Page 961

ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ ॥
ਅੰਮ੍ਰਿਤ-ਮਈ ਹੈ ਪੂਰਨ ਸੱਚੇ ਗੁਰਦੇਵ ਜੀ ਦੀ ਗੁਰਬਾਣੀ। ਇਹ ਉਸ ਦੇ ਹਿਰਦੇ ਅੰਦਰ ਵਸਦੀ ਹੈ, ਜਿਸ ਉੱਤੇ ਗੁਰੂ ਜੀ ਮਿਹਰਬਾਨ ਹਨ।

ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥੨॥
ਉਸ ਤੋਂ ਆਉਣੇ ਅਤੇ ਜਾਣੇ ਮੁੱਕ ਜਾਂਦੇ ਹਨ ਅਤੇ ਸਦੀਵ ਤੇ ਹਮੇਸ਼ਾਂ ਲਈ ਉਹ ਆਰਾਮ ਅੰਦਰ ਰਹਿੰਦਾ ਹੈ।

ਪਉੜੀ ॥
ਪਉੜੀ।

ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ ॥
ਕੇਵਲ ਉਹ ਜੀਵ ਹੀ ਤੈਨੂੰ ਸਮਝਦਾ ਹੈ, ਹੇ ਸੁਆਮੀ! ਜਿਹੜਾ ਤੈਨੂੰ ਚੰਗਾ ਲਗਦਾ ਹੈ।

ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ ॥
ਜਿਸ ਜੀਵ ਨੂੰ ਤੂੰ ਪਿਆਰ ਕਰਦਾ ਹੈ, ਹੇ ਵਾਹਿਗੁਰੂ ਉਹ ਤੇਰੇ ਦਰਬਾਰ ਅੰਦਰ ਸੁਰਖਰੂ ਥੀ ਵੰਝਦਾ ਹੈ।

ਜਿਸ ਨੋ ਤੇਰੀ ਨਦਰਿ ਹਉਮੈ ਤਿਸੁ ਗਈ ॥
ਜੀਹਦੇ ਉੱਤੇ ਤੇਰੀ ਮਿਹਰ ਹੈ, ਹੇ ਮਾਲਕ! ਉਸ ਦੀ ਹੰਗਤਾ ਨਵਿਰਤ ਹੋ ਜਾਂਦੀ ਹੈ।

ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ ॥
ਜੀਹਦੇ ਨਾਲ ਤੂੰ ਪ੍ਰਸੰਨ ਹੈਂ, ਹੇ ਸਾਈਂ! ਉਸਦੇ ਪਾਪ ਕੱਟੇ ਜਾਂਦੇ ਹਨ।

ਜਿਸ ਕੈ ਸੁਆਮੀ ਵਲਿ ਨਿਰਭਉ ਸੋ ਭਈ ॥
ਜੀਹਦੇ ਪੱਖ ਉੱਤੇ ਪ੍ਰਭੂ ਹੈ, ਉਹ ਨਿਡਰ ਹੋ ਵੰਝਦਾ ਹੈ।

ਜਿਸ ਨੋ ਤੂ ਕਿਰਪਾਲੁ ਸਚਾ ਸੋ ਥਿਅਈ ॥
ਜੀਹਦੇ ਉਤੇ ਤੂੰ ਮਿਹਰਬਾਨ ਹੈ, ਹੇ ਮਾਲਕ! ਉਹ ਸਤਿਵਾਦੀ ਥੀ ਵੰਞਦਾ ਹੈ।

ਜਿਸ ਨੋ ਤੇਰੀ ਮਇਆ ਨ ਪੋਹੈ ਅਗਨਈ ॥
ਜੀਹਦੇ ਉੱਤੇ ਤੇਰੀ ਰਹਿਮਤ ਹੈ, ਹੇ ਸੁਆਮੀ! ਉਸ ਨੂੰ ਅੱਗ ਛੂੰਹਦੀ ਹੀ ਨਹੀਂ।

ਤਿਸ ਨੋ ਸਦਾ ਦਇਆਲੁ ਜਿਨਿ ਗੁਰ ਤੇ ਮਤਿ ਲਈ ॥੭॥
ਤੂੰ, ਹੇ ਵਾਹਿਗੁਰੂ! ਉਸ ਉੱਤੇ ਸਦੀਵ ਹੀ ਮਇਆਵਾਨ ਹੈਂ, ਜੋ ਗੁਰੂ ਮਹਾਰਾਜ ਜੀ ਤੋਂ ਸਿਖੱਮਤ ਲੈਂਦਾ ਹੈ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥
ਹੇ ਮਿਹਰਬਾਨ ਮਾਲਕ! ਤੂੰ ਮੇਰੇ ਉੱਤੇ ਮਿਹਰ ਧਾਰ, ਅਤੇ ਖੁਦ ਹੀ ਮੈਨੂੰ ਮੁਆਫੀ ਬਖਸ਼।

ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥
ਸੱਚੇ ਗੁਰਾਂ ਦੇ ਪੈਰੀਂ ਪੈ ਕੇ ਮੈਂ ਹਮੇਸ਼ਾਂ ਹਮੇਸ਼ਾਂ ਹੀ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ।

ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥
ਤੂੰ ਮੇਰੇ ਚਿੱਤ ਅਤੇ ਸਰੀਰ ਅੰਦਰ ਨਿਵਾਸ ਕਰ, ਹੇ ਸਾਂਈਂ, ਤਾਂ ਜੋ ਮੇਰੇ ਦੁਖੜੇ ਨਵਿਰਤ ਹੋ ਜਾਣ।

ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥
ਆਪਣਾ ਹੱਥ ਦੇ ਕੇ ਤੂੰ ਮੇਰੀ ਰੱਖਿਆ ਕਰ, ਹੇ ਮੈਂਡੇ ਮਾਲਕ! ਤਾਂ ਜੋ ਮੈਂ ਸਾਰੇ ਡਰਾਂ ਤੋਂ ਖਲਾਸੀ ਪਾ ਜਾਵਾਂ।

ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥
ਤੂੰ ਮੈਨੂੰ ਇਸ ਸੇਵਾ ਅੰਦਰ ਜੋੜ, ਹੇ ਪ੍ਰਭੂ! ਕਿ ਦਿਨ ਰਾਤ ਮੈਂ ਤੇਰੀ ਉਸਤਤੀ ਗਾਇਨ ਕਰਾਂ।

ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥
ਸਾਧੂਆਂ ਦੀ ਸੰਗਤ ਅੰਦਰ, ਸਵੈ-ਹੰਗਤਾਂ ਦੀ ਬਿਮਾਰੀ ਕੱਟੀ ਜਾਂਦੀ ਹੈ।

ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥
ਇਕ ਸੁਆਮੀ ਹੀ ਸਾਰਿਆਂ ਅੰਦਰ ਰਮ ਰਿਹਾ ਹੈ।

ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥
ਗੁਰਾਂ ਦੀ ਦਇਆ ਦੁਆਰਾ, ਮੈਂ ਨਿਸਚਿਤ ਹੀ ਸੱਚਿਆਰਾਂ ਦੇ ਪਰਮ ਸੱਚਿਆਰ ਸੁਆਮੀ ਨੂੰ ਪਾ ਲਿਆ ਹੈ।

ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥
ਹੇ ਮੇਰੇ ਮਿਹਰਬਾਨ ਮਾਲਕ! ਤੂੰ ਮੇਰੇ ਉੱਤੇ ਤਰਸ ਕਰ ਅਤੇ ਮੈਨੂੰ ਆਪਣੀ ਸਿਫ਼ਤ ਸਾਲਾਹ ਬਖਸ਼।

ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥
ਇਹ ਹੈ ਜਿਸ ਨੂੰ ਨਾਨਕ ਪਰਮ ਪਿਆਰ ਕਰਦਾ ਹੈ ਕਿ ਉਹ ਤੇਰਾ ਦੀਦਾਰ ਵੇਖ ਕੇ ਗਦਗਦ ਹੋ ਵੰਝੇ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥
ਕੇਵਲ ਇਕ ਪ੍ਰਭੂ ਦਾ ਹੀ ਤੂੰ ਆਪਣੇ ਚਿੱਤ ਅੰਦਰ ਸਿਮਰਨ ਕਰ ਅਤੇ ਇਕ ਦੀ ਹੀ ਪਨਾਹ ਲੈ।

ਇਕਸੁ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥
ਤੂੰ ਇਕ ਪ੍ਰਭੂ ਨਾਲ ਹੀ ਪ੍ਰੇਮ ਗੰਢ। ਉਸ ਦੇ ਬਗੈਰ ਹੋਰ ਕੋਈ ਥਾਂ ਨਹੀਂ।

ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥
ਤੂੰ ਇਕ ਦਾਤਾਰ ਸੁਆਮੀ ਦੀ ਹੀ ਜਾਚਨਾ ਕਰ ਅਤੇ ਤੈਨੂੰ ਸਾਰਾ ਕੁਝ ਪ੍ਰਾਪਤ ਹੋ ਜਾਵੇਗਾ।

ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥
ਆਪਣੇ ਚਿੱਤ ਅਤੇ ਸਰੀਰ ਅੰਦਰ ਤੂੰ ਆਪਣੇ ਹਰ ਸੁਆਸ ਦੇ ਬੁਰਕੀ ਨਾਲ ਸਿਰਫ ਇਕ ਸੁਆਮੀ ਦਾ ਹੀ ਸਿਮਰਨ ਕਰ।

ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥
ਨਾਮ-ਸੁਧਾਰਸ ਦਾ ਸੱਚਾ ਖਜ਼ਾਨਾ, ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।

ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥
ਭਾਰੇ ਨਸੀਬਾਂ ਵਾਲੇ ਹਨ ਉਹ ਸਾਧ-ਸਰੂਪ-ਪੁਰਸ਼, ਜਿਨ੍ਹਾਂ ਦੇ ਹਿਰਦੇ ਅੰਦਰ ਸਾਹਿਬ ਆ ਕੇ ਵੱਸ ਗਿਆ ਹੈ।

ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ ॥
ਵਾਹਿਗੁਰੂ ਸਮੁੰਦਰ, ਧਰਤੀ ਪਾਤਾਲ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਉਸ ਤੋਂ ਸਿਵਾਏ ਹੋਰ ਕੋਈ ਹੈ ਹੀ ਨਹੀਂ।

ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥
ਸੁਆਮੀ ਦੀ ਰਜ਼ਾ ਅੰਦਰ, ਨਾਨਕ ਨਾਮ ਨੂੰ ਸਿਮਰਦਾ ਹੈ ਅਤੇ ਨਾਮ ਦਾ ਹੀ ਉਚਾਰਨ ਕਰਦਾ ਹੈ।

ਪਉੜੀ ॥
ਪਉੜੀ।

ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥
ਜਿਸ ਦਾ ਰਾਖਾ ਤੂੰ ਹੈਂ, ਹੇ ਸੁਆਮੀ! ਉਸ ਨੂੰ ਕੌਣ ਮਾਰ ਸਕਦਾ?

ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥
ਜਿਸ ਦਾ ਤੂੰ ਰਾਖਾ ਹੈਂ, ਹੇ ਸੁਆਮੀ! ਉਹ ਤਿੰਨਾ ਹੀ ਜਹਾਨਾਂ ਨੂੰ ਫਤਹ ਕਰ ਲੈਂਦਾ ਹੈ।

ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥
ਜਿਸ ਦੇ ਪੱਖ ਉੱਤੇ ਤੂੰ ਹੈਂ, ਹੇ ਪ੍ਰਭੂ! ਚਮਕੀਲਾ ਹੋ ਜਾਂਦਾ ਹੈ ਉਸ ਦਾ ਚੇਹਰਾ।

ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥
ਜਿਸ ਦੇ ਪੱਖ ਉੱਤੇ ਤੂੰ ਹੈ, ਉਹ ਪਵਿੱਤਰਾਂ ਦਾ ਪਰਮ ਪਵਿੱਤਰ ਹੋ ਜਾਂਦਾ ਹੈ।

ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥
ਜਿਸ ਉੱਤੇ ਤੇਰੀ ਮਿਹਰ ਹੈ, ਹੇ ਸੁਆਮੀ। ਉਹ ਪਾਸੋਂ ਹਿਸਾਬ ਕਿਤਾਬ ਨਹੀਂ ਪੁਛਿਆ ਜਾਂਦਾ।

ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥
ਜਿਸ ਉੱਤੇ ਤੇਰੀ ਪ੍ਰਸੰਨਤਾ ਹੈ, ਹੇ ਸੁਆਮੀ! ਉਹ ਤੇਰੇ ਨੌ ਖਜ਼ਾਨਿਆਂ ਨੂੰ ਭੋਗਦਾ ਹੈ।

ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥
ਜਿਸ ਦੀ ਤਰਫ ਤੂੰ ਹੈ, ਹੇ ਸਾਹਿਬ! ਉਸ ਨੂੰ ਕਿਹੜੀ ਮੁਥਾਜੀ ਹੈ?

ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥
ਜਿਸ ਉੱਤੇ ਤੇਰੀ ਰਹਿਮਤ ਹੈ, ਉਹ ਤੇਰੇ ਸਿਮਰਨ ਜੁੜਦਾ ਹੈ, ਹੇ ਪ੍ਰਭੂ!

ਸਲੋਕ ਮਹਲਾ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥
ਤੂੰ ਮਿਹਰਬਾਨ ਥੀ ਵੰਝ, ਹੇ ਮੇਰੇ ਮਾਲਕ ਹਰੀ! ਤਾਂ ਜੋ ਮੇਰੀ ਜ਼ਿੰਦਗੀ ਸਤਿਸੰਗਤ ਅੰਦਰ ਬਤੀਤ ਹੋਵੇ।

ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥੧॥
ਜੋ ਤੈਨੂੰ ਭੁਲਾਉਂਦੇ ਹਨ ਉਹ ਮੁੜ ਮੁੜ ਕੇ ਜੰਮਦੇ ਤੇ ਮਰਦੇ ਹਨ ਅਤੇ ਉਨ੍ਹਾਂ ਦੇ ਹਾਉਕੇ ਕਦਾਚਿੱਤ ਨਹੀਂ ਮੁਕਦੇ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥
ਭਾਵੇਂ ਤੂੰ ਬਿਖੜੇ ਮਾਰਗ ਜਾਂ ਘਾਟੀ ਜਾਂ ਪੱਤਣ ਉੱਤੇ ਹੋਵੇਂ, ਤੂੰ ਆਪਣੇ ਦਿਲ ਅੰਦਰ ਆਪਣੇ ਸੱਚੇ ਗੁਰਦੇਵ ਜੀ ਨੂੰ ਯਾਦ ਕਰ।

ਹਰਿ ਹਰਿ ਨਾਮੁ ਜਪੰਤਿਆ ਕੋਇ ਨ ਬੰਧੈ ਵਾਟ ॥੨॥
ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਕੋਈ ਭੀ ਤੇਰੇ ਰਾਹ ਵਿੱਚ ਰੁਕਾਵਟ ਨਹੀਂ ਪਾਵੇਗਾ।

ਪਉੜੀ ॥
ਪਉੜੀ।

copyright GurbaniShare.com all right reserved. Email