Page 1021

ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥੮॥
ਉਹ ਕਈਆਂ ਨੂੰ ਪਰਖ ਕੇ ਖ਼ੁਦ ਮਾਫ਼ੀ ਦੇ ਦਿੰਦਾ ਹੈ ਅਤੇ ਖ਼ੁਦ ਹੀ ਦਾਤਾਂ ਦਿੰਦਾ ਅਤੇ ਵਾਪਸ ਲੈ ਲੈਂਦਾ ਹੈ, ਹੇ ਵੀਰ!

ਆਪੇ ਧਨਖੁ ਆਪੇ ਸਰਬਾਣਾ ॥
ਉਹ ਆਪ ਕਮਾਨ ਹੈ ਅਤੇ ਆਪ ਹੀ ਕਮਾਨ ਵਾਲਾ।

ਆਪੇ ਸੁਘੜੁ ਸਰੂਪੁ ਸਿਆਣਾ ॥
ਉਹ ਆਪ ਹੀ ਸਰਬਗ, ਸੋਹਣਾ-ਸੁਨੱਖਾ ਅਤੇ ਅਕਲਮੰਦ ਹੈ।

ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ ॥੯॥
ਕੇਵਲ ਉਹ ਹੀ ਕਹਿਣ ਵਾਲਾ, ਬੋਲਣਹਾਰ ਅਤੇ ਸੁਣਨ ਵਾਲਾ ਹੈ। ਉਸ ਨੇ ਖ਼ੁਦ ਹੀ ਸਾਰੀ ਘਾੜਤ ਘੜੀ ਹੈ।

ਪਉਣੁ ਗੁਰੂ ਪਾਣੀ ਪਿਤ ਜਾਤਾ ॥
ਹਵਾ ਗੁਰੂ, ਜਲ ਬਾਬਲ ਜਾਣਿਆਂ ਜਾਂਦਾ,

ਉਦਰ ਸੰਜੋਗੀ ਧਰਤੀ ਮਾਤਾ ॥
ਅਤੇ ਜ਼ਮੀਨ ਜਿਸ ਦਾ ਪੇਟ ਸਾਨੂੰ ਸਭ ਲੋੜੀਂਦੀਆਂ ਸ਼ੈਆਂ ਦਿੰਦਾ ਹੈ, ਸਾਡੀ ਅੰਮੜੀ ਜਾਣੀ ਜਾਂਦੀ ਹੈ।

ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥੧੦॥
ਰਾਤ ਅਤੇ ਦਿਨ ਦੋਨੋਂ ਉਪਮਾਤਾ ਅਤੇ ਉਪਪਿਤਾ ਹਨ। ਇਸ ਤਰ੍ਹਾਂ ਖਿਡਾਇਆ ਹੋਇਆ ਸੰਸਾਰ ਉਨ੍ਹਾਂ ਦੀ ਝੋਲੀ ਵਿੱਚ ਖੇਡਦਾ ਹੈ।

ਆਪੇ ਮਛੁਲੀ ਆਪੇ ਜਾਲਾ ॥
ਤੂੰ ਆਪ ਮੱਛੀ ਹੈਂ ਅਤੇ ਆਪ ਹੀ ਜਾਲ।

ਆਪੇ ਗਊ ਆਪੇ ਰਖਵਾਲਾ ॥
ਤੂੰ ਆਪ ਗਾਂ ਹੈਂ ਅਤੇ ਆਪ ਹੀ ਵਾਗੀ।

ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ ॥੧੧॥
ਤੇਰਾ ਪ੍ਰਕਾਸ਼ ਜਹਾਨ ਦੇ ਸਾਰੇ ਜੀਵਾਂ ਅੰਦਰ ਵਿਆਪਕ ਹੈ ਜੋ ਤੇਰੀ ਰਜ਼ਾ ਅਨੁਸਾਰ ਟਰਦੇ ਹਨ, ਹੇ ਪ੍ਰਭੂ!

ਆਪੇ ਜੋਗੀ ਆਪੇ ਭੋਗੀ ॥
ਤੂੰ ਆਪ ਯੋਗੀ ਹੈਂ ਅਤੇ ਆਪ ਹੀ ਅਨੰਦ ਮਾਣਨਹਾਰ।

ਆਪੇ ਰਸੀਆ ਪਰਮ ਸੰਜੋਗੀ ॥
ਤੂੰ ਆਪ ਹੀ ਰੰਗ-ਰਲੀਆਂ ਕਰਨ ਵਾਲਾ ਅਤੇ ਵੱਡਾ ਜੋੜਨਹਾਰ ਹੈਂ।

ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥੧੨॥
ਤੂੰ ਆਪ ਹੀ ਬੋਲ ਬਾਣੀ ਰਹਿਤ, ਸਰੂਪ-ਰਹਿਤ, ਨਿੱਡਰ ਅਤੇ ਸਮਾਧੀ ਅੰਦਰ ਲੀਨ ਹੈਂ।

ਖਾਣੀ ਬਾਣੀ ਤੁਝਹਿ ਸਮਾਣੀ ॥
ਉਤਪਤੀ ਅਤੇ ਤੇਰੇ ਬਚਨ-ਬਿਲਾਸ ਦੇ ਸਾਰੇ ਨਿਕਾਸ, ਤੇਰੇ ਅੰਦਰ ਹੀ ਲੀਨ ਹੋਏ ਹੋਏ ਹਨ, ਹੇ ਸੁਆਮੀ।

ਜੋ ਦੀਸੈ ਸਭ ਆਵਣ ਜਾਣੀ ॥
ਸਾਰਾ ਕੁਛ ਜੋ ਦਿਸਦਾ ਹੈ, ਆਉਣ ਤੇ ਜਾਣ ਦੇ ਅਧੀਨ ਹੈ।

ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ ਬੁਝਾਈ ਹੇ ॥੧੩॥
ਉਹ ਹੀ ਸ਼ਾਹੂਕਾਰ ਹਨ ਅਤੇ ਸੱਚੇ ਸੁਦਾਗਰ ਹਨ, ਜਿੰਨ੍ਹਾਂ ਨੂੰ ਸੱਚੇ ਗੁਰਾਂ ਨੇ ਸਮਝ ਦਰਸਾਈ ਹੈ।

ਸਬਦੁ ਬੁਝਾਏ ਸਤਿਗੁਰੁ ਪੂਰਾ ॥
ਆਪਣੇ ਉਪਦੇਸ਼ ਦੁਆਰਾ ਪੂਰਨ ਸੱਚੇ ਗੁਰੂ ਜੀ ਪ੍ਰਾਣੀ ਨੂੰ ਸਿਖਮਤ ਦਿੰਦੇ ਹਨ।

ਸਰਬ ਕਲਾ ਸਾਚੇ ਭਰਪੂਰਾ ॥
ਸੱਚਾ ਸੁਆਮੀ ਸਾਰੀਆਂ ਸ਼ਕਤੀਆਂ ਨਾਲ ਪਰੀ-ਪੂਰਨ ਹੈ।

ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥
ਸਦੀਵ ਹੀ ਅ-ਫੜ ਅਤੇ ਸੁਤੰਤਰ ਹੈ ਮੇਰਾ ਸੁਆਮੀ। ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾਂ ਨਹੀਂ।

ਕਾਲੁ ਬਿਕਾਲੁ ਭਏ ਦੇਵਾਨੇ ॥
ਮੌਤ ਅਤੇ ਜਨਮ ਉਸ ਲਈ ਮੁੱਕ ਜਾਂਦੇ ਹਨ,

ਸਬਦੁ ਸਹਜ ਰਸੁ ਅੰਤਰਿ ਮਾਨੇ ॥
ਜੋ ਆਪਣੇ ਹਿਰਦੇ ਅੰਦਰ ਨਾਮ ਦੇ ਬੈਕੁੰਠੀ ਅੰਮ੍ਰਿਤ ਨੂੰ ਮਾਣਦਾ ਹੈ।

ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ ॥੧੫॥
ਸੁਆਮੀ ਖ਼ੁਦ ਉਸ ਨੂੰ ਮੋਖਸ਼, ਸੰਤੁਸ਼ਟਤਾ ਅਤੇ ਦਾਤਾਂ ਬਖ਼ਸ਼ਦਾ ਹੈ, ਜਿਸ ਦੇ ਚਿੱਤ ਨੂੰ ਸੁਆਮੀ ਦੀ ਪ੍ਰੇਮ-ਮਈ ਉਪਾਸ਼ਨਾ ਮਿੱਠੀ ਲਗਦੀ ਹੈ।

ਆਪਿ ਨਿਰਾਲਮੁ ਗੁਰ ਗਮ ਗਿਆਨਾ ॥
ਸਾਈਂ ਖ਼ੁਦ ਪਵਿੱਤ੍ਰ ਹੈ ਤੇ ਉਸ ਦੀ ਗਿਆਤ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ।

ਜੋ ਦੀਸੈ ਤੁਝ ਮਾਹਿ ਸਮਾਨਾ ॥
ਜਹਿੜਾ ਕੁੱਛ ਭੀ ਦਿਸਦਾ ਹੈ, ਅੰਤ ਨੂੰ ਤੇਰੇ ਵਿੱਚ ਲੀਨ ਹੋ ਜਾਵੇਗਾ।

ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥
ਮਸਕੀਨ ਨਾਨਕ ਤੇਰੇ ਬੂਹੇ ਉਤੇ ਖੈਰ ਮੰਗਦਾ ਹੈ ਤੂੰ ਉਸ ਨੂੰ ਆਪਣੇ ਨਾਮ ਦੀ ਬਜ਼ੁਰਗੀ ਪਰਦਾਨ ਕਰ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਆਪੇ ਧਰਤੀ ਧਉਲੁ ਅਕਾਸੰ ॥
ਵਾਹਿਗੁਰੂ ਆਪ ਹੀ ਜ਼ਮੀਨ, ਬਲ੍ਹਦ ਅਤੇ ਆਸਮਾਨ ਹੈ।

ਆਪੇ ਸਾਚੇ ਗੁਣ ਪਰਗਾਸੰ ॥
ਸੱਚਾ ਸਾਈਂ ਆਪ ਹੀ ਆਪਣੀਆਂ ਨੇਕੀਆਂ ਨੂੰ ਪ੍ਰਗਟ ਕਰਦਾ ਹੈ।

ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ ॥੧॥
ਉਹ ਆਪ ਬ੍ਰਹਮਚਾਰੀ, ਪ੍ਰਹੇਜ਼ਗਾਰ ਅਤੇ ਸੰਤੋਖਵਾਨ ਹੈ ਅਤੇ ਆਪ ਹੀ ਸਾਰੇ ਕੰਮ ਕਰਦਾ ਹੈ।

ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥
ਜਿਸ ਨੇ ਆਲਮ ਨੂੰ ਰਚਿਆ ਹੈ, ਉਹ ਆਪਣੇ ਰਚੇ ਤੇ ਸਾਜੇ ਹੋਏ ਨੂੰ ਦੇਖਦਾ ਹੈ।

ਕੋਇ ਨ ਮੇਟੈ ਸਾਚੇ ਲੇਖੈ ॥
ਸੱਚੇ ਸੁਆਮੀ ਦੀ ਲਿਖਤਾਕਾਰ ਨੂੰ ਕੋਈ ਭੀ ਮੇਟ ਨਹੀਂ ਸਕਦਾ।

ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ॥੨॥
ਉਹ ਆਪ ਕਰਨ ਵਾਲਾ ਹੈ ਤੇ ਆਪ ਹੀ ਕਰਾਉਣ ਵਾਲਾ ਅਤੇ ਆਪੇ ਹੀ ਉਹ ਵਿਸ਼ਾਲਤਾ ਬਖ਼ਸ਼ਦਾ ਹੈ।

ਪੰਚ ਚੋਰ ਚੰਚਲ ਚਿਤੁ ਚਾਲਹਿ ॥
ਪੰਜ ਚੋਰ ਚੁਲਬੁਲੇ ਮਨ ਨੂੰ ਚਲਾਇਮਾਨ ਕਰਦੇ ਹਨ।

ਪਰ ਘਰ ਜੋਹਹਿ ਘਰੁ ਨਹੀ ਭਾਲਹਿ ॥
ਮਨੂਆ ਹੋਰਨਾਂ ਦੇ ਘਰ ਤਕਾਉਂਦਾ ਹੈ ਅਤੇ ਆਪਣੇ ਨਿੱਜ ਦੇ ਘਰ ਨੂੰ ਨਹੀਂ ਭਾਲਦਾ।

ਕਾਇਆ ਨਗਰੁ ਢਹੈ ਢਹਿ ਢੇਰੀ ਬਿਨੁ ਸਬਦੈ ਪਤਿ ਜਾਈ ਹੇ ॥੩॥
ਨਾਮ ਦੇ ਬਗ਼ੈਰ ਬੰਦੇ ਦੀ ਇੱਜ਼ਤ ਚਲੀ ਜਾਂਦੀ ਹੈ ਅਤੇ ਉਸ ਦੇ ਸ਼ਰੀਰ ਦਾ ਪਿੰਡ ਢਹਿ ਕੇ ਮਿੱਟੀ ਦਾ ਅੰਬਾਰ ਬਣ ਜਾਂਦਾ ਹੈ।

ਗੁਰ ਤੇ ਬੂਝੈ ਤ੍ਰਿਭਵਣੁ ਸੂਝੈ ॥
ਜੋ ਗੁਰਾਂ ਦੇ ਰਾਹੀਂ ਪ੍ਰਭੂ ਨੂੰ ਅਨੁਭਵ ਕਰਦਾ ਹੈ ਉਹ ਤਿੰਨਾਂ ਹੀ ਜਹਾਨਾਂ ਅੰਦਰ ਉਸ ਨੂੰ ਦੇਖਦਾ ਹੈ।

ਮਨਸਾ ਮਾਰਿ ਮਨੈ ਸਿਉ ਲੂਝੈ ॥
ਆਪਣੀ ਖ਼ਾਹਿਸ਼ ਨੂੰ ਮਿਟਾ ਕੇ ਉਹ ਆਪਣੇ ਮਨ ਨਾਂਲ ਯੁੱਧ ਕਰਦਾ ਹੈ।

ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥੪॥
ਜੋ ਤੈਨੂੰ ਸੇਂਵਦੇ ਹਨ, ਉਹ ਤੇਰੇ ਵਰਗੇ ਹੀ ਹੋ ਜਾਂਦੇ ਹਨ। ਤੂੰ ਹੇ ਨਿੱਡਰ ਸਾਈਂ! ਉਨ੍ਹਾਂ ਦੇ ਬਚਪਨ ਤੋਂ ਹੀ ਉਨ੍ਹਾਂ ਦਾ ਮਿੱਤਰ ਹੈਂ।

ਆਪੇ ਸੁਰਗੁ ਮਛੁ ਪਇਆਲਾ ॥
ਤੂੰ ਆਪ ਹੀ ਬਹਿਸ਼ਤ, ਮਾਤ ਲੋਕ ਅਤੇ ਪਾਤਾਲ ਹੈਂ।

ਆਪੇ ਜੋਤਿ ਸਰੂਪੀ ਬਾਲਾ ॥
ਤੂੰ ਆਪ ਹੀ ਸਦੀਵੀ-ਜੁਆਨ ਅਤੇ ਪ੍ਰਕਾਸ਼-ਰੂਪ ਹੈਂ।

ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥੫॥
ਜਟਾਂ ਨਾਲ ਤੂੰ ਭਿਆਨਕ ਰੂਪ ਵਾਲਾ ਦਿਸਦਾ ਹੈਂ ਅਤੇ ਫਿਰ ਵੀ ਤੇਰੀ ਕੋਈ ਸ਼ਕਲ ਤੇ ਨੁਹਾਰ ਨਹੀਂ।

ਬੇਦ ਕਤੇਬੀ ਭੇਦੁ ਨ ਜਾਤਾ ॥
ਵੇਦ ਅਤੇ ਮੁਸਲਮਾਨੀ ਗ੍ਰੰਬ ਆਦਿ ਪ੍ਰਭੂ ਦੇ ਭੇਤ ਨੂੰ ਨਹੀਂ ਜਾਣਦੇ।

ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥
ਉਸ ਦੀ ਕੋਈ ਮਾਂ, ਪਿਉ, ਪੁੱਤ੍ਰ ਅਤੇ ਭਰਾ ਨਹੀਂ।

ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥੬॥
ਪਹਾੜਾਂ ਨੂੰ ਪੈਦਾ ਕਰਕੇ ਉਹ ਉਨ੍ਹਾਂ ਸਾਰਿਆਂ ਨੂੰ ਨਾਸ ਕਰ ਦਿੰਦਾ ਹੈ। ਅਦ੍ਰਿਸ਼ਟ ਸੁਆਮੀ ਦੇਖਿਆ ਨਹੀਂ ਜਾ ਸਕਦਾਂ।

ਕਰਿ ਕਰਿ ਥਾਕੀ ਮੀਤ ਘਨੇਰੇ ॥
ਮੈਂ ਬਹੁਤਿਆਂ ਨੂੰ ਮਿੱਤ੍ਰ ਬਣਾ ਬਣਾ ਹੰਭ ਗਈ ਹਾਂ।

ਕੋਇ ਨ ਕਾਟੈ ਅਵਗੁਣ ਮੇਰੇ ॥
ਕੋਈ ਜਣਾ ਭੀ ਮੇਰੇ ਪਾਪਾਂ ਤੋਂ ਮੇਰੀ ਖ਼ਲਾਸੀ ਨਹੀਂ ਕਰਾਉਂਦਾ।

ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥੭॥
ਮਾਲਕ ਸਾਰਿਆਂ ਦੇਵਤਿਆਂ ਅਤੇ ਇਨਸਾਨਾਂ ਦਾ ਸ੍ਰੋਮਣੀ ਸੁਆਮੀ ਹੈ। ਉਸ ਦੇ ਪਿਆਰ ਦੀ ਦਾਤ ਮਿਲਣ ਦੁਆਰਾ, ਪ੍ਰਾਣੀ ਦਾ ਡਰ ਦੂਰ ਹੋ ਜਾਂਦਾ ਹੈ।

ਭੂਲੇ ਚੂਕੇ ਮਾਰਗਿ ਪਾਵਹਿ ॥
ਭੁਲਿਆਂ ਤੇ ਭਟਕਿਆਂ ਹੋਇਆਂ ਨੂੰ ਉਹ ਰਸਤੇ ਪਾ ਦਿੰਦਾ ਹੈ।

ਆਪਿ ਭੁਲਾਇ ਤੂਹੈ ਸਮਝਾਵਹਿ ॥
ਉਨ੍ਹਾਂ ਨੂੰ ਕੁਰਾਹੇ ਪਾ ਤੂੰ ਆਪੇ ਹੀ ਉਨ੍ਹਾਂ ਨੂੰ ਸ਼ਿਖਮਤ ਦਿੰਦਾ ਹੈ।

ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ ॥੮॥
ਨਾਮ ਦੇ ਬਾਝੌਂ ਮੈਨੂੰ ਹੋਰਸ ਕੋਈ ਨਜ਼ਰੀ ਨਹੀਂ ਪੈਂਦਾ। ਨਾਮ ਦੇ ਰਾਹੀਂ ਹੀ ਬੰਦਾ ਮੁਕਤ ਹੁੰਦਾ ਅਤੇ ਸਾਈਂ ਦੇ ਮਾਰਗ ਨੂੰ ਜਾਣਦਾ ਹੈ।

copyright GurbaniShare.com all right reserved. Email