Page 992

ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ ॥
ਗੁਰੂ ਜੀ ਆਖਦੇ ਹਨ, ਜੇਕਰ ਆਪਣੇ ਦਿਲ ਦੇ ਦਿਲ ਅੰਦਰ ਇਨਸਾਨ ਆਪਣੇ ਪ੍ਰਭੂ ਦਾ ਸਿਮਰਨ ਕਰੇ ਤਾਂ ਆਪਣੇ ਹਰ ਸੁਆਸ ਨਾਲ ਉਹ ਸੁਧਾਰਸ ਪਾਨ ਕਰਦਾ ਹੈ।

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੩॥੯॥
ਇਸ ਤਰੀਕੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਅਤੇ ਤੇਰੀ ਆਤਮਾ (ਰਾਜਹੰਸ) ਉਡਾਰੀ ਮਾਰ ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ ਦੀ ਦੀਵਾਰ ਨਿਸਫਲ ਨਾਸ ਨਹੀਂ ਹੋਵੇਗੀ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ ॥
ਨਾਂ ਧਨ-ਦੌਲਤ ਦੀ ਖ਼ਾਹਿਸ਼ ਮਿਟਦੀ ਹੈ, ਨਾਂ ਹੀ ਮਨ ਕਾਬੂ ਆਉਂਦਾ ਹੈ। ਸੰਸਾਰੀ ਖ਼ਾਹਿਸ਼ਾਂ ਸੰਸਾਰ ਸਮੁੰਦਰ ਦੇ ਤ੍ਰੰਗ ਹਨ ਅਤੇ ਉਨ੍ਹਾਂ ਦੀ ਸ਼ਰਾਬ ਨਾਲ ਇਨਸਾਨ ਮਤਵਾਲਾ ਹੋਇਆ ਹੋਇਆ ਹੈ।

ਬੋਹਿਥੁ ਜਲ ਸਿਰਿ ਤਰਿ ਟਿਕੈ ਸਾਚਾ ਵਖਰੁ ਜਿਤੁ ॥
ਦੇਹ ਜਹਾਜ਼ ਜਿਸ ਦੇ ਅੰਦਰ ਸੱਚੇ ਨਾਮ ਦੀ ਪੂੰਜੀ ਹੈ, ਪਾਣੀ ਉੱਤੇ ਦੀ ਤਰ ਕੇ ਪਾਰ ਜਾ ਟਿਕਦਾ ਹੈ।

ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ ॥
ਚਿੱਤ ਦੇ ਅੰਦਰਲਾ ਨਾਮ ਹੀਰਾ ਮਨੂਏ ਨੂੰ ਵਸ ਵਿੱਚ ਕਰ ਲੈਂਦਾ ਹੈ ਅਤੇ ਸੱਚ ਦੇ ਨਾਲ ਜੁੜੇ ਹੋਏ ਮਨ ਨੂੰ ਵਿਛੜਾ ਨਹੀਂ ਵਾਪਰਦਾ।

ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ॥੧॥
ਪ੍ਰਭੂ ਦੇ ਡਰ ਅਤੇ ਪੰਜਾਂ ਨੇਕੀਆਂ ਨਾਲ ਰੰਗੀਜਿਆ ਹੋਇਆ ਜੀਵ, ਪਾਤਿਸ਼ਾਹ, ਰਾਜਸਿੰਘਾਸਣ ਤੇ ਬੈਠ ਜਾਂਦਾ ਹੈ।

ਬਾਬਾ ਸਾਚਾ ਸਾਹਿਬੁ ਦੂਰਿ ਨ ਦੇਖੁ ॥
ਹੇ ਪਿਤਾ! ਤੂੰ ਆਪਣੇ ਸੱਚੇ ਸੁਆਮੀ ਨੂੰ ਦੁਰੇਡੇ ਨਾਂ ਤੱਕ।

ਸਰਬ ਜੋਤਿ ਜਗਜੀਵਨਾ ਸਿਰਿ ਸਿਰਿ ਸਾਚਾ ਲੇਖੁ ॥੧॥ ਰਹਾਉ ॥
ਜਗਤ ਦੀ ਜਿੰਦ ਜਾਨ ਵਾਹਿਗੁਰੂ ਦੀ ਰੋਸ਼ਨੀ ਹਰ ਥਾਂ ਵਿਆਪਕ ਹੋ ਰਹੀ ਹੈ ਤੇ ਹਰ ਸੀਸ ਦੇ ਉੱਤੇ ਸੱਚੇ ਸਾਈਂ ਦੀ ਲਿਖਤਾਕਾਰ ਹੈ। ਠਹਿਰਾਉ।

ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ ॥
ਬ੍ਰਚਮਾ, ਵਿਸ਼ਨੂੰ, ਰਿਸ਼ੀ, ਮੋਨੀ ਸਾਧੂ, ਸ਼ਿਵਜੀ, ਇੰਦ੍ਰ; ਤਪੱਸਵੀ ਅਤੇ ਮੰਗਤੇ।

ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ ॥
ਏਨਾਂ ਵਿਚੋਂ ਜਿਹੜਾ ਕੋਈ ਭੀ ਸਾਹਿਬ ਦੀ ਰਜ਼ਾ ਦੀ ਪਾਲਣਾ ਕਰਦਾ ਹੈ, ਉਹ ਸੱਚੇ ਦਰਬਾਰ ਅੰਦਰ ਸੁੰਦਰ ਲਗਦਾ ਹੈ ਅਤੇ ਬਾਗੀ ਤੇ ਆਕੜਖਾਂ ਮਰ ਮੁੱਕ ਜਾਂਦੇ ਹਨ।

ਜੰਗਮ ਜੋਧ ਜਤੀ ਸੰਨਿਆਸੀ ਗੁਰਿ ਪੂਰੈ ਵੀਚਾਰੀ ॥
ਪੂਰਨ ਗੁਰਦੇਵ ਜੀ ਦੇ ਰਾਹੀਂ ਮੈਂ ਜਾਣ ਲਿਆ ਹੈ ਕਿ ਰਮਤੇ ਸਾਧੂਆਂ, ਸੂਰਮਿਆਂ, ਪ੍ਰਹੇਜ਼ਗਾਰਾਂ ਅਤੇ ਇਕਾਂਤੀਆਂ ਦੇ ਵਿਚੋਂ,

ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ ॥੨॥
ਬਗੈਰ ਸੁਆਮੀ ਦੀ ਟਹਿਲ ਸੇਵਾ ਦੇ, ਕਿਸੇ ਨੂੰ ਭੀ ਕਦੇ ਮੇਵਾ ਪਰਾਪਤ ਨਹੀਂ ਹੁੰਦਾ। ਉਸ ਦੀ ਟਹਿਲ ਸੇਵਾ ਹੀ ਪਰਮ ਸ੍ਰੇਸ਼ਟ ਅਮਲ ਹੈ।

ਨਿਧਨਿਆ ਧਨੁ ਨਿਗੁਰਿਆ ਗੁਰੁ ਨਿੰਮਾਣਿਆ ਤੂ ਮਾਣੁ ॥
ਹੇ ਮੇਰੇ ਮਾਲਕ! ਤੂੰ ਕੰਗਾਲਾਂ ਦੀ ਦੌਲਤ, ਗੁਰੂ-ਵਿਹੂਣਾਂ ਦਾ ਗੁਰੂ ਅਤੇ ਗਰੀਬਾਂ ਆਜਜਾਂ ਦੀ ਇੱਜ਼ਤ ਹੈ।

ਅੰਧੁਲੈ ਮਾਣਕੁ ਗੁਰੁ ਪਕੜਿਆ ਨਿਤਾਣਿਆ ਤੂ ਤਾਣੁ ॥
ਮੈਂ ਅੰਨ੍ਹੇ ਇਨਸਾਨ, ਨੇ ਗੁਰੂ ਜਵੇਹਰ ਦਾ ਪੱਲਾ ਫੜਿਆ ਹੈ। ਤੂੰ, ਹੇ ਸਾਈਂ ਨਿਰਬਲਿਆਂ ਦਾ ਬਲ ਹੈਂ।

ਹੋਮ ਜਪਾ ਨਹੀ ਜਾਣਿਆ ਗੁਰਮਤੀ ਸਾਚੁ ਪਛਾਣੁ ॥
ਅਹੂਤੀ ਦੇਣ ਅਤੇ ਧਾਰਮਕ ਪੁਸਤਕਾਂ ਦੇ ਪਾਠ ਰਾਹੀਂ ਸੁਆਮੀ ਜਾਣਿਆ ਨਹੀਂ ਜਾਂਦਾ। ਗੁਰਾਂ ਦੇ ਉਪਦੇਸ਼ ਦੁਆਰਾ ਸਤਿਪੁਰਖ ਅਨੁਭਵ ਕੀਤਾ ਜਾਂਦਾ ਹੈ।

ਨਾਮ ਬਿਨਾ ਨਾਹੀ ਦਰਿ ਢੋਈ ਝੂਠਾ ਆਵਣ ਜਾਣੁ ॥੩॥
ਨਾਮ ਦੇ ਬਾਝੋਂ ਪ੍ਰਭੂ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ। ਕੂੜੇ ਇਨਸਾਨ ਆਉਂਦੇ ਅਤੇ ਜਾਂਦੇ ਰਹਿੰਦੇ ਹਨ।

ਸਾਚਾ ਨਾਮੁ ਸਲਾਹੀਐ ਸਾਚੇ ਤੇ ਤ੍ਰਿਪਤਿ ਹੋਇ ॥
ਤੂੰ ਸੱਚੇ ਨਾਮ ਦੀ ਸਿਫ਼ਤ ਸ਼ਲਾਘਾ ਕਰ। ਸੱਚੇ ਨਾਮ ਦੇ ਰਾਹੀਂ ਹੀ ਮਨੁਸ਼ ਨੂੰ ਰੱਜ ਆਉਂਦਾ ਹੈ।

ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ ॥
ਜੇਕਰ ਬੰਦਾ ਆਪਣੀ ਆਤਮਾ ਨੂੰ ਬ੍ਰਹਮ ਗਿਆਤਾ ਦੇ ਹੀਰੇ ਨਾਲ ਸਾਫ਼ ਕਰ ਲਵੇ, ਇਹ ਮੁੜ ਕੇ ਗੰਦੀ ਨਹੀਂ ਹੁੰਦੀ।

ਜਬ ਲਗੁ ਸਾਹਿਬੁ ਮਨਿ ਵਸੈ ਤਬ ਲਗੁ ਬਿਘਨੁ ਨ ਹੋਇ ॥
ਜਦ ਤਾਂਈਂ ਸਾਈਂ ਬੰਦੇ ਦੇ ਚਿੱਤ ਅੰਦਰ ਵਸਦਾ ਹੈ, ਉਦੋਂ ਤਾਂਈਂ ਉਸ ਨੂੰ ਕੋਈ ਵੀ ਔਕੜ ਨਹੀਂ ਵਾਪਰਦੀ।

ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ ॥੪॥੧੦॥
ਨਾਨਕ, ਸੁਆਮੀ ਨੂੰ ਆਪਣਾ ਸੀਸ ਸਮਰਪਣ ਕਰਲ ਦੁਆਰਾ ਬੰਦਾ ਬੰਦ-ਖ਼ਲਾਸ ਹੋ ਜਾਂਦਾ ਹੈ ਅਤੇ ਪਵਿਤ੍ਰ ਥੀ ਵੰਝਦੀ ਹੈ ਉਸ ਦੀ ਅਤਮਾ ਅਤੇ ਦੇਹ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਨ ਰਾਤੀ ॥
ਯੋਗੀ ਜੋ ਸੁਆਮੀ ਦੇ ਨਾਮ ਨਾਲ ਜੁੜਿਆ ਹੋਇਆ ਹੈ ਪਵਿੱਤਰ ਹੈ। ਉਸ ਨੂੰ ਇਕ ਭੋਰਾ ਭਰ ਭੀ ਮਲੀਣਤਾ ਨਹੀਂ ਚਿਮੜਦੀ।

ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ ॥੧॥
ਪਿਆਰੇ ਸੱਚੇ ਸੁਆਮੀ ਨੂੰ ਉਹ ਹਮੇਸ਼ਾਂ ਆਪਣੇ ਨਾਲ ਜਾਣਦਾ ਹੈ ਅਤੇ ਉਸ ਦੇ ਆਉਣ ਤੇ ਜਾਣ ਦੀ ਹਾਲਤ ਮੁਕ ਜਾਂਦੀ ਹੈ।

ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ ॥
ਹੇ ਕੁਲ ਆਲਮ ਦੇ ਸੁਆਮੀ! ਕਿਹੋ ਜੇਹਾ ਹੈ ਤੈਡਾਂ ਨਾਮ ਅਤੇ ਇਹ ਕਿਸ ਤਰ੍ਹਾਂ ਜਾਣਿਆ ਜਾਂਦਾ ਹੈ?

ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ ॥੧॥ ਰਹਾਉ ॥
ਜੇਕਰ ਤੂੰ ਮੈਨੂੰ ਆਪਣੀ ਹਜ਼ੂਰੀ ਵਿੱਚ ਸੱਦ ਲਵੇਂ, ਤਦ ਮੈਂ ਤੈਨੂੰ ਇਹ ਗੱਲ ਪੁਛਾਂਗਾ ਕਿ ਪ੍ਰਾਣੀ ਕਿਸ ਤਰ੍ਹਾਂ ਤੇਰੇ ਨਾਲ ਇਕ ਮਿਕ ਹੋ ਸਕਦਾ ਹੈ? ਠਹਿਰਾਉ।

ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ ॥
ਕੇਵਲ ਉਹ ਹੀ ਬ੍ਰਹਮਣ ਹੈ, ਜੋ ਰੱਬ ਦੀ ਗਿਆਤ ਅੰਦਰ ਨ੍ਹਾਉਂਦਾ ਹੈ ਅਤੇ ਜਿਸ ਦੇ ਕੋਲ ਉਪਾਸ਼ਨਾ ਦੇ ਪਤਿਆਂ ਦੀ ਥਾਂ ਤੇ ਵਾਹਿਗੁਰੂ ਦੀ ਕੀਰਤੀ ਹੈ।

ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ ॥੨॥
ਤਿੰਨਾਂ ਹੀ ਜਹਾਨਾਂ ਅੰਦਰ ਕੇਵਲ ਇਕ ਨਾਮ, ਇਕ ਵਿਆਪਕ ਵਾਹਿਗੁਰੂ ਤੇ ਇਕ ਹੀ ਨੂਰ ਹੈ।

ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥
ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਅਤੇ ਇਸ ਮਨ ਨੂੰ ਪਲੜਾ ਬਣਾ ਕੇ, ਮੈਂ ਅਮਾਪ ਨਾਮ ਨੂੰ ਜੋਖਦਾ ਹਾਂ।

ਏਕੋ ਹਾਟੁ ਸਾਹੁ ਸਭਨਾ ਸਿਰਿ ਵਣਜਾਰੇ ਇਕ ਭਾਤੀ ॥੩॥
ਕੇਵਲ ਇਕੋ ਹੀ ਹੱਟੀ ਹੈ ਤੇ ਸਾਰਿਆਂ ਦੇ ਉਪਰ ਇਕ ਹੀ ਸ੍ਰੋਮਣੀ ਸੁਦਾਗਰ। ਸਾਰੇ ਛੋਟੇ ਵਾਪਾਰੀ ਇਕ ਹੀ ਕਿਸਮ ਦੀ ਵਸਤੂ ਦਾ ਵਾਪਾਰ ਕਰਦੇ ਹਨ।

ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥
ਦੋਹਾਂ ਕਿਨਾਰਿਆਂ ਤੇ ਸੱਚੇ ਗੁਰੂ ਹੀ ਪਾਰ ਉਤਾਰਾ ਕਰਦੇ ਹਨ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ ਜੋ ਇਕ ਸਾਈਂ ਨੂੰ ਪਿਆਰ ਕਰਦਾ ਹੈ ਅਤੇ ਜਿਸ ਦਾ ਮਨ ਭਰਮ ਤੋਂ ਰਹਿਤ ਹੈ।

ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ ॥੪॥
ਜੋ ਦਿਨ ਰਾਤ ਹਮੇਸ਼ਾਂ ਆਪਣੇ ਸਾਹਿਬ ਦੀ ਸੇਵਾ ਕਮਾਉਂਦਾ ਹੈ ਉਹ ਸੰਦੇਹ ਰਹਿਤ ਹੋ ਜਾਂਦਾ ਹੈ ਤੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਲੈਂਦਾ ਹੈ।

ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥
ਉਪਰ ਆਸਮਾਨ ਹੈ, ਆਸਮਾਨ ਦੇ ਉਤੇ ਸੰਸਾਰ ਦਾ ਰਖਿਅਕ ਵਾਹਿਗੁਰੂ ਹੈ ਅਤੇ ਉਸ ਸੰਸਾਰ ਦਾ ਬੇਅੰਦਾਜ਼ ਵੱਡਾ ਸਾਈਂ ਉਥੇ ਵਸਦਾ ਹੈ।

ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥੫॥੧੧॥
ਗੁਰਾਂ ਦੇ ਉਪਦੇਸ਼ ਦੁਆਰਾ, ਬਾਹਰਵਾਰ ਅਤੇ ਘਰ ਨੂੰ ਮੈਂ ਇਕ ਸਮਾਨ ਜਾਣਦਾ ਹਾਂ। ਨਾਨਕ ਐਹੋ ਜੇਹਾ ਤਿਆਗੀ ਥੀ ਗਿਆ ਹੈ।

copyright GurbaniShare.com all right reserved. Email