Page 990

ਪਾਪ ਪਥਰ ਤਰਣੁ ਨ ਜਾਈ ॥
ਗੁਨਾਹ ਇਕ ਪੱਥਰ ਹੈ, ਜੋ ਤਰਦਾ ਨਹੀਂ।

ਭਉ ਬੇੜਾ ਜੀਉ ਚੜਾਊ ॥
ਤੂੰ ਆਪਣੀ ਆਤਮਾ ਨੂੰ ਪ੍ਰਭੂ ਦੇ ਡਰ ਦੇ ਜਹਾਜ਼ ਉਤੇ ਚੜ੍ਹਨ ਵਾਲੀ ਬਣਾ ਲੈ ਅਤੇ ਤੂੰ ਪਾਰ ਉਤੱਰ ਜਾਵੇਗਾ।

ਕਹੁ ਨਾਨਕ ਦੇਵੈ ਕਾਹੂ ॥੪॥੨॥
ਕਿਸੇ ਵਿਰਲੇ ਜਣੇ ਨੂੰ ਹੀ ਗੁਰੂ ਜੀ ਆਖਦੇ ਹਨ, ਐਹੋ ਜੇਹੇ ਜਹਾਜ਼ ਦੀ ਦਾਤ ਮਿਲਦੀ ਹੈ।

ਮਾਰੂ ਮਹਲਾ ੧ ਘਰੁ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥
ਆਚਰਨ ਕਾਗਜ਼ ਹੈ ਅਤੇ ਮਨ ਦਵਾਤ। ਚੰਗੀਆਂ ਤੇ ਮੰਦੀਆਂ ਦੋ ਲਿਖਤਾਂ ਉਸ ਤੇ ਲਿਖੀਆਂ ਜਾਂਦੀਆਂ ਹਨ।

ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥
ਜਿਵੇਂ ਪੂਰਬਲੇ ਕਰਮ ਬੰਦੇ ਨੂੰ ਚਲਾਉਂਦੇ ਹਨ, ਤਿਵੇਂ ਹੀ ਉਹ ਚਲਦਾ ਹੈ ਤੇਰੀਆਂ ਗੁਣਾਂ ਦਾ ਕੋਈ ਓੜਕ ਨਹੀਂ, ਹੇ ਵਾਹਿਗੁਰੂ।

ਚਿਤ ਚੇਤਸਿ ਕੀ ਨਹੀ ਬਾਵਰਿਆ ॥
ਤੂੰ ਆਪਣੇ ਮਨ ਅੰਦਰ ਕਿਉਂ ਸੁਆਮੀ ਦਾ ਸਿਮਰਨ ਨਹੀਂ ਕਰਦਾ, ਹੇ ਪਗਲੇ ਪੁਰਸ਼?

ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥
ਆਪਣੇ ਵਾਹਿਗੁਰੂ ਨੂੰ ਭੁਲਾਉਨ ਨਾਲ ਤੇਰੀਆਂ ਨੇਕੀਆਂ ਖ਼ੁਰ ਵੰਝਣਗੀਆਂ। ਠਹਿਰਾਉ।

ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ ॥
ਰਾਤ੍ਰੀ ਇਕ ਫਾਹੀ ਹੈ ਅਤੇ ਦਿਹੁੰ ਭੀ ਇਕ ਫਾਹੀ। ਜਿੰਨੇ ਮੁਹਤ ਹਨ ਉਨੀਆਂ ਹੀ ਫਾਂਸੀਆਂ ਹਨ।

ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ ॥੨॥
ਬੜੇ ਸੁਆਦ ਨਾਲ ਤੂੰ ਨਿਤਾਪ੍ਰਤੀ (ਵਿਸ਼ਿਆਂ ਦੇ) ਚੋਗ ਚੁਗਦਾ ਹੈਂ ਅਤੇ ਫੱਸ ਜਾਂਦਾ ਹੈ। ਹੇ ਮੂਰਖ! ਤੂੰ ਕਿਹੜੀਆਂ ਨੇਕੀਆਂ ਦੁਆਰਾ ਬੰਦਖ਼ਲਾਸ ਹੋਵੇਗਾਂ?

ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ ॥
ਸਰੀਰ ਇੱਕ ਭੱਠੀ ਹੈ ਅਤੇ ਮਨ ਉਸ ਅੰਦਰ ਲੋਹਾ। ਵਿਕਾਰਾਂ ਦੀਆਂ ਪੰਜ ਅੱਗਾਂ ਇਸ ਨੂੰ ਤੱਤਾ ਕਰ ਰਹੀਆਂ ਹਨ।

ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਹ੍ਹੀ ਚਿੰਤ ਭਈ ॥੩॥
ਗੁਨਾਹ ਦੇ ਕੋਲੇ ਉਸ ਉੱਤੇ ਪਾਏ ਗਏ ਹਨ, ਜਿਸ ਦੁਆਰਾ ਮਨ ਮੱਚ ਗਿਆ ਹੈ ਅਤੇ ਫ਼ਿਕਰ ਚਿੰਤਾ ਜੰਬੂਰ ਬਣ ਗਈ ਹੈ।

ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ ॥
ਮਲੀਣ ਹੋਇਆ ਹੋਇਆ ਮਨ ਮੁੜ, ਸੋਨਾ ਬਣ ਜਾਂਦਾ ਹੈ, ਜੇਕਰ ਪਾਰਸ ਵਰਗੇ ਗੁਰਦੇਵ ਜੀ ਮਿਲ ਪੈਣ।

ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ ॥੪॥੩॥
ਉਹ ਬੰਦੇ ਨੂੰ ਇੱਕ ਪ੍ਰਭੂ ਅੰਮ੍ਰਿਤ ਸਰੂਪ ਨਾਮ ਬਖ਼ਸ਼ਦੇ ਹਨ ਅਤੇ ਤਦ ਉਸ ਦਾ ਸਰੀਰ ਤੇ ਮਨ ਅਸਥਿਰ ਥੀ ਵੰਝਦੇ ਹਨ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ ॥
ਓ ਦੇਖੋ! ਮੈਲ ਰਹਿਤ ਅਤੇ ਸਾਫ਼ ਸੁਥਰੇ ਪਾਣੀ ਅੰਦਰ ਦੋਨੋਂ ਕੰਵਲ ਅਤੇ ਪਾਣੀ ਦਾ ਜਾਲਾ ਵਸਦੇ ਹਨ।

ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ ॥੧॥
ਓ! ਪਾਣੀ ਦੇ ਜਾਲੇ ਅਤੇ ਸੁਆਦਲੇ ਪਾਣੀ ਦੇ ਮੇਲ-ਮਿਲਾਪ ਅੰਦਰ ਕੰਵਲ ਵਸਦਾ ਹੈ, ਪਰ ਉਨ੍ਹਾਂ ਦੇ ਮੇਲ-ਮਿਲਾਪ ਦੁਆਰਾ ਉਸ ਨੂੰ ਕੋਈ ਦੂਸ਼ਨ ਨਹੀਂ ਚਮੜਦਾ।

ਦਾਦਰ ਤੂ ਕਬਹਿ ਨ ਜਾਨਸਿ ਰੇ ॥
ਓਇ ਡੱਡੂਆ! ਤੈਨੂੰ ਕਦੇ ਭੀ ਸਮਝ ਨਹੀਂ ਪੈਣੀ।

ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ ॥੧॥ ਰਹਾਉ ॥
ਤੂੰ ਪਵਿੱਤਰ ਪਾਣੀ ਅੰਦਰ ਵਸਦਾ ਹੈਂ ਅਤੇ ਪਾਣੀ ਦੇ ਜਾਲੇ ਨੂੰ ਖਾਂਦਾ ਹੈਂ, ਹੇ ਡੱਡੂ! ਤੂੰ ਅੰਮ੍ਰਿਤ ਦੀ ਕਦਰ ਨੂੰ ਨਹੀਂ ਜਾਣਦਾ। ਠਹਿਰਾਉ।

ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ ॥
ਹੇ ਡੱਡੂ! ਤੂੰ ਸਦਾ ਪਾਣੀ ਅੰਦਰ ਵਸਦਾ ਹੈਂ। ਜਦ ਕਿ ਭੌਰਾ ਓਥੇ ਨਹੀਂ ਵਸਦਾ। ਭੌਰਾ ਕੰਵਲ ਦੀਆਂ ਖੂਬੀਆਂ ਦੀ ਚਰਚਾ ਅੰਦਰ ਮਸਤ ਰਹਿੰਦਾ ਹੈ।

ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ ॥੨॥
ਚੰਦਰਮਾ ਨੂੰ ਦੂਰ ਤੋਂ ਦੇਖ ਕੇ ਆਪਣੀ ਅੰਦਰਲੀ ਗਿਆਤ ਦੇ ਸਬਬ, ਕਮੀਆ ਕੰਵਲ ਖਿੜਦਾ ਅਤੇ ਆਪਣਾ ਸਿਰ ਨਿਵਾਉਂਦਾ ਹੈ।

ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥
ਅੰਮ੍ਰਿਤ, ਚੀਨੀ, ਦੁੱਧ ਅਤੇ ਸ਼ਹਿਦ ਨਾਲ ਸਿੰਜਣ ਦੁਆਰਾ ਭੀ ਕੌੜਾ ਤੁੰਮਾਂ, ਅਤਰ ਨਹੀਂ ਬਣਦਾ, ਹੇ ਡੱਡੂ!

ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ ॥੩॥
ਚਿੱਚੜ ਦੇ ਲਹੂ ਨਾਲ ਪਿਆਰ ਦੀ ਮਾਨੰਦ ਤੂੰ ਆਪਣੀ ਨਿਜ ਦੀ ਆਦਤ ਨੂੰ ਕਦੇ ਭੀ ਨਹੀਂ ਛੱਡਦਾ।

ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ ॥
ਵਿਦਵਾਨ ਪੁਰਸ਼ ਨਾਲ ਰਹਿੰਦਾ ਹੋਇਆ, ਇਕ ਬੇਵਕੂਫ ਬੰਦਾ ਵੇਦਾਂ ਅਤੇ ਸ਼ਾਸਤਰਾਂ ਨੂੰ ਸ੍ਰਵਣ ਕਰਦਾ ਹੈ।

ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ ॥੪॥
ਕੁੱਤੇ ਦੀ ਟੇਢੀ ਪੂਛਲ ਦੀ ਤਰ੍ਹਾਂ ਤੂੰ ਆਪਣੀ ਨਿੱਜ ਦੀ ਆਦਤ ਨੂੰ ਕਦੇ ਭੀ ਨਹੀਂ ਤਿਆਗਦਾ।

ਇਕਿ ਪਾਖੰਡੀ ਨਾਮਿ ਨ ਰਾਚਹਿ ਇਕਿ ਹਰਿ ਹਰਿ ਚਰਣੀ ਰੇ ॥
ਕਈ ਦੰਭੀ ਹਨ ਜੋ ਨਾਮ ਅੰਦਰ ਲੀਨ ਨਹੀਂ ਹੁੰਦੇ ਅਤੇ ਕਈ ਸੁਆਮੀ ਵਾਹਿਗੁਰੂ ਦੇ ਪੈਰਾਂ ਨਾਲ ਜੁੜੇ ਹੋਏ ਹਨ।

ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ ॥੫॥੪॥
ਬੰਦਾ ਉਹ ਕੁਛ ਪਾਉਂਦਾ ਹੈ, ਜਿਹੜਾ ਪਹਿਲੇ ਤੋਂ ਉਸ ਲਈ ਲਿਖਿਆ ਹੋਇਆ ਹੈ। ਆਪਣੀ ਜੀਭ੍ਹਾ ਨਾਲ ਤੂੰ ਸਾਈਂ ਦੇ ਨਾਮ ਦੀ ਦਾਤ ਮਿਲਦੀ ਹੈ, ਹੇ ਨਾਨਕ! ਜਿਸ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਭਦ ਲਿਖੀ ਹੋਈ ਹੈ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਸਲੋਕੁ ॥
ਸਲੋਕ।

ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਨੀ ਮਨੁ ਲਾਗ ॥
ਆਪਣੀ ਆਤਮਾਂ ਨੂੰ ਪ੍ਰਭੂ ਦੇ ਪੈਰਾਂ ਨਾਲ ਜੋੜ ਕੇ ਅਣਗਿਣਤ ਪਾਪੀ ਪਵਿੱਤਰ ਹੋ ਜਾਂਦੇ ਹਨ।

ਅਠਸਠਿ ਤੀਰਥ ਨਾਮੁ ਪ੍ਰਭ ਨਾਨਕ ਜਿਸੁ ਮਸਤਕਿ ਭਾਗ ॥੧॥
ਸੁਆਮੀ ਦੇ ਨਾਮ ਦੇ ਰਾਹੀਂ ਅਠਾਹਠ ਧਰਮ ਅਸਥਾਨਾਂ ਦੀ ਯਾਤਰਾ ਦਾ ਫਲ ਪਰਾਪਤ ਹੋ ਜਾਂਦਾ ਹੈ। ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਹੇ ਨਾਨਕ! ਜਿਸ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਲਿਖੀ ਹੋਈ ਹੈ।

ਸਬਦੁ ॥
ਸ਼ਬਦ।

ਸਖੀ ਸਹੇਲੀ ਗਰਬਿ ਗਹੇਲੀ ॥
ਹੇ ਮੇਰੀ ਹੰਕਾਰ ਦੀ ਗ੍ਰਸੀ ਹੋਈ ਹੋਈ ਹਮਜੋਲਣੇ ਅਤੇ ਸਜਣੀਏ!

ਸੁਣਿ ਸਹ ਕੀ ਇਕ ਬਾਤ ਸੁਹੇਲੀ ॥੧॥
ਤੂੰ ਕੰਤ ਦੀ ਇਕ ਆਰਾਮ-ਬਖ਼ਸ਼ਣਹਾਰ ਰਾਮ ਕਹਾਣੀ ਸ੍ਰਵਣ ਕਰ।

ਜੋ ਮੈ ਬੇਦਨ ਸਾ ਕਿਸੁ ਆਖਾ ਮਾਈ ॥
ਜਿਹੜੀ ਪੀੜ ਮੈਨੂੰ ਹੈ ਉਹ ਮੈਂ ਕਿਸ ਨੂੰ ਦੱਸਾਂ, ਹੇ ਮੇਰੀ ਮਾਤਾ?

ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ ॥੧॥ ਰਹਾਉ ॥
ਆਪਣੇ ਵਾਹਿਗੁਰੂ ਦੇ ਬਾਝੋਂ ਮੇਰੀ ਜਿੰਦੜੀ ਰਹਿ ਨਹੀਂ ਸਕਦੀ। ਮੈਂ ਇਸ ਨੂੰ ਕਿਸ ਤਰ੍ਹਾਂ ਸ਼ਾਂਤ ਕਰਾਂ, ਹੇ ਮੈਂਡੀ ਅੰਮੜੀਏ? ਠਹਿਰਾਉ।

ਹਉ ਦੋਹਾਗਣਿ ਖਰੀ ਰੰਞਾਣੀ ॥
ਮੈਂ, ਕੂੜੀ ਪਤਨੀ, ਬਹੁਤ ਹੀ ਦੁਖੀ ਹਾਂ।

ਗਇਆ ਸੁ ਜੋਬਨੁ ਧਨ ਪਛੁਤਾਣੀ ॥੨॥
ਆਪਣੀ ਸੁੰਦਰ ਜੁਆਨੀ ਨੂੰ ਗੁਆ ਕੇ, ਮੈਂ, ਪਤਨੀ ਪਸਚਾਤਾਪ ਕਰ ਰਹੀ ਹਾਂ।

ਤੂ ਦਾਨਾ ਸਾਹਿਬੁ ਸਿਰਿ ਮੇਰਾ ॥
ਤੂੰ ਮੇਰੇ ਸਿਰ ਦਾ ਸਿਆਣਾ ਸੁਆਮੀ ਹੈਂ।

ਖਿਜਮਤਿ ਕਰੀ ਜਨੁ ਬੰਦਾ ਤੇਰਾ ॥੩॥
ਮੈਂ ਤੇਰੀ ਸੇਵਾ ਕਮਾਉਂਦਾ ਹਾਂ ਅਤੇ ਤੇਰਾ ਨੌਕਰ ਅਤੇ ਨਫ਼ਰ ਹਾਂ।

ਭਣਤਿ ਨਾਨਕੁ ਅੰਦੇਸਾ ਏਹੀ ॥
ਗੁਰੂ ਜੀ ਆਖਦੇ ਹਨ, ਮੈਨੂੰ ਕੇਵਲ ਇਹ ਚਿੰਤਾ ਹੈ:

ਬਿਨੁ ਦਰਸਨ ਕੈਸੇ ਰਵਉ ਸਨੇਹੀ ॥੪॥੫॥
ਆਪਣੇ ਪ੍ਰੀਤਮ ਦਾ ਦੀਦਾਰ ਪਾਉਣ ਦੇ ਬਗ਼ੈਰ, ਮੈਂ ਉਸ ਨੂੰ ਕਿਸ ਬਰ੍ਹਾਂ ਮਾਣ ਸਕਦਾ ਹਾਂ।

copyright GurbaniShare.com all right reserved. Email