Page 960

ਜਨੁ ਨਾਨਕੁ ਮੰਗੈ ਦਾਨੁ ਇਕੁ ਦੇਹੁ ਦਰਸੁ ਮਨਿ ਪਿਆਰੁ ॥੨॥
ਨਫਰ ਨਾਨਕ ਕੇਵਲ ਇਕ ਦਾਤ ਦੀ ਯਾਚਨਾ ਕਰਦਾ ਹੈ: ਸਾਈਂ! ਮੈਨੂੰ ਆਪਣਾ ਦੀਦਾਰ ਬਖਸ਼, ਕਿਉਂ ਜੋ ਮੈਂ ਤੈਨੂੰ ਦਿਲੋਂ ਪ੍ਰੇਮ ਕਰਦਾ ਹਾਂ।

ਪਉੜੀ ॥
ਪਉੜੀ।

ਜਿਸੁ ਤੂ ਆਵਹਿ ਚਿਤਿ ਤਿਸ ਨੋ ਸਦਾ ਸੁਖ ॥
ਜਿਸ ਦੇ ਅੰਤਰ ਆਤਮੇ ਤੂੰ ਪ੍ਰਵੇਸ਼ ਕਰਦਾ ਹੈਂ, ਹੇ ਸੁਆਮੀ! ਉਹ ਸਦੀਵੀ ਸੁਖ ਨੂੰ ਪਾ ਲੈਂਦਾ ਹੈ।

ਜਿਸੁ ਤੂ ਆਵਹਿ ਚਿਤਿ ਤਿਸੁ ਜਮ ਨਾਹਿ ਦੁਖ ॥
ਜਿਸ ਦੇ ਅੰਤਰ-ਆਤਮੇ ਤੂੰ ਪ੍ਰਵੇਸ਼ ਕਰਦਾ ਹੈਂ, ਹੇ ਸੁਆਮੀ! ਉਹ ਮੌਤ ਦੇ ਦੂਤ ਦੇ ਹੱਥੋਂ ਕਸ਼ਟ ਨਹੀਂ ਉਠਾਉਂਦਾ।

ਜਿਸੁ ਤੂ ਆਵਹਿ ਚਿਤਿ ਤਿਸੁ ਕਿ ਕਾੜਿਆ ॥
ਜੋ ਤੇਰਾ ਸਿਮਰਨ ਕਰਦਾ ਹੈ, ਹੇ ਸੁਆਮੀ! ਉਸ ਨੂੰ ਕੋਈ ਫਿਕਰ ਅੰਦੇਸ਼ਾ ਨਹੀਂ ਵਿਆਪਦਾ।

ਜਿਸ ਦਾ ਕਰਤਾ ਮਿਤ੍ਰੁ ਸਭਿ ਕਾਜ ਸਵਾਰਿਆ ॥
ਜਿਸ ਦਾ ਸਿਰਜਣਹਾਰ ਸੱਜਣ ਹੈ, ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।

ਜਿਸੁ ਤੂ ਆਵਹਿ ਚਿਤਿ ਸੋ ਪਰਵਾਣੁ ਜਨੁ ॥
ਜੋ ਤੇਰਾ ਆਰਾਧਨ ਕਰਦਾ ਹੈ ਕਬੂਲ ਥੀ ਵੰਝਦਾ ਹੈ, ਉਹ ਪੁਰਸ਼।

ਜਿਸੁ ਤੂ ਆਵਹਿ ਚਿਤਿ ਬਹੁਤਾ ਤਿਸੁ ਧਨੁ ॥
ਜੋ ਤੈਨੂੰ ਪਿਆਰ ਕਰਦਾ ਹੈ, ਹੇ ਸੁਆਮੀ! ਉਹ ਘਨੇਰੀ ਦੌਲਤ ਪਾ ਲੈਂਦਾ ਹੈ।

ਜਿਸੁ ਤੂ ਆਵਹਿ ਚਿਤਿ ਸੋ ਵਡ ਪਰਵਾਰਿਆ ॥
ਜੋ ਤੈਨੂੰ ਪਿਆਰ ਕਰਦਾ ਹੈ, ਹੇ ਸੁਆਮੀ! ਉਹ ਭਾਰੇ ਕੁਟੰਬ-ਕਬੀਲੇ ਵਾਲਾ ਹੋ ਜਾਂਦਾ ਹੈ।

ਜਿਸੁ ਤੂ ਆਵਹਿ ਚਿਤਿ ਤਿਨਿ ਕੁਲ ਉਧਾਰਿਆ ॥੬॥
ਜੋ ਤੈਨੂੰ ਚੇਤੇ ਕਰਦਾ ਹੈ, ਹੇ ਸੁਆਮੀ! ਉਹ ਆਪਣੀ ਵੰਸ ਤਾਰ ਲੈਂਦਾ ਹੈ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ ॥
ਇਨਸਾਨ ਅੰਦਰਵਾਰੋ ਅੰਨ੍ਹਾ ਹੈ ਅਤੇ ਬਾਹਰਵਾਰੋਂ ਭੀ ਅੰਨ੍ਹਾ, ਪ੍ਰੰਤੂ ਝੂਠੀ ਮੂਠੀ ਤੇ ਫਰਜ਼ੀ ਤੌਰ ਤੇ ਉਹ ਸਾਈਂ ਦਾ ਜੱਸ ਗਾਇਨ ਕਰਦਾ ਹੈ।

ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ ॥
ਉਹ ਆਪਣੇ ਸਰੀਰ ਨੂੰ ਧੌਦਾਂ ਹੈ, ਇਸ ਉਤੇ ਧਾਰਮਕ ਚਿੰਨ੍ਹ ਬਣਾਉਂਦਾ ਹੈ ਅਤੇ ਧਨ-ਦੌਲਤ ਮਗਰ ਬੜੀ ਦੌੜ ਭੱਜ ਕਰਦਾ ਹੈ।

ਅੰਦਰਿ ਮੈਲੁ ਨ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ ॥
ਹੰਕਾਰ ਦੀ ਗੰਦਗੀ ਉਸ ਦੇ ਅੰਦਰੋਂ ਦੂਰ ਨਹੀਂ ਹੁੰਦੀ ਅਤੇ ਉਹ ਮੁੜ ਮੁੜ ਕੇ ਜੰਮਦਾ ਤੇ ਮਰਦਾ ਹੈ।

ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ ॥
ਨੀਂਦਰ ਵਿੱਚ ਕਲਤਾਨ ਅਤੇ ਸ਼ਹਿਵਤ ਦਾ ਦੁਖੀ ਕੀਤਾ ਹੋਇਆ ਉਹ ਆਪਣੇ ਮੂੰਹ ਨਾਲ ਰੱਬ ਦੇ ਨਾਮ ਨੂੰ ਉਚਾਰਦਾ ਹੈ।

ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ ॥
ਉਹ ਨਾਮ ਮਾਤ੍ਰ ਵੈਸ਼ਨੋ ਹੈ ਪਰ ਹੰਕਾਰ ਦੇ ਨਾਲ ਜੜਿਆ ਹੋਇਆ ਹੈ। ਫੂਸ ਨੂੰ ਛੜਨ ਦੁਆਰਾ ਉਹ ਕਿਹੜੇ ਮੇਵੇ ਨੂੰ ਪਾ ਸਕਦਾ ਹੈ।

ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥
ਰਾਜ ਹੰਸਾਂ ਵਿੱਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣਦਾ। ਉਥੇ ਬੈਠਾ ਹੋਇਆ ਉਹ ਆਪਦੀ ਟਿਕਟਿਕੀ ਸਦਾ ਮਛਲੀ ਉੱਤੇ ਬੰਨ੍ਹੀ ਰਖਦਾ ਹੈ।

ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥
ਜਦ ਰਾਜਹੰਸਾਂ ਦਾ ਸੰਮੇਲਣ ਨਿਰਣੇ ਕਰਕੇ ਵੇਖਦਾ ਹੈ, ਤਦ ਇਸ ਨੂੰ ਪਤਾ ਲਗਦਾ ਹੈ ਕਿ ਇੰਨ੍ਹਾਂ ਦਾ ਮਿਲਾਪ ਬਗਲਿਆਂ ਨਾਲ ਕਦਾਚਿੱਤ ਨਹੀਂ ਹੋ ਸਕਦਾ।

ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥
ਰਾਜਹੰਸ ਜਵਾਹਿਰਾਤ ਅਤੇ ਮੋਤੀਆਂ ਨੂੰ ਚੁਗਦੇ ਹਨ ਅਤੇ ਬਗਲੇ ਡੱਡੀਆਂ ਨੂੰ ਲੱਭਣ ਜਾਂਦੇ ਹਨ।

ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ ॥
ਗਰੀਬ ਬੱਗ ਉਡੱ ਜਾਂਦਾ ਹੈ ਅਤੇ ਮਤੇ ਇਸ ਤਰ੍ਹਾਂ ਥੀ ਵੱਝ ਕਿ ਮੈਂ ਪਛਾਣਿਆਂ ਜਾਵਾਂ।

ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ ॥
ਜਿੱਥੇ ਤੂੰ ਪ੍ਰਾਣੀ ਨੂੰ ਜੋੜਦਾ ਹੈਂ, ਹੇ ਪ੍ਰਭੂ! ਉੱਥੇ ਹੀ ਉਹ ਜੁੜਦਾ ਹੈ। ਉਹ ਕਿਸੇ ਉੱਤੇ ਇਲਜ਼ਾਮ ਕਿਉਂ ਲਾਵੇ, ਜਦ ਤੈਨੂੰ ਐਕੁਰ ਚੰਗਾ ਲਗਦਾ ਹੈ।

ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ ॥
ਸੰਚੇ ਗੁਰਦੇਵ ਜੀ ਮਾਣਕਾਂ ਨਾਲ ਪਰੀਪੂਰਨ ਝੀਲ ਹਨ। ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਉਹ ਉਨ੍ਹਾਂ ਨੂੰ ਪਾ ਲੈਂਦਾ ਹੈ।

ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ ॥
ਸੱਚੇ ਗੁਰਾਂ ਦੀ ਰਜ਼ਾ ਅੰਦਰ ਸਿਖ ਰਾਜਹੰਸ ਗੁਰਾਂ ਦੀ ਝੀਲ ਉੰਤੇ ਇਕੱਤਰ ਹੁੰਦੇ ਹਨ।

ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਨ ਆਵੈ ॥
ਮਾਨਸਰੋਵਰ (ਸਤਿਸੰਗਤ) ਹੀਰਿਆਂ ਅਤੇ ਜਵਾਹਿਰਾਤ ਦੀ ਦੌਲਤ ਨਾਲ ਭਰਿਆ ਹੋਇਆ ਹੈ। ਸਿਖ ਇਸ ਦੌਲਤ ਨੂੰ ਖਾਂਦੇ ਅਤੇ ਖਰਚਦੇ ਹਨ ਅਤੇ ਇਹ ਮੁਕਦੀ ਨਹੀਂ।

ਸਰਵਰ ਹੰਸੁ ਦੂਰਿ ਨ ਹੋਈ ਕਰਤੇ ਏਵੈ ਭਾਵੈ ॥
ਰਾਜਹੰਸ ਮਾਨਸਰੋਵਰ ਤੋਂ ਪਰੇ ਨਹੀਂ ਹੁੰਦਾ। ਮੈਂਡੇ ਸਿਰਜਣਹਾਰ ਨੂੰ ਇਸ ਤਰ੍ਹਾਂ ਹੀ ਚੰਗਾ ਲਗਦਾ ਹੈ।

ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ ॥
ਹੇ ਗੋਲੇ ਨਾਨਕ ਜਿਸ ਸਿੱਖ ਦੇ ਮੱਥੇ ਉਤੇ ਪ੍ਰਾਰੰਭ ਤੋਂ ਚੰਗੀ ਪ੍ਰਾਲਭਦ ਲਿਖੀ ਹੋਈ ਹੈ; ਕੇਵਲ ਉਹ ਹੀ ਗੁਰਦੇਵ ਜੀ ਕੋਲ ਆਉਂਦਾ ਹੈ।

ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ ॥੧॥
ਉਹ ਆਪ ਪਾਰ ਉਤਰ ਜਾਂਦਾ ਹੈ, ਆਪਣੀ ਸਾਰੀ ਵੰਸ਼ ਦਾ ਪਾਰ ਉਤਾਰਾ ਕਰ ਦਿੰਦਾ ਹੈ ਤੇ ਸਾਰੇ ਜੱਗ ਨੂੰ ਭੀ ਬੰਦਖਲਾਸ ਕਰਾ ਦਿੰਦਾ ਹੈ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥
(ਆਖਣ ਨੂੰ ਤਾਂ) ਉਹ ਬ੍ਰਾਹਮਣ ਆਖਿਆ ਜਾਂਦਾ ਹੈ ਪਰ ਬਹੁਤਿਆਂ ਰਸਤਿਆਂ ਵਿੱਚ ਭਟਕਦਾ ਹੈ। ਉਹ ਕੋਕੜੂ ਮੋਠ ਦੇ ਦਾਣੇ ਵਰਗਾ ਕਰੜਾ ਹੈ।

ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ ॥
ਉਸ ਦੇ ਮਨ ਵਿੱਚ ਸੰਸਾਰੀ ਲਗਨ ਹੈ, ਉਹ ਸਦਾ ਹੀ ਸੰਦੇਹ ਅੰਦਰ ਖੱਚਤ ਹੋਇਆ ਰਹਿੰਦਾ ਹੈ ਅਤੇ ਉਸ ਦਾ ਸਰੀਰ ਅਸਥਿਰ ਨਹੀਂ ਰਹਿੰਦਾ।

ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ॥
ਝੂਠਾ ਹੈ ਉਸ ਦਾ ਆਉਣਾ ਅਤੇ ਝੂਠਾ ਹੀ ਜਾਣਾ। ਉਹ ਹਮੇਸ਼ਾਂ ਧਨ ਦੌਲਤ ਦੀ ਤਾੜ ਅੰਦਰ ਰਹਿੰਦਾ ਹੈ।

ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ ॥
ਜੇਕਰ ਕੋਈ ਸੱਚ ਆਖੇ ਤਦ ਉਸ ਨੂੰ ਖਿਝ ਛੁਟਦੀ ਹੈ। ਉਸ ਦੇ ਚਿੱਤ ਅੰਦਰ ਅਤਿਅੰਤ ਕ੍ਰੋਪ ਹੈ।

ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ ॥
ਮੰਦਾ ਮੂਰਖ ਖੋਟੀ ਅਕਲ ਅਤੇ ਭੈੜੀ ਸਮਝ ਅੰਦਰ ਫਾਥਾ ਹੋਇਆ ਹੈ। ਸੰਸਾਰੀ ਮਮਤਾ ਉਸਦੀ ਆਤਮਾ ਨੂੰ ਚਿਮੜੀ ਹੋਈ ਹੈ।

ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ ॥
ਉਹ ਦਗੇਬਾਜ਼, ਪੰਜ ਦਗੇਬਾਜ਼ਾਂ ਨਾਲ ਵਸਦਾ ਹੈ। ਇਹ ਇਕ ਜੈਸਿਆਂ ਦਾ ਮੇਲ ਮਿਲਾਪ ਹੈ।

ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ ॥
ਜਦ ਜਵੇਹਰੀ, ਸੱਚੇ ਗੁਰੂ ਜੀ ਉਸ ਨੂੰ ਪਰਖਦੇ ਹਨ, ਤਦ ਉਹ ਕੇਵਲ ਲੋਹਾ ਹੀ ਜ਼ਾਹਰ ਹੁੰਦਾ ਹੈ।

ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ ॥
ਹੋਰਨਾਂ ਨਾਲ ਰਲਾ ਮਿਲਾ ਕੇ, ਉਸ ਨੂੰ ਘਣੇਰੀਆਂ ਥਾਵਾਂ ਤੇ ਖਰਾ ਕਰ ਕੇ ਚਲਾ ਦਿੱਤਾ ਗਿਆ ਸੀ। ਹੁਣ ਉਸ ਦਾ ਬੁਰਕਾ ਉਤਰ ਗਿਆ ਹੈ ਅਤੇ ਉਹ ਸਾਰਿਆਂ ਮੂਹਰੋਂ ਨੰਗਾ ਹੋਇਆ ਖੜ੍ਹਾ ਹੈ।

ਸਤਿਗੁਰ ਕੀ ਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ ॥
ਜੇਕਰ ਉਹ ਸੱਚੇ ਗੁਰਾਂ ਦੀ ਪਨਾਹ ਲੈ ਲਵੇ ਤਦ ਉਹ ਜੰਗਾਲੇ ਹੋਏ ਲੋਹੇ ਤੋਂ ਸੋਨਾ ਥੀ ਵੰਝੇਗਾ।

ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ ॥
ਦੁਸ਼ਮਨੀ ਰਹਿਤ ਹਨ ਸੱਚੇ ਗੁਰੂ ਜੀ। ਉਹ ਪੁੱਤਰ ਅਤੇ ਵੈਰੀ ਨੂੰ ਇਕ ਬਰਾਬਰ ਵੇਖਦੇ ਹਨ। ਬਦੀਆਂ ਨੂੰ ਦੂਰ ਕਰਕੇ ਉਹ ਮਨੁੱਖੀ ਸਰੀਰ ਨੂੰ ਪਵਿੱਤਰ ਕਰ ਦਿੰਦੇ ਹਨ।

ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ ॥
ਨਾਨਕ, ਜਿਸ ਦੇ ਮੱਥੇ ਉੱਤੇ ਮੁੱਢ ਦੀ ਲਿਖੀ ਹੋਈ ਐਹੋ ਜੇਹੀ ਲਿਖਤਕਾਰ ਹੈ, ਉਹ ਸੱਚੇ ਗੁਰਾਂ ਨਾਲ ਪਿਆਰ ਕਰਦਾ ਹੈ।

copyright GurbaniShare.com all right reserved. Email