Page 1004

ਬਾਝੁ ਗੁਰੂ ਗੁਬਾਰਾ ॥
ਗੁਰਾਂ ਦੇ ਬਾਝੌ ਕਾਲਾ ਬੋਲਾ ਅਨੇਰਾ ਹੈ।

ਮਿਲਿ ਸਤਿਗੁਰ ਨਿਸਤਾਰਾ ॥੨॥
ਸੱਚੇ ਗੁਰਾਂ ਨਾਲ ਮਿਲ ਕੇ ਬੰਦਾ ਪਾਰ ਉਤੱਰ ਜਾਂਦਾ ਹੈ।

ਹਉ ਹਉ ਕਰਮ ਕਮਾਣੇ ॥
ਜਿੰਨੇ ਭੀ ਕੰਮ ਕਾਜ ਹੰਕਾਰ ਅਤੇ ਹੰਗਤਾ ਅੰਦਰ ਕੀਤੇ ਜਾਂਦੇ ਹਨ,

ਤੇ ਤੇ ਬੰਧ ਗਲਾਣੇ ॥
ਓਨੇ ਹੀ ਸੰਗਲ ਇਨਸਾਨ ਦੀ ਗਰਦਨ ਦੁਆਲੇ ਹਨ।

ਮੇਰੀ ਮੇਰੀ ਧਾਰੀ ॥
ਖੁਦੀ ਤੇ ਅਪਣਤ ਕਰਨੀ,

ਓਹਾ ਪੈਰਿ ਲੋਹਾਰੀ ॥
ਉਹ ਆਪਣੇ ਪੈਰਾ ਨੂੰ ਲੋਹੇ ਦੀਆਂ ਬੇੜੀਆ ਪਾਉਣ ਦੀ ਮਾਨੰਦ ਹੈ।

ਸੋ ਗੁਰ ਮਿਲਿ ਏਕੁ ਪਛਾਣੈ ॥
ਜਿਸ ਦੇ ਮੱਥੇ ਉੱਤੇ ਚੰਗੇ ਨਸੀਬ ਲਿਖੇ ਹੋਏ ਹਨ,

ਜਿਸੁ ਹੋਵੈ ਭਾਗੁ ਮਥਾਣੈ ॥੩॥
ਕੇਵਲ ਉਹ ਹੀ ਗੁਰਾਂ ਨਾਲ ਮਿਲ ਕੇ ਇਕ ਸਾਂਈਆ ਨੂੰ ਸਿੰਝਾਣਦਾ ਹੈ।

ਸੋ ਮਿਲਿਆ ਜਿ ਹਰਿ ਮਨਿ ਭਾਇਆ ॥
ਕੇਵਲ ਉਹ ਹੀ ਸਾਈਂ ਨੂੰ ਮਿਲਦਾ ਹੈ ਜੋ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ।

ਸੋ ਭੂਲਾ ਜਿ ਪ੍ਰਭੂ ਭੁਲਾਇਆ ॥
ਕੇਵਲ ਉਹ ਹੀ ਭੁਲਦਾ ਹੈ ਜਿਸ ਨੂੰ ਸੁਆਮੀ ਭੁਲਾਉਂਦਾ ਹੈ।

ਨਹ ਆਪਹੁ ਮੂਰਖੁ ਗਿਆਨੀ ॥
ਆਪਣੇ ਆਪ ਨਾਂ ਕੋਈ ਬੇਸਮਝ ਹੈ ਨਾਂ ਹੀ ਸਿਆਣਾ।

ਜਿ ਕਰਾਵੈ ਸੁ ਨਾਮੁ ਵਖਾਨੀ ॥
ਜਿਸ ਤਰਾ ਸੁਆਮੀ ਬੰਦੇ ਕੋਲੋ ਕਰਾਉਂਦਾ ਹੈ ਉਸੇ ਤਰਾ ਦਾ ਹੀ ਉਸ ਦਾ ਨਾਮ ਪੈ ਜਾਂਦਾ ਹੈ।

ਤੇਰਾ ਅੰਤੁ ਨ ਪਾਰਾਵਾਰਾ ॥
ਤੈਂਡਾ ਹੇ ਸਾਈਂ ਕੋਈ ਓੜਕ ਇਹ ਜਾਂ ਉਹ ਕਿਨਾਰਾ ਨਹੀਂ,

ਜਨ ਨਾਨਕ ਸਦ ਬਲਿਹਾਰਾ ॥੪॥੧॥੧੭॥
ਗੋਲਾ ਨਾਨਕ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਵੰਝਦਾ ਹੈ।

ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।

ਮੋਹਨੀ ਮੋਹਿ ਲੀਏ ਤ੍ਰੈ ਗੁਨੀਆ ॥
ਮਾਇਆ ਨੇ ਤਿੰਨਾ ਸੁਭਾਵਾ ਵਾਲੇ ਪ੍ਰਾਣੀਆ ਨੂੰ ਫ਼ਰੇਫਤਾ ਕਰ ਲਿਆ ਹੈ।

ਲੋਭਿ ਵਿਆਪੀ ਝੂਠੀ ਦੁਨੀਆ ॥
ਲਾਲਚ ਅੰਦਰ ਕੂੜਾ ਜਹਾਨ ਗ੍ਰਸਿਆ ਹੋਇਆ ਹੋਇਆ ਹੈ।

ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥੧॥
ਇਹ ਮੈਂਡੀ ਮਂੈਡੀ ਹੈ ਕਹਿਕੇ ਇਨਸਾਨ ਦੌਲਤ ਇਕੱਤ੍ਰ ਕਰਦਾ ਹੈ ਪਰ ਅਖ਼ੀਰ ਦੇ ਵੇਲੇ ਇਹ ਸਾਰਿਆ ਨੂੰ ਠੱਗ ਲੈਂਦੀ ਹੈ।

ਨਿਰਭਉ ਨਿਰੰਕਾਰੁ ਦਇਅਲੀਆ ॥
ਮਿਹਰਬਾਨ ਮਾਲਕ ਨਿਡਰ ਅਤੇ ਨਿਰ ਸਰੂਪ ਹੈ।

ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ ॥
ਉਹ ਸਾਰੇ ਪ੍ਰਾਣਧਾਰੀਆ ਦੀ ਪ੍ਰਵਰਸ਼ ਕਰਦਾ ਹੈ। ਠਹਿਰਾਉ।

ਏਕੈ ਸ੍ਰਮੁ ਕਰਿ ਗਾਡੀ ਗਡਹੈ ॥
ਜਮਾ ਕਰਕੇ ਕੋਈ ਇਸ ਨੂੰ ਟੋਏ ਵਿੱਚ ਦੱਬ ਦਿੰਦੇ ਹਨ।

ਏਕਹਿ ਸੁਪਨੈ ਦਾਮੁ ਨ ਛਡਹੈ ॥
ਕਈ ਧਨ ਨੂੰ ਸੁਫਨੇ ਵਿੱਚ ਵੀ ਨਹੀਂ ਛਡਦੇ।

ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ ॥੨॥
ਜੋ ਹਕੂਮਤ ਕਰਕੇ ਉਸ ਦੇ ਥੈਲੇ ਭਰਦਾ ਹੈ ਉਸ ਦੇ ਨਾਲ ਭੀ ਇਹ ਚੁਲਬੁਲੀ ਮਾਇਆ ਨਹੀਂ ਜਾਂਦੀ।

ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥
ਕਈ ਆਪਣੇ ਧਨ ਨੂੰ ਆਪਣੀ ਜ਼ਿੰਦਗੀ ਤੇ ਦੇਹ ਨਾਲੋ ਵਧੇਰੇ ਪਿਆਰ ਕਰਦੇ ਹਨ।

ਏਕ ਸੰਚੀ ਤਜਿ ਬਾਪ ਮਹਤਾਰੀ ॥
ਕਈ ਆਪਣੇ ਪਿਓ ਤੇ ਮਾਂ ਨੂੰ ਛੱਡ ਕੇ ਇਸ (ਮਾਇਆ) ਨੂੰ ਇਕੱਤਰ ਕਰਦੇ ਹਨ।

ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ ॥੩॥
ਕਈ ਇਸ ਨੂੰ ਆਪਣੇ ਪੁੱਤ੍ਰਾਂ, ਦੋਸਤਾਂ ਅਤੇ ਵੀਰਾਂ ਦੋਲੋਂ ਲੁਕੇ ਕੇ ਰਖਦੇ ਹਨ; ਪ੍ਰੰਤੂ ਉਨ੍ਹਾਂ ਦੇ ਨਾਲ ਵੀ ਇਹ ਨਹੀਂ ਰਹਿੰਦੀ।

ਹੋਇ ਅਉਧੂਤ ਬੈਠੇ ਲਾਇ ਤਾਰੀ ॥
ਵਿਰੱਕਤ ਹੋ, ਕਈ ਸਮਾਧੀਆਂ ਲਾ ਕੇ ਬਹਿੰਦੇ ਹਨ।

ਜੋਗੀ ਜਤੀ ਪੰਡਿਤ ਬੀਚਾਰੀ ॥
ਕਈ ਯੋਗੀ, ਬ੍ਰਹਮਚਾਰੀ, ਵਿਦਵਾਨ ਅਤੇ ਵੀਚਾਰਵਾਨ ਹਨ।

ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥੪॥
ਕਈ ਘਰਾਂ, ਕਬਰਸਤਾਨਾਂ, ਸਮਸ਼ਾਨ ਭੂਮੀਆਂ ਅਤੇ ਜੰਗਲਾਂ ਅੰਦਰ ਰਹਿੰਦੇ ਹਨ। ਉਠੱ ਕੇ ਮਾਇਆ ਉਨ੍ਹਾਂ ਦੇ ਪੱਲੇ ਨੂੰ ਚਿਮੜ ਜਾਂਦੀ ਹੈ।

ਕਾਟੇ ਬੰਧਨ ਠਾਕੁਰਿ ਜਾ ਕੇ ॥
ਜਿਸ ਦੀਆਂ ਬੇੜੀਆਂ ਪ੍ਰਭੂ ਨੇ ਵੱਢ ਛੱਡੀਆਂ ਹਨ;

ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ ॥
ਉਸ ਦੇ ਮਨ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ।

ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ ॥੫॥੨॥੧੮॥
ਸਤਿਸੰਗਤ ਨਾਲ ਜੁੜ ਕੇ ਰੱਬ ਗੋਲੇ ਬੰਦਖ਼ਲਾਸ ਹੋ ਜਾਂਦੇ ਹਨ ਉਹ ਮੋਖਸ਼ ਥੀ ਵੰਝਦੇ ਹਨ ਅਤੇ ਪ੍ਰਭੂ ਦੀ ਦਇਆ ਦੁਆਰਾ ਗਦਗਦ ਹੁੰਦੇ ਹਨ।

ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।

ਸਿਮਰਹੁ ਏਕੁ ਨਿਰੰਜਨ ਸੋਊ ॥
ਤੂੰ ਉਸ ਇਕ ਪਵਿੱਤ੍ਰ ਪ੍ਰਭੂ ਦਾ ਆਰਾਧਨ ਕਰ,

ਜਾ ਤੇ ਬਿਰਥਾ ਜਾਤ ਨ ਕੋਊ ॥
ਜਿਸ ਪਾਸੋਂ ਕੋਈ ਭੀ ਖਾਲੀ ਹੱਥੀਂ ਨਹੀਂ ਮੁੜਦਾ।

ਮਾਤ ਗਰਭ ਮਹਿ ਜਿਨਿ ਪ੍ਰਤਿਪਾਰਿਆ ॥
ਜਿਸ ਨੇ ਤੇਰੀ, ਤੇਰੀ ਮਾਂ ਦੇ ਪੇਟ ਵਿੱਚ ਪਾਲਣਾ ਪੋਸਣਾ ਕੀਤੀ,

ਜੀਉ ਪਿੰਡੁ ਦੇ ਸਾਜਿ ਸਵਾਰਿਆ ॥
ਅਤੇ ਤੈਨੂੰ ਆਤਮਾ ਤੇ ਦੇਹ ਦੇ ਕੇ ਸ਼ਸ਼ੋਭਤ ਕੀਤਾ;

ਸੋਈ ਬਿਧਾਤਾ ਖਿਨੁ ਖਿਨੁ ਜਪੀਐ ॥
ਤੂੰ ਉਸ ਸਿਰਜਣਹਾਰ ਨੂੰ ਹਰ ਮੁਹਤ ਯਾਦ ਕਰ।

ਜਿਸੁ ਸਿਮਰਤ ਅਵਗੁਣ ਸਭਿ ਢਕੀਐ ॥
ਉਹ ਐਸਾ ਹੈ ਜਿਹਦਾ ਆਰਾਧਨ ਕਰਨ ਦੁਆਰਾ ਸਾਰੀਆਂ ਬਦੀਆਂ ਕੱਜੀਆਂ ਜਾਂਦੀਆਂ ਹਨ।

ਚਰਣ ਕਮਲ ਉਰ ਅੰਤਰਿ ਧਾਰਹੁ ॥
ਤੂੰ ਪ੍ਰਭੂ ਦੇ ਕੰਵਲ ਚਰਨ ਆਪਣੇ ਹਿਰਦੇ ਅੰਦਰ ਟਿਕਾ,

ਬਿਖਿਆ ਬਨ ਤੇ ਜੀਉ ਉਧਾਰਹੁ ॥
ਅਤੇ ਆਪਣੀ ਆਤਮਾ ਨੂੰ ਵਿਸ਼ਿਆਂ ਦੇ ਪਾਣੀ ਤੋਂ ਬਚਾ।

ਕਰਣ ਪਲਾਹ ਮਿਟਹਿ ਬਿਲਲਾਟਾ ॥
ਤੇਰੇ ਕੀਰਣੇ ਤੇ ਵਿਰਲਾਪ ਮੁਕ ਜਾਣਗੇ ਅਤੇ,

ਜਪਿ ਗੋਵਿਦ ਭਰਮੁ ਭਉ ਫਾਟਾ ॥
ਤੇਰਾ ਸੰਦੇਹ ਅਤੇ ਡਰ ਦੂਰ ਹੋ ਜਾਣਗੇ, ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ।

ਸਾਧਸੰਗਿ ਵਿਰਲਾ ਕੋ ਪਾਏ ॥
ਕੋਈ ਟਾਂਵਾਂ ਟੱਲਾ ਪ੍ਰਾਨੀ ਹੀ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ।

ਨਾਨਕੁ ਤਾ ਕੈ ਬਲਿ ਬਲਿ ਜਾਏ ॥੧॥
ਉਸ ਉਤੋਂ ਨਾਨਕ ਕੁਰਬਾਨ, ਕੁਰਬਾਨ ਵੰਝਦਾ ਹੈ।

ਰਾਮ ਨਾਮੁ ਮਨਿ ਤਨਿ ਆਧਾਰਾ ॥
ਸਾਈਂ ਦਾ ਨਾਮ ਮੇਰੀ ਜਿੰਦੜੀ ਤੇ ਦੇਹ ਦਾ ਆਸਰਾ ਹੈ।

ਜੋ ਸਿਮਰੈ ਤਿਸ ਕਾ ਨਿਸਤਾਰਾ ॥੧॥ ਰਹਾਉ ॥
ਜੇ ਕੋਈ ਭੀ ਇਸ ਦਾ ਆਰਾਧਨ ਕਰਦਾ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।

ਮਿਥਿਆ ਵਸਤੁ ਸਤਿ ਕਰਿ ਮਾਨੀ ॥
ਕੂੜੀ ਸ਼ੈ ਨੂੰ ਉਹ ਸੱਚੀ ਕਰ ਕੇ ਜਾਣਦਾ ਹੈ।

ਹਿਤੁ ਲਾਇਓ ਸਠ ਮੂੜ ਅਗਿਆਨੀ ॥
ਬੇਸਮਝ ਤੇ ਮੂਰਖ ਬੁਧੂ ਇਸ ਨਾਲ ਪਿਆਰ ਪਾ ਲੈਂਦਾ ਹੈ।

ਕਾਮ ਕ੍ਰੋਧ ਲੋਭ ਮਦ ਮਾਤਾ ॥
ਉਹ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ,

ਕਉਡੀ ਬਦਲੈ ਜਨਮੁ ਗਵਾਤਾ ॥
ਅਤੇ ਇਕ ਕੌਡੀ ਦੇ ਵਟਾਦਰੇ ਵਿੱਚ ਆਪਣਾ ਮਨੁੱਖੀ-ਜੀਵਨ ਗਵਾ ਲੈਂਦਾ ਹੈ।

ਅਪਨਾ ਛੋਡਿ ਪਰਾਇਐ ਰਾਤਾ ॥
ਉਹ ਆਪਣੀ ਨਿੱਜ ਦੀ ਵਸਤੂ ਤਿਆਗ ਦਿੰਦਾ ਹੈ ਤੇ ਹੋਰਸ ਨੂੰ ਪਿਆਰ ਕਰਦਾ ਹੈ।

ਮਾਇਆ ਮਦ ਮਨ ਤਨ ਸੰਗਿ ਜਾਤਾ ॥
ਮੋਹਨੀ ਨਾਲ ਨਸ਼ਈ ਹੋਇਆ ਹੋਇਆ ਉਸ ਦਾ ਮਨੂਆ ਸਦਾ ਹੀ ਦੇਹ ਦਾ ਖਿਆਲ ਕਰਦਾ ਹੈ।

ਤ੍ਰਿਸਨ ਨ ਬੂਝੈ ਕਰਤ ਕਲੋਲਾ ॥
ਉਸ ਦੀ ਖਾਹਿਸ਼ ਮਿਟਦੀ ਨਹੀਂ ਅਤੇ ਉਹ ਰੰਗ ਰਲੀਆਂ ਮਾਣਦਾ ਹੈ।

ਊਣੀ ਆਸ ਮਿਥਿਆ ਸਭਿ ਬੋਲਾ ॥
ਉਸ ਦੀ ਉਮੈਦ ਪੂਰਨ ਨਹੀਂ ਹੁੰਦੀ ਅਤੇ ਬੇਫਾਇਦਾ ਹੈ ਉਸ ਦੀ ਸਾਰੀ ਗਲ-ਬਾਤ।

ਆਵਤ ਇਕੇਲਾ ਜਾਤ ਇਕੇਲਾ ॥
ਇਨਸਾਨ ਕੱਲਮਕੱਲ ਆਉਂਦਾ ਹੈ ਤੇ ਕੱਲਮਕੱਲਾ ਜਾਂਦਾ ਹੈ।

copyright GurbaniShare.com all right reserved. Email