Page 991

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥
ਹੇ ਸੁਆਮੀ! ਮੈਂ ਤੇਰਾ ਮੁੱਲ ਮਿਲਾ ਹੋਇਆ ਸੇਵਕ ਅਤੇ ਗੁਲਾਮ ਹਾਂ ਅਤੇ ਮੈਡਾਂ ਨਾਮ ਕਰਮਾਂ ਵਾਲਾ ਹੈ।

ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥
ਤੇਰੀ ਗੁਰਬਾਣੀ ਦੇ ਵਟਾਂਦਰੇ ਵਿੱਚ, ਹੇ ਸੁਆਮੀ! ਮੈਂ ਆਪਣੇ ਆਪ ਨੂੰ ਤੇਰੀ ਹੱਟੀ ਉਤੇ ਵੇਚ ਛੱਡਿਆ ਹੈ ਅਤੇ ਜਿੱਥੇ ਕਿਤੇ ਤੂੰ ਮੈਨੂੰ ਜੋੜਿਆ ਹੈ ਉੱਥੇ ਹੀ ਮੈਂ ਜੁੜਿਆ ਹੋਇਆ ਹਾਂ।

ਤੇਰੇ ਲਾਲੇ ਕਿਆ ਚਤੁਰਾਈ ॥
ਤੈਡਾਂ ਚਾਕਰ, ਹੇ ਸੁਆਮੀ! ਤੇਰੇ ਨਾਲ ਕੀ ਚਲਾਕੀ ਖੇਡ ਸਕਦਾ ਹੈ?

ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥੧॥ ਰਹਾਉ ॥
ਮੈਂ ਤੇਰੇ ਫ਼ੁਰਮਾਨ ਦੀ ਪਾਲਣਾ ਨਹੀਂ ਕਰ ਸਕਦਾ, ਹੇ ਮੈਂਡੇ ਮਾਲਕ! ਠਹਿਰਾਉ।

ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ॥
ਮੈਂਡੀ ਮਾਂ ਤੈਂਡੀ ਗੋਲੀ ਹੈ, ਮੈਡਾਂ ਪਿਤਾ ਤੈਡਾਂ ਗੋਲਾ ਹੈ, ਹੇ ਪ੍ਰਭੂ! ਅਤੇ ਮੈਂ ਤੈਂਡੇ ਗੋਲਿਆਂ ਦਾ ਬਾਲ ਹਾਂ।

ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥
ਮੇਰੀ ਗੋਲੀ ਮਾਤਾ ਨੱਚਦੀ ਹੈ, ਮੇਰਾ ਗੋਲਾ ਪਿਤਾ ਗਾਉਂਦਾ ਹੈ ਅਤੇ ਮੈਂ ਤੇਰੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ ਹੇ ਪਾਤਿਸ਼ਾਹ!

ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤ ਪੀਸਣ ਜਾਉ ॥
ਜੇਕਰ ਤੂੰ ਪੀਵੇਂ ਤਾਂ ਮੈਂ ਤੇਰੇ ਲਈ ਜਲ ਲਿਆਵਾਂ, ਹੇ ਸੁਆਮੀ! ਜੇਕਰ ਤੂੰ ਖਾਵੇ ਮੈਂ ਤੇਰੇ ਲਈ ਦਾਣੇ ਪੀਹਣ ਜਾਵਾਂ।

ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ॥੩॥
ਮੈਂ ਤੈਨੂੰ ਪੱਖੀ ਝਲਦਾ ਹਾਂ, ਤੇਰੇ ਪਗ ਧੋਦਾਂ ਹਾਂ ਅਤੇ ਤੇਰੇ ਨਾਮ ਦਾ ਉਚਾਰਨ ਕਰੀ ਜਾਂਦਾ ਹਾਂ।

ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ ॥
ਨਿਮਕ-ਹਰਾਮ ਹੈ ਨਾਨਕ, ਤੇਰਾ ਗੋਲਾ, ਹੇ ਸੁਆਮੀ! ਜੇਕਰ ਤੂੰ ਉਸ ਨੂੰ ਮਾਫ਼ ਕਰ ਦੇਵੇਂ, ਇਸ ਵਿੱਚ ਤੇਰੀ ਪ੍ਰਭਤਾ ਹੈ।

ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਨ ਪਾਈ ॥੪॥੬॥
ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਤੂੰ ਮਿਹਰਬਾਨ ਅਤੇ ਦਾਤਾਰ ਸੁਆਮੀ ਹੈਂ। ਤੇਰੇ ਬਗੈਰ ਮੋਖ਼ ਪਰਾਪਤ ਨਹੀਂ ਹੋ ਸਕਦੀ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥
ਕਈ ਕਹਿੰਦੇ ਹਨ ਕਿ ਨਾਨਕ ਇਕ ਪ੍ਰੇਤ ਹੈ, ਕਈ ਆਖਦੇ ਹਨ ਕਿ ਉਹ ਇਕ ਦੈਂਤੀ ਹੈ,

ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥
ਅਤੇ ਕਈ ਉਸ ਨੂੰ ਵਿਚਾਰਾ ਇਨਸਾਨ ਕਹਿੰਦੇ ਹਨ।

ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥
ਬੇਸਮਝ ਨਾਨਕ, ਆਪਣੇ ਸੁਆਮੀ ਦੇ ਮਗਰ ਸ਼ੁਦਾਈ ਹੋ ਗਿਆ ਹੈ।

ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥
ਰੱਬ ਦੇ ਬਗ਼ੈਰ ਮੈਂ ਹੋਰ ਕਿਸੇ ਨੂੰ ਜਾਣਦਾ ਨਹੀਂ। ਠਹਿਰਾਉ।

ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥
ਕੇਵਲ ਤਦ ਹੀ ਇਨਸਾਨ ਨੂੰ ਦੀਵਾਨਾ ਜਾਣਈਏ ਜੇਕਰ ਉਹ ਪ੍ਰਭੂ ਦੇ ਡਰ ਨਾਲ ਸ਼ੁਦਾਈ ਹੋ ਜਾਵੇ,

ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥
ਅਤੇ ਇਕ ਪ੍ਰਭੂ ਦੇ ਬਾਝੋਂ ਹੋਰ ਕਿਸੇ ਦੂਸਰੇ ਨੂੰ ਪਛਾਣੇ ਹੀ ਨਾਂ।

ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥
ਕੇਵਲ ਤਾਂ ਹੀ ਉਹ ਪਗਲਾ ਜਾਣਿਆਂ ਜਾਂਦਾ ਹੈ, ਜੇਕਰ ਉਹ ਇਕ ਸੁਆਮੀ ਦੀ ਹੀ ਟਹਿਲ ਸੇਵਾ ਕਰਦਾ ਹੈ,

ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥
ਅਤੇ ਆਪਣੇ ਸੁਆਮੀ ਦੇ ਫ਼ੁਰਮਾਨ ਨੂੰ ਅਨੁਭਵ ਕਰਦਾ ਹੈ। ਹੋਰ ਕਾਹਦੇ ਵਿੱਚ ਅਕਲਮੰਦੀ ਹੈ?

ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥
ਕੇਵਲ ਤਾਂ ਹੀ ਉਹ ਪਗਲਾ ਜਾਣਿਆ ਜਾਂਦਾ ਹੈ, ਜਦ ਉਹ ਇਕ ਸਾਹਿਬ ਨਾਲ ਪ੍ਰੇਮ ਪਾਉਂਦਾ ਹੈ,

ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥
ਅਤੇ ਆਪਣੇ ਆਪ ਨੂੰ ਮਾੜਾ ਜਾਣਦਾ ਹੈ ਅਤੇ ਹੋਰ ਜਹਾਨ ਨੂੰ ਚੰਗਾ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਇਹੁ ਧਨੁ ਸਰਬ ਰਹਿਆ ਭਰਪੂਰਿ ॥
ਸਾਹਿਬ ਦੇ ਨਾਮ ਦੀ ਇਹ ਦੌਲਤ ਸਾਰਿਆਂ ਅੰਦਰ ਪਰੀਪੂਰਨ ਹੈ।

ਮਨਮੁਖ ਫਿਰਹਿ ਸਿ ਜਾਣਹਿ ਦੂਰਿ ॥੧॥
ਮਨ-ਮੱਤੀ ਪੁਰਖ ਇਸ ਨੂੰ ਦੁਰੇਡੇ ਜਾਣਦਾ ਹੈ, ਇਸ ਲਈ ਉਹ ਐਧਰ ਓਧਰ ਭਟਕਦਾ ਫਿਰਦਾ ਹੈ।

ਸੋ ਧਨੁ ਵਖਰੁ ਨਾਮੁ ਰਿਦੈ ਹਮਾਰੈ ॥
ਸੁਆਮੀ ਦੇ ਨਾਮ ਦੇ ਪਦਾਰਥ ਦਾ ਐਸਾ ਸੌਦਾਂ ਸੂਤ ਮੇਰੇ ਹਿਰਦੇ ਅੰਦਰ ਹੈ।

ਜਿਸੁ ਤੂ ਦੇਹਿ ਤਿਸੈ ਨਿਸਤਾਰੈ ॥੧॥ ਰਹਾਉ ॥
ਜਿਸ ਕਿਸੇ ਨੂੰ ਤੂੰ ਇਹ ਬਖ਼ਸ਼ਦਾ ਹੈਂ ਉਸ ਦਾ ਇਹ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।

ਨ ਇਹੁ ਧਨੁ ਜਲੈ ਨ ਤਸਕਰੁ ਲੈ ਜਾਇ ॥
ਇਸ ਪਦਾਰਥ ਨੂੰ ਅੱਗ ਨਹੀਂ ਲਗਦੀ, ਨਾਂ ਹੀ ਚੋਰ ਇਸ ਨੂੰ ਲੈ ਜਾ ਸਕਦਾ ਹੈ।

ਨ ਇਹੁ ਧਨੁ ਡੂਬੈ ਨ ਇਸੁ ਧਨ ਕਉ ਮਿਲੈ ਸਜਾਇ ॥੨॥
ਇਹ ਦੌਲਤ ਡੁਬਦੀ ਨਹੀਂ, ਨਾਂ ਹੀ ਇਸ ਦੇ ਮਾਲਕ ਨੂੰ ਸਜ਼ਾ ਮਿਲਦੀ ਹੈ।

ਇਸੁ ਧਨ ਕੀ ਦੇਖਹੁ ਵਡਿਆਈ ॥
ਤੂੰ ਇਸ ਦੌਲਤ ਦੀ ਵਿਸ਼ਾਲਤਾ ਵੇਖ,

ਸਹਜੇ ਮਾਤੇ ਅਨਦਿਨੁ ਜਾਈ ॥੩॥
ਕਿ ਬੰਦੇ ਦੇ ਦਿਨ ਰਾਤ ਅਡੋਲਤਾ ਨਾਲ ਰੰਗੀਜੇ ਹੋਏ ਬੀਤਦੇ ਹਨ।

ਇਕ ਬਾਤ ਅਨੂਪ ਸੁਨਹੁ ਨਰ ਭਾਈ ॥
ਤੂੰ ਇੱਕ ਸੋਹਣੀ ਗੱਲ ਸੁਣ, ਹੇ ਇਨਸਾਨ! ਮੇਰੇ ਵੀਰ।

ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥੪॥
ਦਸ, ਇਸ ਦੌਲਤ ਦੇ ਬਾਝੋਂ ਕਦੋਂ ਕਿਸੇ ਨੂੰ ਮਹਾਨ ਮੁਕਤੀ ਪਰਾਪਤ ਹੋਈ ਹੈ।

ਭਣਤਿ ਨਾਨਕੁ ਅਕਥ ਕੀ ਕਥਾ ਸੁਣਾਏ ॥
ਗੁਰੂ ਜੀ ਆਖਦੇ ਹਨ: "ਮੈਂ ਅਕਹਿ ਸੁਆਮੀ ਦੀ ਕਥਾਵਾਰਤਾ ਉਚਾਰਨ ਕਰਦਾ ਹਾਂ"।

ਸਤਿਗੁਰੁ ਮਿਲੈ ਤ ਇਹੁ ਧਨੁ ਪਾਏ ॥੫॥੮॥
ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਕੇਵਲ ਤਦ ਹੀ ਉਸ ਨੂੰ ਇਹ ਦੌਲਤ ਪਰਾਪਤ ਹੁੰਦੀ ਹੈ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥
ਤੂੰ ਆਪਣੀ ਤੱਤੀ ਤਬੀਅਤ ਨੂੰ ਸਾੜ ਸੁੱਟ ਅਤੇ ਆਪਣੀ ਸੀਤਲ ਅਤੇ ਸ਼ਾਂਤ ਸੁਭਾਵ ਦੀ ਪ੍ਰਵਰਸ਼ ਕਰ। ਤੂੰ ਆਪਣੇ ਜੀਵਨ-ਸੁਆਸ ਨੂੰ ਠੀਕ ਰਾਹੇ ਪਾ ਅਤੇ ਆਪਣੇ ਸੁਆਮੀ ਨਾਲ ਸ੍ਰੇਸ਼ਟ ਸੰਬੰਧ ਕਾਇਮ ਕਰ।

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੧॥
ਇਸ ਤਰੀਕੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਤੇ ਤੇਰੀ ਆਤਮਾ-ਰਾਜਹੰਸ, ਉਡਾਰੀ ਮਾਰ, ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ-ਦੀਵਾਰ ਬੇਫ਼ਾਇਦਾ ਨਾਸ ਨਹੀਂ ਹੋਵੇਗੀ।

ਮੂੜੇ ਕਾਇਚੇ ਭਰਮਿ ਭੁਲਾ ॥
ਹੇ ਮੂਰਖ! ਤੂੰ ਕਿਉਂ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ?

ਨਹ ਚੀਨਿਆ ਪਰਮਾਨੰਦੁ ਬੈਰਾਗੀ ॥੧॥ ਰਹਾਉ ॥
ਤੂੰ ਪਰਮ ਅਨੰਦ ਸਰੂਪ, ਆਪਣੇ ਨਿਰਲੇਪ ਪ੍ਰਭੂ ਦਾ ਸਿਮਰਨ (ਕਿਉਂ) ਨਹੀਂ ਕਰਦਾ। ਠਹਿਰਾਉ।

ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ ॥
ਤੂੰ ਆਪਣੀ ਅਸਹ ਮੰਦ-ਵਾਸ਼ਨਾ ਨੂੰ ਫੜ ਕੇ ਸਾੜ ਸੁੱਟ, ਆਪਣੇ ਅਬਿਨਾਸ਼ੀ ਮਨੂੰਏ ਨੂੰ ਫੜ ਕੇ ਕਾਬੂ ਕਰ ਅਤੇ ਆਪਣੇ ਸ਼ਕ-ਸ਼ੁਭੇ ਨੂੰ ਛੱਡ ਦੇ, ਤਦ ਹੀ ਤੂੰ ਲਾਮ-ਅੰਮ੍ਰਿਤ ਨੂੰ ਪੀਵੇਂਗਾ।

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੨॥
ਇਸ ਤਰ੍ਹਾਂ ਦੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਤੇ ਤੇਰੀ ਆਤਮਾ (ਰਾਜਹੰਸ) ਉਡਾਰੀ ਮਾਰ ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ ਦੀ ਦੀਦਾਰ ਬੇਫ਼ਾਇਦਾ ਨਾਸ ਨਹੀਂ ਹੋਵੇਗੀ।

copyright GurbaniShare.com all right reserved. Email