾਨਕ, ਤੇਰੇ ਨਾਮ ਦਾ ਸਿਮਰਨ ਕਰਦਾ ਹੈ, ਹੇ ਸੁਆਮੀ! ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ ਮਸਕੀਨ ਦਾ ਮਾਲਕ, ਮਸਕੀਨ ਦਾ ਮਾਲਕ, ਤੂੰ ਹੈ, ਹੇ ਮੇਰੇ ਕਿਰਪਾਲੂ ਪ੍ਰਭੂ! ਜਾਚਉ ਸੰਤ ਰਵਾਲ ॥੧॥ ਰਹਾਉ ॥ ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰਦਾ ਹਾਂ। ਠਹਿਰਾਉ। ਸੰਸਾਰੁ ਬਿਖਿਆ ਕੂਪ ॥ ਜਗਤ ਜ਼ਹਿਰ ਦਾ ਇਕ ਖੂਹ ਹੈ, ਤਮ ਅਗਿਆਨ ਮੋਹਤ ਘੂਪ ॥ ਇਸ ਵਿੱਚ ਆਤਮਿਕ ਬੇਸਮਝੀ ਅਤੇ ਸੰਸਾਰੀ ਮਮਤਾ ਦਾ ਘੁੱਪ ਅਨ੍ਹੇਰਾ ਹੈ। ਗਹਿ ਭੁਜਾ ਪ੍ਰਭ ਜੀ ਲੇਹੁ ॥ ਬਾਂਹੋਂ ਫੜ ਕੇ ਮੇਰੀ ਰੱਖਿਆ ਕਰ, ਹੇ ਮੇਰੇ ਮਹਾਰਾਜ ਮਾਲਕ! ਹਰਿ ਨਾਮੁ ਅਪੁਨਾ ਦੇਹੁ ॥ ਮੈਨੂੰ ਆਪਣਾ ਨਾਮ ਪਰਦਾਨ ਕਰ, ਹੇ ਵਾਹਿਗੁਰੂ! ਪ੍ਰਭ ਤੁਝ ਬਿਨਾ ਨਹੀ ਠਾਉ ॥ ਤੇਰੇ ਬਗੈਰ, ਹੇ ਸੁਆਮੀ! ਮੇਰਾ ਕੋਈ ਹੋਰ ਟਿਕਾਣਾ ਨਹੀਂ। ਨਾਨਕਾ ਬਲਿ ਬਲਿ ਜਾਉ ॥੨॥ ਨਾਨਕ ਤੇਰੇ ਉਤੋਂ ਘੋਲੀ, ਘੋਲੀ ਜਾਂਦਾ ਹੈ। ਲੋਭਿ ਮੋਹਿ ਬਾਧੀ ਦੇਹ ॥ ਮਨੁੱਖੀ ਸਰੀਰ ਲਾਲਚ ਅਤੇ ਸੰਸਾਰੀ ਲਗਨ ਦੀ ਪਕੜ ਵਿੱਚ ਹੈ। ਬਿਨੁ ਭਜਨ ਹੋਵਤ ਖੇਹ ॥ ਸਾਹਿਬ ਦੇ ਸਿਮਰਨ ਬਗੈਰ, ਇਹ ਸੁਆਹ ਹੋ ਜਾਂਦੀ ਹੈ। ਜਮਦੂਤ ਮਹਾ ਭਇਆਨ ॥ ਪਰਮ ਭਿਆਨਕ ਹਨ ਮੌਤ ਦੇ ਫਰੇਸ਼ਤੇ। ਚਿਤ ਗੁਪਤ ਕਰਮਹਿ ਜਾਨ ॥ ਚਿਤ੍ਰ ਗੁਪਤ (ਲੇਖਾ ਲਿੱਖਣ ਵਾਲੇ ਫਰੇਸ਼ਤੇ) ਆਦਮੀ ਦੇ ਅਮਲਾਂ ਨੂੰ ਜਾਣਦੇ ਹਨ। ਦਿਨੁ ਰੈਨਿ ਸਾਖਿ ਸੁਨਾਇ ॥ ਦਿਨ ਰਾਤ ਉਹ ਪ੍ਰਾਣੀ ਦੇ ਕਰਮਾਂ ਦੀ ਗਵਾਹੀ ਦਿੰਦੇ ਹਨ। ਨਾਨਕਾ ਹਰਿ ਸਰਨਾਇ ॥੩॥ ਨਾਨਕ ਵਾਹਿਗੁਰੂ ਦੀ ਪਨਾਹ ਲੋੜਦਾ ਹੈ। ਭੈ ਭੰਜਨਾ ਮੁਰਾਰਿ ॥ ਹੇ ਹੰਕਾਰ ਦੇ ਵੈਰੀ ਤੇ ਡਰ ਨੂੰ ਨਾਸ ਕਰਨ ਵਾਲੇ ਪ੍ਰਭੂ! ਕਰਿ ਦਇਆ ਪਤਿਤ ਉਧਾਰਿ ॥ ਮਿਹਰ ਧਾਰ ਕੇ ਤੂੰ ਪਾਪੀਆਂ ਦਾ ਪਾਰ ਉਤਾਰਾ ਕਰ ਦੇ। ਮੇਰੇ ਦੋਖ ਗਨੇ ਨ ਜਾਹਿ ॥ ਮੇਰੇ ਪਾਪ ਗਿਣੇ ਨਹੀਂ ਜਾ ਸਕਦੇ। ਹਰਿ ਬਿਨਾ ਕਤਹਿ ਸਮਾਹਿ ॥ ਸਾਈਂ ਦੇ ਬਾਝੋਂ, ਤਦ ਉਨ੍ਹਾਂ ਉਤੇ ਕੌਣ ਪੜਦਾ ਪਾ ਸਕਦਾ ਹੈ? ਗਹਿ ਓਟ ਚਿਤਵੀ ਨਾਥ ॥ ਮੈਂ ਤੇਰੀ ਪਨਾਹ ਢੂੰਡੀ ਅਤੇ ਪਕੜੀ ਹੈ, ਹੇ ਪ੍ਰਭੂ! ਨਾਨਕਾ ਦੇ ਰਖੁ ਹਾਥ ॥੪॥ ਆਪਣਾ ਹੱਥ ਦੇ ਕੇ, ਤੂੰ ਨਾਨਕ ਦੀ ਰੱਖਿਆ ਕਰ, ਹੇ ਸੁਆਮੀ! ਹਰਿ ਗੁਣ ਨਿਧੇ ਗੋਪਾਲ ॥ ਨੇਕੀ ਦਾ ਖਜਾਨਾ ਅਤੇ ਜਗਤ ਦਾ ਪਾਲਕ, ਸਰਬ ਘਟ ਪ੍ਰਤਿਪਾਲ ॥ ਵਾਹਿਗੁਰੂ ਦਿਲਾਂ ਦੀ ਪਰਵਰਿਸ਼ ਕਰਦਾ ਹੈ। ਮਨਿ ਪ੍ਰੀਤਿ ਦਰਸਨ ਪਿਆਸ ॥ ਮੇਰੀ ਜਿੰਦੜੀ ਨੂੰ ਤੇਰੇ ਪਿਆਰ ਅਤੇ ਦੀਦਾਰ ਦੀ ਤਰੇਹ ਹੈ। ਗੋਬਿੰਦ ਪੂਰਨ ਆਸ ॥ ਹੇ ਆਲਮ ਦੇ ਸੁਆਮੀ! ਤੂੰ ਮੇਰੀ ਇਹ ਸੱਧਰ ਪੂਰੀ ਕਰ। ਇਕ ਨਿਮਖ ਰਹਨੁ ਨ ਜਾਇ ॥ ਤੇਰੇ ਬਾਝੋਂ ਹੇ ਸਾਹਿਬ! ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ। ਵਡ ਭਾਗਿ ਨਾਨਕ ਪਾਇ ॥੫॥ ਪਰਮ ਚੰਗੇ ਨਸੀਬਾਂ ਦੁਆਰਾ ਨਾਨਕ ਨੂੰ ਪਿਆਰ ਪਰਾਪਤ ਹੋ ਗਿਆ ਹੈ। ਪ੍ਰਭ ਤੁਝ ਬਿਨਾ ਨਹੀ ਹੋਰ ॥ ਹੇ ਸਾਹਿਬ! ਤੇਰੇ ਬਗੈਰ ਹੋਰ ਕੋਈ ਨਹੀਂ। ਮਨਿ ਪ੍ਰੀਤਿ ਚੰਦ ਚਕੋਰ ॥ ਤੇਰੇ ਜਿੰਦੜੀ ਤੈਨੂੰ ਇੰਜ ਪਿਆਰ ਕਰਦੀ ਹੈ, ਜਿਸ ਤਰ੍ਹਾਂ ਚਕੋਰ ਚੰਨ ਨੂੰ ਕਰਦਾ ਹੈ। ਜਿਉ ਮੀਨ ਜਲ ਸਿਉ ਹੇਤੁ ॥ ਜਿਸ ਤਰ੍ਹਾਂ ਮੱਛੀ ਦੀ ਪਾਣੀ ਨਾਲ ਮੁਹੱਬਤ ਹੈ। ਅਲਿ ਕਮਲ ਭਿੰਨੁ ਨ ਭੇਤੁ ॥ ਜਿਸ ਤਰ੍ਹਾ ਭੋਰੇ ਅਤੇ ਕੰਵਲ ਵਿਚਕਾਰ ਕੋਈ ਅੰਤਰਾ ਅਤੇ ਫਰਕ ਨਹੀਂ। ਜਿਉ ਚਕਵੀ ਸੂਰਜ ਆਸ ॥ ਜਿਸ ਤਰ੍ਹਾਂ ਸੁਰਖਾਬਨੀ ਸੂਰਜ ਨੂੰ ਲੋਚਦੀ ਹੈ, ਨਾਨਕ ਚਰਨ ਪਿਆਸ ॥੬॥ ਉਸੇ ਤਰ੍ਹਾਂ ਦੀ ਹੀ ਨਾਨਕ ਨੂੰ ਪ੍ਰਭੂ ਦੇ ਚਰਨਾਂ ਦੀ ਤਰੇਹ ਹੈ। ਜਿਉ ਤਰੁਨਿ ਭਰਤ ਪਰਾਨ ॥ ਜਿਸ ਤਰ੍ਹਾਂ ਪਤਨੀ ਦੀ ਜਾਨ ਅਤੇ ਪਤੀ ਵਿੱਚ ਹੈ। ਜਿਉ ਲੋਭੀਐ ਧਨੁ ਦਾਨੁ ॥ ਜਿਸ ਤਰ੍ਹਾਂ ਧਨ-ਦੌਲਤ ਦੀ ਦਾਤ ਲਾਲਚੀ ਪੁਰਸ਼ ਲਈ ਹੈ। ਜਿਉ ਦੂਧ ਜਲਹਿ ਸੰਜੋਗੁ ॥ ਜਿਸ ਤਰ੍ਹਾਂ ਪਾਣੀ ਦੀ ਦੁੱਧ ਨਾਲ ਲਗਨ ਹੈ। ਜਿਉ ਮਹਾ ਖੁਧਿਆਰਥ ਭੋਗੁ ॥ ਜਿਸ ਤਰ੍ਹਾਂ ਬਹੁਤਾ ਭੁੱਖਾ ਆਦਮੀ ਭੋਜਨ ਨਾਲ ਪਿਆਰਦਾ ਹੈ। ਜਿਉ ਮਾਤ ਪੂਤਹਿ ਹੇਤੁ ॥ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ। ਹਰਿ ਸਿਮਰਿ ਨਾਨਕ ਨੇਤ ॥੭॥ ਏਸੇ ਤਰ੍ਹਾਂ ਹੀ ਹੇ ਨਾਨਕ, ਵਾਹਿਗੁਰੂ ਦਾ ਸਦਾ ਭਜਨ ਕਰਦਾ ਹੈ। ਜਿਉ ਦੀਪ ਪਤਨ ਪਤੰਗ ॥ ਜਿਸ ਤਰ੍ਹਾਂ ਪਰਵਾਨਾ ਦੀਵੇ ਉਤੇ ਡਿੱਗਦਾ ਹੈ। ਜਿਉ ਚੋਰੁ ਹਿਰਤ ਨਿਸੰਗ ॥ ਜਿਸ ਤਰ੍ਹਾਂ ਚੋਰ ਨਿਝੱਕ ਹੋ ਚੋਰੀ ਕਰਦਾ ਹੈ। ਮੈਗਲਹਿ ਕਾਮੈ ਬੰਧੁ ॥ ਜਿਸ ਤਰ੍ਹਾਂ ਹਾਥੀ ਕਾਮ-ਚੇਸ਼ਟਾ ਰਾਹੀਂ ਫਸ ਜਾਂਦਾ ਹੈ। ਜਿਉ ਗ੍ਰਸਤ ਬਿਖਈ ਧੰਧੁ ॥ ਜਿਸ ਤਰ੍ਹਾਂ ਪਾਪੀ ਪਾਪਾਂ ਅੰਦਰ ਪਕੜਿਆ ਜਾਂਦਾ ਹੈ। ਜਿਉ ਜੂਆਰ ਬਿਸਨੁ ਨ ਜਾਇ ॥ ਜਿਸ ਤਰ੍ਹਾਂ ਜੁਆਰੀਏ ਦੀ ਖੋਟੀ ਵਾਦੀ ਉਸ ਨੂੰ ਨਹੀਂ ਛੱਡਦੀ। ਹਰਿ ਨਾਨਕ ਇਹੁ ਮਨੁ ਲਾਇ ॥੮॥ ਏਸੇ ਤਰ੍ਹਾਂ ਹੀ ਨਾਨਕ ਆਪਣੇ ਇਸ ਚਿੱਤ ਨੂੰ ਸੁਆਮੀ ਨਾਲ ਜੋੜਦਾ ਹੈ। ਕੁਰੰਕ ਨਾਦੈ ਨੇਹੁ ॥ ਜਿਸ ਤਰ੍ਹਾਂ ਹਰਨ ਰਾਗ ਨੂੰ ਪਿਆਰ ਕਰਦਾ ਹੈ, ਚਾਤ੍ਰਿਕੁ ਚਾਹਤ ਮੇਹੁ ॥ ਤੇ ਜਿਸ ਤਰ੍ਹਾਂ ਪਪੀਹਾ ਬਾਰਸ਼ ਨੂੰ ਲੋਚਦਾ ਹੈ, ਜਨ ਜੀਵਨਾ ਸਤਸੰਗਿ ॥ ਏਸੇ ਤਰ੍ਹਾਂ ਹੀ ਪ੍ਰਭੂ ਦਾ ਸੇਵਕ ਸਾਧ ਸੰਗਤ ਨਾਲ ਜੁੜ, ਗੋਬਿਦੁ ਭਜਨਾ ਰੰਗਿ ॥ ਅਤੇ ਆਲਮ ਦੇ ਮਾਲਕ ਦੇ ਪਿਆਰ ਨਾਲ ਸਿਮਰਨ ਕਰ ਕੇ ਜੀਉਂਦਾ ਹੈ। ਰਸਨਾ ਬਖਾਨੈ ਨਾਮੁ ॥ ਮੇਰੀ ਜੀਭ੍ਹਾ ਤੇਰੇ ਨਾਮ ਦਾ ਉਚਾਰਨ ਕਰਦੀ ਹੈ, ਹੇ ਸਾਈਂ! ਨਾਨਕ ਦਰਸਨ ਦਾਨੁ ॥੯॥ ਤੂੰ ਨਾਨਕ ਨੂੰ ਆਪਣੇ ਦੀਦਾਰ ਦੀ ਦਾਤ ਪਰਦਾਨ ਕਰ। ਗੁਨ ਗਾਇ ਸੁਨਿ ਲਿਖਿ ਦੇਇ ॥ ਜੋ ਪ੍ਰਭੂ ਦੀ ਕੀਰਤੀ ਗਾਉਂਦਾ, ਸੁਣਦਾ ਅਤੇ ਲਿਖਦਾ ਹੈ, ਸੋ ਸਰਬ ਫਲ ਹਰਿ ਲੇਇ ॥ ਉਹ ਪ੍ਰਭੂ ਪਾਸੋਂ ਸਾਰੇ ਮੇਵੇ ਪਰਾਪਤ ਕਰ ਲੈਂਦਾ ਹੈ। ਕੁਲ ਸਮੂਹ ਕਰਤ ਉਧਾਰੁ ॥ ਉਹ ਆਪਣੀਆਂ ਸਾਰੀਆਂ ਪੀੜੀਆਂ ਨੂੰ ਭੀ ਬਚਾ ਲੈਂਦਾ ਹੈ, ਸੰਸਾਰੁ ਉਤਰਸਿ ਪਾਰਿ ॥ ਅਤੇ ਜਗਤ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਹਰਿ ਚਰਨ ਬੋਹਿਥ ਤਾਹਿ ॥ ਰੱਬ ਦੇ ਪੈਰ ਉਸ ਲਈ ਪਾਰ ਉਤਰਨ ਲਈ ਜਹਾਜ਼ ਹਨ। ਮਿਲਿ ਸਾਧਸੰਗਿ ਜਸੁ ਗਾਹਿ ॥ ਸਤਿ ਸੰਗਤ ਨਾਲ ਜੁੜ ਕੇ, ਉਹ ਹਰੀ ਦੀ ਮਹਿਮਾ ਗਾਇਨ ਕਰਦਾ ਹੈ। ਹਰਿ ਪੈਜ ਰਖੈ ਮੁਰਾਰਿ ॥ ਹੰਕਾਰ ਦਾ ਵੈਰੀ ਵਾਹਿਗੁਰੂ ਉਸ ਦੀ ਲੱਜਿਆ ਰੱਖਦਾ ਹੈ। ਹਰਿ ਨਾਨਕ ਸਰਨਿ ਦੁਆਰਿ ॥੧੦॥੨॥ ਨਾਨਕ ਨੇ ਪ੍ਰਭੂ ਦੇ ਦਰ ਦੀ ਪਨਾਹ ਲਈ ਹੈ। ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ ਬਿਲਾਵਲ ਪਹਿਲੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਏਕਮ ਏਕੰਕਾਰੁ ਨਿਰਾਲਾ ॥ ਪਹਿਲੀ (ਤਿੱਥ): ਅਦੁੱਤੀ ਸਾਹਿਬ ਲਾਸਾਨੀ, ਅਬਿਨਾਸੀ, ਅਜਨਮਾ, ਅਮਰੁ ਅਜੋਨੀ ਜਾਤਿ ਨ ਜਾਲਾ ॥ ਅਤੇ ਵਰਨ ਤੇ ਜੰਜਾਲ ਰਹਿਤ ਹੈ। ਅਗਮ ਅਗੋਚਰੁ ਰੂਪੁ ਨ ਰੇਖਿਆ ॥ ਉਹ ਪਹੁੰਚ ਤੋਂ ਪਰੇ ਅਤੇ ਸੋਚ ਤੋਂ ਉਚੇਰਾ ਹੈ ਅਤੇ ਉਸ ਦਾ ਸਰੂਪ ਜਾਂ ਨੁਹਾਰ ਨਹੀਂ। ਖੋਜਤ ਖੋਜਤ ਘਟਿ ਘਟਿ ਦੇਖਿਆ ॥ ਲੱਭਦਿਆਂ, ਲੱਭਦਿਆਂ ਮੈਂ ਉਸ ਨੂੰ ਸਾਰਿਆਂ ਦਿਲਾਂ ਅੰਦਰ ਵੇਖ ਲਿਆ ਹੈ। copyright GurbaniShare.com all right reserved. Email |