ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ ॥ ਗੁਰੂ ਜੀ, ਜਿਨ੍ਹਾਂ ਨੇ ਸਾਰੇ ਸੰਸਾਰ ਦਾ ਪਾਰ ਉਤਾਰਾ ਕਰ ਦਿੱਤਾ ਹੈ, ਨੇ ਮੈਨੂੰ ਵਿਸ਼ਾਲ ਸੁਆਮੀ ਨਾਲ ਮਿਲਾ ਦਿੱਤਾ ਹੈ। ਮਨ ਕੀਆ ਇਛਾ ਪੂਰੀਆ ਪਾਇਆ ਧੁਰਿ ਸੰਜੋਗ ॥ ਮੇਰੇ ਚਿੱਤ ਦੀਆਂ ਖਾਹਸ਼ਾਂ ਪੂਰੀਆਂ ਹੋ ਗਈਆਂ ਹਨ ਅਤੇ ਮੈਨੂੰ ਮੁੱਢ ਦਾ ਲਿਖਿਆ ਹੋਇਆ ਰੱਬ ਦਾ ਮਿਲਾਪ ਹੋ ਗਿਆ ਹੈ। ਨਾਨਕ ਪਾਇਆ ਸਚੁ ਨਾਮੁ ਸਦ ਹੀ ਭੋਗੇ ਭੋਗ ॥੧॥ ਨਾਨਕ ਨੂੰ ਪ੍ਰਭੂ ਦਾ ਸੱਚਾ ਨਾਮ ਪ੍ਰਾਪਤ ਹੋ ਗਿਆ ਹੈ ਅਤੇ ਉਹ ਸਦੀਵ ਨਿਆਮਤਾ ਮਾਣਦਾ ਹੈ। ਮਃ ੫ ॥ ਪੰਜਵੀਂ ਪਾਤਸਾਹੀ। ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ ॥ ਮਨ-ਅਨੁਸਾਰੀਆਂ ਦੀ ਯਾਰੀ ਸੰਸਾਰੀ ਪਦਾਰਥਾਂ ਨਾਲ ਗੰਢ ਜੋੜ ਹੈ। ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ ॥ ਦੇਖਦਿਆਂ ਦੇਖਦਿਆਂ ਹੀ ਉਹ ਦੌੜ ਜਾਂਦੇ ਹਨ ਅਤੇ ਕਦਾਚਿੱਤ ਕਾਇਮ ਨਹੀਂ ਰਹਿੰਦੇ। ਜਿਚਰੁ ਪੈਨਨਿ ਖਾਵਨ੍ਹ੍ਹੇ ਤਿਚਰੁ ਰਖਨਿ ਗੰਢੁ ॥ ਜਦ ਤਾਂਈ ਰੋਟੀ ਕਪੜਾ ਮਿਲਦਾ ਹੈ ਉਦੋਂ ਤਾਂਈਂ ਉਹ ਮੇਲ ਮਿਲਾਪ ਕਾਇਮ ਰੱਖਦੇ ਹਨ। ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ ॥ ਜਿਸ ਦਿਹਾੜੇ ਉਨ੍ਹਾਂ ਨੂੰ ਕੁਝੱ ਨਹੀਂ ਮਿਲਦਾ, ਉਸ ਦਿਹਾੜੇ ਉਹ ਗਾਲ੍ਹਾਂ ਕੱਢਦੇ ਹਨ। ਜੀਅ ਕੀ ਸਾਰ ਨ ਜਾਣਨੀ ਮਨਮੁਖ ਅਗਿਆਨੀ ਅੰਧੁ ॥ ਮਨ ਅਨੁਸਾਰੀ ਬੇਸਮਝ ਅਤੇ ਅੰਨ੍ਹੇ ਹਨ ਅਤੇ ਉਹ ਆਤਮਾ ਦੀ ਅਵਸਥਾ ਨੂੰ ਨਹੀਂ ਜਾਣਦੇ। ਕੂੜਾ ਗੰਢੁ ਨ ਚਲਈ ਚਿਕੜਿ ਪਥਰ ਬੰਧੁ ॥ ਝੂਠਾ ਮੇਲ ਮਿਲਾਪ ਨਿਭਦਾ ਨਹੀਂ। ਇਹ ਗਾਰੇ ਨਾਲ ਜੋੜੇ ਹੋਏ ਦੋ ਪੱਖਰਾਂ ਦੀ ਮਾਨੰਦ ਹੈ। ਅੰਧੇ ਆਪੁ ਨ ਜਾਣਨੀ ਫਕੜੁ ਪਿਟਨਿ ਧੰਧੁ ॥ ਅੰਨ੍ਹੇ ਇਨਸਾਨ ਆਪਣੇ ਆਪ ਨੂੰ ਨਹੀਂ ਸਮਝਦੇ ਕੂੜੇ ਸੰਸਾਰੀ ਵਿਹਾਰਾਂ ਅੰਦਰ ਖੱਚਤ ਹੋਏ ਹੋਏ ਹਨ। ਝੂਠੈ ਮੋਹਿ ਲਪਟਾਇਆ ਹਉ ਹਉ ਕਰਤ ਬਿਹੰਧੁ ॥ ਕੂੜੀ ਸੰਸਾਰੀ ਲਗਨ ਅੰਦਰ ਫਾਥੇ ਹੋਏ ਉਹ ਘਣੇਰਾ ਹੰਕਾਰ ਕਰਦੇ ਹੋਏ ਆਪਣਾ ਜੀਵਨ ਬਿਤਾਉਂਦੇ ਹਨ। ਕ੍ਰਿਪਾ ਕਰੇ ਜਿਸੁ ਆਪਣੀ ਧੁਰਿ ਪੂਰਾ ਕਰਮੁ ਕਰੇਇ ॥ ਜਿਸ ਉੱਤੇ ਐਨ ਆਰੰਭ ਤੋਂ ਸੁਆਮੀ ਆਪਣੀ ਮਿਹਰ ਧਾਰਦਾ ਹੈ, ਉਹ ਪੂਰਨ ਨੇਕ ਅਮਲ ਕਮਾਉਂਦਾ ਹੈ। ਜਨ ਨਾਨਕ ਸੇ ਜਨ ਉਬਰੇ ਜੋ ਸਤਿਗੁਰ ਸਰਣਿ ਪਰੇ ॥੨॥ ਕੇਵਲ ਉਹ ਪੁਰਸ਼ ਹੀ, ਹੇ ਗੋਲੇ ਨਾਨਕ! ਪਾਰ ਉਤਰਦੇ ਹਨ ਜੋ ਸੱਚੇ ਗੁਰਾਂ ਦੀ ਪਨਾਹ ਲੈਂਦੇ ਹਨ। ਪਉੜੀ ॥ ਪਉੜੀ। ਜੋ ਰਤੇ ਦੀਦਾਰ ਸੇਈ ਸਚੁ ਹਾਕੁ ॥ ਜੋ ਸਾਹਿਬ ਦੇ ਦਰਸ਼ਨ ਨਾਲ ਰੰਗੀਜੇ ਹਨ, ਉਹ ਸੱਚ ਬੋਲਦੇ ਹਨ। ਜਿਨੀ ਜਾਤਾ ਖਸਮੁ ਕਿਉ ਲਭੈ ਤਿਨਾ ਖਾਕੁ ॥ ਜੋ ਆਪਣੇ ਸੁਆਮੀ ਨੂੰ ਸਿੰਝਾਣਦੇ ਹਨ; ਉਨ੍ਹਾਂ ਦੇ ਪੈਰਾਂ ਦੀ ਧੂੜ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ। ਮਨੁ ਮੈਲਾ ਵੇਕਾਰੁ ਹੋਵੈ ਸੰਗਿ ਪਾਕੁ ॥ ਪਾਪ ਦੀ ਮਲੀਣ ਕੀਤੀ ਹੋਈ ਆਤਮਾ, ਉਨ੍ਹਾਂ ਦੀ ਸੰਗਤ ਅੰਦਰ ਪਵਿੱਤਰ ਹੋ ਜਾਂਦੀ ਹੈ। ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ ॥ ਸ਼ੱਕ ਸ਼ੁਬੇ ਦਾ ਦਰਵਾਜ਼ਾ ਖੁਲ ਜਾਂਦਾ ਹੈ ਅਤੇ ਪ੍ਰਾਣੀ ਸੁਆਮੀ ਦੇ ਸੱਚੇ ਮੰਦਰ ਨੂੰ ਵੇਖ ਲੈਂਦਾ ਹੈ। ਜਿਸਹਿ ਦਿਖਾਲੇ ਮਹਲੁ ਤਿਸੁ ਨ ਮਿਲੈ ਧਾਕੁ ॥ ਜਿਸ ਨੂੰ ਮਾਲਕ ਆਪਣਾ ਮੰਦਰ ਵਿਖਾਲਦਾ ਹੈ, ਉਸ ਨੂੰ ਧੱਕਾ ਨਹੀਂ ਮਿਲਦਾ। ਮਨੁ ਤਨੁ ਹੋਇ ਨਿਹਾਲੁ ਬਿੰਦਕ ਨਦਰਿ ਝਾਕੁ ॥ ਜੇਕਰ ਤੂੰ ਹੇ ਸੁਆਮੀ! ਇਕ ਮੁਹਤ ਭਰ ਲਈ ਭੀ ਮੈਨੂੰ ਆਪਣੀ ਮਿਹਰ ਦੀ ਅੱਖ ਨਾਲ ਤੱਕ ਲਵੇਂ, ਤਾਂ ਮੇਰਾ ਚਿੱਤ ਅਤੇ ਸਰੀਰ ਗਦ ਗਦ ਹੋ ਵੰਝਦੇ ਹਨ। ਨਉ ਨਿਧਿ ਨਾਮੁ ਨਿਧਾਨੁ ਗੁਰ ਕੈ ਸਬਦਿ ਲਾਗੁ ॥ ਗੁਰਾਂ ਦੀ ਬਾਣੀ ਨਾਲ ਜੁੜਨ ਦੁਆਰਾ ਇਨਸਾਨ ਨਾਮ ਦੀ ਦੌਲਤ ਦੇ ਨੌਂ ਖਜ਼ਾਨੇ ਪਾ ਲੈਂਦਾ ਹੈ। ਤਿਸੈ ਮਿਲੈ ਸੰਤ ਖਾਕੁ ਮਸਤਕਿ ਜਿਸੈ ਭਾਗੁ ॥੫॥ ਕੇਵਲ ਉਸ ਨੂੰ ਹੀ ਸਾਧੂਆਂ ਦੇ ਪੈਰਾਂ ਦੀ ਧੂੜ ਪ੍ਰਦਾਨ ਹੁੰਦੀ ਹੈ, ਜਿਸ ਦੇ ਮੱਥੇ ਤੇ ਚੰਗੀ ਪ੍ਰਾਲਭਦ ਲਿਖੀ ਹੋਈ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥ ਹੇ ਮਿਰਗ ਦੇ ਨੈਣਾਂ ਵਾਲੀ ਪਤਨੀਏ! ਮੈਂ ਤੈਨੂੰ ਸੱਚੇ ਬਚਨ ਸੁਣਾਉਂਦਾ ਹਾਂ; ਜੋ ਤੇਰਾ ਪਾਰ ਉਤਾਰਾ ਕਰ ਦੇਣਗੇ। ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨ ਸਾਧਾਰਣੁ ॥ ਹੇ ਬਾਂਕੀ ਵਹੁਟੀਏ! ਤੂੰ ਮੇਰੇ ਸੁਹਣੇ ਬਚਨ ਬਿਲਾਸ ਸ੍ਰਵਣ ਕਰ ਕਿ ਤੇਰਾ ਪ੍ਰੀਤਮ ਤੇਰੀ ਜਿੰਦੜੀ ਦਾ ਇੱਕੋ ਇਕ ਆਸਰਾ ਹੈ। ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ॥ ਤੂੰ ਮੰਦੇ ਪੁਰਸ਼ ਨਾਲ ਪਿਆਰ ਪਾ ਲਿਆ ਹੈ। ਤੂੰ ਮੈਨੂੰ ਇਸ ਦੀ ਵਜ੍ਹਾ ਦੱਸ ਅਤੇ ਦਿਖਾ ਦੇ। ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ॥ ਮੈਨੂੰ ਕਿਸੇ ਸ਼ੈ ਦਾ ਘਾਟਾ ਨਹੀਂ, ਇਸ ਲਈ ਮੈਂ ਉਦਾਸ ਨਹੀਂ, ਮੈਂ ਨੇਕੀ ਤੋਂ ਸੱਖਣੀ ਭੀ ਨਹੀਂ। ਪਿਰੁ ਛੈਲੁ ਛਬੀਲਾ ਛਡਿ ਗਵਾਇਓ ਦੁਰਮਤਿ ਕਰਮਿ ਵਿਹੂਣੀ ॥ ਖੋਟੀ ਸਮਝ ਰਾਹੀਂ ਮੈਂ ਆਪਣੇ ਮਨਮੋਹਨ ਤੇ ਸੁੰਦਰ ਪ੍ਰੀਤਮ ਨੂੰ ਤਿਆਗ ਕੇ ਹੱਥੋਂ ਵੰਝਾ ਲਿਆ ਹੈ ਅਤੇ ਨਿਕਰਮਣ ਨੀਚ ਥੀ ਗਈ ਹਾਂ। ਨਾ ਹਉ ਭੁਲੀ ਨਾ ਹਉ ਚੁਕੀ ਨਾ ਮੈ ਨਾਹੀ ਦੋਸਾ ॥ ਆਪਣੇ ਆਪ ਨੂੰ ਮੈਂ ਭੁਲਦੀ ਨਹੀਂ ਨਾਂ ਹੀ ਗਲਤੀ ਖਾਂਦੀ ਹਾਂ ਅਤੇ ਨਾਂ ਮੈਂ ਹੰਕਾਰ ਕਰਦੀ ਹਾਂ; ਨਾਂ ਹੀ ਕੋਈ ਗੁਨਾਹ ਕਰਦੀ ਹਾਂ। ਜਿਤੁ ਹਉ ਲਾਈ ਤਿਤੁ ਹਉ ਲਗੀ ਤੂ ਸੁਣਿ ਸਚੁ ਸੰਦੇਸਾ ॥ ਤੂੰ ਮੇਰੀ ਸੱਚੀ ਬੇਨਤੀ ਸ੍ਰੰਵਣ ਕਰ, ਹੇ ਸਾਈਂ! ਜਿਸ ਤਰ੍ਹਾ ਤੂੰ ਮੈਨੂੰ ਜੋੜਿਆ ਹੈ, ਉਸ ਤਰ੍ਹਾ ਹੀ ਮੈਂ ਜੁੜੀ ਹੋਈ ਹਾਂ। ਸਾਈ ਸੋੁਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ ॥ ਕੇਵਲ ਉਹ ਹੀ ਪਿਆਰੀ ਪਤਨੀ ਹੈ, ਕੇਵਲ ਉਹ ਹੀ ਭਾਗਾਂ ਵਾਲੀ ਹੈ ਜਿਸ ਉਤੇ ਉਸਦਾ ਪਤੀ ਆਪਣੀ ਮਿਹਰ ਕਰਦਾ ਹੈ। ਪਿਰਿ ਅਉਗਣ ਤਿਸ ਕੇ ਸਭਿ ਗਵਾਏ ਗਲ ਸੇਤੀ ਲਾਇ ਸਵਾਰੀ ॥ ਉਸ ਦਾ ਕੰਤ ਉਸ ਦੀਆਂ ਸਾਰੀਆਂ ਬਦੀਆਂ ਨੂੰ ਦੂਰ ਕਰ ਦਿੰਦਾ ਹੈ। ਆਪਣੀ ਛਾਤੀ ਨਾਲ ਲਾ, ਉਹ ਉਸ ਨੂੰ ਸ਼ਸ਼ੋਭਤ ਕਰ ਦਿੰਦਾ ਹੈ। ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ ਨਿਭਾਗਣ ਵਹੁਟੀ ਬੇਨਤੀ ਕਰਦੀ ਹੈ, ਮੇਰੀ ਬਾਰੀ ਕਦੋਂ ਆਉਂਗੀ, ਹੇ ਨਾਨਕ? ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤਿ ਮੁਰਾਰੀ ॥੧॥ ਸਾਰੀਆਂ ਪਿਆਰੀਆਂ ਪਤਨੀਆਂ ਮੌਜ ਬਹਾਰਾਂ ਲੁੱਟਦੀਆਂ ਹਨ। ਹੇ ਹੰਕਾਰ ਦੇ ਵੈਰੀ! ਮੈਂਡੇ ਮਾਲਕ! ਤੂੰ ਮੈਨੂੰ ਭੀ ਇਕ ਮੌਜ ਬਹਾਰ ਦੀ ਰਾਤ੍ਰੀ ਪ੍ਰਦਾਨ ਕਰ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰੁ ॥ ਤੂੰ ਕਿਉਂ ਡੋਲਦੀ ਹੈਂ, ਹੇ ਮੇਰੀ ਜਿੰਦੜੀਏ? ਵਾਹਿਗੁਰੂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਸਤਿਗੁਰੁ ਪੁਰਖੁ ਧਿਆਇ ਤੂ ਸਭਿ ਦੁਖ ਵਿਸਾਰਣਹਾਰੁ ॥ ਤੂੰ ਆਪਣੇ ਬਲਵਾਨ ਸੱਚੇ ਗੁਰਾਂ ਦਾ ਆਰਾਧਨ ਕਰ। ਉਹ ਸਾਰਿਆਂ ਦੁਖੜਿਆਂ ਨੂੰ ਨਸ਼ਟ ਕਰਨਹਾਰ ਹਨ। ਹਰਿ ਨਾਮਾ ਆਰਾਧਿ ਮਨ ਸਭਿ ਕਿਲਵਿਖ ਜਾਹਿ ਵਿਕਾਰ ॥ ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਤਾਂ ਜੋ ਤੇਰੇ ਸਾਰੇ ਪਾਪ ਅਤੇ ਬੁਰਿਆਈਆਂ ਧੋਤੀਆਂ ਜਾਣ। ਜਿਨ ਕਉ ਪੂਰਬਿ ਲਿਖਿਆ ਤਿਨ ਰੰਗੁ ਲਗਾ ਨਿਰੰਕਾਰ ॥ ਜਿਨ੍ਹਾਂ ਦੇ ਲਈ ਐਸੀ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ, ਉਹ ਹੀ ਸਰੂਪ-ਰਹਿਤ ਸੁਆਮੀ ਨਾਲ ਪਿਰਹੜੀ ਪਾਉਂਦੇ ਹਨ। ਓਨੀ ਛਡਿਆ ਮਾਇਆ ਸੁਆਵੜਾ ਧਨੁ ਸੰਚਿਆ ਨਾਮੁ ਅਪਾਰੁ ॥ ਉਹ ਸੰਸਾਰੀ ਪਦਾਰਥ ਦੇ ਸੁਆਦ ਨੂੰ ਤਿਆਗ ਦਿੰਦੇ ਹਨ ਅਤੇ ਨਾਮ ਦੀ ਅਨੰਤ ਦੌਲਤ ਨੂੰ ਇਕੱਤਰ ਕਰਦੇ ਹਨ। ਅਠੇ ਪਹਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ ॥ ਅੱਠੇ ਪਹਿਰ ਹੀ ਉਹ ਇਕ ਸੁਆਮੀ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ ਅਤੇ ਬੇਅੰਤ ਵਾਹਿਗੁਰੂ ਦੀ ਰਜ਼ਾ ਨੂੰ ਮੰਨਦੇ ਹਨ। copyright GurbaniShare.com all right reserved. Email |