ਹਰਿ ਪੜੀਐ ਹਰਿ ਬੁਝੀਐ ਗੁਰਮਤੀ ਨਾਮਿ ਉਧਾਰਾ ॥ ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਪ੍ਰਭੂ ਦੇ ਨਾਮ ਨੂੰ ਉਚਾਰ ਅਤੇ ਅਨੁਭਵ ਕਰ। ਨਾਮ ਦੇ ਰਾਹੀਂ ਹੀ ਤੇਰੀ ਕਲਿਆਣ ਹੋਵੇਗੀ। ਗੁਰਿ ਪੂਰੈ ਪੂਰੀ ਮਤਿ ਹੈ ਪੂਰੈ ਸਬਦਿ ਬੀਚਾਰਾ ॥ ਪੂਰਨ ਹੈ ਸਮਝ ਪੂਰਨ ਗੁਰਾਂ ਦੀ। ਪੂਰਨ ਗੁਰਾਂ ਦੇ ਰਾਹੀਂ ਹੀ ਸਾਹਿਬ ਸਿਮਰਿਆ ਜਾਂਦਾ ਹੈ। ਅਠਸਠਿ ਤੀਰਥ ਹਰਿ ਨਾਮੁ ਹੈ ਕਿਲਵਿਖ ਕਾਟਣਹਾਰਾ ॥੨॥ ਵਾਹਿਗੁਰੂ ਨਾਮ ਅਠਾਹਟ ਧਰਮ ਅਸਥਾਨ ਅਤੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ। ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ ॥ ਅੰਨ੍ਹਾਂ, ਬੇਸਮਝ ਬੰਦਾ ਪਾਣੀ ਨੂੰ ਹਿਲਾਉਂਦਾ ਹੈ ਅਤੇ ਪਾਣੀ ਨੂੰ ਹੀ ਉਹ ਰਿੜਕਦਾ ਹੈ ਅਤੇ ਮੱਖਣਕਢਣਾ ਚਾਹੁੰਦਾ ਹੈ। ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ ॥ ਗੁਰਾਂ ਦੇ ਉਪਦੇਸ਼ ਦੁਆਰਾ ਦਹੀ ਰਿੜਕਣ ਨਾਲ ਅੰਮ੍ਰਿਤਮਈ ਨਾਮ ਦਾ ਖ਼ਜ਼ਾਨਾ ਪਰਾਪਤ ਹੋ ਜਾਂਦਾ ਹੈ। ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ ॥੩॥ ਅਧਰਮੀ ਡੰਗਰ ਉਸ ਜੌਹਰ ਨੂੰ ਅਨੂਭਵ ਨਹੀਂ ਕਰਦਾ ਜੋ ਉਸ ਦੇ ਅੰਦਰ ਸਮਾਇਆ ਹੋਇਆ ਹੈ। ਹਉਮੈ ਮੇਰਾ ਮਰੀ ਮਰੁ ਮਰਿ ਜੰਮੈ ਵਾਰੋ ਵਾਰ ॥ ਜੋ ਹੰਕਾਰ ਅਤੇ ਅਪਣੱਤ ਦੀ ਮੌਤੇ ਮਰਦਾ ਹੈ। ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਨ ਦੂਜੀ ਵਾਰ ॥ ਪ੍ਰੰਤੂ ਜਦ ਬੰਦਾ ਗੁਰਾਂ ਦੇ ਉਪਦੇਸ਼ ਦੁ ਆਰਾ ਮਰ ਜਾਂਦਾ ਹੈ, ਉਹ ਮੁੜ ਕੇ ਦੂਸਰੀ ਦਫਾ ਨਹੀਂ ਮਰਦਾ। ਗੁਰਮਤੀ ਜਗਜੀਵਨੁ ਮਨਿ ਵਸੈ ਸਭਿ ਕੁਲ ਉਧਾਰਣਹਾਰ ॥੪॥ ਗੁਰਾਂ ਦੇ ਉਪਦੇਸ਼ ਰਾਹੀਂ ਜੇਕਰ ਬੰਦਾ ਜਗਤ ਦੀ ਜਿੰਦਜਾਨ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਵੇ, ਤਾਂ ਉਹ ਆਪਣੀ ਸਮੂਹ ਵੰਸ਼ ਨੂੰ ਭੀ ਤਾਰ ਲੈਂਦਾ ਹੈ। ਸਚਾ ਵਖਰੁ ਨਾਮੁ ਹੈ ਸਚਾ ਵਾਪਾਰਾ ॥ ਪ੍ਰਭੂ ਦਾ ਨਾਮ ਸੱਚਾ ਸੌਦਾ ਸੂਤ ਹੈ ਅਤੇ ਸੱਚਾ ਹੈ ਇਸ ਦਾ ਵਣਜ। ਲਾਹਾ ਨਾਮੁ ਸੰਸਾਰਿ ਹੈ ਗੁਰਮਤੀ ਵੀਚਾਰਾ ॥ ਇਸ ਜਗਤ ਅੰਦਰ ਕੇਵਲ ਨਾਮ ਹੀ ਮੁਨਾਫ਼ਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਤੂੰ ਇਸ ਦਾ ਆਰਾਧਨ ਕਰ। ਦੂਜੈ ਭਾਇ ਕਾਰ ਕਮਾਵਣੀ ਨਿਤ ਤੋਟਾ ਸੈਸਾਰਾ ॥੫॥ ਮਾਇਆ ਦੇ ਮੋਹ ਦੀ ਖ਼ਾਤਰ ਕੰਮ ਕਰਨਾ ਇਸ ਜਹਾਨ ਅੰਦਰ ਸਦਾ ਹੀ ਘਾਟਾ ਉਠਾਉਣਾ ਹੈ। ਸਾਚੀ ਸੰਗਤਿ ਥਾਨੁ ਸਚੁ ਸਚੇ ਘਰ ਬਾਰਾ ॥ ਸੱਚੀ ਹੈ ਇਨਸਾਨ ਦੀ ਊਠਕ ਬੈਠਕ, ਸੱਚਾ ਉਸ ਦਾ ਟਿਕਾਣਾ, ਸੱਚਾ ਉਸ ਦਾ ਝੁੱਗਾ ਝਾਹਾ, ਸਚਾ ਭੋਜਨੁ ਭਾਉ ਸਚੁ ਸਚੁ ਨਾਮੁ ਅਧਾਰਾ ॥ ਸੱਚੀ ਉਸ ਦੀ ਖ਼ੁਰਾਕ ਅਤੇ ਸੱਚਾ ਉਸ ਦਾ ਪਿਆਰ, ਜੇਕਰ ਉਸ ਨੂੰ ਸੱਚੇ ਨਾਮ ਦਾ ਆਸਰਾ ਹੈ। ਸਚੀ ਬਾਣੀ ਸੰਤੋਖਿਆ ਸਚਾ ਸਬਦੁ ਵੀਚਾਰਾ ॥੬॥ ਸੱਚੀ ਗੁਰਬਾਣੀ ਅਤੇ ਸੱਚੇ ਨਾਮ ਦਾ ਧਿਆਨ ਧਾਰਨ ਦੁਆਰਾ ਉਹ ਸੰਤੁਸ਼ਟ ਹੋਇਆ ਰਹਿੰਦਾ ਹੈ। ਰਸ ਭੋਗਣ ਪਾਤਿਸਾਹੀਆ ਦੁਖ ਸੁਖ ਸੰਘਾਰਾ ॥ ਸ਼ਾਹੀ ਰੰਗਰਲੀਆਂ ਮਾਣਨ ਦੁਆਰਾ ਇਨਸਾਨ ਗ਼ਮੀ ਅਤੇ ਖ਼ੁਸ਼ੀ ਅੰਦਰ ਤਬਾਹ ਹੋ ਜਾਂਦਾ ਹੈ। ਮੋਟਾ ਨਾਉ ਧਰਾਈਐ ਗਲਿ ਅਉਗਣ ਭਾਰਾ ॥ ਵਡਾ ਨਾਮ ਇਖ਼ਤਿਆਰ ਕਰਨ ਦੁਆਰਾ, ਬੱਜਰ ਪਾਪ ਪ੍ਰਾਣੀ ਦੇ ਗਲ ਨੂੰ ਚਿਮੜਦੇ ਹਨ। ਮਾਣਸ ਦਾਤਿ ਨ ਹੋਵਈ ਤੂ ਦਾਤਾ ਸਾਰਾ ॥੭॥ ਆਦਮੀ ਕੋਈ ਬਖ਼ਸ਼ੀਸ਼ ਦੇਣ ਜੋਗਾ ਨਹੀਂ। ਹਰ ਵਸਤੂ ਦਾ ਕੇਵਲ ਤੂੰ ਹੀ ਦਾਤਾਰ ਸੁਆਮੀ ਹੈਂ। ਅਗਮ ਅਗੋਚਰੁ ਤੂ ਧਣੀ ਅਵਿਗਤੁ ਅਪਾਰਾ ॥ ਤੂੰ ਹੇ ਮਾਲਕ! ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚਰਾ, ਅਬਿਨਾਸ਼ੀ ਅਤੇ ਬੇਅੰਤ ਹੈਂ। ਗੁਰ ਸਬਦੀ ਦਰੁ ਜੋਈਐ ਮੁਕਤੇ ਭੰਡਾਰਾ ॥ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦੇ ਬੂਹੇ ਨੂੰ ਭਾਲਣ ਨਾਲ ਇਨਸਾਨ ਮੋਖ਼ਸ਼ ਦੇ ਖ਼ਜਾਨੇ ਨੂੰ ਪਾ ਲੈਂਦਾ ਹੈ। ਨਾਨਕ ਮੇਲੁ ਨ ਚੂਕਈ ਸਾਚੇ ਵਾਪਾਰਾ ॥੮॥੧॥ ਨਾਨਕ ਸੱਚੇ ਨਾਮ ਦਾ ਵਣਜ ਕਰਨ ਦੁਆਰਾ ਸੁਆਮੀ ਨਾਲੋਂ ਇਨਸਾਨ ਦਾ ਮਲਾਮ ਟੁਟਦਾ ਨਹੀਂ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ ॥ ਪਾਪਾਂ ਨਾਲ ਲੱਦਿਆ ਹੋਇਆ ਜਹਾਜ਼ ਸਮੁੰਦਰ ਵਿੱਚ ਠੇਲ੍ਹ ਦਿਤਾ ਜਾਂਦਾ ਹੈ। ਕੰਧੀ ਦਿਸਿ ਨ ਆਵਈ ਨਾ ਉਰਵਾਰੁ ਨ ਪਾਰੁ ॥ ਕੰਢਾ ਦਿਸਦਾ ਹੀ ਨਹੀਂ। ਨਾਂ ਉਰਨਾ ਕਿਨਾਰਾ ਨਾਂ ਹੀ ਪਰਲਾ। ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ ॥੧॥ ਡਰਾਉਣੇ ਸਮੁੰਦਰ ਦੇ ਪਾਣੀ ਤੋਂ ਪਾਰ ਹੋਂਦ ਲਈ ਬੰਦੇ ਨੂੰ ਕਦੇ ਚਪੂ ਤੇ ਮਲਾਹ ਹੱਥ ਨਹੀਂ ਲਗਦਾ। ਬਾਬਾ ਜਗੁ ਫਾਥਾ ਮਹਾ ਜਾਲਿ ॥ ਹੇ ਪਿਤਾ! ਸੰਸਾਰ ਇਕ ਮਹਾਨ ਕੁੜਿਕੀ ਅੰਦਰ ਫੱਸਿਆ ਹੋਇਆ ਹੈ। ਗੁਰ ਪਰਸਾਦੀ ਉਬਰੇ ਸਚਾ ਨਾਮੁ ਸਮਾਲਿ ॥੧॥ ਰਹਾਉ ॥ ਗੁਰਾਂ ਦੀ ਦਇਆ ਰਾਹੀਂ ਸੱਚੇ ਨਾਮ ਦਾ ਆਰਾਧਨ ਕਰਕੇ, ਇਨਸਾਨ ਮੁਕਤ ਥੀ ਵੰਝਦਾ ਹੈ। ਠਹਿਰਾਉ। ਸਤਿਗੁਰੂ ਹੈ ਬੋਹਿਥਾ ਸਬਦਿ ਲੰਘਾਵਣਹਾਰੁ ॥ ਪ੍ਰਾਣੀ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਸੱਚੇ ਗੁਰਦੇਵ ਜੀ ਜਹਾਜ਼ ਤੇ ਸੱਚਾ ਨਾਮ ਚਪੂ ਹਨ। ਤਿਥੈ ਪਵਣੁ ਨ ਪਾਵਕੋ ਨਾ ਜਲੁ ਨਾ ਆਕਾਰੁ ॥ ਓਥੇ ਨਾਂ ਹਵਾ ਹੈ ਨਾਂ ਅੱਗ, ਨਾਂ ਪਾਣੀ ਅਤੇ ਨਾਂ ਹੀ ਕੋਈ ਸਰੂਪ। ਤਿਥੈ ਸਚਾ ਸਚਿ ਨਾਇ ਭਵਜਲ ਤਾਰਣਹਾਰੁ ॥੨॥ ਓਥੇ ਸੱਚੇ ਸੁਆਮੀ ਦਾ ਸੱਚਾ ਨਾਮ ਵਸਦਾ ਹੈ, ਜੋ ਪ੍ਰਾਣੀ ਨੂੰ ਭੈਦਾਇਕ ਸਮੁੰਦਰ ਤੋਂ ਪਾਰ ਲੈ ਜਾਂਦਾ ਹੈ। ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ ॥ ਗੁਰਾਂ ਦੀ ਦਇਆ ਦੁਆਰਾ, ਉਨ੍ਹਾਂ ਦਾ ਸੱਚੇ ਸਾਈਂ ਨਾਲ ਪ੍ਰੇਮ ਪੈ ਜਾਂਦਾ ਹੈ, ਉਹ ਪਰਲੇ ਕਿਨਾਰੇ ਪੁਜ ਜਾਂਦੇ ਹਨ ਤੇ ਮੁਕਤ ਥੀ ਵੰਝਦੇ ਹਨ। ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥ ਉਨ੍ਹਾਂ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ ਅਤੇ ਉਨ੍ਹਾਂ ਦਾ ਨੁਰ ਪਰਮ ਨੂਰ ਨਾਲ ਮਿਲ ਜਾਂਦਾ ਹੈ। ਗੁਰਮਤੀ ਸਹਜੁ ਊਪਜੈ ਸਚੇ ਰਹੈ ਸਮਾਇ ॥੩॥ ਗੁਰਾਂ ਦੇ ਉਪਦੇਸ਼ ਦੁਆਰਾ, ਉਨ੍ਹਾਂ ਦੇ ਅੰਦਰ ਅਡੋਲਤਾ ਉਤਪੰਨ ਹੋ ਜਾਂਦੀ ਹੈ ਤੇ ਉਹ ਸਤਿਪੁਰਖ ਅੰਦਰ ਲੀਨ ਹੋਏ ਰਹਿੰਦੇ ਹਨ। ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥ ਜੇਕਰ ਸਰਪ ਨੂੰ ਪਟਾਰੀ ਵਿੱਚ ਬੰਦ ਕਰ ਦਈਏ, ਇਸ ਦੀ ਜਹਿਰ ਅਤੇ ਚਿੱਤ ਦਾ ਗੁਸਾ ਦੂਰ ਨਹੀਂ ਹੁੰਦਾ। ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ ॥ ਇਨਸਾਨ ਨੂੰ ਉਹੋ ਕੁਛ ਮਿਲਦਾ ਹੈ, ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ। ਉਹ ਹੋਰਨਾਂ ਤੇ ਇਲਜ਼ਾਮ ਕਿਉਂ ਲਾਉਂਦਾ ਹੈ? ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸੁ ॥੪॥ ਜੇਕਰ ਉਹ ਮੁਖੀ ਗੁਰਾਂ ਦੇ ਮੰਤ੍ਰ ਨੂੰ ਸੁਣ ਲਵੇ ਤਾਂ ਨਾਮ ਤੇ ਭਰੋਸਾ ਧਾਰ, ਉਸ ਦੀ ਆਤਮਾ ਸੰਤੁਸ਼ਟ ਥੀ ਵੰਝਦੀ ਹੈ। ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ ॥ ਕੰਡਿਆਲੀ ਫਾਹੀ ਸੁਟ ਕੇ ਮਗਰਮਛ ਫੜਿਆ ਜਾਂਦਾ ਹੈ। ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ ॥ ਖੋਟੀ-ਸਮਝ ਦੇ ਰਾਹੀਂ ਫ਼ਾਹੀ ਅੰਦਰ ਫਸਿਆ ਹੋਇਆ ਉਹ ਮੁੜ ਮੁੜ ਕੇ ਅਫ਼ਸੋਸ ਕਰਦਾ ਹੈ। ਜੰਮਣ ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ ॥੫॥ ਇਨਸਾਨ ਜੰਮਣ ਤੇ ਮਰਨ ਦੇ ਮਹਾਨ ਕਸ਼ਟ ਨੂੰ ਅਨੁਭਵ ਨਹੀਂ ਕਰਦਾ। ਪੂਰਬਲੇ ਕਰਮ ਦਾ ਲੇਖ ਮੇਸਿਆ ਨਹੀਂ ਜਾ ਸਕਦਾ। ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ ॥ ਹੰਕਾਰ ਦੀ ਜ਼ਹਿਰ ਅੰਦਰ ਪਾ ਕੇ ਸਿਰਜਣਹਾਰ ਨੇ ਸੰਸਾਰ ਸਿਰਜਿਆ ਹੈ। ਨਾਮ ਨੂੰ ਅੰਦਰ ਟਿਕਾਉਣ ਦੁਆਰਾ ਜ਼ਹਿਰ ਦੂਰ ਹੋ ਜਾਂਦੀ ਹੈ। ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ ॥ ਤਦ ਬਿਰਧ ਅਵਸਥਾ ਉਸ ਨੂੰ ਦੁਖ ਨਹੀਂ ਦੇ ਸਕਦੀ ਕਿਉਂਕਿ ਉਹ ਸੱਚੇ ਸਾਈਂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ। ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥੬॥ ਕੇਵਲ ਉਹ ਹੀ ਜੀਉਂਦੇ ਜੀ ਮੋਖ਼ਸ਼ ਹੋਇਆ ਕਿਹਾ ਜਾਂਦਾ ਹੈ ਜਿਸ ਦੇ ਅੰਦਰੋਂ ਹੰਕਾਰ ਨਵਿਰਤ ਹੋ ਜਾਂਦਾ ਹੈ। copyright GurbaniShare.com all right reserved. Email |