Page 1015

ਕਿਤੀ ਚਖਉ ਸਾਡੜੇ ਕਿਤੀ ਵੇਸ ਕਰੇਉ ॥
ਭਾਵੇਂ ਮੈਂ ਅਨੇਕਾਂ ਹੀ ਸੁਆਦ ਚੱਖਾਂ ਅਤੇ ਅਨੇਕਾਂ ਹੀ ਪੁਸ਼ਾਕਾਂ ਪਾਵਾਂ,

ਪਿਰ ਬਿਨੁ ਜੋਬਨੁ ਬਾਦਿ ਗਇਅਮੁ ਵਾਢੀ ਝੂਰੇਦੀ ਝੂਰੇਉ ॥੫॥
ਪ੍ਰੰਤੂ ਆਪਣੇ ਪਤੀ ਦੇ ਬਗੈਰ ਮੇਰੀ ਜੁਆਨੀ ਵਿਅਰਥ ਬੀਤ ਰਹੀ ਹੈ ਅਤੇ ਮੈਂ ਵਿਛੁੜੀ ਹੋਈ, ਘਣਾ ਅਫ਼ਸੋਸ ਕਰ ਰਹੀ ਹਾਂ।

ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ ॥
ਗੁਰਾਂ ਦੇ ਉਪਦੇਸ਼ ਦੀ ਸੋਚ ਵਿਚਾਰ ਕਰਨ ਦੁਆਰਾ, ਮੈਂ ਸੱਚੇ ਸਾਹਿਬ ਦੇ ਸੰਦੇਸੇ ਨੂੰ ਸੁਣਦਾ ਹਾਂ।

ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ ॥੬॥
ਸੱਚਾ ਹੈ ਤਖਤ ਸਤਿਪੁਰਖ ਦਾ ਅਤੇ ਮਿਹਰਬਾਨ ਮਾਲਕ ਦੀ ਮਿਹਰਬਾਨੀ ਰਾਹੀਂ ਮੇਰੇ ਅੰਦਰ ਈਸ਼ਵਰੀ ਪ੍ਰੀਤ ਉਤਪੰਨ ਹੋ ਆਈ ਹੈ।

ਗਿਆਨੀ ਅੰਜਨੁ ਸਚ ਕਾ ਡੇਖੈ ਡੇਖਣਹਾਰੁ ॥
ਬ੍ਰਹਮ ਬੇਤਾ ਸੱਚ ਦਾ ਸੁਰਮਾ ਆਪਣੇ ਨੇਤ੍ਰਾਂ ਵਿੱਚ ਪਾਉਂਦਾ ਹੈ ਅਤੇ ਵੇਖਣ ਵਾਲੇ ਵਾਹਿਗੁਰੂ ਨੂੰ ਵੇਖ ਲੈਂਦਾ ਹੈ।

ਗੁਰਮੁਖਿ ਬੂਝੈ ਜਾਣੀਐ ਹਉਮੈ ਗਰਬੁ ਨਿਵਾਰਿ ॥੭॥
ਜੋ ਗੁਰਾਂ ਦੀ ਦਇਆ ਦੁਆਰਾ, ਆਪਣੇ ਹੰਕਾਰ ਤੇ ਗਰੂਰ ਨੂੰ ਦੂਰ ਕਰ ਦਿੰਦਾ ਹੈ, ਉਹ ਸੁਆਮੀ ਨੂੰ ਸਮਝ ਤੇ ਜਾਣ ਲੈਂਦਾ ਹੈ।

ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ ॥
ਮੈਂਡੇ ਮਾਲਕ! ਤੂੰ ਉਨ੍ਹਾਂ ਨੂੰ ਪਿਆਰ ਕਰਦਾ ਹੈਂ ਜੋ ਤੇਰੇ ਵਰਗੀਆਂ ਹਨ। ਮੇਰੇ ਵਰਗੀਆਂ ਤਾਂ ਕਿਤਨੀਆਂ ਹੀ ਹਨ।

ਨਾਨਕ ਨਾਹੁ ਨ ਵੀਛੁੜੈ ਤਿਨ ਸਚੈ ਰਤੜੀਆਹ ॥੮॥੧॥੯॥
ਨਾਨਕ, ਕੰਤ ਉਨ੍ਹਾਂ ਨਾਲੋਂ ਵਖਰਾ ਨਹੀਂ ਹੁੰਦਾ, ਜੋ ਉਸ ਦੇ ਸੱਚੇ ਪ੍ਰੇਮ ਨਾਲ ਰੰਗੀਆਂ ਹੋਈਆਂ ਹਨ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ ॥
ਨਾਂ ਅੰਮਾ ਜਾਈਆਂ, ਨਾਂ ਭਰਜਾਈਆਂ, ਨਾਂ ਹੀ ਵਉਹ ਸਸਾਂ ਸਥਿਰ ਰਹਿੰਦੀਆਂ ਹਨ।

ਸਚਾ ਸਾਕੁ ਨ ਤੁਟਈ ਗੁਰੁ ਮੇਲੇ ਸਹੀਆਹ ॥੧॥
ਪ੍ਰੰਤੂ ਹੇ ਸਹੇਲੀਏ! ਗੁਰਾਂ ਦਾ ਕਾਇਮ ਕੀਤਾ ਹੋਇਆ ਸਾਈਂ ਨਾਲ ਸੱਚਾ ਰਿਸੰਤਾ ਟੁਟਦਾ ਨਹੀਂ।

ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥
ਮੈਂ ਆਪਣੇ ਗੁਰਾਂ ਤੋਂ ਕੁਰਬਾਨ ਹਾਂ ਅਤੇ ਸਦੀਵ ਹੀ ਕੁਰਬਾਨ ਹਾਂ ਮੈਂ ਉਨ੍ਹਾਂ ਉਤੋਂ।

ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ ॥੧॥ ਰਹਾਉ ॥
ਗੁਰਾਂ ਦੇ ਬਗੈਰ ਏਥੇ ਤਾਈਂ ਭਟਕ ਕੇ ਮੈਂ ਹੰਭ ਗਈ ਹਾਂ। ਹੁਣ ਗੁਰਾਂ ਨੇ ਮੈਨੂੰ ਮੇਰੇ ਪਤੀ ਦੇ ਮਿਲਾਪ ਅੰਦਰ ਮਿਲਾ ਦਿੱਤਾ ਹੈ। ਠਹਿਰਾਉ।

ਫੁਫੀ ਨਾਨੀ ਮਾਸੀਆ ਦੇਰ ਜੇਠਾਨੜੀਆਹ ॥
ਭੂਆ, ਮਾਤਾ ਦੀ ਮਾਤਾ, ਮਾਂ ਦੀ ਭੈਣ, ਪਤੀ ਦੇ ਛੋਟੇ ਭਰਾ ਦੀ ਵਹੁਟੀ ਅਤੇ ਪਤੀ ਦੇ ਵੱਡੇ ਭਰਾ ਦੀ ਵਹੁਟੀ।

ਆਵਨਿ ਵੰਞਨਿ ਨਾ ਰਹਨਿ ਪੂਰ ਭਰੇ ਪਹੀਆਹ ॥੨॥
ਉਹ ਆਉਂਦੀਆਂ ਤੇ ਜਾਂਦੀਆਂ ਹਨ। ਰਾਹੀਆਂ ਦੇ ਪੂਰਾਂ ਦੇ ਪੂਰ ਦੀ ਮਾਨੰਦ ਉਹ ਠਹਿਰਦੀਆਂ ਨਹੀਂ ਪ੍ਰੰਤੂ ਤੁਰ ਜਾਂਦੀਆਂ ਹਨ।

ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ ॥
ਮਾਤਾ ਦਾ ਵੀਰ, ਉਸ ਦੀ ਵਹੁਟੀ ਵੀਰ ਬਾਬਲਾ ਅਤੇ ਅੰਮੜੀ ਰਹਿੰਦੇ ਨਹੀਂ।

ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ ॥੩॥
ਉਨ੍ਹਾਂ ਪ੍ਰਾਹਣਿਆਂ ਦੇ ਪੂਰਾਂ ਦੇ ਪੂਰ ਲੱਦੇ ਹੋਏ ਹਨਅਤੇ ਦਰਿਆ ਦੇ ਉੱਤੇ ਬਹੁਤੀ ਹੀ ਭੀੜ ਭੜੱਕਾ ਹੈ।

ਸਾਚਉ ਰੰਗਿ ਰੰਗਾਵਲੋ ਸਖੀ ਹਮਾਰੋ ਕੰਤੁ ॥
ਹੇ ਮੇਰੀਓ ਸਹੇਲੀਓ! ਮੇਰਾ ਖ਼ਸਮ ਸੱਚੀ ਰੰਗਤ ਨਾਲ ਰੰਗੀਜਿਆ ਹੋਇਆ ਹੈ।

ਸਚਿ ਵਿਛੋੜਾ ਨਾ ਥੀਐ ਸੋ ਸਹੁ ਰੰਗਿ ਰਵੰਤੁ ॥੪॥
ਜੋ ਉਸ ਸੱਚੇ ਸਾਈਂ ਆਪਣੇ ਖਸਮ ਨੂੰ ਪਿਆਰ ਨਾਲ ਯਾਦ ਕਰਦਾ ਹੈ, ਉਸ ਦੀ ਉਸ ਨਾਲੋਂ ਜੁਦਾਈ ਨਹੀਂ ਹੁੰਦੀ।

ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ ॥
ਸਾਰੇ ਮੌਸਮ, ਜਿਨ੍ਹਾਂ ਅੰਦਰ ਸੱਚੇ ਸੁਆਮੀ ਨਾਲ ਪਿਆਰ ਕੀਤਾ ਜਾਂਦਾ ਹੈ, ਸ੍ਰੇਸ਼ਟ ਹਨ।

ਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ ॥੫॥
ਜਿਹੜੀ ਪਤਨੀ ਆਪਣੇ ਭਰਤੇ ਨੂੰ ਜਾਣਦੀ ਹੈ ਉਹ ਰੈਣ ਦਿਹੁੰ ਆਰਾਮ ਅੰਦਰ ਸੌਂਦੀ ਹੈ।

ਪਤਣਿ ਕੂਕੇ ਪਾਤਣੀ ਵੰਞਹੁ ਧ੍ਰੁਕਿ ਵਿਲਾੜਿ ॥
ਘਾਟ ਉਤੇ ਮਲਾਹ ਉੱਚੀ ਦੇ ਕੇ ਪੁਕਾਰਦਾ ਹੈ, "ਹੇ ਰਾਹੀਓ! ਤੁਸੀਂ ਛੇਤੀ ਨਾਲ ਸੰਸਾਰ ਸਮੁੰਦਰ ਤੋਂ ਪਾਰ ਵੰਝੋ"।

ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ ॥੬॥
ਸੱਚੇ ਗੁਰਾਂ ਦੇ ਜਹਾਜ਼ ਉੱਤੇ ਚੜ੍ਹ ਕੇ ਮੈਂ ਪ੍ਰਾਨੀਆਂ ਨੂੰ ਪਾਰ ਉਤਰਦੇ ਵੇਖਿਆ ਹੈ।

ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰ ਨਾਲਿ ॥
ਕਈਆਂ ਨੇ ਆਪਣਾ ਸਾਮਾਨ ਲੱਦ ਲਿਆ ਹੈ, ਕਈ ਟੁਰ ਗਏ ਹਨ ਤੇ ਕਈ ਆਪਣੇ ਭਾਰ ਨਾਲ ਬੋਝਲ ਹੋਏ ਹੋਏ ਹਨ।

ਜਿਨੀ ਸਚੁ ਵਣੰਜਿਆ ਸੇ ਸਚੇ ਪ੍ਰਭ ਨਾਲਿ ॥੭॥
ਜਿਨ੍ਹਾਂ ਨੇ ਸੱਚ ਦਾ ਵਾਪਾਰ ਕੀਤਾ ਹੈ, ਉਹ ਆਪਣੇ ਸੱਚੇ ਪ੍ਰਭੂ ਨਾਲ ਵਸਦੇ ਹਲ।

ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ॥
ਨਾਂ, ਮੈਂ ਭਲਾ ਕਹਿਆ ਜਾਂਦਾ ਹਾਂ ਅਤੇ ਨਾਂ ਮੈਨੂੰ ਕੋਈ ਮਾੜਾ ਦਿਸਦਾ ਹੈ।

ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥੮॥੨॥੧੦॥
ਨਾਨਕ, ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਸੁੱਟਦਾ ਹੈ, ਵੁਹ ਸੱਚੇ ਸਾਹਿਬ ਵਰਗਾ ਹੀ ਹੈ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥
ਆਪਣੇ ਆਪ ਥੀਂ ਮੈਂ ਕਿਸੇ ਨੂੰ ਅਕਲਮੰਦ ਨਹੀਂ ਸਮਝਦਾ, ਨਾਂ ਹੀ ਆਪਣੇ ਆਪ ਥੀਂ ਮੈਂ ਕਿਸੇ ਨੂੰ ਮੂੜ੍ਹ ਸਮਝਦਾ ਹਾਂ।

ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥
ਸਦੀਵ ਹੀ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਰਾਤ ਦਿਨ ਮੈਂ ਉਸ ਦੇ ਨਾਮ ਦੇ ਉਚਾਰਨ ਕਰਦਾ ਹਾਂ।

ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥
ਮੇਰੇ ਪਿਤਾ, ਮੈਂ ਬੇਸਮਝ ਹਾਂ ਅਤੇ ਸਾਹਿਬ ਦੇ ਨਾਮ ਉਤੋਂ ਸਦਕੇ ਵੰਝਦਾ ਹਾਂ।

ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ ॥
ਤੂੰ ਸਿਰਜਣਹਾਰ ਹੈਂ, ਤੂੰ ਸਿਆਣਾ ਅਤੇ ਦੂਰ-ਅੰਦੇਸ਼ ਹੈਂ। ਤੇਰੇ ਨਾਮ ਦੇ ਰਾਹੀਂ ਹੀ ਮੈਂ ਪਾਰ ਉਤੱਰ ਸਕਦਾ ਹਾਂ। ਠਹਿਰਾਉ।

ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥
ਅਕਲਮੰਦ ਅਤੇ ਬੇਸਮਝ ਪੁਰਸ਼ ਸਮਾਨ ਹਨ। ਅੰਦਰਲਾ ਨੂਰ ਇੱਕ ਹੀ ਹੈ, ਭਾਵੇਂ ਵੱਖਰੇ ਵੱਖਰੇ ਵੇਲਿਆਂ ਉੱਤੇ ਨਾਮ ਵੱਖਰੇ ਹਨ।

ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥
ਬੇਸਮਝਾਂ ਦਾ ਪਰਮ ਬੇਸਮਝ ਹੈ ਉਹ ਜੋ ਨਾਮ ਉਤੇ ਭਰੋਸਾ ਨਹੀਂ ਧਾਰਦਾ।

ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥
ਗੁਰਾਂ ਦੇ ਰਾਹੀਂ ਹੀ ਨਾਮ ਦੀ ਦਾਤ ਮਿਲਦੀ ਹੈ। ਸੱਚੇ ਗੁਰਾਂ ਦੇ ਬਗ਼ੈਰ ਨਾਮ ਪ੍ਰਾਪਤ ਨਹੀਂ ਹੁੰਦਾ।

ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥
ਜੇਕਰ ਸੱਚੇ ਗੁਰਾਂ ਦੀ ਪ੍ਰਸੰਨਤਾ ਰਾਹੀਂ ਨਾਮ ਬੰਦੇ ਦੇ ਚਿੱਤ ਅੰਦਰ ਟਿਕ ਜਾਵੇ, ਤਦ ਉਹ ਦਿਹੁੰ ਤੇ ਰੈਣ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।

ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ ॥
ਰਾਜ-ਭਾਗ, ਰੰਗਰਲੀਆਂ, ਸੁੰਦਰਤਾ, ਦੌਲਤ ਅਤੇ ਜੁਆਨੀ ਅੰਦਰ ਫਾਥਾ ਹੋਇਆ ਬੰਦਾ ਆਪਣਾ ਜੀਵਨ ਜੂਏ ਵਿੱਚ ਰੰਝਾ ਦਿੰਦਾ ਹੈ।

ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥
ਰੱਬ ਦੇ ਫ਼ੁਰਮਾਨ ਦਾ ਬੰਨਿ੍ਹਆ ਹੋਇਆ ਬੰਦਾ, ਸੰਸਾਰ ਦੇ ਸਤਰੰਜ ਦੇ ਤਖਤੇ ਤੇ ਇਕ ਨਰਦ ਬਣ ਸਤਰੰਜ ਦੀ ਖੇਡ ਖੇਡਦਾ ਹੈ।

ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥
ਦੁਨੀਆ ਹੁਸ਼ਿਆਰ ਅਤੇ ਅਕਲਮੰਦ ਹੈ, ਪ੍ਰੰਤੂ ਸੰਦੇਹ ਅੰਦਰ ਭਟਕਦੀ ਹੈ। ਨਾਮ ਦਾ ਤਾਂ ਭਾਵੇਂ ਉਹ ਪੰਡਤ ਹੈ, ਅਸਲ ਵਿੱਚ ਉਹ ਪੜਿ੍ਹਆ-ਲਿਖਿਆ ਮੂਰਖ ਹੈ।

ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥
ਨਾਮ ਨੂੰ ਭੁਲਾ ਕੇ ਉਹ ਵੇਦਾਂ ਨੂੰ ਪੜ੍ਹਦਾ ਹੈ ਅਤੇ ਜ਼ਹਿਰਲੀ ਧਨ-ਦੌਲਤ ਦਾ ਲੁਭਾਇਮਾਨ ਕੀਤਾ ਹੋਇਆ, ਉਹ ਲੇਖ ਲਿਖਦਾ ਹੈ।

copyright GurbaniShare.com all right reserved. Email