ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ ॥ ਆਪਣੇ ਪੈਰਾਂ ਹੇਠ ਲਤਾੜ ਕੇ ਬੰਦਾ ਜਹਾਜ਼ ਵਿੱਚ ਬੈਠ ਜਾਂਦਾ ਹੈ ਅਤੇ ਆਪਣੀ ਦੇਹ ਦੇ ਥਕੇਵੇਂ ਤੋਂ ਖ਼ਲਾਸੀ ਪਾ ਜਾਂਦਾ ਹੈ। ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ ॥੨॥ ਵੱਡਾ ਸਮੁੰਦਰ ਉਸ ਨੂੰ ਤੰਗ ਨਹੀਂ ਕਰਦਾ ਅਤੇ ਇਕ ਮੁਹਤ ਅੰਦਰ ਉਹ ਪਰਲੇ ਕਿਨਾਰੇ ਜਾ ਲਗਦਾ ਹੈ। ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ ॥ ਚੰਨਣ, ਚੋਆ ਅਤੇ ਮੁਸ਼ਕ ਕਾਫੂਰ ਦਾ ਲੇਪ; ਧਰਤੀ ਉਨ੍ਹਾਂ ਨੂੰ ਪਿਆਰ ਨਹੀਂ ਕਰਦੀ। ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ ॥੩॥ ਆਪਣੇ ਰਿਦੇ ਅੰਦਰ ਇਹ ਉਸ ਨੂੰ ਘਿਰਣਾ ਨਹੀਂ ਕਰਦੀ ਜੋ ਇਸ ਨੂੰ ਭੋਰਾ ਕਰਕੇ ਪੁਟਦਾ ਹੈ। ਜਾਂ ਇਸ ਉਤੇ ਗੰਦਗੀ ਅਤੇ ਪਿਸ਼ਾਬ ਸੁੰਟਦਾ ਹੈ। ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ ॥ ਆਕਾਸ ਦੀ ਆਰਾਮ ਦੇਣ ਵਾਲੀ ਚਾਨਣੀ ਸਮੂਹ ਉਚਿਆਂ, ਨੀਵਿਆਂ, ਮੰਦਿਆਂ ਤੇ ਚੰਗਿਆਂ ਉਤੇ ਇਕਰਸ ਫੈਲੀ ਹੋਈ ਹੈ। ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥੪॥ ਦੋਸਤ ਅਤੇ ਦੁਸ਼ਮਣ ਨੂੰ ਇਹ ਨਹੀਂ ਜਾਣਦੀ ਅਤੇ ਇਸ ਦੇ ਲਈ ਸਾਰੇ ਜੀਵ ਇੱਕੋ ਜਿਹੇ ਹਨ। ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ॥ ਸੂਰਜ ਚੜ੍ਹਦਾ ਹੈ ਤੇ ਚੁੰਧਿਆ ਦੇਣ ਵਾਲੀ ਰੋਸ਼ਨੀ ਪਸਾਰਦਾ ਹੈ, ਜਿਸ ਨਾਲ ਅਨ੍ਹੇਰਾ ਦੂਰ ਹੋ ਜਾਂਦਾ ਹੈ। ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ ਮਨਿ ਨ ਭਇਓ ਬਿਖਾਦੁ ॥੫॥ ਸਾਫ਼ ਸੁਥਰੇ ਅਤੇ ਗੰਦੇ ਨੂੰ ਛੋਂਹ ਦੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਚਿੱਤ ਵਿੱਚ ਦੁਖ ਨਹੀਂ ਮੰਨਦੀਆਂ। ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ॥ ਠੰਢੀ ਅਤੇ ਖ਼ਸਬੂਦਾਰ ਹਵਾ ਧੀਮੇ ਧੀਮੇ ਸਾਰੀਆਂ ਥਾਵਾਂ ਨੂੰ ਇਕਸਾਰ ਲਗਦੀ ਹੈ। ਜਹਾ ਸਾ ਕਿਛੁ ਤਹਾ ਲਾਗਿਓ ਤਿਲੁ ਨ ਸੰਕਾ ਮਾਨ ॥੬॥ ਜਿੱਥੇ ਕਿਤੇ ਭੀ ਕੋਈ ਸ਼ੈ ਹੈ, ਉਥੇ ਹੀ ਇਹ ਉਸ ਨੂੰ ਲਗਦੀ ਹੈ ਅਤੇ ਭਰਾ ਭਰ ਭੀ ਸ਼ਕੋਚ ਨਹੀਂ ਕਰਦੀ। ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ ॥ ਚੰਗਾ ਜਾਂ ਮੰਦਾ, ਜਿਹੜਾ ਕੋਈ ਭੀ ਅੱਗ ਦੇ ਨੇੜੇ ਆਉਂਦਾ ਹੈ; ਉਸ ਦਾ ਪਾਲਾ ਦੂਰ ਹੋ ਜਾਂਦਾ ਹੈ। ਆਪ ਪਰ ਕਾ ਕਛੁ ਨ ਜਾਣੈ ਸਦਾ ਸਹਜਿ ਸੁਭਾਇ ॥੭॥ ਆਪਣਾ ਨਿੱਜ ਦਾ ਜਾਂ ਪਰਾਇਆ ਇਹ ਜਾਣਦੀ ਹੀ ਨਹੀਂ ਅਤੇ ਹਮੇਸ਼ਾਂ ਇਕੋ ਜੇਹਾ ਸੁਭਾ ਰਖਦੀ ਹੈ। ਚਰਣ ਸਰਣ ਸਨਾਥ ਇਹੁ ਮਨੁ ਰੰਗਿ ਰਾਤੇ ਲਾਲ ॥ ਜੋ ਕੋਈ ਭੀ ਸ੍ਰੇਸ਼ਟ ਸੁਆਮੀ ਦੇ ਪੈਰਾਂ ਦੀ ਪਨਾਹ ਲੈਂਦਾ ਹੈ; ਉਸ ਦੀ ਇਹ ਆਤਮਾ ਆਪਣੇ ਪ੍ਰੀਤਮ ਦੇ ਪ੍ਰੇਮ ਨਾਲ ਰੰਗੀ ਜਾਂਦੀ ਹੈ। ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ॥੮॥੩॥ ਸਦਾ ਹੀ ਸੰਸਾਰ ਦੇ ਪਾਲਣ-ਪੋਸਣਹਾਰ ਦੀ ਕੀਰਤੀ ਗਾਇਨ ਕਰਨ ਦੁਆਰਾ, ਹੇ ਨਾਨਕ! ਮਾਲਕ ਮਿਹਰਬਾਨ ਹੋ ਜਾਂਦਾ ਹੈ। ਮਾਰੂ ਮਹਲਾ ੫ ਘਰੁ ੪ ਅਸਟਪਦੀਆ ਮਾਰੂ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ ॥੧॥ ਰੋਸ਼ਨੀ, ਰੋਸ਼ਨੀ, ਸੁਲੱਖਣੀ ਹੈ ਮਹਾਰਾਜ ਮਾਲਕ ਦੀ ਰੋਸ਼ਨੀ ਹਿਰਦੇ-ਵਿਹੜੇ ਵਿੱਚ। ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ ॥੨॥ ਸਿਮਰਨ, ਸਿਮਰਨ ਸ੍ਰੇਸ਼ਟ ਹੈ ਸਿਮਰਨ ਸੁਆਮੀ ਮਾਲਕ ਦੇ ਨਾਮ ਦਾ। ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥੩॥ ਸਾਰਿਆਂ ਤਿਆਗਾਂ ਵਿਚੋਂ ਪਰਮ ਚੰਗਾ ਤਿਆਗ ਹੈ ਸ਼ਹਿਵਤ, ਗੁੱਸੇ ਅਤੇ ਲਾਲਚ ਦਾ ਤਿਆਗਣਾ। ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥੪॥ ਸਾਰਿਆਂ ਤਿਆਗਾਂ ਵਿਚੌ ਪਰਮ ਚੰਗਾ ਤਿਆਗ ਹੈ ਸ਼ਹਿਵਤ, ਗੁੱਸੇ ਅਤੇ ਲਾਲਚ ਦਾਜ ਤਿਆਗਣਾ। ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ ॥੫॥ ਸਮੂਹ ਜਾਗਰਤਿਆਂ ਵਿਚੋਂ ਸ੍ਰੇਸ਼ਟ ਜਾਗ੍ਰਤਾ ਹੈ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਜਾਗਣਾ। ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੁ ਲਾਗਨਾ ॥੬॥ ਹੋਰ ਕਿਸੇ ਜੁੜਨ ਨਾਲੋਂ ਪਰਮ ਚੰਗਾ ਜੁੜਨਾ ਹੈ ਚਿੱਤ ਦਾ ਗੁਰਾਂ ਦੇ ਚਰਨਾਂ ਨਾਲ ਜੁੜਨਾ। ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ ॥੭॥ ਕੇਵਲ ਉਸ ਨੂੰ ਹੀ ਇਸ ਜੀਵਨ ਮਾਰਗ ਦੀ ਦਾਤ ਮਿਲਦੀ ਹੈ, ਜਿਸ ਦੇ ਮੱਥੇ ਉਤੇ ਚੰਗੀ ਪ੍ਰਾਲਭਦ ਲਿਖੀ ਹੋਈ ਹੈ। ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ ॥੮॥੧॥੪॥ ਗੁਰੂ ਜੀ ਆਖਦੇ ਹਨ ਜੋ ਪ੍ਰਭੂ ਦੀ ਪਨਾਹ ਲੈਂਦਾ ਹੈ, ਉਸ ਨੂੰ ਹਰ ਇਕ ਚੰਗੀ ਵਸਤੂ ਪ੍ਰਾਪਤ ਹੋ ਜਾਂਦੀ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ ॥੧॥ ਰਹਾਉ ॥ ਆ ਤੂੰ ਹੇ ਸਾਧੂ! ਮੇਰੇ ਘਰ ਵਿੱਚ ਆ, ਤਾਂ ਜੋ ਮੈਂ ਆਪਣਿਆਂ ਕੰਨਾਂ ਨਾਲ ਸਾਹਿਬ ਦੀ ਮਹਿਮਾਂ ਸੁਣਾਂ। ਠਹਿਰਾਉ। ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ ॥੧॥ ਤੇਰੇ ਆਉਣ ਨਾਲ ਮੇਰੀ ਆਤਮਾ ਤੇ ਦੇਹ ਹਰੇ ਭਰੇ ਹੋ ਜਾਂਦੇ ਹਨ ਅਤੇ ਤੇਰੇ ਨਾਲ ਮੈਂ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹਾਂ। ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ॥੨॥ ਸਾਧੂਆਂ ਦੀ ਦਇਆ ਦੁਆਰਾ, ਹਰੀ ਚਿੱਤ ਵਿੱਚ ਟਿੱਕ ਜਾਂਦਾ ਹੈ ਅਤੇ ਇਨਸਾਨ ਦਾ ਦਵੈਤ-ਭਾਵ ਨਵਿਰਤ ਹੋ ਜਾਂਦਾ ਹੈ। ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ ॥੩॥ ਸਾਧੂ ਦੀ ਮਿਹਰ ਰਾਹੀਂ, ਅਕਲ ਰੋਸ਼ਨ ਹੋ ਜਾਂਦੀ ਹੈ ਅਤੇ ਖੋਟੀ ਸਮਝ ਤੇ ਦੁਖ ਮਿਟ ਜਾਂਦੇ ਹਨ। ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭਿ ਨ ਪਾਵਨਾ ॥੪॥ ਉਸ ਦਾ ਦੀਦਾਰ ਦੇਖਣ ਦੁਆਰਾ, ਪ੍ਰਾਣੀ ਪਵਿੱਤਰ ਥੀ ਵੰਝਦਾ ਹੈ ਅਤੇ ਮੁੜ ਕੇ ਜੂਨਾਂ ਵਿੱਚ ਨਹੀਂ ਪੈਂਦਾ। ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ॥੫॥ ਜੋ ਤੇਰੇ ਚਿੱਤ ਨੂੰ ਚੰਗਾ ਲਗਦਾ ਹੈ; ਉਹ ਧਨ-ਦੌਲਤ ਦੇ ਨੌਂ ਖਜ਼ਾਨੇ ਅਤੇ ਪੂਰਨਤਾ ਨੂੰ ਪਾ ਲੈਂਦਾ ਹੈ। ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ ॥੬॥ ਸਾਧੂ ਦੇ ਬਾਝੋਂ ਮੇਰੀ ਹੋਰ ਕੋਈ ਬਚਾਅ ਦੀ ਥਾਂ ਨਹੀਂ। ਮੈਨੂੰ ਕਿਸੇ ਹੋਰ ਜਗ੍ਹਾ ਤੇ ਜਾਣ ਦਾ ਖਿਆਲ ਹੀ ਨਹੀਂ ਆਉਂਦਾ। ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ ਸਮਾਵਨਾ ॥੭॥ ਮੈਂ ਨੇਕੀ-ਵਿਹੁਣ ਨੂੰ ਕੋਈ ਭੀ ਪਨਾਹ ਨਹੀਂ ਦਿੰਦਾ। ਸਾਧ ਸੰਗਤਿ ਰਾਹੀਂ ਮੈਂ ਹਰੀ ਵਿੱਚ ਲੀਨ ਹੋ ਗਿਆ ਹਾਂ। ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ ॥੮॥੨॥੫॥ ਗੁਰੂ ਜੀ ਫੁਰਮਾਉਂਦੇ ਹਨ ਗੁਰਾਂ ਨੇ ਐਸੀ ਕਰਾਮਾਤ ਵਿਖਾਲੀ ਹੈ ਕਿ ਆਪਣੇ ਰਿਦੇ ਅੰਦਰ ਹੀ ਹੁਣ ਮੈਂ ਆਪਣੇ ਸੁਆਮੀ ਵਾਹਿਗੁਰੂ ਨੂੰ ਮਾਣਦਾ ਹਾਂ। copyright GurbaniShare.com all right reserved. Email |