ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ ॥ ਗੁਰਾਂ ਦੇ ਬਾਝੋਂ ਉਸ ਦੀ ਅੰਦਰ ਦੀ ਅੱਗ ਨਹੀਂ ਬੁਝਦੀ ਪ੍ਰੰਤੂ ਉਹ ਆਪਣੇ ਉਦਾਲੇ ਧੂਣੀਆਂ ਬਾਲਦਾ ਹੈ। ਗੁਰ ਸੇਵਾ ਬਿਨੁ ਭਗਤਿ ਨ ਹੋਵੀ ਕਿਉ ਕਰਿ ਚੀਨਸਿ ਆਪੈ ॥ ਗੁਰਾਂ ਦੀ ਚਾਕਰੀ ਕਮਾਉਣ ਦੇ ਬਗ਼ੈਰ ਸੁਆਮੀ ਦਾ ਸਿਮਰਨ ਨਹੀਂ ਹੁੰਦਾ। ਆਪਣੇ ਆਪ ਇਨਸਾਨ ਕਿਸ ਤਰ੍ਹਾਂ ਪ੍ਰਭੂ ਨੂੰ ਜਾਣ ਸਕਦਾ ਹੈ? ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ ॥ ਹੋਰਨਾਂ ਦੀ ਬਦਖ਼ੋਈ ਅਤੇ ਬੁਰਾਈ ਕਰਕੇ ਉਹ ਨਰਕ ਅੰਦਰ ਸਵਦਾ ਹੈ। ਉਸ ਦੇ ਅੰਦਰ ਆਤਮਕ ਬੇਸਮਝੀ ਦਾ ਗੂੜ੍ਹਾ ਅਨ੍ਹੇਰਾ ਹੈ। ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ ॥੩॥ ਅਠਾਹਟ ਧਰਮ ਅਸਥਾਨਾਂ ਤੇ ਭੌਣ ਦੁਆਰਾ ਉਹ ਬਰਬਾਦ ਹੋ ਜਾਂਦਾ ਹੈ। ਉਸ ਦੇ ਗੁਨਾਹਾਂ ਦੀ ਤਧੋਤੀ ਜਾ ਸਕਦੀ ਹੈ। ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ ॥ ਉਹ ਘੱਟਾ ਛਾਣਦਾ ਹੈ, ਆਪਣੀ ਦੇਹ ਨੂ ਸੁਆਹ ਮਲਦਾ ਹੈ ਅਤੇ ਧਨ ਦੌਲਤ ਦੇ ਰਸਤੇ ਦੀ ਭਾਲ ਕਰਦਾ ਹੈ। ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ ॥ ਅੰਦਰ ਤੇ ਬਾਹਰ ਉਹ ਇਕ ਸੁਆਮੀ ਨੂੰ ਅਨੁਭਵ ਨਹੀਂ ਕਰਦਾ। ਜੇਕਰ ਕੋਈ ਉਸ ਨੂੰ ਸੱਚ ਆਖੇ ਤਾਂ ਉਹ ਗੁੱਸੇ ਹੋ ਜਾਂਦਾ ਹੈ। ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥ ਉਹ ਧਾਰਮਕ ਪੁਸਤਕਾਂ ਪੜ੍ਹਦਾ ਹੈ ਅਤੇ ਆਪਣੇ ਮੂੰਹ ਨਾਲ ਕੂੜ ਬਕਦਾ ਹੈ। ਐਹੋ ਜੇਹੀ ਹੈ ਸਿਆਣਪ ਗੁਰੂ-ਬਿਹੂਣ ਦੀ। ਨਾਮੁ ਨ ਜਪਈ ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ ॥੪॥ ਨਾਮ ਦਾ ਸਿਮਰਨ ਕਰਨ ਦੇ ਬਾਝੌਂ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ? ਨਾਮ ਦੇ ਬਗ਼ੈਰ ਉਹ ਕਿਸ ਤਰ੍ਹਾਂ ਸੁੰਦਰ ਭਾਸ ਸਕਦਾ ਹੈ। ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ॥ ਕਈ ਆਪਣੇ ਸਿਰ ਮੁਨਾਂਦੇ ਹਨ, ਕਈ ਕੇਸਾਂ ਦੀਆਂ ਲਿਟਾਂ ਰਖਦੇ ਹਨ, ਕਈ ਵਾਲਾਂ ਦੀਆਂ ਬੋਦੀਆਂ ਬੰਨ੍ਹਦੇ ਹਨ, ਅਤੇ ਕਈ ਹੰਕਾਰ ਰਾਹੀਂ ਚੁਪ ਰਹਿੰਦੇ ਹਨ। ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ ॥ ਪਰ ਰੱਬੀ ਗਿਆਤ ਦੇ ਪ੍ਰੇਮ ਦੇ ਬਾਝੌਂ ਉਨ੍ਹਾਂ ਦਾ ਮਨ ਡਿਕਡੋਲੇ ਖਾਂਦਾ ਅਤੇ ਦਸੀਂ ਪਾਸੀਂ ਭਟਕਦਾ ਫਿਰਦਾ ਹੈ। ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ ॥ ਧਨ ਦੌਲਤ ਦਾ ਕਮਲਾ ਕੀਤਾ ਹੋਇਆ ਇਨਸਾਨ ਅੰਮ੍ਰਿਤ ਨੂੰ ਤਿਆਗ ਪ੍ਰਾਣ-ਨਾਸਕ ਵਿਹੁ ਨੂੰ ਪਾਨ ਕਰਦਾ ਹੈ। ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ ॥੫॥ ਮੰਦੇ ਅਮਲ ਮਿਟਦੇ ਨਹੀਂ। ਉਹ ਸਾਈਂ ਦੀ ਰਜ਼ਾ ਨੂੰ ਅਨੁਭਵ ਨਹੀਂ ਕਰਦਾ ਅਤੇ ਡੰਗਰਾਂ ਦੀਆਂ ਦੇਹਾਂ ਅੰਦਰ ਪ੍ਰਵੇਸ਼ ਕਰਦਾ ਹੈ। ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ ॥ ਖੁਫਣੀ ਵਾਲੇ ਫਕੀਰ, ਜਿਸ ਦੇ ਹੱਥ ਵਿੰਚ ਚਿੱਪੀ ਹੈ, ਦੇ ਚਿੱਤ ਅੰਦਰ ਵੱਡੀ ਲਾਲਸਾ ਉਤਪੰਨ ਹੁੰਦੀ ਹੈ। ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥ ਆਪਣੀ ਨਿੱਜ ਦੀ ਵਹੁਟੀ ਨੂੰ ਛੱਡ ਕੇ, ਉਹ ਵਿਸ਼ੇ ਭੋਗ ਅੰਦਰ ਖੱਚਤ ਹੋ ਜਾਂਦਾ ਹੈ ਅਤੇ ਹੋਰਸ ਦੀ ਜਨਾਨੀ ਨਾਲ ਆਪਣੇ ਮਨ ਨੂੰ ਜੋੜ ਲੈਂਦਾ ਹੈ। ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥ ਉਹ ਹੋਰਨਾਂ ਨੂੰ ਉਪਦੇਸ਼ਦਾ ਹੈ, ਖ਼ੁਦ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਆਪਣੇ ਆਪ ਨੂੰ ਵੇਸਵਾ ਨਾਲ ਜੋੜ ਲੈਂਦਾ ਹੈ। ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ ॥੬॥ ਮਨ ਅੰਦਰ ਜ਼ਹਿਰ ਹੁੰਦਿਆਂ ਹੋਇਆਂ ਉਹ ਬਾਹਰੋਂ ਭਰਮ-ਰਹਿਤ ਹੋਣ ਦਾ ਦੰਭ ਕਰਦਾ ਹੈ। ਸੋ, ਯਮ ਉਸ ਨੂੰ ਖੱਜਲ-ਖ਼ੁਆਰ ਕਰਦਾ ਹੈ। ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿਚਹੁ ਆਪੁ ਗਵਾਏ ॥ ਕੇਵਲ ਉਹ ਹੀ ਤਿਆਗੀ ਹੈ, ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ ਅਤੇ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦਾ ਹੈ। ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤੁ ਮਿਲੈ ਸੋ ਪਾਏ ॥ ਉਹ ਬਸਤਰ ਤੇ ਅਹਾਰ ਮੰਗਦਾ ਨਹੀਂ ਅਤੇ ਜਿਹੜਾ ਕੁੱਛ ਉਸ ਨੂੰ ਬਿਨਾ ਮੰਗਿਆ ਮਿਲੇ, ਉਸ ਨੂੰ ਉਹ ਲੈ ਲੈਂਦਾ ਹੈ। ਬਕੈ ਨ ਬੋਲੈ ਖਿਮਾ ਧਨੁ ਸੰਗ੍ਰਹੈ ਤਾਮਸੁ ਨਾਮਿ ਜਲਾਏ ॥ ਉਸ ਬੇਫ਼ਾਇਦਾ ਬਕਵਾਸ ਤੇ ਗੱਲਾਂ ਨਹੀਂ ਕਰਦਾ, ਸਹਿਨਸ਼ੀਲਤਾ ਦੀ ਦੌਲਤ ਨੂੰ ਇਕੱਤ੍ਰ ਕਰਦਾ ਹੈ ਅਤੇ ਆਪਣੇ ਗੁੱਸੇ ਨੂੰ ਉਹ ਪ੍ਰਭੂ ਦੇ ਨਾਮ ਨਾਲ ਫੂਕ ਸੁਟਦਾ ਹੈ। ਧਨੁ ਗਿਰਹੀ ਸੰਨਿਆਸੀ ਜੋਗੀ ਜਿ ਹਰਿ ਚਰਣੀ ਚਿਤੁ ਲਾਏ ॥੭॥ ਮੁਬਾਰਕ ਹੈ ਐਹੋ ਜੇਹਾ ਗ੍ਰਿਹਮਤੀ, ਤਿਆਗੀ ਤੇ ਯੋਗੀ, ਜੋ ਆਪਣੇ ਮਨ ਨੂੰ ਵਾਹਿਗੁਰੂ ਦੇ ਪੈਰਾਂ ਨਾਲ ਜੋੜਦਾ ਹੈ। ਆਸ ਨਿਰਾਸ ਰਹੈ ਸੰਨਿਆਸੀ ਏਕਸੁ ਸਿਉ ਲਿਵ ਲਾਏ ॥ ਸੰਨਿਆਸੀ ਖ਼ਾਹਿਸ਼ਾਂ ਅੰਦਰ ਖ਼ਾਹਿਸ-ਰਹਿਤ ਰਹਿੰਦਾ ਹੈ ਅਤੇ ਇਕ ਸਾਈਂ ਨਾਲ ਹੀ ਪਿਰਹੜੀ ਪਾਉਂਦਾ ਹੈ। ਹਰਿ ਰਸੁ ਪੀਵੈ ਤਾ ਸਾਤਿ ਆਵੈ ਨਿਜ ਘਰਿ ਤਾੜੀ ਲਾਏ ॥ ਜੇਕਰ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ ਤੇ ਆਪਣੇ ਨਿਜ ਦੇ ਗ੍ਰਹਿ ਅੰਦਰ ਹੀ ਸਮਾਧੀ ਲਾਉਂਦਾ ਹੈ, ਕੇਵਲ ਤਦ ਹੀ ਉਹ ਠੰਡ ਚੈਨ ਨੂੰ ਪ੍ਰਾਪਤ ਹੁੰਦਾ ਹੈ। ਮਨੂਆ ਨ ਡੋਲੈ ਗੁਰਮੁਖਿ ਬੂਝੈ ਧਾਵਤੁ ਵਰਜਿ ਰਹਾਏ ॥ ਗੁਰਾਂ ਦੀ ਦਇਆ ਦੁਆਰਾ ਉਹ ਆਪਣੇ ਸਾਹਿਬ ਨੂੰ ਸਮਝ ਲੈਂਦਾ ਹੈ। ਉਸ ਦਾ ਮਨ ਡਿਕੋਡੋਲੇ ਨਹੀਂ ਖਾਂਦਾ ਅਤੇ ਉਹ ਇਸ ਦੀਆਂ ਭਟਕਣਾ ਨੂੰ ਮਨ੍ਹਾਂ ਕਰਦਾ ਤੇ ਰੋਕ ਰਖਦਾ ਹੈ। ਗ੍ਰਿਹੁ ਸਰੀਰੁ ਗੁਰਮਤੀ ਖੋਜੇ ਨਾਮੁ ਪਦਾਰਥੁ ਪਾਏ ॥੮॥ ਆਪਣੀ ਦੇਹ ਦੇ ਘਰ ਦੀ ਗੁਰਾਂ ਦੀ ਉਪਦੇਸ਼ ਦੁਆਰਾ ਖੋਜ-ਭਾਲ ਕਰ ਕੇ, ਉਹ ਸਾਈਂ ਦੇ ਨਾਮ ਧਨ ਨੂੰ ਪਾ ਲੈਂਦਾ ਹੈ। ਬ੍ਰਹਮਾ ਬਿਸਨੁ ਮਹੇਸੁ ਸਰੇਸਟ ਨਾਮਿ ਰਤੇ ਵੀਚਾਰੀ ॥ ਨਾਮ ਦੇ ਸਿਮਰਨ ਨਾਲ ਰੰਗੀਜਨ ਦੁਆਰਾ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਉਤਮ ਹੋ ਵੰਝਦੇ ਹਨ। ਖਾਣੀ ਬਾਣੀ ਗਗਨ ਪਤਾਲੀ ਜੰਤਾ ਜੋਤਿ ਤੁਮਾਰੀ ॥ ਤੈਡਾਂ ਪ੍ਰਕਾਸ਼, ਹੇ ਸਾਹਿਬ! ਉਤਪਤੀ ਦੇ ਚਾਰੇ ਸੋਤਿਆ ਖ਼ਿਆਲਾਂ ਦੀਆਂ ਚਾਰੇ ਹੀ ਦਸ਼ਾਂ, ਆਕਾਸ਼, ਪਇਆਲ ਅਤੇ ਸਮੂਹ ਜੀਵਾਂ ਅੰਦਰ ਹੈ। ਸਭਿ ਸੁਖ ਮੁਕਤਿ ਨਾਮ ਧੁਨਿ ਬਾਣੀ ਸਚੁ ਨਾਮੁ ਉਰ ਧਾਰੀ ॥ ਮੋਖ਼ਸ਼ ਦੇ ਸਾਰੇ ਆਰਾਮ ਨਾਮ ਅਤੇ ਗੁਰਬਾਣੀ ਦੇ ਸਿਮਰਨ ਵਿੱਚ ਹਨ, ਇਸ ਲਈ ਸੱਚੇ ਨਾਮ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾਉਂਦਾ ਹਾਂ। ਨਾਮ ਬਿਨਾ ਨਹੀ ਛੂਟਸਿ ਨਾਨਕ ਸਾਚੀ ਤਰੁ ਤੂ ਤਾਰੀ ॥੯॥੭॥ ਨਾਮ ਦੇ ਬਾਝੌਂ ਬੰਦੇ ਦੀ ਖ਼ਲਾਸੀ ਨਹੀਂ ਹੰਦੀ ਹੇ ਨਾਨਕ! ਇਸ ਲਈ ਨਾਮ ਦੀ ਸੱਚੀ ਬੇੜੀ ਤੇ ਚੜ੍ਹ ਕੇ ਤੂੰ ਪਾਰ ਉਤੱਰ ਜਾ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥ ਮਾਂ ਅਤੇ ਪਿਓ ਦੇ ਮਿਲਾਪ ਤੋਂ ਪ੍ਰਾਣੀ ਪੈਦਾ ਹੁੰਦਾ ਹੈ। ਨਾਰੀ ਅਤੇ ਨਰ ਦੇ ਵੀਰਜ ਦੇ ਇਕੱਠੇ ਹੋਣ ਤੋਂ ਦੇਹ ਬਣਦੀ ਹੈ। ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥੧॥ ਪ੍ਰਭੂ ਦੀ ਪ੍ਰੀਤ ਅੰਦਰ ਜੁੜਿਆ ਹੋਇਆ, ਮਾਂ ਦੇ ਪੇਟ ਵਿੰਚ ਉਹ ਮੂਧੇ-ਮੂੰਹ ਟੰਗਿਆ ਹੁੰਦਾ ਹੈ। ਉਹ ਸੁਆਮੀ ਉੱਥੇ ਉਸ ਨੂੰ ਸੰਭਾਲਦਾ ਅਤੇ ਰੱਖਿਆ ਦੀ ਬਖ਼ਸ਼ੀਸ਼ ਦਿੰਦਾ ਹੈ। ਸੰਸਾਰੁ ਭਵਜਲੁ ਕਿਉ ਤਰੈ ॥ ਪ੍ਰਾਣੀ ਕਿਸ ਤਰ੍ਹਾਂ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਸਕਦਾ ਹੈ? ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ, ਪਾਵਨ ਪਵਿੱਤ੍ਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਅਤੇ ਪਾਪਾਂ ਦਾ ਅਸਹਿ ਬੋਝ ਦੂਰ ਹੋ ਜਾਂਦਾ ਹੈ। ਠਹਿਰਾਉ। ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰਉ ਹਰੇ ॥ ਸਾਈਂ ਦੇ ਉਹ ਉਪਕਾਰ ਮੈਂ ਪਾਪੀ ਨੇ ਭੁਲਾ ਛੱਡੇ ਹਨ। ਮੈਂ ਪਗਲਾ ਪੁਰਸ਼, ਹੁਣ ਕੀ ਕਰ ਸਕਦਾ ਹਾਂ? ਹੇ ਵਾਹਿਗੁਰੂ! ਤੂ ਦਾਤਾ ਦਇਆਲੁ ਸਭੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥੨॥ ਤੂੰ, ਹੇ ਪ੍ਰਭੂ! ਸਾਰਿਆਂ ਦੇ ਸਿਰਾਂ ਉਤੇ ਮਿਹਰਬਾਨ ਦਾਤਾਰ ਹੈ। ਦਿਹੁੰ ਰੈਣ ਤੂੰ ਬਖ਼ਸ਼ਸ਼ਾਂ ਬਖ਼ਸ਼ਦਾ ਹੈਂ ਅਤੇ ਸਾਰਿਆਂ ਦੀ ਸੰਭਾਲ ਕਰਦਾ ਹੈਂ। ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ ॥ ਚਾਰ ਜੀਵਨ-ਮਨੋਰਥ ਪ੍ਰਾਪਤ ਕਰਨ ਵਾਸਤੇ ਬੰਦਾ ਇਸ ਜਹਾਨ ਅੰਦਰ ਜੰਮਿਆ ਹੈ; ਪ੍ਰੰਤੂ ਉਸ ਦੀ ਆਤਮਾ ਮਾਇਆ ਦੇ ਘਰ ਅੰਦਰ ਵਸੇਬਾ ਕਰ ਲੈਂਦੀ ਹੈ। copyright GurbaniShare.com all right reserved. Email |