Page 977

ਹਰਿ ਤੁਮ ਵਡ ਅਗਮ ਅਗੋਚਰ ਸੁਆਮੀ ਸਭਿ ਧਿਆਵਹਿ ਹਰਿ ਰੁੜਣੇ ॥
ਹੇ ਸਾਹਿਬ ਮਾਲਕ! ਤੂੰ ਵਿਸ਼ਾਲ, ਪਹੁੰਚ ਤੋਂ ਪਰੇ ਅਤੇ ਅਗਾਧ ਹੈਂ। ਸਾਰੇ ਤੇਰਾ ਸਿਮਰਨ ਕਰਦੇ ਹਨ, ਹੇ ਸੋਹਣੇ ਸੁਨੱਖੇ ਵਾਹਿਗੁਰੂ।

ਜਿਨ ਕਉ ਤੁਮ੍ਹ੍ਹਰੇ ਵਡ ਕਟਾਖ ਹੈ ਤੇ ਗੁਰਮੁਖਿ ਹਰਿ ਸਿਮਰਣੇ ॥੧॥
ਜਿਨ੍ਹਾਂ ਨੂੰ ਤੂੰ ਆਪਣੀ ਭਾਰੀ ਮਿਹਰ ਦੀ ਅੱਖ ਨਾਲ ਵੇਖਦਾ ਹੈਂ, ਉਹ ਗੁਰਾਂ ਦੇ ਰਾਹੀਂ, ਤੈਨੂੰ ਆਰਾਧਦੇ ਹਨ, ਹੇ ਸੁਆਮੀ!

ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥
ਇਹ ਸੰਸਾਰ ਸੁਆਮੀ ਮਾਲਕ ਦੀ ਰਚਨਾ ਹੈ। ਉਹ ਆਲਮ ਦੀ ਜਿੰਦ ਜਾਨ ਹੈ ਅਤੇ ਸਾਰਿਆਂ ਨਾਲ ਜੁੜਿਆ ਹੋਇਆ ਹੈ।

ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥੨॥
ਜਿਸ ਤਰ੍ਹਾਂ ਕ੍ਰੋੜਾਂ ਦੀ ਪਾਣੀ ਦੀਆਂ ਲਹਿਰਾਂ ਪਾਣੀ ਤੋਂ ਉਤਪੰਨ ਹੁੰਦੀਆਂ ਹਨ ਅਤੇ ਓੂੜਕ ਨੂੰ ਪਾਣੀ ਦੀਆਂ ਲਹਿਰਾਂ ਪਾਣੀ ਨਾਲ ਹੀ ਅਭੇਦ ਅਤੇ ਪਾਣੀ ਵਿੱਚ ਲੀਨ ਹੋ ਜਾਂਦੀਆਂ ਹਨ, ਏਸੇ ਤਰ੍ਹਾਂ ਦੀ ਹੀ ਹੈ ਸੁਆਮੀ ਦੀ ਰਚਨਾ।

ਜੋ ਪ੍ਰਭ ਕੀਆ ਸੁ ਤੁਮ ਹੀ ਜਾਨਹੁ ਹਮ ਨਹ ਜਾਣੀ ਹਰਿ ਗਹਣੇ ॥
ਮੇਰੇ, ਸੁਆਮੀ, ਜਿਹੜਾ ਕੁਛ ਤੂੰ ਕਰਦਾ ਹੈਂ, ਉਸ ਨੂੰ ਕੇਵਲ ਤੂੰ ਹੀ ਜਾਣਦਾ ਹੈ। ਮੈਂ ਤੇਰਿਆਂ ਕੌਤਕਾਂ ਨੂੰ ਅਨੁਭਵ ਜਾਂ ਪਕੜ ਨਹੀਂ ਸਕਦਾ।

ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ॥੩॥
ਮੈਂ ਤਰਾ ਬੱਚਾ ਹਾਂ, ਹੇ ਸੁਆਮੀ! ਤੂੰ ਆਪਣੀ ਕੀਰਤੀ ਮੇਰੇ ਹਿਰਦੇ ਅੰਦਰ ਟਿਕਾ, ਤਾਂ ਜੋ ਮੈਂ ਤੇਰਾ ਆਰਾਧਨ ਕਰਾਂ।

ਤੁਮ ਜਲ ਨਿਧਿ ਹਰਿ ਮਾਨ ਸਰੋਵਰ ਜੋ ਸੇਵੈ ਸਭ ਫਲਣੇ ॥
ਤੂੰ, ਹੇ ਸਾਈਂ। ਪਾਣੀ ਦਾ ਖਜ਼ਾਨਾ, ਮਾਨਸਰੋਵਰ ਛੰਭ ਹੈਂ। ਜਿਹੜੇ ਭੀ ਤੇਰੀ ਟਹਿਲ ਕਮਾਉਂਦੇ ਹਨ, ਉਹ ਸਾਰੇ ਮੇਵੇ ਨੂੰ ਪ੍ਰਾਪਤ ਕਰ ਲੈਂਦੇ ਹਨ।

ਜਨੁ ਨਾਨਕੁ ਹਰਿ ਹਰਿ ਹਰਿ ਹਰਿ ਬਾਂਛੈ ਹਰਿ ਦੇਵਹੁ ਕਰਿ ਕ੍ਰਿਪਣੇ ॥੪॥੬॥
ਨਫਰ ਨਾਨਕ ਸਾਂਈਂ, ਸਾਂਈਂ, ਸਾਈਂ ਦੇ ਨਾਮ ਨੂੰ ਲੋਚਦਾ ਹੈ। ਹੇ ਵਾਹਿਗੁਰੂ! ਆਪਣੀ ਦਇਆ ਦੁਆਰਾ ਤੂੰ ਉਸ ਨੂੰ ਇਸ ਦੀ ਦਾਤ ਬਖਸ਼।

ਨਟ ਨਾਰਾਇਨ ਮਹਲਾ ੪ ਪੜਤਾਲ
ਨਟ ਨਾਰਾਇਨ। ਚੌਥੀ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਮੇਰੇ ਮਨ ਸੇਵ ਸਫਲ ਹਰਿ ਘਾਲ ॥
ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਦੀ ਟਹਿਲ ਕਮਾ, ਤਾਂ ਜੋ ਤੈਨੂੰ ਫਲ ਪ੍ਰਾਪਤ ਹੋ ਜਾਵੇ।

ਲੇ ਗੁਰ ਪਗ ਰੇਨ ਰਵਾਲ ॥
ਤੂੰ ਗੁਰਾਂ ਦੇ ਪੈਰਾਂ ਦੀ ਖਾਕ ਤੇ ਧੂੜ ਨੂੰ ਪ੍ਰਾਪਤ ਕਰ।

ਸਭਿ ਦਾਲਿਦ ਭੰਜਿ ਦੁਖ ਦਾਲ ॥
ਇਸ ਤਰ੍ਹਾਂ, ਤੇਰੀ ਸਾਰੀ ਗਰੀਬੀ ਦੂਰ ਹੋ ਜਾਊਗੀ ਅਤੇ ਤਕਲੀਫ ਅਲੋਪ।

ਹਰਿ ਹੋ ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥
ਤਦ ਤੂੰ ਵਾਹਿਗੁਰੂ ਦੀ ਦਇਆ ਦੁਆਰਾ ਅਵੱਸ਼ ਪਰਮ ਪ੍ਰਸੰਨ ਥੀ ਵੰਝੇਗਾ। ਠਹਿਰਾਉ।

ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥
ਵਾਹਿਗੁਰੂ ਦੇ ਘਰ ਨੂੰ ਵਾਹਿਗੁਰੂ ਖੁਦ ਹੀ ਸ਼ਸ਼ੋਭਤ ਕਰਦਾ ਹੈ। ਈਸ਼ਵਰੀ ਆਨੰਦ ਮਾਨਣ ਲਈ ਇਹ ਰਸੀਲਾ ਮੰਦਰ ਹੈ ਅਤੇ ਇਹ ਅਣਗਿਣਤ ਜਵਾਹਿਰਾਤ ਪਿਆਰੇ ਪ੍ਰਭੂ ਦੇ ਜਵਾਹਿਰਾਤ ਨਾਲ ਜੜਿਆ ਹੋਇਆ ਹੈ।

ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ॥੧॥
ਆਪਣੀ ਰਹਿਮਤ ਧਾਰ ਕੇ, ਵਾਹਿਗੁਰੂ ਖੁਦ ਹੀ ਮੇਰੇ ਹਿਰਦੇ-ਘਰ ਵਿੱਚ ਆ ਗਿਆ ਹੈ। ਗੁਰਦੇਵ ਜੀ ਨੇ ਪ੍ਰਭੂ ਅੱਗੇ ਮੇਰੇ ਪੱਖ ਦੀ ਵਕਾਲਤ ਕੀਤੀ ਹੈ। ਆਪਣੇ ਮਾਲਕ ਨੂੰ ਵੇਖ ਕੇ, ਮੈਂ ਅਨੰਦ, ਅਨੰਦ, ਅਨੰਦ, ਅਨੰਦ ਥੀ ਗਿਆ ਹਾਂ।

ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥
ਗੁਰਦੇਵ ਜੀ ਪਾਸੋਂ ਮੈਨੂੰ ਆਪਣੇ ਸੁਆਮੀ ਦੇ ਆਉਣ ਦੀ ਕਣਸੋ ਮਿਲੀ! ਵਾਹਿਗੁਰੂ ਆਪਣੇ ਪ੍ਰੀਤਮ ਵਾਹਿਗੁਰੂ ਦਾ ਆਉਣਾ ਸੁਣ ਕੇ, ਮੇਰਾ ਚਿੱਤ ਅਤੇ ਸਰੀਰ ਪਰਮ ਪ੍ਰਸੰਨ ਹੋ ਗਏ।

ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥੨॥੧॥੭॥
ਸੁਆਮੀ ਵਾਹਿਗੁਰੂ ਨਾਲ ਮਿਲ ਕੇ, ਨਫਰ ਨਾਨਕ ਮਗਨਤਾ ਦੀ ਹਾਲਤ ਵਿੱਚ ਹੋ ਗਿਆ ਹੈ ਅਤੇ ਨਿਹਾਹਿਤ ਹੀ ਖੁਸ਼ ਹੈ।

ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।

ਮਨ ਮਿਲੁ ਸੰਤਸੰਗਤਿ ਸੁਭਵੰਤੀ ॥
ਸਾਧ ਸੰਗਤ ਨਾਲ ਜੁੜ ਕੇ, ਹੇ ਮੇਰੀ ਜਿੰਦੜੀਏ! ਤੂੰ ਕੀਰਤੀਮਾਨ ਥੀ ਵੰਝ।

ਸੁਨਿ ਅਕਥ ਕਥਾ ਸੁਖਵੰਤੀ ॥
ਤੂੰ ਅਕਹਿ ਸੁਆਮੀ ਦੀ, ਸੁਖਦਾਨੀ ਕਥਾ ਵਾਰਤਾ ਨੂੰ ਸ੍ਰਵਣ ਕਰ।

ਸਭ ਕਿਲਬਿਖ ਪਾਪ ਲਹੰਤੀ ॥
ਤੇਰੇ ਸਾਰੇ ਕੁਕਰਮ ਅਤੇ ਗੁਨਾਹ ਧੋਤੇ ਜਾਣਗੇ।

ਹਰਿ ਹੋ ਹੋ ਹੋ ਲਿਖਤੁ ਲਿਖੰਤੀ ॥੧॥ ਰਹਾਉ ॥
ਆਪਣੇ ਲਈ ਪੂਰਬਲੀ ਲਿਖੀ ਹੋਈ ਲਿਖਤਕਾਰ ਅਨੁਸਾਰ ਤੂੰ ਆਪਣੇ ਵਾਹਿਗੁਰੂ ਦੇ ਸਮਰਪਣ ਥੀ ਵੰਝ। ਠਹਿਰਾਉ।

ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥
ਸ਼੍ਰੇਸ਼ਟ ਹੈ ਸੁਆਮੀ ਦੀ ਸਿਫ਼ਤ ਸ਼ਲਾਘਾ ਇਸ ਕਾਲੇਯੁੱਗ ਅੰਦਰ। ਗੁਰਾਂ ਦੀ ਸਿਖਿਆ ਰਾਹੀਂ ਸਮਝ ਪ੍ਰਾਪਤ ਕਰ। ਤੂੰ ਆਪਣੇ ਪ੍ਰਭੁ ਦੀ ਕਥਾ ਵਾਰਤਾ ਦੀ ਸੋਚ ਵਿਚਾਰ ਕਰ।

ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ ਕੈ ਹਉ ਕੁਰਬਾਨੰਤੀ ॥੧॥
ਜੋ ਪੁਰਸ਼ ਵਾਹਿਗੁਰੂ ਦੀ ਮਹਿਮਾ ਸੁਣਦਾ ਹੈ ਅਤੇ ਜੋ ਪੁਰਸ਼ ਇਸ ਅੰਦਰ ਵਿਸ਼ਵਾਸ਼ ਧਾਰਦਾ ਹੈ; ਉਸ ਪੁਰਸ਼ ਉੱਤੋਂ ਮੈਂ ਬਲਿਹਾਰਨੇ ਵੰਝਦਾ ਹਾਂ।

ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ ॥
ਜੋ ਵਾਹਿਗੁਰੂ ਦੀ ਅਕਹਿ ਵਾਰਤਾ ਦੇ ਅੰਮ੍ਰਿਤ ਨੂੰ ਚੱਖਦਾ ਹੈ; ਉਸ ਇਨਸਾਨ ਦੀ ਸਾਰੀ ਭੁੱਖ ਨਵਿਰਤ ਹੋ ਜਾਂਦੀ ਹੈ।

ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ ॥੨॥੨॥੮॥
ਗੋਲਾ ਨਾਨਕ ਵਾਹਿਗੁਰੂ ਦੀ ਕਥਾਵਾਰਤਾ ਸ੍ਰਵਨ ਕਰਨ ਦੁਆਰਾ ਰੱਜ ਗਿਆ ਹੈ ਅਤੇ ਵਾਹਿਗੁਰੂ ਦੇ ਨਾਮ ਨੂੰ ਉਚਾਰ ਕੇ ਖੁਦ ਵਾਹਿਗੁਰੂ ਦਾ ਰੂਪ ਥੀ ਗਿਆ ਹੈ।

ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।

ਕੋਈ ਆਨਿ ਸੁਨਾਵੈ ਹਰਿ ਕੀ ਹਰਿ ਗਾਲ ॥
ਕੋਈ ਜਣਾ ਆ ਕੇ ਮੈਨੂੰ ਪ੍ਰਭੂ ਦੀ ਈਸ਼ਵਰੀ ਗੱਲਬਾਤ ਸੁਣਾਵੇਂ।

ਤਿਸ ਕਉ ਹਉ ਬਲਿ ਬਲਿ ਬਾਲ ॥
ਉਸ ਉਤੋਂ ਮੈਂ ਘੋਲੀ, ਘੋਲੀ, ਘੋਲੀ ਵੰਝਦਾ ਹਾਂ।

ਸੋ ਹਰਿ ਜਨੁ ਹੈ ਭਲ ਭਾਲ ॥
ਉਹ ਰੱਬ ਦਾ ਬੰਦਾ ਸ਼੍ਰੇਸ਼ਟਾਂ ਦਾ ਪਰਮ ਸ਼੍ਰੇਸ਼ਟ ਹੈ।

copyright GurbaniShare.com all right reserved. Email