Page 876

ਰਾਮਕਲੀ ਮਹਲਾ ੧ ਘਰੁ ੧ ਚਉਪਦੇ
ਰਾਮਕਲੀ ਪਹਿਲੀ ਪਾਤਿਸ਼ਾਹੀ। ਚਉਪਦੇ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ ਰਹਿਤ, ਦੁਸ਼ਮਣੀ ਵਿਹੂਣ, ਅਜਨਮਾ ਅਤੇ ਸਵੈ ਪ੍ਰਕਾਸ਼ਮਾਨ ਹੈ। ਉਹ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।

ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥
ਕੋਈ ਸੰਸਕ੍ਰਿਤ ਬੋਲੀ ਵਿੱਚ ਲਿਖੇ ਵੇਦਾਂ ਨੂੰ ਵਾਚਦਾ ਹੈ ਅਤੇ ਕੋਈ ਪੁਰਾਣਾਂ ਨੂੰ।

ਕੋਈ ਨਾਮੁ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ॥
ਕੋਈ ਆਪਣੀ ਮਾਲਾ ਉਤੇ ਨਾਮ ਦਾ ਉਚਾਰਨ ਕਰਦਾ ਹੈ ਅਤੇ ਇਸ ਅੰਦਰ ਉਸ ਦੀ ਬਿਰਤੀ ਜੁੜੀ ਹੋਈ ਹੈ।

ਅਬ ਹੀ ਕਬ ਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ ॥੧॥
ਮੈਨੂੰ ਹੁਣ ਅਤੇ ਕਦੇ ਦਾ ਕੁਝ ਭੀ ਪਤਾ ਨਹੀਂ, ਪ੍ਰੰਤੂ ਮੈਂ ਕੇਵਲ ਤੇਰੇ ਇਕ ਨਾਮ ਨੂੰ ਹੀ ਸਿੰਞਾਣਦਾ ਹਾਂ, ਹੇ ਸੁਆਮੀ!

ਨ ਜਾਣਾ ਹਰੇ ਮੇਰੀ ਕਵਨ ਗਤੇ ॥
ਮੈਨੂੰ ਨਹੀਂ ਪਤਾ ਕਿ ਮੇਰੀ ਕੀ ਹਾਲਤ ਹੋਵੇਗੀ, ਹੇ ਹਰੀ!

ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥੧॥ ਰਹਾਉ ॥
ਮੈਂ ਬੇਵਕੂਫ ਅਤੇ ਬੇਸਮਝ ਹਾਂ, ਹੇ ਪ੍ਰਭੂ! ਮੈਂ ਤੇਰੀ ਪਨਾਹ ਲਈ ਹੈ। ਤੂੰ ਮੇਰੇ ਉਤੇ ਤਰਸ ਕਰ ਅਤੇ ਮੇਰਾ ਸਵੈਮਾਨ ਅਤੇ ਇਜ਼ਤ ਆਬਰੂ ਰੱਖ। ਠਹਿਰਾਉ।

ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥
ਕਦੇ ਮਨ ਉਚੀਆਂ ਉਡਾਰੀਆਂ ਮਾਰਦਾ ਹੈ ਅਤੇ ਕਦੇ ਇਹ ਪਾਤਾਲ ਵਿੱਚ ਜਾ ਡਿੱਗਦਾ ਹੈ।

ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥੨॥
ਲਾਲਚੀ ਮਨ ਅਸਥਿਰ ਨਹੀਂ ਰਹਿੰਦਾ ਅਤੇ ਧਨ ਦੌਲਤ ਲਈ ਚਾਰੇ ਪਾਸੇ ਖੋਜ ਭਾਲ ਕਰਦਾ ਹੈ।

ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ ॥
ਆਪਣੀ ਕਿਸਮਤ ਵਿੱਚ ਮੌਤ ਲਿਖਵਾ ਕੇ ਪ੍ਰਾਣੀ ਸੰਸਾਰ ਵਿੱਚ ਆਉਂਦਾ ਹੈ, ਫਿਰ ਭੀ ਵਧੇਰੀ ਜ਼ਿੰਦਗੀ ਲਈ ਉਹ ਧਨ-ਦੌਲਤ ਇਕੱਤਰ ਕਰਦਾ ਹੈ।

ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ ॥੩॥
ਮੈਂ ਵੇਖਦਾ ਹਾਂ ਕਿ ਕਈ ਪਹਿਲਾਂ ਹੀ ਟੁਰ ਗਏ ਹਨ ਅਤੇ ਮੌਤ ਦੀ ਬਲਦੀ ਹੋਈ ਅੱਗ ਮੇਰੇ ਲਾਗੇ ਢੁਕ ਰਹੀ ਹੈ, ਹੇ ਪ੍ਰਭੂ!

ਨ ਕਿਸੀ ਕਾ ਮੀਤੁ ਨ ਕਿਸੀ ਕਾ ਭਾਈ ਨਾ ਕਿਸੈ ਬਾਪੁ ਨ ਮਾਈ ॥
ਨਾਂ ਕਿਸੇ ਦਾ ਕੋਈ ਮਿੱਤਰ ਹੈ, ਨਾਂ ਕਿਸੇ ਦਾ ਕੋਈ ਭਰਾ, ਨਾਂ ਹੀ ਕਿਸੇ ਦਾ ਕੋਈ ਪਿਤਾ ਹੈ ਅਤੇ ਨਾਂ ਹੀ ਮਾਤਾ।

ਪ੍ਰਣਵਤਿ ਨਾਨਕ ਜੇ ਤੂ ਦੇਵਹਿ ਅੰਤੇ ਹੋਇ ਸਖਾਈ ॥੪॥੧॥
ਗੁਰੂ ਜੀ ਬੇਨਤੀ ਕਰਦੇ ਹਨ, ਹੇ ਪ੍ਰਭੂ! ਜੇਕਰ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰੇਂ, ਤਾਂ ਇਹ ਅਖੀਰ ਨੂੰ ਮੇਰਾ ਸਹਾਇਕ ਹੋਵੇਗਾ।

ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।

ਸਰਬ ਜੋਤਿ ਤੇਰੀ ਪਸਰਿ ਰਹੀ ॥
ਤੇਰਾ ਪ੍ਰਕਾਸ਼ ਹੇ ਸਾਈਂ! ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।

ਜਹ ਜਹ ਦੇਖਾ ਤਹ ਨਰਹਰੀ ॥੧॥
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ, ਮੈਂ ਆਪਣੇ ਸਾਹਿਬ, ਹਰੀ ਰੂਪੀ, ਸ਼ੇਰ ਨੂੰ ਵੇਖਦਾ ਹਾਂ।

ਜੀਵਨ ਤਲਬ ਨਿਵਾਰਿ ਸੁਆਮੀ ॥
ਤੂੰ ਮੇਰੀ ਜੀਉਂਦੇ ਰਹਿਣ ਦੀ ਲਾਲਸਾ ਨੂੰ ਦੂਰ ਕਰ ਦੇ, ਹੇ ਸਾਈਂ!

ਅੰਧ ਕੂਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ ॥੧॥ ਰਹਾਉ ॥
ਮੇਰਾ ਮਨੂਆ ਸੰਸਾਰੀ ਪਦਾਰਥਾਂ ਦੇ ਅੰਨ੍ਹੇ ਖੂਹ ਅੰਦਰ ਫਸਿਆ ਹੋਇਆ ਹੈ। ਮੈਂ ਕਿਸ ਤਰ੍ਹਾਂ ਬੰਨੇ ਲੱਗ ਸਕਦਾ ਹਾਂ, ਹੇ ਮੇਰੇ ਮਾਲਕ! ਠਹਿਰਾਓ।

ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ ਕਾਹੇ ਨਾਹੀ ॥
ਜਿਨ੍ਹਾਂ ਦੇ ਅੰਦਰ, ਤੇ ਦਿਲ ਅੰਦਰ ਸੁਆਮੀ ਵੱਸਦਾ ਹੈ, ਉਹ ਉਸ ਨੂੰ ਬਾਹਰ ਵਾਰ ਵੀ ਵੇਖਦੇ ਹਨ।

ਤਿਨ ਕੀ ਸਾਰ ਕਰੇ ਨਿਤ ਸਾਹਿਬੁ ਸਦਾ ਚਿੰਤ ਮਨ ਮਾਹੀ ॥੨॥
ਸੁਆਮੀ ਸਦਾ ਹੀ ਉਹਨਾਂ ਦੀ ਸੰਭਾਲ ਕਰਦਾ ਹੈ। ਅਤੇ ਹਮੇਸ਼ਾਂ ਉਹਨਾਂ ਨੂੰ ਆਪਣੇ ਚਿੱਤ ਵਿੱਚ ਯਾਦ ਰੱਖਦਾ ਹੈ।

ਆਪੇ ਨੇੜੈ ਆਪੇ ਦੂਰਿ ॥
ਆਪ ਹੀ ਸਾਈਂ ਨਜਦੀਕ ਹੈ ਅਤੇ ਆਪ ਹੀ ਦੁਰੇਡੇ।

ਆਪੇ ਸਰਬ ਰਹਿਆ ਭਰਪੂਰਿ ॥
ਉਹ ਆਪ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।

ਸਤਗੁਰੁ ਮਿਲੈ ਅੰਧੇਰਾ ਜਾਇ ॥
ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਅੰਨ੍ਹੇਰਾ ਦੂਰ ਹੋ ਜਾਂਦਾ ਹੈ।