ਮਃ ੫ ॥ ਪੰਜਵੀਂ ਪਾਤਸ਼ਾਹੀ। ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਤੇਰੇ ਬਗੈਰ ਹੋਰਸ ਤੋਂ ਮੰਗਣਾ, ਸਾਰੀਆਂ ਤਕਲੀਫਾਂ ਦੀ ਪਰਮ ਤਕਲੀਫ ਹੈ। ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ ਤੂੰ ਮੈਨੂੰ ਆਪਣਾ ਨਾਮ ਬਖਸ਼ ਤਾਂ ਜੋ ਮੈਂ ਸੰਤੁਸ਼ਟ ਹੋ ਜਾਵਾਂ ਤੇ ਮੇਰੇ ਚਿੱਤ ਦੀ ਭੁੱਖ ਨਵਿਰਤ ਥੀ ਵੰਝੇ। ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥ ਗੁਰਾਂ ਨੇ ਜੰਗਲ ਤੇ ਸਮੂਹ ਬਨਾਸਪਤੀ ਨੂੰ ਸਰਸਬਜ਼ ਕਰ ਦਿੱਤਾ ਹੈ। ਇਸ ਵਿੱਚ ਕੀ ਹੈਰਾਨੀ ਹੈ ਜੇ ਉਹ ਪ੍ਰਾਣੀ ਨੂੰ ਪ੍ਰਫੁੱਲਤ ਕਰ ਦੇਣ? ਪਉੜੀ ॥ ਪਉੜੀ। ਸੋ ਐਸਾ ਦਾਤਾਰੁ ਮਨਹੁ ਨ ਵੀਸਰੈ ॥ ਉਸ ਐਹੋ ਜੇਹੇ ਦਾਤੇ ਸੁਆਮੀ ਨੂੰ ਮੈਂ ਆਪਣੇ ਚਿੱਤ ਵਿਚੋਂ ਨਹੀਂ ਭੁਲਾਉਂਦਾ। ਘੜੀ ਨ ਮੁਹਤੁ ਚਸਾ ਤਿਸੁ ਬਿਨੁ ਨਾ ਸਰੈ ॥ ਇਕ ਲਮ੍ਹੇ, ਛਿਨ ਅਤੇ ਬਿੰਦ ਭਰ ਲਈ ਭੀ ਮੇਰਾ ਉਸ ਦੇ ਬਗੈਰ ਝੱਟ ਨਹੀਂ ਲੰਘਦਾ। ਅੰਤਰਿ ਬਾਹਰਿ ਸੰਗਿ ਕਿਆ ਕੋ ਲੁਕਿ ਕਰੈ ॥ ਅੰਦਰ ਅਤੇ ਬਾਹਰ ਸੁਆਮੀ ਪ੍ਰਾਣੀ ਦੇ ਨਾਲ ਹੈ। ਉਸ ਕੋਲੋਂ ਉਹ ਕਿਸ ਤਰ੍ਹਾਂ ਕੁਝ ਛੁਪਾ ਸਕਦਾ ਹੈ। ਜਿਸੁ ਪਤਿ ਰਖੈ ਆਪਿ ਸੋ ਭਵਜਲੁ ਤਰੈ ॥ ਜਿਸ ਦੀ ਇੱਜ਼ਤ ਆਬਰੂ ਪ੍ਰਭੂ ਖ਼ੁਦ ਬਚਾਉਂਦਾ ਹੈ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ। ਭਗਤੁ ਗਿਆਨੀ ਤਪਾ ਜਿਸੁ ਕਿਰਪਾ ਕਰੈ ॥ ਕੇਵਲ ਉਹ ਹੀ ਸੰਤ, ਬ੍ਰਹਮਬੇਤਾ ਅਤੇ ਤਪੱਸਵੀ ਹੈ, ਜਿਸ ਉੱਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ। ਸੋ ਪੂਰਾ ਪਰਧਾਨੁ ਜਿਸ ਨੋ ਬਲੁ ਧਰੈ ॥ ਕੇਵਲ ਉਹ ਹੀ ਮੁਕੰਮਲ ਅਤੇ ਮੁਖੀ ਹੈ ਜਿਸ ਅੰਦਰ ਸਾਹਿਬ ਆਪਣੀ ਸ਼ਕਤੀ ਅਸਥਾਪਨ ਕਰਦਾ ਹੈ। ਜਿਸਹਿ ਜਰਾਏ ਆਪਿ ਸੋਈ ਅਜਰੁ ਜਰੈ ॥ ਕੇਵਲ ਉਹ ਹੀ ਅਸਹਿ ਨੂੰ ਸਹਿਣ ਕਰਦਾ ਹੈ, ਜਿਸ ਪਾਸੋਂ ਤੂੰ, ਹੇ ਹਰੀ! ਖ਼ੁਦ ਬਰਦਾਸ਼ਤ ਕਰਵਾਉਂਦਾਂ ਹੈ। ਤਿਸ ਹੀ ਮਿਲਿਆ ਸਚੁ ਮੰਤ੍ਰੁ ਗੁਰ ਮਨਿ ਧਰੈ ॥੩॥ ਕੇਵਲ ਉਸ ਨੂੰ ਸੱਚਾ ਸੁਆਮੀ ਮਿਲਦਾ ਹੈ, ਜੋ ਆਪਣੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਨੂੰ ਟਿਕਾਉਂਦਾ ਹੈ। ਸਲੋਕੁ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ ॥ ਮੁਬਾਰਕ ਹਨ ਉਹ ਸੁੰਦਰ ਤਰਾਨੇ, ਜਿਨ੍ਹਾਂ ਨੂੰ ਉਚਾਰਨ ਕਰਨ ਦੁਆਰਾ ਸਾਰੀ ਤ੍ਰੇਹ ਮਿੱਟ ਜਾਂਦੀ ਹੈ। ਧੰਨੁ ਸੁ ਜੰਤ ਸੁਹਾਵੜੇ ਜੋ ਗੁਰਮੁਖਿ ਜਪਦੇ ਨਾਉ ॥ ਸੁਲੱਖਣੇ ਅਤੇ ਸੁਹਣੇ ਹਨ ਉਹ ਪੁਰਸ਼ ਜੋ ਗੁਰਾਂ ਦੇ ਰਾਹੀਂ, ਸੁਆਮੀ ਦੇ ਨਾਮ ਦਾ ਉਚਾਰਨ ਕਰਦੇ ਹਨ। ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਸਦ ਬਲਿਹਾਰੈ ਜਾਉ ॥ ਜੋ ਇਕ ਚਿੱਤ ਇਕੱ ਸੁਆਮੀ ਦਾ ਸਿਮਰਨ ਕਰਦੇ ਹਨ, ਉਨ੍ਹਾਂ ਉਤੋਂ ਮੈਂ ਸਦੀਵ ਹੀ ਘੋਲੀ ਵੰਝਦਾ ਹਾਂ। ਤਿਨ ਕੀ ਧੂੜਿ ਹਮ ਬਾਛਦੇ ਕਰਮੀ ਪਲੈ ਪਾਇ ॥ ਮੈਂ ਉਨ੍ਹਾਂ ਦੇ ਪੈਰਾਂ ਦੀ ਰੇਣ ਨੂੰ ਲੋਚਦਾ ਹਾਂ; ਸੁਆਮੀ ਦੀ ਦਇਆ ਰਾਹੀਂ ਹੀ ਬੰਦੇ ਨੂੰ ਇਸ ਦੀ ਦਾਤ ਮਿਲਦੀ ਹੈ। ਜੋ ਰਤੇ ਰੰਗਿ ਗੋਵਿਦ ਕੈ ਹਉ ਤਿਨ ਬਲਿਹਾਰੈ ਜਾਉ ॥ ਜੋ ਸ਼੍ਰਿਸ਼ਟੀ ਦੇ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹਨ; ਉਨ੍ਹਾਂ ਉਤੋਂ ਮੈਂ ਸਦੱਕੜੇ ਵੰਝਦਾ ਹਾਂ। ਆਖਾ ਬਿਰਥਾ ਜੀਅ ਕੀ ਹਰਿ ਸਜਣੁ ਮੇਲਹੁ ਰਾਇ ॥ ਮੈਂ ਆਪਣੇ ਮਨ ਦੀ ਅਵਸਥਾ, ਉਨ੍ਹਾਂ ਨੂੰ ਦਸਦਾ ਹਾਂ ਅਤੇ ਬਿਨੈ ਕਰਦਾ ਹਾਂ ਕਿ ਉਹ ਮੈਨੂੰ ਮੇਰੇ ਮਿੱਤਰ ਵਾਹਿਗੁਰੂ ਪਾਤਸ਼ਾਹ ਨਾਲ ਮਿਲਾ ਦੇਣ। ਗੁਰਿ ਪੂਰੈ ਮੇਲਾਇਆ ਜਨਮ ਮਰਣ ਦੁਖੁ ਜਾਇ ॥ ਪੂਰਨ ਗੁਰਾਂ ਨੇ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਮੇਰੀ ਜੰਮਣ ਤੇ ਮਰਨ ਦੀ ਪੀੜ ਦੂਰ ਹੋ ਗਈ ਹੈ। ਜਨ ਨਾਨਕ ਪਾਇਆ ਅਗਮ ਰੂਪੁ ਅਨਤ ਨ ਕਾਹੂ ਜਾਇ ॥੧॥ ਗੋਲੇ ਨਾਨਕ ਨੇ ਬੇਅੰਤ ਸੁੰਦਰ ਸੁਆਮੀ ਨੂੰ ਪਾ ਲਿਆ ਹੈ ਅਤੇ ਹੁਣ ਹੋਰ ਕਿਧਰੇ ਨਹੀਂ ਜਾਂਦਾ। ਮਃ ੫ ॥ ਪੰਜਵੀਂ ਪਾਤਸ਼ਾਹੀ। ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ ॥ ਮੁਬਾਰਕ ਹੈ ਉਹ ਵਕਤ, ਮੁਬਾਰਕ ਉਹ ਘੜੀ, ਧੰਨ ਉਹ ਮੁਹਤ, ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ ॥ ਸ੍ਰੇਸ਼ਟ ਛਿਣ ਸੁਲੱਖਣਾ ਉਹ ਦਿਹਾੜਾ ਅਤੇ ਅਵਸਰ ਜਦ ਗੁਰਦੇਵ ਜੀ ਦਾ ਦਰਸ਼ਨ ਦੇਖਿਆ ਜਾਂਦਾ ਹੈ। ਮਨ ਕੀਆ ਇਛਾ ਪੂਰੀਆ ਹਰਿ ਪਾਇਆ ਅਗਮ ਅਪਾਰੁ ॥ ਪਹੁੰਚ ਤੋਂ ਪਰੇ ਅਤੇ ਬੇਅੰਤ ਪ੍ਰਭੂ ਨੂੰ ਪ੍ਰਾਪਤ ਕਰਨ ਦੁਆਰਾ ਦਿਲ ਦੀਆਂ ਖਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ। ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ ॥ ਤਦ ਇਨਸਾਨ ਦਾ ਗਰੂਰ ਤੇ ਸੰਸਾਰੀ ਮਮਤਾ ਮਿੱਟ ਜਾਂਦੇ ਹਨ ਅਤੇ ਉਹ ਸਿਰਫ ਸੱਚੇ ਨਾਮ ਦਾ ਆਸਰਾ ਹੀ ਲੈ ਲੈਂਦਾ ਹੈ। ਜਨੁ ਨਾਨਕੁ ਲਗਾ ਸੇਵ ਹਰਿ ਉਧਰਿਆ ਸਗਲ ਸੰਸਾਰੁ ॥੨॥ ਜੋ ਵਾਹਿਗੁਰੂ ਦੀ ਟਹਿਲ ਸੇਵਾ ਅੰਦਰ ਜੁੜਦਾ ਹੈ, ਉਸ ਦੇ ਨਾਲ, ਹੇ ਗੋਲੇ ਨਾਨਕ। ਸਾਰੇ ਜੱਗ ਦਾ ਪਾਰ ਉਤਾਰਾ ਹੋ ਜਾਂਦਾ ਹੈ। ਪਉੜੀ ॥ ਪਉੜੀ। ਸਿਫਤਿ ਸਲਾਹਣੁ ਭਗਤਿ ਵਿਰਲੇ ਦਿਤੀਅਨੁ ॥ ਕਿਸੇ ਟਾਂਵੇਂ ਟੱਲੇ ਪੁਰਸ਼ ਨੂੰ ਹੀ ਸੁਆਮੀ ਆਪਣੇ ਪ੍ਰੇਮਮਈ ਸੇਵਾ ਅਤੇ ਆਪਣੀ ਕੀਰਤੀ ਤੇ ਗੁਣਾਂ ਦਾ ਗਾਇਨ ਕਰਨਾ ਪ੍ਰਦਾਨ ਕਰਦਾ ਹੈ। ਸਉਪੇ ਜਿਸੁ ਭੰਡਾਰ ਫਿਰਿ ਪੁਛ ਨ ਲੀਤੀਅਨੁ ॥ ਜਿਸ ਨੂੰ ਪ੍ਰਭੂ ਆਪਣੇ ਖਜ਼ਾਨੇ ਬਖਸ਼ਦਾ ਹੈ, ਉਸ ਪਾਸੋਂ ਉਹ ਮੁੜ ਕੇ ਹਿਸਾਬ ਕਿਤਾਬ ਨਹੀਂ ਲੈਂਦਾ। ਜਿਸ ਨੋ ਲਗਾ ਰੰਗੁ ਸੇ ਰੰਗਿ ਰਤਿਆ ॥ ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ; ਉਹ ਪਰਮ ਪ੍ਰਸੰਨਤਾ ਅੰਦਰ ਸਮਾਏ ਰਹਿੰਦੇ ਹਨ। ਓਨਾ ਇਕੋ ਨਾਮੁ ਅਧਾਰੁ ਇਕਾ ਉਨ ਭਤਿਆ ॥ ਉਨ੍ਹਾਂ ਨੂੰ ਇਕ ਨਾਮ ਦਾ ਹੀ ਆਸਰਾ ਹੈ ਅਤੇ ਕੇਵਲ ਨਾਮ ਹੀ ਉਨ੍ਹਾਂ ਦਾ ਭੋਜਨ ਹੈ। ਓਨਾ ਪਿਛੈ ਜਗੁ ਭੁੰਚੈ ਭੋਗਈ ॥ ਉਨ੍ਹਾਂ ਦੀ ਬਰਕਤ ਦੁਨੀਆ ਖਾਂਦੀ ਪੀਂਦੀ ਅਤੇ ਮੌਜਾਂ ਮਾਣਦੀ ਹੈ। ਓਨਾ ਪਿਆਰਾ ਰਬੁ ਓਨਾਹਾ ਜੋਗਈ ॥ ਉਨ੍ਹਾਂ ਦਾ ਪ੍ਰੀਤਮ ਪ੍ਰਭੂ, ਕੇਵਲ ਉਨ੍ਹਾਂ ਦੀ ਹੀ ਮਲਕੀਅਤ ਹੈ। ਜਿਸੁ ਮਿਲਿਆ ਗੁਰੁ ਆਇ ਤਿਨਿ ਪ੍ਰਭੁ ਜਾਣਿਆ ॥ ਜਿਨ੍ਹਾਂ ਨੂੰ ਆਕੇ ਗੁਰੂ ਜੀ ਮਿਲ ਪੈਂਦੇ ਹਨ; ਕੇਵਲ ਉਹ ਹੀ ਆਪਣੇ ਠਾਕੁਰ ਨੂੰ ਅਨੁਭਵ ਕਰਦੇ ਹਨ। ਹਉ ਬਲਿਹਾਰੀ ਤਿਨ ਜਿ ਖਸਮੈ ਭਾਣਿਆ ॥੪॥ ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਜਿਹੜੇ ਆਪਣੇ ਸੁਆਮੀ ਨੂੰ ਚੰਗੇ ਲਗਦੇ ਹਨ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਹਰਿ ਇਕਸੈ ਨਾਲਿ ਮੈ ਦੋਸਤੀ ਹਰਿ ਇਕਸੈ ਨਾਲਿ ਮੈ ਰੰਗੁ ॥ ਇੱਕੋ ਵਾਹਿਗੁਰੂ ਨਾਲ ਮੇਰੀ ਯਾਰੀ ਹੈ ਅਤੇ ਕੇਵਲ ਇਕ ਵਾਹਿਗੁਰੂ ਨੂੰ ਹੀ ਮੈਂ ਪਿਆਰ ਕਰਦਾ ਹਾਂ। ਹਰਿ ਇਕੋ ਮੇਰਾ ਸਜਣੋ ਹਰਿ ਇਕਸੈ ਨਾਲਿ ਮੈ ਸੰਗੁ ॥ ਸਿਰਫ ਵਾਹਿਗੁਰੂ ਹੀ ਮੈਡਾਂ ਮਿੱਤਰ ਹੈ ਅਤੇ ਸਿਰਫ ਵਾਹਿਗੁਰੂ ਨਾਲ ਹੀ ਮੇਰਾ ਮੇਲ ਮਿਲਾਪ ਹੈ। ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੈ ਨ ਭੰਗੁ ॥ ਮੇਰੀ ਗੱਲ ਬਾਤ ਕੇਵਲ ਪ੍ਰਭੂ ਨਾਲ ਹੀ ਹੈ, ਜੋ ਨਾਂ ਹੀ ਆਪਣੇ ਮੂੰਹ ਉੱਤੇ ਤਿਊੜੀ ਪਾਉਂਦਾ ਹੈ ਨਾਂ ਹੀ ਮੂੰਹ ਮੌੜਦਾ ਹੈ। ਜਾਣੈ ਬਿਰਥਾ ਜੀਅ ਕੀ ਕਦੇ ਨ ਮੋੜੈ ਰੰਗੁ ॥ ਉਹ ਇਨਸਾਨ ਦੇ ਮਨ ਦੀ ਅਵਸਥਾ ਨੂੰ ਜਾਣਦਾ ਹੈ ਅਤੇ ਪਿਆਰ ਦਾ ਕਦਾਚਿੱਤ ਨਿਰਾਦਰ ਨਹੀਂ ਕਰਦਾ। ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ ॥ ਕੇਵਲ ਵਾਹਿਗੁਰੂ ਹੀ ਮੇਰਾ ਸਲਾਹਕਾਰ ਹੈ ਜੋ ਢਾਹੁਣ ਅਤੇ ਰਚਨ ਦੇ ਯੋਗ ਹੈ। ਹਰਿ ਇਕੋ ਮੇਰਾ ਦਾਤਾਰੁ ਹੈ ਸਿਰਿ ਦਾਤਿਆ ਜਗ ਹਥੁ ॥ ਕੇਵਲ ਵਾਹਿਗੁਰੂ ਹੀ ਮੈਡਾਂ ਦਾਤਾ ਸੁਆਮੀ ਹੈ ਜੋ ਸੰਸਾਰ ਦੇ ਦਾਨੀਆ ਦੇ ਸੀਸ ਉਤੇ ਆਪਣਾ ਹੱਥ ਰੱਖਦਾ ਹੈ। ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ ॥ ਮੈਨੂੰ ਇਕ ਪ੍ਰਭੂ ਦਾ ਹੀ ਆਸਰਾ ਹੈ ਜੋ ਸਾਰਿਆਂ ਦੇ ਸੀਸਾਂ ਉਤੇ ਸਰਬ ਸ਼ਕਤੀਵਾਨ ਹੈ। ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ ॥ ਮੇਰੇ ਮੱਥੇ ਉੱਤੇ ਆਪਣਾ ਹੱਕ ਟੇਕ ਕੇ, ਸਾਧ ਸਰੂਪ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ। copyright GurbaniShare.com all right reserved. Email |